Thu. Apr 25th, 2019

ਬਾਦਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਅਗਾਊਂ ਹੋਣ ਦੀ ਸੰਭਾਵਨਾ ਰੱਦ

ਬਾਦਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਅਗਾਊਂ ਹੋਣ ਦੀ ਸੰਭਾਵਨਾ ਰੱਦ

ਬਾਬਾ ਢੱਡਰੀਆਂਵਾਲੇ ਦਾ ਮਾਮਲਾ ਸੀ.ਬੀ.ਆਈ. ਨੂੰ ਸੌਂਪਣ ਦੀ ਤੁਕ ਨਹੀਂ ਬਣਦੀ-ਕੇਸ ਦੀ ਜਾਂਚ ਪੁਲੀਸ ਵੱਲੋਂ ਜਾਰੀ
ਘੱਲੂਘਾਰਾ ਹਫ਼ਤੇ ਦੌਰਾਨ ਅਮਨ-ਕਾਨੂੰਨ ਦਾ ਮਾਹੌਲ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਫਰਜ਼
ਗੈਰ-ਕਾਨੂੰਨੀ ਖਣਨ ਨੂੰ ਰੋਕਣ ਲਈ ਵਚਨਬੱਧਤਾ ਦੁਹਰਾਈ
ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਲੋਕ ਕੁਰਬਾਨੀ ਲਈ ਤਿਆਰ ਰਹਿਣ-ਬਾਦਲ
ਵਿਰੋਧੀ ਪਾਰਟੀਆਂ ਨੂੰ ਸੰਗਤ ਦਰਸ਼ਨ ਪ੍ਰੋਗਰਾਮ ਪ੍ਰਤੀ ਅਲੋਚਨਾ ਤਿਆਗਣ ਲਈ ਆਖਿਆ
ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਤੇ ਪਖਾਨਿਆਂ ਦੀ ਸੁਵਿਧਾ ਲਈ 15 ਕਰੋੜ ਰੁਪਏ ਦੀ ਯੋਜਨਾ
ਨੂਰਪੁਰ ਬੇਦੀ ਬਲਾਕ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ

1-11 (1) 1-11 (2)
ਆਜ਼ਮਪੁਰ (ਰੋਪੜ), 31 ਮਈ (ਗੁਰਮੀਤ ਮਹਿਰਾ): ਸਾਲ 2017 ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਅਗਾਊਂ ਹੋਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿੱਚ ਚੋਣਾਂ ਨਿਰਧਾਰਤ ਸਮੇਂ ‘ਤੇ ਹੀ ਹੋਣਗੀਆਂ।
ਅੱਜ ਰੋਪੜ ਵਿਧਾਨ ਸਭਾ ਹਲਕੇ ਦੇ ਨੂਰਪੁਰ ਬੇਦੀ ਬਲਾਕ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਇਹ ਚੋਣਾਂ ਪਹਿਲਾਂ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਅਤੇ ਚੋਣਾਂ ਮਿੱਥੇ ਸਮੇਂ ‘ਤੇ ਹੀ ਹੋਣੀਆਂ।
ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਤਿਕੋਣੀ ਟੱਕਰ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਲਈ ਕੋਈ ਮਹੱਤਵ ਨਹੀਂ ਰੱਖਦਾ ਕਿ ਇਨ੍ਹਾਂ ਚੋਣਾਂ ਵਿੱਚ ਕਿਹੜੀ ਸਿਆਸੀ ਪਾਰਟੀ ਮੈਦਾਨ ਵਿੱਚ ਉੱਤਰਦੀ ਹੈ। ਪਰ ਮੁੱਖ ਮੰਤਰੀ ਨੇ ਕਿਹਾ ਕਿ ਨਾ ਹੀ ਕਿਸੇ ਵੀ ਸਿਆਸੀ ਪਾਰਟੀ ਦੇ ਉਮੀਦਵਾਰ ਤੇ ਨਾ ਹੀ ਕਿਸੇ ਆਜ਼ਾਦ ਉਮੀਦਵਾਰ ਦੀ ਚੋਣ ਲੜਨ ਦੀ ਸਮਰਥਾ ਨੂੰ ਘਟਾ ਕੇ ਦੇਖਦੇ ਹਨ।
ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਮਾਮਲਾ ਜਾਂਚ ਲਈ ਸੀ.ਬੀ.ਆਈ. ਦੇ ਹਵਾਲੇ ਕਰਨ ਦੇ ਮੁੱਦੇ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸੀ.ਬੀ.ਆਈ. ਨੂੰ ਸੌਂਪਣ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਇਸ ਮਾਮਲੇ ਦੀ ਮੁਕੰਮਲ ਜਾਂਚ ਪੁਲੀਸ ਵਿਭਾਗ ਪਾਸੋਂ ਕਰਵਾ ਰਹੀ ਹੈ ਜੋ ਕਿ ਕੇਸ ਦੀ ਡੂੰਘਾਈ ਤੱਕ ਜਾਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਸ ਸਬੰਧ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਸ. ਬਾਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਹੀ ਜਲਦਬਾਜ਼ੀ ਕਰਨ ਤੋਂ ਪਹਿਲਾਂ ਇਸ ਜਾਂਚ ਦੇ ਅੰਤਮ ਨਤੀਜੇ ਆਉਣ ਤੱਕ ਇੰਤਜ਼ਾਰ ਕਰਨਾ ਹੀ ਠੀਕ ਗੱਲ ਹੋਵੇਗੀ।
ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਦੇ ਸਦਰੰਭ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਹ ਘੱਲੂਘਾਰੇ ਹਫਤੇ ਦੌਰਾਨ ਸ਼ਾਂਤੀ, ਫਿਰਕੂ ਸਦਭਾਵਨਾ ਤੇ ਭਾਈਚਾਰ ਸਾਂਝ ਨੂੰ ਕਾਇਮ ਰੱਖਣ ਤੋਂ ਇਲਾਵਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਵਾਲਾ ਇਕ ਰੋਜ਼ਮੱਰਾ ਦਾ ਮਾਮਲਾ ਹੈ ਜੋ ਕਿ ਹਰ ਸਾਲ ਪਹਿਲੀ ਤੋਂ ਛੇ ਜੂਨ ਤੱਕ ਮਨਾਇਆ ਜਾਂਦਾ ਹੈ।
ਨੂਰਪੁਰ ਬੇਦੀ ਤੇ ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ ਵਿੱਚ ਛੋਟੀਆਂ ਖਣਨਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਰੇਤਾ-ਬੱਜਰੀ ਕੱਢਣ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਗੈਰ-ਕਾਨੂੰਨੀ ਅਮਲ ਨੂੰ ਰੋਕਣ ਲਈ ਸੂਬਾ ਭਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਸਖ਼ਤ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਸੰਗਤ ਦਰਸ਼ਨ ਪ੍ਰੋਗਰਾਮ ਵੇਲੇ ਹਾਜ਼ਰ ਰੋਪੜ ਦੇ ਐਸ.ਐਸ.ਪੀ. ਨੂੰ ਸ. ਬਾਦਲ ਨੇ ਇਸ ਸਥਿਤੀ ਨੂੰ ਦੇਖਣ ਅਤੇ ਢੁਕਵੇਂ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਹਨ।
ਸੁਪਰੀਮ ਕੋਰਟ ਵਿੱਚ ਪਹਿਲਾਂ ਹੀ ਲੰਬਿਤ ਪਏ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਵਿਰੁੱਧ ਆਉਣ ਵਾਲੇ ਸੰਭਾਵਤ ਫੈਸਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਵਾਰ-ਵਾਰ ਆਪਣੇ ਰੁਖ ਨੂੰ ਸਪੱਸ਼ਟ ਕਰ ਦਿੱਤਾ ਹੈ ਅਤੇ ਉਹ ਸੂਬੇ ਦੇ ਹਿੱਤਾਂ ਨੂੰ ਕਿਸੇ ਵੀ ਸੂਰਤ ਵਿੱਚ ਕੁਰਬਾਨ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਦਰਿਆਵਾਂ ਦਾ ਪਾਣੀ ਰਿਪੇਰੀਅਨ ਸਿਧਾਂਤਾਂ ਅਨੁਸਾਰ ਸਿਰਫ ਪੰਜਾਬ ਦਾ ਹੀ ਹੈ ਜਿਸ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਸਬੰਧ ਵਿੱਚ ਹੋਣ ਵਾਲੇ ਕਿਸੇ ਵੀ ਅਨਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਸੂਬੇ ਦੀ ਖੇਤੀਬਾੜੀ ਨੂੰ ਪ੍ਰਭਾਵਿਤ ਕਰੇਗਾ ਸਗੋਂ ਇਸ ਨਾਲ ਵਪਾਰ ਤੇ ਉਦਯੋਗ ਨੂੰ ਵੀ ਤਬਾਹ ਕਰਕੇ ਰੱਖ ਦੇਵੇਗਾ। ਇਸ ਨਾਲ ਆਮ ਆਦਮੀ ‘ਤੇ ਵੀ ਬੁਰੀ ਤਰ੍ਹਾਂ ਪ੍ਰਭਾਵ ਪਵੇਗਾ ਕਿਉਂਕਿ ਸਿਰਫ ਇਹੋ ਕੁਦਰਤੀ ਵਸੀਲਾ ਹੀ ਸੂਬੇ ਦੀ ਜੀਵਨ ਰੇਖਾ ਹੈ। ਉਨ੍ਹਾਂ ਨੇ ਲੋਕਾਂ ਨੂੰ ਪਾਣੀਆਂ ਦੀ ਰਾਖੀ ਲਈ ਹਰ ਸੰਭਵ ਕੁਰਬਾਨੀ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਪੰਜਾਬ ਛੇਤੀ ਹੀ ਰੇਗਿਸਤਾਨ ਵਿੱਚ ਬਦਲ ਜਾਵੇਗਾ।
ਇਸ ਤੋਂ ਪਹਿਲਾਂ ਰੋਪੜ ਵਿਧਾਨ ਸਭਾ ਹਲਕੇ ਦੇ ਨੂਰਪੁਰ ਬੇਦੀ ਬਲਾਕ ਦੀਆਂ 68 ਪੰਚਾਇਤਾਂ ਦੇ ਇਕੱਠ ਨੂੰ ਸੰਬਧੋਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਤੇ ਉਨ੍ਹਾਂ ਦੀ ਮੌਕੇ ‘ਤੇ ਤਸੱਲੀ ਕਰਵਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ ਜਿਸ ਦੇ ਨਾਲ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਨੂੰ ਲੋਕਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲੋਕਾਂ ਦੀ ਭਲਾਈ ਲਈ ਨੀਤੀਆਂ ਨੂੰ ਤਿਆਰ ਕਰਨ ਵਾਸਤੇ ਸੂਬਾ ਸਰਕਾਰ ਨੂੰ ਵੀ ਅਗਵਾਈ ਦਿੰਦਾ ਹੈ।
ਸਿਆਸੀ ਵਲਗਣਾਂ ਨੂੰ ਪਾਰ ਕਰਦੇ ਹੋਏ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਸੰਗਤ ਦਰਸ਼ਨ ਪ੍ਰੋਗਰਾਮਾਂ ਪ੍ਰਤੀ ਅਲੋਚਨਾ ਤੇ ਸੰਕੀਰਣਤਾ ਵਾਲੀ ਪਹੁੰਚ ਤਿਆਗ ਕੇ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮਰਥਨ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਿਲੱਖਣ ਪ੍ਰੋਗਰਾਮ ਹੈ ਜੋ ਸਿਆਸੀ ਨਾ ਹੋ ਕੇ ਸਗੋਂ ਨਿਰੋਲ ਵਿਕਾਸ ਮੁਖੀ ਹੈ ਜਿਸ ਨਾਲ ਸੂਬੇ ਦਾ ਵਿਕਾਸ ਤੇ ਆਰਥਿਕ ਖੁਸ਼ਹਾਲੀ ਜੁੜੀ ਹੋਈ ਹੈ।
ਸ. ਬਾਦਲ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ, ਪੰਜਾਬ ਰਾਜ ਟਿਊਬਵੈਲ ਕਾਰਪੋਰੇਸ਼ਨ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਅਗਲੇ ਪੰਦਰਵਾੜੇ ਦੌਰਾਨ ਇਸ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਲਈ ਆਖਿਆ ਹੈ ਤਾਂ ਜੋ ਜ਼ਮੀਨੀ ਹਕੀਕਤਾਂ ਦਾ ਪਤਾ ਲਾ ਕੇ ਬਿਜਲੀ ਦੀ ਨਿਯਮਤ ਸਪਲਾਈ, ਸਿੰਚਾਈ ਲਈ ਡੂੰਘੇ ਟਿਊਬਵੈਲ ਲਾਉਣ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਤੋਂ ਇਲਾਵਾ ਘਰਾਂ ਵਿੱਚ ਪਖਾਨਿਆਂ ਵਿਚ ਵਿਵਸਥਾ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਨੇ ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਦੀਆਂ ਆਬਾਦੀਆਂ ਨੂੰ ਪੀਣ ਵਾਲੇ ਪਾਣੀ ਤੇ ਪਖਾਨਿਆਂ ਦੀ ਸੁਵਿਧਾ ਲਈ 15 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਸ. ਬਾਦਲ ਨੇ ਨੀਮ ਪਹਾੜੀ ਇਲਾਕੇ (ਚੰਗਰ ਖੇਤਰ) ਦੇ ਖੇਤਰਾਂ ਨੂੰ ਪਹਿਲ ਦੇ ਆਧਾਰ ‘ਤੇ ਪੀਣ ਵਾਲੇ ਤੇ ਸਿੰਚਾਈ ਦੇ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਿਪਟਣ ਦਾ ਲੋਕਾਂ ਨੂੰ ਭਰੋਸਾ ਦਿਵਾਇਆ। ਉਨ੍ਹਾਂ ਨੇ ਵਿਕਾਸ ਲਈ 68 ਪਿੰਡਾਂ ਨੂੰ 2.11 ਕਰੋੜ ਰੁਪਏ ਦੇ ਚੈੱਕ ਵੰਡੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸੁਆਗਤ ਕਰਦੇ ਹੋਏ ਸਿੱਖਿਆ ਮੰਤਰੀ ਤੇ ਰੋਪੜ ਦੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ. ਬਾਦਲ ਲੋਕਾਂ ਦੀ ਖੁਸ਼ਹਾਲੀ ਤੇ ਵੱਖ ਵੱਖ ਇਲਾਕਿਆਂ ਦੇ ਸਮੁੱਚੇ ਵਿਕਾਸ ਲੀ ਵਬਚਬੱਧ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਇਕੋ ਇਕ ਧਿਰ ਹੈ ਜਿਸ ਨੇ ਪਿਛਲੇ ਨੌਂ ਹਰੇਕ ਦੌਰਾਨ ਆਮ ਆਦਮੀ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਅਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ, ਸ਼੍ਰੀ ਐਸ.ਕਰੁਣਾਨਿਧੀ ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇ ਕਮਿਸ਼ਨਰ ਰੋਪੜ ਡਵੀਜ਼ਨ, ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਕੇ.ਐਸ.ਸੰਧੂ ਡੀ.ਆਈ.ਜੀ. ਰੋਪੜ ਡਵੀਜ਼ਨ, ਸ਼੍ਰੀ ਵਰਿੰਦਰਪਾਲ ਸਿੰਘ ਐਸ.ਐਸ.ਪੀ., ਸ਼੍ਰੀ ਦਲਜੀਤ ਸਿੰਘ ਚੀਮਾ ਚੀਫ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸ਼੍ਰੀ ਅਮਰਜੀਤ ਸਿੰਘ ਚਾਵਲਾ ਮੈਂਬਰ ਐਸ.ਜੀ.ਪੀ.ਸੀ., ਸ਼੍ਰੀ ਸਤੀਸ਼ ਚੰਦਰ ਏ.ਡੀ.ਸੀ., ਸ਼੍ਰੀ ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਰੂਪਨਗਰ, ਸ਼੍ਰੀ ਅਮਰਜੀਤ ਸਿੰਘ ਬੈਂਸ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਉਦੇਦੀਪ ਸਿੰਘ ਸਿੱਧੂ ਜ਼ਿਲ੍ਹਾ ਟਰਾਂਸਪੋਰਟ ਅਫਸਰ ਰੂਪਨਗਰ, ਸ਼੍ਰੀ ਹਰਮੀਤ ਸਿੰਘ ਹੁੰਦਲ ਐਸ.ਪੀ., ਸ਼੍ਰੀ ਵਜ਼ੀਦ ਸਿੰਘ ਖਹਿਰਾ ਐਸ.ਪੀ.,ਸ਼੍ਰੀ ਵਿਨੋਦ ਕੁਮਾਰ ਡੀ.ਡੀ.ਪੀ.ਓ., ਮੈਡਮ ਰਮਨਪ੍ਰੀਤ ਕੌਰ ਏ.ਈ.ਟੀ.ਸੀ., ਸ਼੍ਰੀ ਸਰਬਜੋਤ ਸਿੰਘ ਸਿੱਧੂ ਈ.ਟੀ.ਓ.,ਸ਼੍ਰੀ ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਸ਼੍ਰੀ ਅਨਿਲ ਕੁਮਾਰ ਕਾਰਜਕਾਰੀ ਇੰਜੀਨੀਅਰ,ਸ਼੍ਰੀ ਪਰਮਜੀਤ ਸਿੰਘ ਮਾਕੜ ਪ੍ਰਧਾਨ ਨਗਰ ਕੌਂਸਲ,ਜਥੇਦਾਰ ਮੋਹਨ ਸਿੰਘ ਢਾਹੇ, ਸ੍ਰ ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ., ਜਥੇਦਾਰ ਸੁੱਚਾ ਸਿੰਘ, ਸ਼੍ਰੀ ਤਿਲਕ ਰਾਜ ਪਚਰੰਡੇ, ਸ਼੍ਰੀ ਗੌਰਵ ਰਾਣਾ, ਸ਼੍ਰੀ ਮੋਹਨ ਸਿੰਘ ਡੂਮੇਵਾਲ, ,ਸ਼੍ਰੀ ਕਿਸ਼ੋਰ ਸਿੰਘ ਬੰਗੜ ਤੋਂ ਇਲਾਵਾ ਹੋਰ ਬਹੁਤ ਸੀਨੀਅਰ ਨੇਤਾ, ਪਾਰਟੀ ਵਰਕਰਜ ਆਫ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਅਤੇ ਐਸ.ਜੀ.ਪੀ.ਸੀ. ਮੈਂਬਰ ਇਸ ਸੰਗਤ ਦਰਸ਼ਨ ਵਿਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: