ਬਾਦਲ ਵੱਲੋਂ ਸੂਬੇ ਦੇ ਅਮਨ ਨੂੰ ਭੰਗ ਕਰਨ ਲਈ ਘਾਤ ਲਗਾ ਕੇ ਬੈਠੀਆਂ ਸਮਾਜ ਵਿਰੋਧੀ ਸ਼ਕਤੀਆਂ ਤੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

ss1

ਬਾਦਲ ਵੱਲੋਂ ਸੂਬੇ ਦੇ ਅਮਨ ਨੂੰ ਭੰਗ ਕਰਨ ਲਈ ਘਾਤ ਲਗਾ ਕੇ ਬੈਠੀਆਂ ਸਮਾਜ ਵਿਰੋਧੀ ਸ਼ਕਤੀਆਂ ਤੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

*ਪਾਣੀਆਂ ਦੇ ਮੁੱਦੇ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ‘ਤੇ ਨਿਖੇੜਨਾ ਜ਼ਰੂਰੀ-ਬਾਦਲ
*ਬਰਗਾੜੀ ਘਟਨਾ ਦੀ ਜਾਂਚ ਬਾਰੇ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਹਰ ਕਾਰਵਾਈ ਕੀਤੀ ਜਾਵੇਗੀ
* ਕੈਪਟਨ ਵੱਲੋਂ ਨੌਕਰੀਆਂ ਦੇਣ ਦਾ ਐਲਾਨ ਕੇਵਲ ਨੌਜਵਾਨਾਂ ਨੂੰ ਭਰਮਾਉਣ ਦੀ ਨਾਕਾਮ ਕੌਸ਼ਿਸ਼
*ਮੁੱਖ ਮੰਤਰੀ ਵੱਲੋਂ ਦਿੜਬਾ ਵਿਧਾਨ ਸਭਾ ਹਲਕੇ ‘ਚ ਸੰਗਤ ਦਰਸ਼ਨ

20160701_171027 cm 2
ਦਿੜ੍ਹਬਾ ਮੰਡੀ 1 ਜੁਲਾਈ (ਰਣ ਸਿੰਘ ਚੱਠਾ): ਸੂਬੇ ਵਿੱਚ ਸਖ਼ਤ ਜੱਦੋਜਹਿਦ ਨਾਲ ਸਥਾਪਤ ਕੀਤੇ ਅਮਨ ਨੂੰ ਬਰਕਰਾਰ ਰੱਖਣ ਵਾਸਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਸ਼ਕਤੀਆਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਘਾਤ ਲਗਾ ਕੇ ਬੈਠੀਆਂ ਹੋਈਆ ਹਨ ਜਿਨ੍ਹਾਂ ਤੋਂ ਪੂਰੀ ਤਰ੍ਹਾਂ ਚੌਕਸ ਰਹਿਣਾ ਸਮੇਂ ਦੀ ਮੁੱਖ ਲੋੜ ਹੈ।ਅੱਜ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਸੂਬੇ ਵਿੱਚ ਸ਼ਾਂਤੀ ਦੀ ਸਥਾਪਤੀ ਲਈ ਭਾਰੀ ਮੁੱਲ ਤਾਰਨਾ ਪਿਆ ਹੈ ਅਤੇ ਸੂਬਾ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਪੱਕੇ ਪੈਰੀਂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਅਮਨ ਸ਼ਾਂਤੀ ਦੇ ਨਤੀਜੇ ਵੱਜੋਂ ਸੂਬੇ ਦੇ ਚੌਤਰਫੇ ਵਿਕਾਸ ਨੂੰ ਮਿਲੀ ਗਤੀ ਕਾਰਨ ਵਿਰੋਧੀ ਸ਼ਕਤੀਆਂ ਪੂਰੀ ਤਰਾਂ ਤਿਲਮਿਲਾ ਗਈਆਂ ਹਨ ਅਤੇ ਉਹ ਸੂਬੇ ਵਿੱਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨਾਂ ਕਿਹਾ ਕਿ ਕਿਸੇ ਵੀ ਖਿੱਤੇ ਦੇ ਵਿਕਾਸ ਲਈ ਅਮਨ ਸ਼ਾਂਤੀ ਬਹੁਤ ਜ਼ਰੂਰੀ ਹੈ ਜਿਸ ਕਰਕੇ ਸੂਬਾ ਸਰਕਾਰ ਨੇ ਇਸਨੂੰ ਆਪਣਾ ਅਹਿਮ ਮੁੱਦਾ ਬਣਾਇਆ ਹੈ ਅਤੇ ਇਸਨੂੰ ਭੰਗ ਕਰਨ ਦੀ ਕਿਸੇ ਵੀ ਸੂਰਤ ਵਿੱਚ ਕਿਸੇ ਨੂੰ ਕੋਈ ਇਜ਼ਾਜਤ ਨਹੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਨਾਂ ਕਿਹਾ ਕਿ ਅਮਨ ਸ਼ਾਂਤੀ ਨੂੰ ਸੂਬੇ ਦੇ ਅਵਾਮ ਦੇ ਸਹਿਯੋਗ ਤੋਂ ਬਿਨਾਂ ਸਥਾਪਤ ਕਰਨਾ ਸੰਭਵ ਨਹੀ ਹੈ ਜਿਸ ਕਰਕੇ ਗੜਬੜ ਪੈਦਾ ਕਰਨ ਵਾਲੀਆਂ ਸ਼ਕਤੀਆਂ ਤੋਂ ਸਾਵਧਾਨ ਰਹਿਣਾ ਹਰੇਕ ਨਾਗਰਿਕ ਦਾ ਜ਼ਰੂਰੀ ਕਰਤੱਵ ਹੈ।ਸੂਬੇ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਵੀ ਸੂਬੇ ਦੇ ਸਮੁੱਚੇ ਅਵਾਮ ਨੂੰ ਆਉਂਦੇ ਸਮੇਂ ਦੌਰਾਨ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਾ ਹੋਏ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਦੇ ਪਾਣੀਆਂ ਨੂੰ ਖੋਹਣ ਦਾ ਹਰ ਯਤਨ ਕੀਤਾ ਹੈ ਇਸਨੇ ਪਹਿਲਾਂ ਪੰਜਾਬ ਦਾ ਹੱਕੀ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਅਤੇ ਫਿਰ ਮਰਹੂਮ ਇੰਦਰਾ ਗਾਂਧੀ ਨੇ ਸਤਲੁਜ- ਯੁਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖ ਕੇ ਸੂਬੇ ਨੂੰ ਪਾਣੀਆਂ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ। ਉਨਾਂ ਕਿਹਾ ਕਿ ਐਸ.ਵਾਈ.ਐਲ ਦਾ ਟੱਕ ਲਗਾਉਣ ਵੇਲੇ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਕਾਂਗਰਸ ਦੇ ਆਗੂਆਂ ਨੇ ਉਸੇ ਥਾਂ ਤੇ ਹੀ ਜਸ਼ਨ ਮਨਾਏ ਜਦਕਿ ਅਕਾਲੀ ਦਲ ਨੇ ਉਸੇ ਦਿਨ ਹੀ ਇਸ ਵਿਰੁੱਧ ਮੋਰਚਾ ਲਗਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੇ ਵੀ ਪਾਣੀਆਂ ਦੇ ਮੁੱਦੇ ‘ਤੇ ਸੂਬੇ ਨਾਲ ਧੋਖਾ ਕੀਤਾ ਹੈ ਅਤੇ ਇਸਦੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇ ਕੇ ਪੰਜਾਬ ਦੇ ਪੱਖ ਦਾ ਵਿਰੋਧ ਕੀਤਾ ਹੈ ਜਿਸ ਕਰਕੇ ਪਾਣੀਆਂ ਦੇ ਮੁੱਦੇ ਦੇ ਸਬੰਧ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਨਿਖੇੜਿਆ ਜਾਣਾ ਬਹੁਤ ਜ਼ਰੂਰੀ ਹੈ।ਇਸੇ ਦੌਰਾਨ ਪੱਤਰਕਾਰਾਂ ਵੱਲੋਂ ਬਰਗਾੜੀ ਦੀਆਂ ਘਟਨਾਵਾਂ ਬਾਰੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ‘ਤੇ ਸੂਬਾ ਸਰਕਾਰ ਵੱਲੋਂ ਕਾਰਵਾਈ ਕਰਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਅਜੇ ਤੱਕ ਇਹ ਰਿਪੋਰਟ ਨਹੀ ਦੇਖੀ। ਇਸਦੇ ਪ੍ਰਾਪਤ ਹੋਣ ਤੋਂ ਬਾਅਦ ਇਸਦਾ ਅਧਿਐਨ ਕੀਤਾ ਜਾਵੇਗਾ ਅਤੇ ਸਿਫਾਰਿਸ਼ਾਂ ਨੂੰ ਅਮਲ ਵਿੱਚ ਲਿਆ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਕੀਤੇ ਐਲਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਖੁਦ ਨੌਕਰੀਆਂ ਤੋਂ ਵਾਂਝਾਂ ਰੱਖਿਆ ਅਤੇ ਲੰਮਾ ਸਮਾਂ ਭਰਤੀ ‘ਤੇ ਪਾਬੰਦੀ ਲਗਾਈ ਰੱਖੀ। ਹੁਣ ਉਹ ਕਿਸੇ ਅਧਾਰ ‘ਤੇ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੇ ਹਨ? ਸ. ਬਾਦਲ ਨੇ ਕਿਹਾ ਕਿ ਇਹ ਸਿਰਫ਼ ਨੌਜਵਾਨ ਨੂੰ ਭਰਮਾਉਣ ਦੀ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮ ਕੋਸ਼ਿਸ਼ ਹੈ ਅਤੇ ਸੂਬੇ ਦੇ ਨੌਜਵਾਨ ਉਨਾਂ ਦੇ ਝਾਂਸੇ ਵਿੱਚ ਕਿਸੇ ਵੀ ਸੂਰਤ ਵਿੱਚ ਨਹੀ ਆਉਣਗੇ।ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਟਿਊਬਵੈਲਾਂ ਵਾਸਤੇ ਹਰ ਸਾਲ ਪੰਜ ਹਜ਼ਾਰ ਕਰੋੜ ਰੁਪਏ ਦੀ ਮੁਫ਼ਤ ਬਿਜਲੀ ਦੇਣ, ਗਰੀਬ ਲੜਕੀਆਂ ਨੂੰ ਵਿਆਹ ਦੇ ਮੌਕੇ ਸ਼ਗਨ ਦੇਣ, ਗਰੀਬਾਂ ਨੂੰ ਆਟਾ ਦਾਲ ਦੇਣ, ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਬਿਨਾਂ ਵਿਆਜ਼ ਤੋਂ ਦੇਣ ਅਤੇ ਕਿਸਾਨਾਂ, ਵਪਾਰੀਆਂ ਦੇ ਹੋਰ ਗਰੀਬ ਵਰਗਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਣ ਵਰਗੀਆਂ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੀਹੋ ਹੱਟਵੀਆਂ ਸਕੀਮਾਂ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਸੰਗਤ ਦਰਸ਼ਨ ਲੋਕਾਂ ਦੀਆਂ ਸਮੱÎਸਿਆਵਾਂ ਉਨਾਂ ਦੇ ਦਰਾਂ ਦੇ ਜਾ ਕੇ ਜਮਹੂਰੀ ਢੰਗ ਨਾਲ ਹਲ ਕਰਨ ਦਾ ਜਮਹੂਰੀ ਪ੍ਰਣਾਲੀ ਵਿੱਚ ਇਕ ਸਭ ਤੋਂ ਵਧੀਆਂ ਤਰੀਕਾ ਹੈ। ਉਨਾਂ ਕਿਹਾ ਕਿ ਸੰਗਤ ਦਰਸ਼ਨ ਭਾਰਤ ਵਿੱਚ ਕੇਵਲ ਪੰਜਾਬ ਵਿੱਚ ਹੀ ਹੁੰਦੇ ਹਨ ਉਹ ਵੀ ਜਦੋਂ ਲੋਕਾਂ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ। ਉਨਾਂ ਕਿਹਾ ਕਿ ਇਸਦਾ ਮਕਸਦ ਸਮੇ, ਸ਼ਕਤੀ ਅਤੇ ਧੰਨ ਨੂੰ ਬਚਾਉਣ ਤੋਂ ਇਲਾਵਾ ਸਮਾਂਬੱਧ ਸੀਮਾ ਵਿੱਚ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਨਾ ਹੈ ਅਤੇ ਅਫ਼ਸਰ ਸ਼ਾਹੀ ਨੂੰ ਜਵਾਬਦੇਹ ਬਣਾਉਣਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾਂ, ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਸ. ਤੇਜਾ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ. ਗੁਰਬਚਨ ਸਿੰਘ ਬਚੀ ਪ੍ਰਬੰਧਕੀ ਮੈਂਬਰ ਪਾਵਰ ਕਾਮ, ਵਾਈਸ ਚੇਅਰਮੈਨ ਮੰਡੀ ਬੋਰਡ ਸ. ਰਵਿੰਦਰ ਸਿੰਘ ਚੀਮਾ, ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਸ. ਵਿਨਰਜੀਤ ਸਿੰਘ ਗੋਲਡੀ, ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਜਸਵਿੰਦਰ ਸਿੰਘ ਪ੍ਰਿੰਸ, ਐਨ.ਆਰ.ਆਈ. ਕਰਨ ਘੁਮਾਣ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰ ਦ, ਡੀ.ਆਈ.ਜੀ. ਸ. ਬਲਕਾਰ ਸਿੰਘ ਸਿੱਧੂ,ਜ਼ਿਲ੍ਹਾ ਪੁਲਿਸ ਮੁਖੀ ਸ .ਪ੍ਰਿਤਪਾਲ ਸਿੰਘ ਥਿੰਦ,ਗੁਰਪਿਆਰ ਸਿੰਘ ਚੱਠਾ ਜਨਰਲ ਸਕੱਤਰ ਪੰਚਾਇਤ ਯੂਨੀਅਨ ਪੰਜਾਬ,ਹਰਪਾਲ ਸਿੰਘ ਖਡਿਆਲ ਜਿਲ੍ਹਾ ਕੋਆਰਡੀਨੇਟਰ ਸ੍ਰੋਮਣੀ ਅਕਾਲੀ ਦਲ,ਰਣਧੀਰ ਸਿੰਘ ਸੰਮੂਰਾਂ,ਕਰਮਜੀਤ ਸਿੰਘ ਕਰਮਾਂ ਸਰਪੰਚ ਲਾਡਬਨਜਾਰਾ ਕਲਾਂ,ਸੁਖਮਿੰਦਰ ਸਿੰਘ ਸਰਪੰਚ ਰਾਮਗੜ੍ਹ ਜਵੰਧੇਂ, ਕੇਵਲ ਸਿੰਘ ਬਲਾਕ ਸੰਮਤੀ ਮੈਂਬਰ,ਸਰਪੰਚ ਹਨੀ ਮਰਦਖੇੜਾ,ਚੇਅਰਮੈਨ ਜੀਤੀ ਜਨਾਲ,ਰਣਜੀਤ ਬਿੱਲਾ ਕਲੱਬ ਪ੍ਰਧਾਨ, ਸੇਵਾ ਸਿੰਘ ਪੰਚ,ਜਸਪਾਲ ਕਾਲਾ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *