Sat. Apr 4th, 2020

ਬਹੁਪੱਖੀ ਸ਼ਖ਼ਸੀਅਤ : ਭਾਈ ਪਤਵੰਤ ਸਿੰਘ

ਬਹੁਪੱਖੀ ਸ਼ਖ਼ਸੀਅਤ : ਭਾਈ ਪਤਵੰਤ ਸਿੰਘ

ਭਾਈ ਪਤਵੰਤ ਸਿੰਘ ਇੱਕ ਪ੍ਰਸਿੱਧ ਲੇਖਕ, ਟੀਕਾਕਾਰ, ਪੱਤਰਕਾਰ, ਟੀ.ਵੀ. ਪ੍ਰਵਕਤਾ ਤੇ ਪ੍ਰਕਾਸ਼ਕ ਹੋ ਗੁਜ਼ਰੇ ਹਨ। ਉਨ੍ਹਾਂ ਦਾ ਜਨਮ 28 ਮਾਰਚ 1925 ਈ. ਨੂੰ ਨਵੀਂ ਦਿੱਲੀ ਵਿਖੇ ਹੋਇਆ। ਉਹ ਦਿੱਲੀ ਵਿੱਚ ਹੀ ਪਲੇ ਤੇ ਵੱਡੇ ਹੋਏ ਅਤੇ ਉੱਥੇ ਹੀ ਸਕੂਲ/ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਆਪਣਾ ਕੈਰੀਅਰ ਆਪਣੇ ਪਰਿਵਾਰਕ ਕਿੱਤੇ ਤੋਂ ਸ਼ੁਰੂ ਕੀਤਾ, ਜੋ ਕਿ ਨਿਰਮਾਣਕਾਰੀ ਅਤੇ ਇੰਜੀਨੀਅਰਿੰਗ ਨਾਲ ਸਬੰਧਤ ਸੀ। ਪਰ ਛੇਤੀ ਹੀ ਆਪਣੇ ਲੇਖਨ- ਪ੍ਰੇਮ ਕਰਕੇ ਇਹ ਕਿੱਤਾ ਤਿਆਗ ਦਿੱਤਾ ਅਤੇ ਪ੍ਰਕਾਸ਼ਕ ਵਜੋਂ ‘ਦ ਇੰਡੀਅਨ ਬਿਲਡਰ’ ਪੱਤ੍ਰਿਕਾ ਸ਼ੁਰੂ ਕਰ ਲਈ। 1957 ਵਿੱਚ ਉਨ੍ਹਾਂ ਨੇ ਇੱਕ ਹੋਰ ਪ੍ਰਭਾਵਸ਼ਾਲੀ ‘ਡਿਜ਼ਾਈਨ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਆਰਕੀਟੈਕਚਰ, ਸ਼ਹਿਰੀ ਯੋਜਨਾ, ਦ੍ਰਿਸ਼-ਕਲਾ, ਗ੍ਰਾਫਿਕਸ ਤੇ ਇੰਡਸਟਰੀਅਲ ਡਿਜ਼ਾਈਨ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਸੀ। ਇਹ ਪੱਤ੍ਰਿਕਾ 1988 ਤੱਕ ਜਾਰੀ ਰਹੀ। ਪੂਰੇ ਵਿਸ਼ਵ ਵਿੱਚ ਇਹ ਇੱਕੋ- ਇੱਕ ਪੱਤ੍ਰਿਕਾ ਸੀ, ਜਿਸ ਵਿੱਚ ਇੱਕੋ ਸਮੇਂ ਬਹੁਤ ਸਾਰੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਰਾਹੀਂ ਰਹਿਣਯੋਗ ਵਾਤਾਵਰਨ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ।

ਪਤਵੰਤ ਸਿੰਘ ਨੇ ਵੱਡੇ ਪੈਮਾਨੇ ਤੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਆਪਣੀ ਕਲਮ ਦੀ ਵਰਤੋਂ ਕੀਤੀ। ਭਾਰਤ- ਚੀਨ ਯੁੱਧ(1962) ਅਤੇ ਦੂਜੇ ਕਸ਼ਮੀਰ ਯੁੱਧ(1965) ਬਾਰੇ ਉਨ੍ਹਾਂ ਨੇ ਅੰਤਰ- ਰਾਸ਼ਟਰੀ ਨੀਤੀ ਅਤੇ ਇਸ ਵਿੱਚ ਭਾਰਤ ਦੇ ਸਥਾਨ ਬਾਰੇ ਆਪਣੇ ਵਿਚਾਰ ‘ਇੰਡੀਆ ਐਂਡ ਦ ਫਿਊਚਰ ਆਫ ਏਸ਼ੀਆ’ (1967) ਪੁਸਤਕ ਵਿੱਚ ਦਰਜ ਕੀਤੇ। ਇਸ ਦੇ ਮਹੱਤਵਪੂਰਨ ਅੰਸ਼ “ਲਾਈਫ਼ ਇੰਟਰਨੈਸ਼ਨਲ” ਮੈਗਜ਼ੀਨ ਵਿੱਚ ਵੀ ਪ੍ਰਕਾਸ਼ਿਤ ਹੋਏ ਸਨ। ‘ਦ ਸਟਰੱਗਲ ਫਾਰ ਪਾਵਰ ਇਨ ਏਸ਼ੀਆ’ (1971) ਪੁਸਤਕ ਵਿੱਚ ਪੱਛਮ ਦੀਆਂ ਤੰਗ- ਨੀਤੀਆਂ ਵਿੱਚ ਸੁਧਾਰਾਂ ਦਾ ਜ਼ਿਕਰ ਮਿਲਦਾ ਹੈ। ਇਸ ਕਿਤਾਬ ਦਾ ਫਰਾਂਸੀਸੀ ਐਡੀਸ਼ਨ ‘ਲੀ ਜਿਊ ਦੇਸ ਪਿਊਸਾਂਸੇਜ਼ ਏਨ ਏਸ਼ੀ’ ਸਿਰਲੇਖ ਹੇਠ ਆਂਦਰੇ ਜੇਰਾਰਦ ਵੱਲੋਂ 1974 ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।

1973 ਵਿੱਚ ਪਤਵੰਤ ਸਿੰਘ ਨੇ ਹਰਿਆਣਾ ਦੀਆਂ ਅਰਾਵਲੀ ਪਹਾੜੀਆਂ ਵਿੱਚ ਅੱਠ ਏਕੜ ਜ਼ਮੀਨ ਖਰੀਦੀ। 1977 ਵਿੱਚ ਉਨ੍ਹਾਂ ਨੂੰ ਦਿਲ ਦਾ ਭਿਆਨਕ ਦੌਰਾ ਪਿਆ, ਤਾਂ ਉਨ੍ਹਾਂ ਨੇ ਇੱਕ ਪੇਂਡੂ ਹਸਪਤਾਲ ਖੋਲ੍ਹਣ ਦਾ ਮਨ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਭਾਰਤ ਦੇ ਬਹੁਤ ਸਾਰੇ ਗਰੁੱਪਾਂ ਸਮੇਤ ਯੂ. ਐੱਸ. ਅਤੇ ਕੈਨੇਡੀਅਨ ਵਿਕਾਸ ਸੰਸਥਾ ਆਦਿ ਤੋਂ ਵੀ ਸਹਾਇਤਾ ਮੰਗੀ ਅਤੇ ਹਰਿਆਣਾ ਵਿੱਚ ਕਾਬਲਿਜੀ ਹਸਪਤਾਲ ਤੇ ਪੇਂਡੂ ਸਿਹਤ ਕੇਂਦਰ ਦੀ ਉਸਾਰੀ ਕੀਤੀ। ਇਹ ਹਸਪਤਾਲ ਦਵਾਈਆਂ ਅਤੇ ਹੋਰ ਪੇਂਡੂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਕੁਝ ਵਰ੍ਹਿਆਂ ਬਾਅਦ ਹਸਪਤਾਲ ਦੇ ਨੇੜੇ ਹੀ ਇੱਕ ਸਕੂਲ ਦੀ ਉਸਾਰੀ ਵੀ ਕਰਵਾਈ ਗਈ। ਮੌਜੂਦਾ ਸਮੇਂ ਇਹ ਦੋਵੇਂ ਸੰਸਥਾਵਾਂ ਚੰਗੀ ਤਰ੍ਹਾਂ ਕਾਰਜਸ਼ੀਲ ਹਨ।

1984 ਤੋਂ ਬਾਅਦ ਉਨ੍ਹਾਂ ਨੇ ਸਿੱਖ ਮੁੱਦਿਆਂ ਦੀ ਡੂੰਘੀ ਖੋਜ ਕਰਕੇ ਆਪਣੇ ਖੁੱਲ੍ਹੇ ਲੇਖ ‘ਪੰਜਾਬ: ਦ ਫੇਟਲ ਮਿਸਕੈਲਕੂ- ਲੇਸ਼ਨ'(1985) ਵਿਚ ਸ਼ਾਮਿਲ ਕੀਤੇ। 1989 ਵਿੱਚ ਈ.ਟੀ. ਵੱਲੋਂ ਪ੍ਰਕਾਸ਼ਿਤ ‘ਦ ਗੋਲਡਨ ਟੈਂਪਲ’ ਵਿੱਚ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਇੱਕ ਪ੍ਰੇਰਨਾਸਰੋਤ ਵਜੋਂ ਪ੍ਰਸਤੁਤ ਕੀਤਾ। ਇਹ ਕਿਤਾਬ 1992 ਵਿੱਚ ਹਿਮਾਲਿਅਨ ਬੁੱਕਸ ਵੱਲੋਂ ਵੀ ਪ੍ਰਕਾਸ਼ਿਤ ਹੋਈ। ‘ਆਫ ਡ੍ਰੀਮਜ਼ ਐਂਡ ਡੈਮਨਜ਼’ ਪਤਵੰਤ ਸਿੰਘ ਦੀ 1994 ਵਿੱਚ ਡੱਕਵਰਥ ਵੱਲੋਂ ਯੂਕੇ ਵਿੱਚ ਪ੍ਰਕਾਸ਼ਤ ਨਿੱਜੀ ਯਾਦ ਹੈ, ਜੋ ਕਿ 1930 ਤੋਂ 1990 ਦੇ ਭਾਰਤੀ ਇਤਿਹਾਸ ਅਤੇ ਯਾਦਾਂ ਨੂੰ ਪੇਸ਼ ਕਰਦੀ ਹੈ। ਇਸ ਨੂੰ ਭਾਰਤ ਵਿੱਚ ਰੂਪਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ, ਜਦ ਕਿ ਜੂਨ 1995 ਵਿੱਚ ਕੋਡੈਂਸਾ ਗਲੋਬ ਵੱਲੋਂ ਯੂਐੱਸ ਐਡੀਸ਼ਨ ਸਾਹਮਣੇ ਆਈ। ਗੁਰਦੁਆਰਿਆਂ ਨਾਲ ਸਬੰਧਤ ਉਨ੍ਹਾਂ ਦੀ ਇਕ ਹੋਰ ਮਹੱਤਵਪੂਰਨ ਪੁਸਤਕ ‘ਗੁਰਦੁਆਰਾਜ਼ ਇਨ ਇੰਡੀਆ ਐਂਡ ਅਰਾਊਂਡ ਦਾ ਵਰਲਡ’ 1992 ਵਿੱਚ ਹਿਮਾਲਿਅਨ ਬੁਕਸ ਵੱਲੋਂ ਛਾਪੀ ਗਈ। 1999 ਵਿੱਚ ਪ੍ਰਕਾਸ਼ਿਤ ‘ਦਾ ਸਿਖਸ’ ਵਿੱਚ ਦੱਖਣ- ਏਸ਼ੀਆ ਦੇ ਇਤਿਹਾਸਕ ਪ੍ਰਸੰਗ ਵਿੱਚ ਸਿੱਖ ਗੁਰੂਆਂ ਦੇ ਯੋਗਦਾਨ ਦਾ ਵਰਣਨ ਹੈ। ਇਹ ਬਹੁਚਰਚਿਤ ਕਿਤਾਬ ਲੰਡਨ, ਭਾਰਤ, ਯੂ. ਐੱਸ. ਅਤੇ ਕੈਨੇਡਾ ਵਿੱਚ ਕ੍ਰਮਵਾਰ ਜੌਨ ਮੱਰੇ, ਹਾਰਪਰ ਕੋਲਿਨਜ਼, (ਮਾਰਚ 1999) ਅਲਫਰੈੱਡ ਨੋਪ ਅਤੇ ਰੈਂਡਮ ਹਾਊਸ (2000) ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਅਮਰੀਕਾ(ਡਬਲਡੇ) ਅਤੇ ਭਾਰਤ (ਰੂਪਾ) ਨੇ ਇਸ ਦੇ ਪੇਪਰਬੈਕ ਸੰਸਕਰਣ ਵੀ ਪ੍ਰਕਾਸ਼ਿਤ ਕੀਤੇ।

ਭਾਈ ਪਤਵੰਤ ਸਿੰਘ ਦੀ ਇੱਕ ਹੋਰ ਪ੍ਰਸਿੱਧ ਪੁਸਤਕ ਹੈ: ‘ਗਾਰਲੈਂਡ ਅਰਾਊਂਡ ਮਾਈ ਨੈੱਕ’, ਜਿਸ ਦੀ ਸਹਿਲੇਖਕਾ ਹਰਿੰਦਰ ਕੌਰ ਸੇਖੋਂ ਹੈ। ਮਾਰਚ 2001 ਵਿੱਚ ਪ੍ਰਕਾਸ਼ਿਤ ਇਹ ਪੁਸਤਕ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ (1904- 1992) ਨੂੰ ਸ਼ਰਧਾਂਜਲੀ ਵਜੋਂ ਲਿਖੀ ਗਈ ਹੈ। ਇਸ ਕਿਤਾਬ ਵਿੱਚ ਭਗਤ ਪੂਰਨ ਸਿੰਘ ਨੂੰ ਨਿਸ਼ਕਾਮ ਸੇਵਾ ਦੇ ਪ੍ਰਮਾਣਿਕ ਅਤੇ ਵਾਸਤਵਿਕ ਮਹਾਂਪੁਰਸ਼ ਵਜੋਂ ਚਿੱਤਰਿਆ ਗਿਆ ਹੈ। ਸਮਾਜ ਵੱਲੋਂ ਨਕਾਰੇ ਅਤੇ ਦੁਰਕਾਰੇ ਗਏ ਲੂਲੇ, ਲੰਗੜੇ, ਅਨਾਥ, ਅਪਾਹਜ ਲੋਕਾਂ ਨੂੰ ਸਹਾਰਾ ਦੇਣ ਵਾਲੇ ਭਗਤ ਪੂਰਨ ਸਿੰਘ ਨੇ ਨੰਗੇ ਪੈਰੀਂ ਚੱਲ ਕੇ ਉਨ੍ਹਾਂ ਲਈ ਰੋਟੀ, ਕੱਪੜੇ ਅਤੇ ਛੱਤ ਦਾ ਪ੍ਰਬੰਧ ਕੀਤਾ। ਮੌਜੂਦਾ ਸਮੇਂ ਇਸ ਸੰਸਥਾ ਵੱਲੋਂ ਕਰੀਬ 2000 ਰੋਗੀਆਂ ਲਈ ਸਕੂਲ, ਹਸਪਤਾਲ ਅਤੇ ਸਮਾਜ- ਕਲਿਆਣ ਦੇ ਕਾਰਜਾਂ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ।

2005 ਵਿੱਚ ਉਨ੍ਹਾਂ ਦੀ ਕਿਤਾਬ ‘ਦ ਵਰਲਡ ਅਕਾਰਡਿੰਗ ਟੂ ਵਾਸ਼ਿੰਗਟਨ: ਐਨ ਏਸ਼ੀਅਨ ਵਿਊ’ ਪ੍ਰਕਾਸ਼ਿਤ ਹੋਈ। ਇਸ ਵਿੱਚ ਲੇਖਕ ਨੇ ਆਪਣੇ ਸੰਕਲਪ ਦਾ ਵਿਸ਼ਾ ਪੱਛਮੀ ਸਾਮਰਾਜਵਾਦੀ ਸ਼ਕਤੀਆਂ ਅਤੇ ਏਸ਼ੀਆ ਦੀਆਂ ਸ਼ਕਤੀਆਂ ਦਰਮਿਆਨ ਅਕਸਰ ਹੀ ਹਿੰਸਕ ਬਣਦੇ ਸਬੰਧਾਂ ਨੂੰ ਬਣਾਇਆ ਹੈ, ਜਿਨ੍ਹਾਂ ਵਿੱਚ ਪੂਰਬ ਏਸ਼ੀਆ, ਦੱਖਣ ਏਸ਼ੀਆ ਅਤੇ ਪੱਛਮੀ ਏਸ਼ੀਆ ਸ਼ਾਮਿਲ ਹਨ। ਉਨ੍ਹਾਂ ਦੀ ਕਿਤਾਬ ‘ਅੈਂਪਾਇਰ ਆਫ ਸਿਖਸ: ਦ ਲਾਈਫ ਐਂਡ ਟਾਈਮਜ਼ ਆਫ਼ ਮਹਾਰਾਜਾ ਰਣਜੀਤ ਸਿੰਘ’ ਵਿੱਚ ਮਹਾਰਾਜਾ ਰਣਜੀਤ ਸਿੰਘ (1780-1839)ਦੇ ਸਿੱਖ-ਰਾਜ ਦਾ ਬਿਰਤਾਂਤ ਹੈ। ਜੋਤੀ ਰਾਏ ਦੇ ਸਹਿਯੋਗ ਨਾਲ ਲਿਖੀ ਇਹ ਕਿਤਾਬ ਸਿੱਖ ਰਾਜ ਦੇ ਸੁਨਹਿਰੀ ਕਾਲ/ ਇਤਿਹਾਸ ਦਾ ਚਿਤਰਣ ਕਰਦੀ ਹੈ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸ਼ਕਤੀਸ਼ਾਲੀ ਇਤਿਹਾਸਕ ਰਾਜੇ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਗਿਆ ਹੈ, ਜਿਹੜਾ ਮਾਨਵਵਾਦੀ ਭਾਵਨਾ ਤਹਿਤ ਹਾਰੇ ਹੋਏ ਰਾਜਿਆਂ ਦੇ ਸੈਨਿਕਾਂ ਨੂੰ ਰੋਜ਼ਗਾਰ ਦਿੰਦਾ ਸੀ। ਉਸ ਦੇ ਦਰਬਾਰ ਵਿੱਚ ਹਿੰਦੂ ਅਤੇ ਮੁਸਲਿਮ ਧਰਮ ਦੇ ਵਿਅਕਤੀ ਬਿਨਾਂ ਕਿਸੇ ਭੇਦ- ਭਾਵ ਤੋਂ ਉੱਚ ਅਹੁਦਿਆਂ ਤੇ ਬਿਰਾਜ- ਮਾਨ ਸਨ। ਪੁਸਤਕ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਹਾਰਾਜੇ ਦੀ ਮੌਤ ਪਿੱਛੋਂ ਐਂਗਲੋ- ਸਿੱਖ ਯੁੱਧ ਛਿੜਨ ਕਰਕੇ ਸਿੱਖ- ਰਾਜ ਢਹਿੰਦੀਆਂ- ਕਲਾਂ ਵੱਲ ਚਲਾ ਗਿਆ ਅਤੇ ਸਿੱਖਾਂ ਦੀ ਆਪਸੀ ਖਿੱਚੋਤਾਣ ਅੰਗਰੇਜ਼ਾਂ ਲਈ ਲਾਭਕਾਰੀ ਸਿੱਧ ਹੋਈ। ਸਿੱਟੇ ਵਜੋਂ ਅੰਗਰੇਜ਼ਾਂ ਨੇ ਪੰਜਾਬ ਸੂਬੇ ਨੂੰ ਵੀ ਆਪਣੇ ਅਧਿਕਾਰ ਹੇਠ ਕਰ ਲਿਆ। ਇਸ ਕਿਤਾਬ ਦਾ ਡੈਨਿਸ਼ ਭਾਸ਼ਾ ਵਿੱਚ ਅਨੁਵਾਦ ਇੱਕ ਅਪਾਹਜ ਔਰਤ ਵੀਟਾ ਹੋਏਰੂਪ ਨੇ ਕੀਤਾ, ਜਿਸਨੂੰ ਕੋਪੇਨਹੇਗਨ ਵਿਖੇ 12 ਅਗਸਤ 2015 ਨੂੰ ਅਕਾਲ ਤਖ਼ਤ ਦੇ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਨਮਾਨਿਤ ਕੀਤਾ ਗਿਆ ਸੀ।

ਜੂਨ 2009 ਵਿੱਚ ਉਨ੍ਹਾਂ ਦੀ ਆਖ਼ਰੀ ਕਿਤਾਬ ਵਾਸ਼ਿੰਗਟਨ ਡੀ.ਸੀ. ਦੇ ‘ਦ ਲਾਇਬ੍ਰੇਰੀ ਆਫ ਕਾਂਗਰਸ ਏਸ਼ੀਅਨ ਡਿਵੀਜ਼ਨ’ ਵਿਖੇ ਰਿਲੀਜ਼ ਹੋਈ, ਜੋ ਨੈਸ਼ਨਲ ਸਿੱਖ ਕਾਨਫਰੰਸ ਦਾ ਹਿੱਸਾ ਸੀ। ਇਹੋ ਹੀ ਉਹ ਕਿਤਾਬ ਸੀ, ਜਿਸ ਦਾ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਯਾਨੀ ‘ਅੰਪਾਇਰ ਆਫ ਸਿਖਸ…’। ਇਹ ਪੁਸਤਕ ਉਨ੍ਹਾਂ ਦੇ ਚਲਾਣੇ ਤੋਂ ਕਰੀਬ ਡੇਢ ਕੁ ਮਹੀਨਾ ਪਹਿਲਾਂ 18 ਜੂਨ 2009 ਨੂੰ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਈ ਸੀ।

ਸਰਦਾਰ ਪਤਵੰਤ ਸਿੰਘ ਦੀਆਂ ਸਾਰੀਆਂ ਲਿਖਤਾਂ ਅਤੇ ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿੱਚ ਹਨ। ਉਨ੍ਹਾਂ ਨੇ ਬਹੁਤ ਸਾਰੇ ਲੇਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਲਈ ਵੀ ਲਿਖੇ, ਜੋ ਕਿ ਰੇਡੀਓ ਅਤੇ ਟੀ. ਵੀ. ਉੱਤੇ ਵੀ ਪ੍ਰਸਾਰਿਤ ਹੋਏ। ਉਨ੍ਹਾਂ ਦੀਆਂ ਲਿਖਤਾਂ ‘ਦ ਨਿਊਯਾਰਕ ਟਾਈਮਜ਼'(ਅਮਰੀਕਾ), ‘ਗਲੋਬ’, ‘ਮੇਲ’ (ਕੈਨੇਡਾ) ਅਤੇ ‘ਇੰਡੀਪੈਂਡੈਂਟ’ (ਯੂ.ਕੇ.) ਵਿੱਚ ਨਿਰੰਤਰ ਛਪਦੀਆਂ ਰਹੀਆਂ।

ਭਾਈ ਪਤਵੰਤ ਸਿੰਘ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਵਿਦੇਸ਼- ਯਾਤਰਾਵਾਂ ਕੀਤੀਆਂ ਅਤੇ ਉੱਥੋਂ ਦੀਆਂ ਸਰਕਾਰਾਂ ਦੇ ਅਕਸਰ ਮਹਿਮਾਨ ਰਹੇ। ਇਨ੍ਹਾਂ ਵਿੱਚ ਜਰਮਨੀ,ਯੂ.ਐੱਸ.ਏ, ਯੂ. ਕੇ., ਸਵੀਡਨ, ਆਸਟਰੇਲੀਆ, ਜਪਾਨ, ਤਾਇਵਾਨ, ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਫਿਲਪਾਈਨਜ਼ ਆਦਿ ਦੇਸ਼ਾਂ ਦਾ ਨਾਂ ਜ਼ਿਕਰਯੋਗ ਹੈ।

84 ਵਰ੍ਹਿਆਂ ਦੀ ਉਮਰ ਵਿੱਚ ਭਾਈ ਪਤਵੰਤ ਸਿੰਘ ਦਾ ਦਿਲ ਦੀ ਬਿਮਾਰੀ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ 62ਵੇਂ ਸੁਤੰਤਰਤਾ ਦਿਵਸ ਤੋਂ ਇਕ ਹਫ਼ਤਾ ਪਹਿਲਾਂ, ਯਾਨੀ 8 ਅਗਸਤ 2009 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਮੇਹਰ ਅਤੇ ਲੜਕਾ ਸਤਜੀਤ ਸਿੰਘ ਚਹਿਲ ਹਨ। ਇਤਿਹਾਸ, ਰਾਜਨੀਤੀ, ਅੰਤਰਰਾਸ਼ਟਰੀ ਮਸਲਿਆਂ ਨਾਲ ਸਬੰਧਤ 10 ਪੁਸਤਕਾਂ ਅਤੇ ਅਣਗਿਣਤ ਲਿਖਤਾਂ ਦੇ ਲੇਖਕ, ਕਿਰਿਆਸ਼ੀਲ ਸਮਾਜਸੇਵੀ ਭਾਈ ਪਤਵੰਤ ਸਿੰਘ ਨੂੰ ਉਨ੍ਹਾਂ ਦੇ ਬਹੁਪੱਖੀ ਕਾਰਜਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ!

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ
ਤਲਵੰਡੀ ਸਾਬੋ ਬਠਿੰਡਾ
9417692015

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: