ਬਾਦਲ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ: ਮੁੱਖ ਮੰਤਰੀ ਵੱਲੋਂ ਅਨਾਜ ਦੀ ਖਰੀਦ ਨਾਲ ਸਬੰਧਤ ਮੁੱਦਿਆਂ ਦੇ ਛੇਤੀ ਹੱਲ ਲਈ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ

ss1

ਸੂਬਾ ਸਰਕਾਰ ਵੱਲੋਂ ਅਨਾਜ ਦੀ ਖਰੀਦ ਲਈ ਕੀਤੇ ਖਰਚੇ ਦੀ ਅਦਾਇਗੀ ਕਰਨ ਵਾਸਤੇ ਸਥਾਈ ਵਿਧੀ ਵਿਧਾਨ ਬਣਾਉਣ ਲਈ ਜੇਤਲੀ ਨੂੰ ਅਪੀਲ

ਬਾਦਲ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ: ਮੁੱਖ ਮੰਤਰੀ ਵੱਲੋਂ ਅਨਾਜ ਦੀ ਖਰੀਦ ਨਾਲ ਸਬੰਧਤ ਮੁੱਦਿਆਂ ਦੇ ਛੇਤੀ ਹੱਲ ਲਈ ਪ੍ਰਧਾਨ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ

ਪ੍ਰਧਾਨ ਮੰਤਰੀ ਵੱਲੋਂ ਨਗਦ ਕਰਜ਼ਾ ਹੱਦ ਦੇ ਮਾਮਲੇ ਦੇ ਹੱਲ ਲਈ ਅਧਿਕਾਰੀਆਂ ਦੀ ਉਚ ਪੱਧਰੀ ਕਮੇਟੀ ਦਾ ਗਠਨ

ਮੁੱਖ ਮੰਤਰੀ ਨੇ ਨਗਦ ਕਰਜ਼ਾ ਹੱਦ ਨਾਲ ਸਬੰਧਤ ਮਾਮਲੇ ਛੇਤੀ ਹੱਲ ਹੋਣ ਦੀ ਉਮੀਦ ਪ੍ਰਗਟਾਈ

23-44 ਘੁਸਪੈਠ ਰੋਕਣ ਲਈ ਸਰਹੱਦ ਨੂੰ ਪ੍ਰਭਾਵੀ ਢੰਗ ਨਾਲ ਸੀਲ ਕਰਨ ਦੀ ਮੰਗ
ਪੁਲੀਸ ਦੇ ਆਧੁਨਿਕੀਕਰਨ ਲਈ ਫੰਡਾਂ ਦੀ ਮੰਗ
ਪੰਜਾਬੀਆਂ ਨੂੰ ਨਸ਼ੱਈ ਵਜੋਂ ਬਦਨਾਮ ਕਰਨ ਲਈ ਸਿਆਸੀ ਪਾਰਟੀਆਂ ਦੀ ਅਲੋਚਨਾ
ਅਕਾਲੀ-ਭਾਜਪਾ ਗੱਠਜੋੜ ਨੂੰ ਸਦੀਵੀ ਦੱਸਿਆ

ਨਵੀਂ ਦਿੱਲੀ, 22 ਜੂਨ 2016: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲ ਕੇ ਅਨਾਜ ਦੀ ਖਰੀਦ ਖਾਸ ਕਰਕੇ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਨਾਲ ਸਬੰਧਤ ਮੁੱਦੇ ਛੇਤੀ ਹੱਲ ਕਰਨ ਲਈ ਉਨ੍ਹਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਅੱਜ ਸ਼ਾਮ ਸ੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮਿਲੇ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਤਰਫ਼ੋਂ ਵੱਡੀ ਪੱਧਰ ‘ਤੇ ਅਨਾਜ ਦੀ ਖਰੀਦ ਕਰਕੇ ਦੇਸ਼ ਦੇ ਅਨਾਜ ਭੰਡਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸੂਬਿਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਸੂਬਿਆਂ ਵੱਲੋਂ ਸਹਿਣ ਕੀਤੇ ਖਰਚੇ ਅਤੇ ਕੇਂਦਰੀ ਖਰੀਦ ਏਜੰਸੀਆਂ ਵੱਲੋਂ ਕੀਤੇ ਜਾਂਦੇ ਮੁੜ ਭੁਗਤਾਨ ਵਿੱਚ ਵੱਡਾ ਪਾੜਾ ਹੋਣ ਕਰਕੇ ਸੂਬਿਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁੱਖ ਮੰਤਰੀ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਮੋਦੀ ਨੇ ਇਨ੍ਹਾਂ ਸਮੱਸਿਆਵਾਂ ਦੇ ਛੇਤੀ ਹੱਲ ਵਾਸਤੇ ਸੂਬਾ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ‘ਤੇ ਅਧਾਰਿਤ ਇਕ ਉਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦੇਸ਼ ਲਈ ਅਨਾਜ ਦੀ ਖਰੀਦ ਵਾਸਤੇ ਸੂਬੇ ਵੱਲੋਂ ਕੀਤੇ ਗਏ ਸਮੁੱਚੇ ਖਰਚੇ ਦੀ ਅਦਾਇਗੀ ਕਰਨ ਲਈ ਸਥਾਈ ਵਿਧੀ ਵਿਧਾਨ ਬਣਾਉਣ ਦੀ ਅਪੀਲ ਕੀਤੀ ਹੈ।
ਵਿੱਤ ਮੰਤਰੀ ਨੂੰ ਉਨ੍ਹਾਂ ਦੇ ਇੱਥੇ ਨਾਰਥ ਬਲਾਕ ਵਿੱਚ ਸਥਿਤ ਦਫ਼ਤਰ ਵਿੱਚ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੌਮੀ ਅਨਾਜ ਭੰਡਾਰ ਲਈ ਪੰਜਾਬ ਵਿੱਚੋਂ ਅਨਾਜ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਅਤੇ ਕੇਂਦਰੀ ਏਜੰਸੀਆਂ ਵੱਲੋਂ ਦਿੱਤੀ ਗਈ ਕੀਮਤ ਵਿੱਚ ਵੱਡਾ ਪਾੜਾ ਹੈ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਸਥਾਈ ਹੱਲ ਲੱਭਣ ਤਾਂ ਜੋ ਸੂਬੇ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਨੇ ਨਗਦ ਕਰਜ਼ਾ ਹੱਦ ਨਾਲ ਸਬੰਧਤ ਸਾਰੇ ਪਹਿਲੇ ਮੁੱਦੇ ਵੀ ਉਠਾਏ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਨਗਦ ਕਰਜ਼ਾ ਹੱਦ ਨਾਲ ਸਬੰਧਤ ਮਸਲੇ ਛੇਤੀ ਹੱਲ ਕਰਨ ਹੋਣ ਦੀ ਉਮੀਦ ਜ਼ਾਹਰ ਕੀਤੀ।
ਇਕ ਹੋਰ ਸਵਾਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਘੁਸਪੈਠ ਨੂੰ ਰੋਕਣ ਲਈ ਸਰਹੱਦ ਨੂੰ ਸੀਲ ਸਬੰਧੀ ਸੂਬਾ ਸਰਕਾਰ ਦੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਜ਼ੋਖ਼ਮ ਹੈ ਜਿਸ ਕਰਕੇ ਪਠਾਨਕੋਟ ਤੇ ਦੀਨਾਨਗਰ ਵਰਗੇ ਅਤਿਵਾਦੀ ਹਮਲਿਆਂ ਤੋਂ ਬਚਣ ਲਈ ਸਰਹੱਦ ‘ਤੇ ਅਤਿ ਚੌਕਸੀ ਵਰਤੇ ਜਾਣ ਦੀ ਲੋੜ ਹੈ। ਸ. ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸੂਬੇ ਦੀ ਪੁਲੀਸ ਦੇ ਆਧੁਨਿਕੀਕਰਨ ਵਾਸਤੇ ਫਰਾਖਦਿਲੀ ਨਾਲ ਫੰਡ ਦੇਣੇ ਚਾਹੀਦੇ ਹਨ।
ਪੰਜਾਬੀਆਂ ਨੂੰ ਨਸ਼ੱਈ ਆਖਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਉਤਪਾਦਨ ਨਹੀਂ ਹੁੰਦਾ ਪਰ ਫਿਰ ਵੀ ਕੁਝ ਸ਼ਕਤੀਆਂ ਵੱਲੋਂ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਦਾ ਲਾਂਘਾ ਹੈ ਜਿਸ ਕਰਕੇ ਸੂਬਾ ਸਰਕਾਰ ਨਸ਼ਿਆਂ ਵਿਰੁੱਧ ਕੌਮੀ ਲੜਾਈ ਲੜ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਵੱਡੀ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਕੁਝ ਸਿਆਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਸਮੁੱਚੇ ਸੂਬੇ ਨੂੰ ਨਸ਼ੇੜੀ ਵਜੋਂ ਬਦਨਾਮ ਕਰ ਰਹੀਆਂ ਹਨ।
ਅਕਾਲੀ-ਭਾਜਪਾ ਗੱਠਜੋੜ ਨੂੰ ਸਦੀਵੀ ਤੇ ਦ੍ਰਿੜ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਠਜੋੜ ਸਮੇਂ ਦਾ ਅਜ਼ਮਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਜਬਰ-ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਤਿੱਖਾ ਸੰਘਰਸ਼ ਕੀਤਾ ਹੈ ਅਤੇ ਇਸ ਨੇ ਕਾਂਗਰਸ ਸਰਕਾਰ ਵੱਲੋਂ 1975 ਵਿੱਚ ਲਾਈ ਐਮਰਜੈਂਸੀ ਖਿਲਾਫ  ਵੀ ਲੜਾਈ ਲੜੀ।
ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਤੇ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਐਸ.ਕੇ. ਸੰਧੂ, ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ. ਰੈਡੀ, ਖੁਰਾਕ ਤੇ ਸਿਵਲ ਸਪਲਾਈਜ਼ ਸਕੱਤਰ ਸ੍ਰੀ ਰਾਜ ਕਮਲ ਚੌਧਰੀ, ਸਕੱਤਰ ਸਿੰਚਾਈ ਸ੍ਰੀ ਕਾਹਨ ਸਿੰਘ ਪਨੂੰ ਅਤੇ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਸ੍ਰੀ ਕੇ.ਸ਼ਿਵਾ ਪ੍ਰਸਾਦ ਹਾਜ਼ਰ ਸਨ।

Share Button

Leave a Reply

Your email address will not be published. Required fields are marked *