ਬਾਦਲਾਂ ਨੇ ਵਪਾਰ ਵਾਂਗ ਸਰਕਾਰ ਚਲਾਈ, ਉਹੀ ਰਾਹ ਮੋਦੀ ਨੇ ਫੜਿਆ: ਜਾਖੜ

ss1

ਬਾਦਲਾਂ ਨੇ ਵਪਾਰ ਵਾਂਗ ਸਰਕਾਰ ਚਲਾਈ, ਉਹੀ ਰਾਹ ਮੋਦੀ ਨੇ ਫੜਿਆ: ਜਾਖੜ

ਬਟਾਲਾ, 7 ਅਕਤੂਬਰ:  ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਬਾਦਲਾਂ ’ਤੇ ਵਰ੍ਹਦਿਆਂ ਆਖਿਆ ਕਿ ਇਨ੍ਹਾਂ ਨੇ 10 ਸਾਲ ਸਰਕਾਰ ਨੂੰ ਨਿੱਜੀ ਜਗੀਰ ਵਜੋਂ ਚਲਾਇਆ ਅਤੇ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲਾ ਕੇ ਆਪਣੀਆਂ ਤਿਜੌਰੀਆਂ ਭਰੀਆਂ।

      ਅੱਜ ਇੱਥੇ ਅਨਾਜ ਮੰਡੀ ਆੜਤੀਆ ਐਸੋਸੀਏਸ਼ਨ ਨਾਲ ਇਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਬਾਦਲਾਂ ਨੇ ਕਦੇ ਵੀ ਸੂਬੇ ਦਾ ਭਲਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਸਗੋਂ 10 ਸਾਲ ਆਪਣੇ ਕਾਰੋਬਾਰ ਨੂੰ ਵਧਾਉਣ ’ਤੇ ਹੀ ਲਾ ਦਿੱਤੇ। ਅਕਾਲੀ ਲੀਡਰਾਂ ਵੱਲੋਂ ਖੜ੍ਹੇ ਕੀਤੇ ਕਾਰੋਬਾਰੀ ਸਾਮਰਾਜ ਦੀ ਉਦਾਹਰਣ ਦਿੰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਅਕਾਲੀਆਂ ਨੇ ਆਪਣੀ ਟਰਾਂਸਪੋਰਟ ਤੋਂ ਪੈਸਾ ਕਮਾਉਣ ਵਿੱਚ ਹੀ ਦਿਲਚਸਪੀ ਵਿਖਾਈ ਜਦਕਿ ਘਾਟੇ ਦਾ ਬੋਝ ਸਹਿ ਰਹੀ ਪੰਜਾਬ ਰੋਡਵੇਜ਼ ਵੱਲ ਕੋਈ ਧਿਆਨ ਨਹੀਂ ਦਿੱਤਾ।

      ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਅਤੇ ਖੇਤੀ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਬਾਦਲ ਸਰਕਾਰ ਨੇ ਆਪਣੀਆਂ ਠੱਗੀਆਂ-ਠੋਰੀਆਂ ’ਤੇ ਪਰਦਾ ਪਾਉਣ ਲਈ ਸੂਬੇ ਸਿਰ 3200 ਕਰੋੜ ਰੁਪਏ ਦਾ ਬੋਝ ਪਾ ਦਿੱਤਾ। ਉਨ੍ਹਾਂ ਆਖਿਆ ਕਿ ਆਰਥਿਕ ਤੰਗੀ ਨਾਲ ਜੂਝ ਰਹੀ ਸੂਬਾ ਸਰਕਾਰ ਇਸ ਰਕਮ ਦੇ ਵਿਰੁੱਧ ਦਿੱਤੇ ਕਰਜ਼ੇ ’ਤੇ ਵਿਆਜ ਦੇ ਰਹੀ ਹੈ ਅਤੇ ਅਖੀਰ ਤੱਕ ਸੂਬੇ ਵੱਲੋਂ ਕੇਂਦਰ ਸਰਕਾਰ ਨੂੰ 7000 ਕਰੋੜ ਰੁਪਏ ਦੇਣੇ ਪੈਣਗੇ। ਉਨ੍ਹਾਂ ਆਖਿਆ ਕਿ ਇਸ ਦੀ ਕੀਮਤ ਪੰਜਾਬ ਦੇ ਕਿਸਾਨਾਂ ਨੂੰ ਅਦਾ ਕਰਨੀ ਪੈ ਰਹੀ ਹੈ।

      ਕੇਂਦਰ ਵਿੱਚ ਮੋਦੀ ਸਰਕਾਰ ਦੀਆਂ ਕਿਸਾਨ ਤੇ ਗਰੀਬ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਜਿਹੜੇ ਮੁਲਕ ਵਿੱਚ ਹਕੂਮਤ ਕਰਨ ਵਾਲੇ ਵਪਾਰੀ ਬਣ ਜਾਣ, ਉਸ ਮੁਲਕ ਵਿੱਚ ਆਮ ਲੋਕਾਂ ਦੀ ਦਸ਼ਾ ਭਿਖਾਰੀਆਂ ਵਾਲੀ ਬਣ ਜਾਵੇਗੀ। ਮੋਦੀ ਸਰਕਾਰ ਨੂੰ ਸਨਅਤਕਾਰਾਂ ਤੇ ਵਪਾਰਕ ਘਰਾਣਿਆਂ ਦੀ ਸਰਕਾਰ ਦੱਸਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਆਲਮੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਣ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਤੇ ਡੀਜ਼ਲਾਂ ਦੀਆਂ ਕੀਮਤਾ ਉਤਾਂਹ ਚੜ੍ਹ ਰਹੀਆਂ ਹਨ ਕਿਉਂਕਿ ਕੇਂਦਰ ਵਿੱਚ ਲੋਕ ਵਿਰੋਧੀ ਮਾਨਸਿਕਤਾ ਤੇ ਵਿਚਾਰਧਾਰਾ ਵਾਲੇ ਲੋਕ ਬੈਠੇ ਹਨ।

      ਸ੍ਰੀ ਜਾਖੜ ਨੇ ਆਖਿਆ ਕਿ ਕਾਰੋਬਾਰੀ ਅਤੇ ਛੋਟੇ ਵਪਾਰੀ ਮੋਦੀ ਸਰਕਾਰ ਤੋਂ ਬਹੁਤ ਖਫ਼ਾ ਹਨ ਅਤੇ ਦੇਸ਼ ਵਾਸੀ ਭੈਅ ਵਿੱਚ ਹਨ। ਉਨ੍ਹਾਂ ਆਖਿਆ ਕਿ ਦਿਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਹਰੇਕ ਪਾਸੇ ਉਦਾਸੀ ਦਾ ਆਲਮ ਹੈ। ਪ੍ਰਧਾਨ ਮੰਤਰੀ ਦੇ ਰੇਡੀਓ ’ਤੇ ਆਉਂਦੇ ਸਿੱਧੇ ਪ੍ਰਸਾਰਣ ਅਤੇ ਉਨ੍ਹਾਂ ਵੱਲੋਂ ਕੀਤੇ ਨੋਟਬੰਦੀ ਦੇ ਐਲਾਨ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਜਦੋਂ ਵੀ ਨਰਿੰਦਰ ਮੋਦੀ ਆਪਣੀ ‘ਮਨ ਕੀ ਬਾਤ’ ਲੈ ਕੇ ਆਉਂਦੇ ਹਨ ਤਾਂ ਲੋਕ ਭੈਅ-ਭੀਤ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਮੋਦੀ ਨੇ ਹੁਣ ਕਿਹੜਾ ਬੰਬ ਸੁੱਟਣ ਦੀ ਯੋਜਨਾ ਬਣਾਈ ਹੈ।

      ਪੰਜਾਬ ਕਾਂਗਰਸ ਦਾ ਪ੍ਰਧਾਨ ਨੇ ਆਖਿਆ ਕਿ ਮੁਲਕ ਦੀ ਨਿੱਘਰੀ ਹੋਈ ਹਾਲਤ ’ਤੇ ਇਕੱਲੀ ਕਾਂਗਰਸ ਹੀ ਕਾਬੂ ਪਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਪਣੇ ਸਾਢੇ ਚਾਰ ਸਾਲ ਦੇ ਸਾਸ਼ਨ ਕਾਲ ਦੌਰਾਨ ਪੰਜਾਬ ਨੂੰ ਮੁੜ ਵਿਕਾਸ ਤੇ ਪ੍ਰਗਤੀ ਦੀਆਂ ਲੀਹਾਂ ’ਤੇ ਤੋਰੇਗੀ।

      ਸ੍ਰੀ ਜਾਖੜ ਨੇ ਬੂਥ ਇੰਚਾਰਜਾਂ ਨਾਲ ਇਕ ਮੀਟਿੰਗ ਦੌਰਾਨ ਆਖਿਆ ਕਿ ਜਿਵੇਂ ਸਰਹੱਦ ’ਤੇ ਡਟੇ ਸੈਨਿਕ ਫੌਜ ਦੀ ਮਜ਼ਬੂਤੀ ਦੀ ਮਿਸਾਲ ਹੁੰਦੇ ਹਨ, ਉਸੇ ਤਰ੍ਹਾਂ ਉਹ ਅਤੇ ਕਾਂਗਰਸ ਪਾਰਟੀ ਉਨ੍ਹਾਂ ਨਾਲ ਡਟ ਕੇ ਖੜ੍ਹਣਗੇ। ਸ੍ਰੀ ਜਾਖੜ ਨੇ ਆਖਿਆ ਕਿ ਇਸ ਇਲਾਕੇ ਦੀਆਂ ਸਾਰੀਆਂ ਸਥਾਨਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

      ਅੱਜ ਸ੍ਰੀ ਜਾਖੜ ਵੱਲੋਂ ਮੀਟਿੰਗਾਂ ਅਤੇ ਰੈਲੀਆਂ ਕਰਕੇ ਪੂਰਾ ਦਿਨ ਹਲਕੇ ਦੀ ਚੋਣ ਮੁਹਿੰਮ ਭਖਾਈ ਰੱਖੀ ਅਤੇ ਉਨ੍ਹਾਂ ਨਾਲ ਕਈ ਕਾਂਗਰਸ ਵਿਧਾਇਕ ਤੇ ਹੋਰ ਪਾਰਟੀ ਲੀਡਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *