ਬਾਦਲ ਵੱਲੋਂ ਆਮ ਆਦਮੀ ਪਾਰਟੀ ਦਾ ਘਿਰਾਓ ਬੇਤੁਕਾ ਅਤੇ ਗੈਰਜ਼ਮਹੂਰੀ ਕਰਾਰ, ਕਿਹਾ ਘੇਰਾਓ ਕਰਨਾ ਹੈ ਤਾਂ ਕੇਜਰੀਵਾਲ ਦਾ ਕਰੋ

ss1

ਬਾਦਲ ਵੱਲੋਂ ਆਮ ਆਦਮੀ ਪਾਰਟੀ ਦਾ ਘਿਰਾਓ ਬੇਤੁਕਾ ਅਤੇ ਗੈਰਜ਼ਮਹੂਰੀ ਕਰਾਰ, ਕਿਹਾ ਘੇਰਾਓ ਕਰਨਾ ਹੈ ਤਾਂ ਕੇਜਰੀਵਾਲ ਦਾ ਕਰੋ

ਦਿੜ੍ਹਬਾ (ਸੰਗਰੂਰ), 14 ਮਈ (ਏਜੰਸੀ): ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਜਾ ਰਹੇ ਘਿਰਾਓ ਨੂੰ ਗੈਰ ਜਮਹੂਰੀ ਅਤੇ ਬੇਤੁਕਾ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਲਈ ਪੂਰੀ ਤਰ੍ਹਾਂ ਖੁੱਲੇ ਹੋਏ ਹਨ ਅਤੇ ਕਿਸੇ ਵੀ ਪਾਰਟੀ ਦੇ ਆਗੂ ਪੰਜਾਬ ਦੇ ਵਿਕਾਸ ਅਤੇ ਪੰਜਾਬੀਆਂ ਦੀ ਭਲਾਈ ਲਈ ਕਿਸੇ ਸਮੇਂ ਵੀ ਉਨ੍ਹਾਂ ਨਾਲ ਆ ਕੇ ਵਿਚਾਰ ਵਟਾਂਦਰਾ ਕਰ ਸਕਦੇ ਹਨ।
ਅੱਜ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਖੁੱਲੀ ਗੱਲਬਾਤ ਦਾ ਸੱਦਾ ਦਿੰਦਿਆਂ ਹੋਇਆ ਕਿਹਾ ਕਿ ਉਹ ਹਮੇਸ਼ਾ ਹੀ ਦੂਸਰੀਆਂ ਧਿਰਾਂ ਨਾਲ ਗੱਲਬਾਤ ਨੂੰ ਪਹਿਲ ਦਿੰਦੇ ਹਨ ਅਤੇ ਚੌਵੀ ਘੰਟੇ ਲੋਕਾਂ ਲਈ ਉਪਲੱਬਧ ਰਹਿੰਦੇ ਹਨ ਜਿਸ ਕਰਕੇ ਕੋਠੀ ਦੇ ਘਿਰਾਓ ਵਰਗਾ ਸੱਦਾ ਬੇਲੋੜਾ, ਤਰਕਹੀਣ ਅਤੇ ਗੈਰ-ਜ਼ਮਹੂਰੀ ਹੈ। ਉਨ੍ਹਾਂ ਕਿਹਾ ਕਿ ਉਹ ਖੁੱਦ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਹੱਲ ਕਰਨ ਦੀ ਕੋਸ਼ਿਸ ਕਰਦੇ ਹਨ।
ਆਮ ਆਦਮੀ ਪਾਰਟੀ ਦੀ ਇਸ ਪਹੁੰਚ ਨੂੰ ਅਰਾਜਕਤਾਵਾਦੀ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਗੈਰ ਲੋਕਤੰਤਰੀ ਵਤੀਰੇ ਨਾਲ ਸੂਬੇ ਦਾ ਕੁੱਝ ਵੀ ਭਲਾ ਹੋਣ ਵਾਲਾ ਨਹੀ ਹੈ ਸਗੋਂ ਇਹ ਤਰੀਕਾ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੀ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕੋ ਇਕ ਮਕਸਦ ਸੂਬੇ ਵਿੱਚ ਅਸ਼ਾਂਤੀ ਅਤੇ ਗੜਬੜ ਫੈਲਾਉਣਾ ਹੈ ਜਿਸ ਨੂੰ ਕੋਈ ਵੀ ਸਹਿਣ ਨਹੀਂ ਕਰ ਸਕਦਾ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਵਿਰੁੱਧ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚਕਾਰ ਗੁੱਝੀ ਸਾਂਝ ਹੋਣ ਦਾ ਇੰਕਸ਼ਾਫ਼ ਕਰਦੇ ਹੋਏ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੂਬੇ ਦੇ ਵਿਕਾਸ ਅਤੇ ਇਥੋਂ ਦੇ ਲੋਕਾਂ ਦੀ ਭਲਾਈ ਲਈ ਚੱਲ ਰਹੇ ਕਾਰਜਾਂ ਨੂੰ ਠਿੱਬੀ ਲਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਪੂਰੀ ਤਰ੍ਹਾਂ ਪਟੜੀ ਤੋਂ ਲਾਹੁੁਣ ਦਾ ਤਹੱਈਆ ਕੀਤਾ ਹੋਇਆ ਹੈ ਪਰ ਉਹ ਇਸ ਨਾਪਾਕ ਗੱਠਜੋੜ ਦੇ ਘਿਨੋਣੇ ਮਨਸੂਬਿਆ ਨੂੰ ਸਫ਼ਲ ਨਹੀ ਹੋਣ ਦੇਣਗੇ।
ਦੋਵੇਂ ਪਾਰਟੀਆਂ ਵੱਲੋਂ ਸੂਬੇ ਦੇ ਦਰਿਆਈ ਪਾਣੀਆਂ ਵਿਰੋਧੀ ਲਏ ਗਏ ਪੈਂਤੜੇ ਦੀ ਤਿੱਖੀ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੂਬੇ ਦੇ ਪਾਣੀਆ ਨੂੰ ਲੋਕਾਂ ਤੋਂ ਖੋਹਣ ਦਾ ਯਤਨ ਕਰ ਰਹੀਆਂ ਹਨ।ਕਾਂਗਰਸ ਵੱਲੋਂ ਐਸ.ਵਾਈ ਐਲ. ਨਹਿਰ ਦੇ ਮਾਮਲੇ ‘ਤੇ ਅੱਜ ਤੱਕ ਨਿਭਾਈ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕਾਂਗਰਸਪਾਰਟੀ ਨੇ ਪਾਣੀਆਂ ਦੇ ਮੁੱਦੇ ‘ਤੇ ਹਮੇਸ਼ਾਂ ਹੀ ਸੂਬੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ, ਰਾਜਸਥਾਨ ਅਤੇ ਹੋਰ ਕਿਸੇ ਸੂਬੇ ਦਾ ਪੰਜਾਬ ਦੇ ਪਾਣੀ ਤੇ ਕੋਈ ਵੀ ਹੱਕ ਨਹੀਂ ਹੈ ਪਰ ਕਾਂਗਰਸ ਨੇ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦਾ ਪਾਣੀ ਇਨ੍ਹਾਂ ਨੂੰ ਦਿੱਤਾ। ਉਨ੍ਹਾਂ ਲੋਕਾਂ ਨੂੰ ਯਾਦ ਕਰਵਾਇਆ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਐਸ.ਵਾਈ.ਐਲ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਸੂਬਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਐਸ.ਵਾਈ.ਐਲ. ਨਹਿਰ ਦਾ ਨੀਂਹ ਪੱਥਰ ਰੱਖਣ ਮੌਕੇ ਉਨ੍ਹਾਂ ਦਾ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਨੇ ਉਸ ਸਮੇਂ ਹੀ ਕਪੂਰੀ ਵਿਖੇ ਵੱਡਾ ਮੋਰਚਾ ਲਾਇਆ। ਇਸ ਮੋਰਚੇ ਵਿਚ ਉਨ੍ਹਾਂ ਸਣੇ ਹਜ਼ਾਰਾਂ ਅਕਾਲੀ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਉਸ ਸਮੇਂ ਤੋਂ ਅਕਾਲੀ ਦਲ ਲਗਾਤਾਰ ਪਾਣੀਆਂ ਦੇ ਮੁੱਦੇ ‘ਤੇ ਲੜਾਈ ਲੜਦਾ ਆ ਰਿਹਾ ਹੈ।
ਐਸ.ਵਾਈ.ਐਲ. ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫ਼ਨਾਮੇ ਵਿਚ ਕੇਜਰੀਵਾਲ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਲਫ਼ਨਾਮੇ ਵਿਚ ਪੰਜਾਬ ਵੱਲੋਂ ਐਸ.ਵਾਈ.ਐਲ. ਮੁੱਦੇ ਤੇ ਲਏ ਗਏ ਸਟੈਂਡ ਨੂੰ ਗੈਰਸੰਵਿਧਾਨਕ ਅਤੇ ਦੇਸ਼ ਵਿਰੋਧੀ ਦੱਸਦਿਆਂ ਕੇਜਰੀਵਾਲ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਇਸ ਸਟੈਂਡ ਨਾਲ ਦੇਸ਼ ਦੇ ਟੁੱਟਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਖੁਦ ਹਰਿਆਣੇ ਨਾਲ ਸੰਬਧ ਰੱਖਦੇ ਹਨ ਇਸ ਲਈ ਉਨ੍ਹਾਂ ਦਾ ਆਪਣੇ ਸੂਬੇ ਨਾਲ ਮੋਹ ਹੋਣਾ ਸੁਭਾਵਿਕ ਹੈ। ਇਸ ਕਰਕੇ ਉਨ੍ਹਾਂ ਕੋਲੋਂ ਪੰਜਾਬ ਦੇ ਹਿੱਤਾਂ ਦੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਹੀ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਦੀਆਂ ਦੁਸ਼ਮਣ ਹਨ ਅਤੇ ਇਹ ਪੰਜਾਬ ਤੋਂ ਉਸਦਾ ਪਾਣੀ ਖੋਹਣ ਲਈ ਲਗਾਤਾਰ ਵਿਉਂਤਾਂ ਰੱਚ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਕਿਸਾਨੀ ਦਾ ਮਸਲਾ ਹੀ ਨਹੀਂ ਹੈ, ਜੇ ਪਾਣੀਆਂ ਦੇ ਖੁਸਣ ਦੇ ਕਾਰਨ ਕਿਸਾਨੀ ਤਬਾਹ ਹੋ ਗਈ ਤਾਂ ਇਸ ਦਾ ਸੂਬੇ ਦੇ ਸਮੁੱਚੇ ਲੋਕਾਂ ‘ਤੇ ਅਸਰ ਹੋਵੇਗਾ ਅਤੇ ਹੋਰ ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ। ਉਨ੍ਹਾਂ ਨੇ ਇਸ ਸਬੰਧ ਵਿੱਚ ਲੋਕਾਂ ਨੂੰ ਨੇੜਲੇ ਭਵਿਖ ਵਿੱਚ ਇਸ ਸਬੰਧ ਵਿੱਚ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਸੱਦਾ ਦਿੱਤਾ।

ਸੰਗਤ ਦਰਸ਼ਨ ਦੀ ਮਹੱਤਤਾ ਦਾ ਜਿਕਰ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਜਮਹੂਰੀਅਤ ਦੀ ਉਚਤਮ ਮਿਸਾਲ ਹੈ। ਇਸ ਵਿਚ ਜਮਹੂਰੀ ਢੰਗ ਨਾਲ ਲੋਕਾਂ ਦੀ ਲੋੜਾਂ ਮੁਤਾਬਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਦਾ ਉਦੇਸ਼ ਸਮੇਂ ਅਤੇ ਊਰਜਾ ਦੀ ਬੱਚਤ ਕਰਨ ਤੋਂ ਇਲਾਵਾ ਵਿਕਾਸ ਕਾਰਜਾਂ ਵਿਚ ਲੋਕਾਂ ਦੀ ਸਮੂਲੀਅਤ ਨੂੰ ਯਕੀਨੀ ਬਨਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਇੱਕ ਜਮਹੂਰੀ ਦੇਸ਼ ‘ਚ ਲੋਕਾਂ ਦੀ ਵਿਕਾਸ ਕਾਰਜਾਂ ਵਿਚ ਸਮੂਲੀਅਤ ਨੂੰ ਯਕੀਨੀ ਬਨਾਉਣ ਵਾਸਤੇ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਕਿਉਂਕਿ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਲੋੜਾਂ ਮੁਤਾਬਿਕ ਹੀ ਸਮੱਸਿਆਵਾਂ ਦੇ ਨਿਪਟਾਰਾ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਲੋਕਾਂ ਦੇ ਰੂ-ਬਰੂ ਕਰਕੇ ਜਵਾਬਦੇਹ ਵੀ ਬਣਾਇਆ ਜਾਂਦਾ ਹੈ।
ਮੁੱਖ ਮੰਤਰੀ ਨੇ ਮੌੜਾਂ, ਗੁੱਜਰਾਂ, ਕਮਾਲਪੁਰ ਆਦਿ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਕੇ ਦੋ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਪ੍ਰਦਾਨ ਕੀਤੀਆ।
ਇਸ ਮੌਕੇ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾਂ, ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੱਖ ਸਕੱਤਰ ਸ੍ਰੀ ਐਸ. ਕਰੁਣਾਰਾਜੂ, ਸ. ਪ੍ਰਬੰਧਕੀ ਮੈਂਬਰ ਪਾਵਰਕਾਮ ਗੁਰਬਚਨ ਸਿੰਘ ਬਚੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਤੇਜਾ ਸਿੰਘ ਕਮਾਲਪੁਰ, ਕੌਰ ਸਿੰਘ ਮੌੜਾ, ਪ੍ਰਸਿੱਧ ਕਬੱਡੀ ਪ੍ਰਮੋਟਰ ਸ੍ਰੀ ਕਰਨ ਘੁਮਾਨ, ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਸ. ਵਿਨਰਜੀਤ ਸਿੰਘ ਗੋਲਡੀ, ਵਾਈਸ ਚੇਅਰਮੈਨ ਮੰਡੀ ਬੋਰਡ ਸ. ਰਵਿੰਦਰ ਸਿੰਘ ਚੀਮਾ, ਸ. ਹਰਦੇਵ ਸਿੰਘ ਰੌਂਗਲਾ, ਸ. ਗੁਰਲਾਲ ਸਿੰਘ ਫਤਿਹਗੜ੍ਹ ਮੈਂਬਰ ਐਸ.ਜੀ.ਪੀ.ਸੀ, ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਸ. ਬਲਕਾਰ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਸ ਪ੍ਰਿਤਪਾਲ ਸਿਘ ਥਿੰਦ ਅਤੇ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *