ਬਹੁਪੱਖੀ ਪ੍ਰਤਿਭਾ ਦਾ ਮਾਲਕ ‘ਤੇ ਅਦਾਕਾਰੀ ਖੇਤਰ ‘ਚ ਸਰਦਾਰੀ ਕਰਨ ਵਾਲਾ ਸਰਦਾਰ ਸੋਹੀ

ss1

ਬਹੁਪੱਖੀ ਪ੍ਰਤਿਭਾ ਦਾ ਮਾਲਕ ‘ਤੇ ਅਦਾਕਾਰੀ ਖੇਤਰ ‘ਚ ਸਰਦਾਰੀ ਕਰਨ ਵਾਲਾ ਸਰਦਾਰ ਸੋਹੀ

ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸਦੀ ਵਿਲੱਖਣ ਪਛਾਣ ਹੈ। ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ ਸਟੇਜ ਤੋਂ ਅਦਾਕਾਰੀ ਦੇ ਰਾਹ ਚੱਲਣ ਵਾਲਾ ਸਰਦਾਰ ਸੋਹੀ ਰੰਗਮੰਚ ਤੋਂ ਅਦਾਕਾਰੀ ਦੀ ਗੁੜ੍ਹਤੀ ਲੈ ਕੇ ਸਿਨਮੇ ਵੱਲ ਅਹੁਲਿਆ ਅਦਾਕਾਰ ਹੈ ਜਿਸ ਨੇ ਪੰਜਾਬੀ ਰੰਗਮੰਚ ਦੀ ਪ੍ਰਸਿੱਧ ਹਸਤੀ ਮਰਹੂਮ ਹਰਪਾਲ ਟਿਵਾਣਾ ਦੀ ਰਹਿਨੁਮਾਈ ਹੇਠ ਬਹੁਤ ਸਮਾਂ ਨਾਟਕ ਖੇਡੇ ਅਤੇ ਅਦਾਕਾਰੀ ਦੇ ਗੁਰ ਸਿੱਖੇ। ਇਥੇ ਹੀ ਸਿਨਮਾ ਪ੍ਰਤੀ ਆਪਣੇ ਅਥਾਹ ਲਗਾਓ ਅਤੇ ਹੋਰ ਅੱਗ ਵੱਧਣ ਦੀ ਇੱਛਾ ਨਾਲ ਉਹ ਬੰਬਈ ਚਲੇ ਗਏ ਜਿਥੇ ਨਾਮੀ ਨਿਰਮਾਤਾ-ਨਿਰਦੇਸ਼ਕਾਂ ਨਾਲ ਕੰਮ ਕਰਦਿਆਂ ਉਨਾਂ ਵਲੋਂ ਕੁਝ ਫ਼ਿਲਮਾਂ ਤੇ ਟੈਲੀਵਿਜ਼ਨ ਲੜੀਵਾਰ ਵੀ ਕੀਤੇ ਗਏ।ਇਸ ਦੇ ਨਾਲ ਹੀ ਸੋਹੀ ਨੇ ਗੁਲਜ਼ਾਰ ਦੇ ਮਿਰਜ਼ਾ ਗਾਲਿਬ, ਮੁਨਸ਼ੀ ਪ੍ਰੇਮ ਚੰਦ ਕੀ ਕਹਾਣੀਆਂ ਤੇ ਕੈਂਪਸ ਸੀਰੀਅਲ ਵੀ ਕੀਤੇ। ਉਹ ਹਰ ਤਰ੍ਹਾਂ ਦਾ ਰੋਲ ਬਾਖੂਬੀ ਨਿਭਾਅ ਜਾਂਦਾ ਹੈ। ਇੰਜ ਲੱਗਦਾ ਹੁੰਦਾ ਹੈ ਕਿ ਇਹ ਕਿਰਦਾਰ ਬਣਿਆ ਹੀ ਸਰਦਾਰ ਸੋਹੀ ਲਈ ਹੋਵੇ।

    ‘ਲੌਂਗ ਦਾ ਲਿਸ਼ਕਾਰਾ’, ‘ਹਵਾਏਂ’, ‘ਕਾਫਲਾ’, ‘ਦੀਵਾ ਬਲੇ ਸਾਰੀ ਰਾਤ’ , ‘ਮੇਲਾ’,’ਜਿਹਨੇ ਮੇਰਾ ਦਿਲ ਲੁੱਟਿਆ’,’ਦਿ ਬਲੱਡ ਸਟਰੀਟ’, ‘ਅੰਗਰੇਜ਼’, ‘ਅਰਦਾਸ’, ’25 ਕਿੱਲੇ’ ‘ਸਰਦਾਰ ਸਾਹਿਬ’, ‘ਤੂਫਾਨ ਸਿੰਘ’ ‘ਦੁੱਲਾ ਭੱਟੀ’, ‘ਜੱਜ ਸਿੰਘ ਐੱਲ.ਐੱਲ.ਬੀ’, ‘ਦਾਰਾ’, ‘ਬੰਬੂਕਾਟ’ ‘ਜ਼ੋਰਾ 10 ਨੰਬਰੀਆ’ ਅਤੇ ‘ਡੰਗਰ ਡਾਕਟਰ ਜੈਲੀ’ ਆਦਿ ਦੋ ਦਰਜਨ ਦੇ ਕਰੀਬ ਪੰਜਾਬੀ ਫਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲਾ ਸਰਦਾਰ ਸੋਹੀ ਹੁਣ ਪੰਜਾਬੀ ਫ਼ਿਲਮਾਂ ਦੀ ਰੀੜ੍ਹ ਦੀ ਹੱਡੀ ਬਣ ਚੁੱਕਾ ਹੈ।ਇਨਾਂ ਫਿਲਮਾਂ ਦੀ ਸ਼੍ਰੇਣੀ ‘ਚ ਹਾਲ ਹੀ ‘ਚ ਇਕ ਹੋਰ ਖੂਬਸੂਰਤ ਫਿਲਮ ‘ਸਰਦਾਰ ਮੁਹੰਮਦ’ ਦਾ ਨਾਂਅ ਵੀ ਸ਼ਾਮਿਲ ਹੋਇਆ ਹੈ। ਇਸ ਫ਼ਿਲਮ ਦੀ ਕਹਾਣੀ 1947 ਦੇ ਪੰਜਾਬ-ਪਾਕਿਸਤਾਨ ਵੰਡ ਤੇ ਆਧਾਰਿਤ ਹੈ ਜਿਥੇ ਇਕ ਨੌਜਵਾਨ ਆਪਣਿਆਂ ਤੌ ਦੂਰ ਹੋ ਜਾਂਦਾ ਹੈ।ਇਨਸਾਨੀ ਸਬੰਧਾਂ ਤੇ ਧਰਮਾਂ ਦੀ ਸਾਂਝ ਉੱਪਰ ਕੇਂਦਰਿਤ ਇਸ ਫਿਲਮ ਵਿੱਚ ਉਹ ਇੱਕ ਧਾਰਮਿਕ ਖਿਆਲੀ ਮਿਲਟਰੀ ਕਰਨਲ ਦਾ ਕਿਰਦਾਰ ਨਿਭਾਅ ਰਹੇ ਹਨ। ਵੈਹਲੀ ਜਨਤਾ ਫਿਲਮਜ਼ ਅਤੇ ਮਨਪ੍ਰੀਤ ਜੋਹਲ ਵੱਲੋ ਪ੍ਰੋਡਿਊਸ ਕੀਤੀ ਇਸ ਫਿਲਮ ਦੇ ਨਿਰਦੇਸ਼ਕ ਹੈਰੀ ਭੱੱਟੀ ਹਨ ਅਤੇ ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਬਤੌਰ ਹੀਰੋ ਅਤੇ ਮੈਂਡੀ ਤੱਖਰ ਬਤੌਰ ਅਦਾਕਾਰਾ ਮੁੱਖ ਭੂਮਿਕਾ ਨਿਭਾਈ ਹੈ ਅਤੇ ਨਾਲ ਹੀ ਨਾਮੀ ਅਦਾਕਾਰ ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਰਾਹੁਲ ਜੁਗਰਾਲ, ਨੀਟਾ ਮਹਿੰਦਰਾ, ਹਰਸ਼ਦੀਪ ਕੌਰ, ਮਨਜੀਤ ਸਿੰਘ ਅਤੇ ਨੀਟੂ ਪੰਧੇਰ ਆਦਿ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਐਨੇ ਵਧੀਆ ਤੇ ਵੱਖਰੇ ਵਿਸ਼ੇ ਅਤੇ ਸੋਹਣੇ ਗੀਤ-ਸੰਗੀਤ ਨਾਲ ਸਜੀ ਇਹ ਫ਼ਿਲਮ ਦਰਸ਼ਕਾਂ ਨੂੰ ਆਪਣੇ ਵੱਲ ਨਾ ਸਿਰਫ਼ ਖਿੱਚਣ ਵਿੱਚ ਕਾਮਯਾਬ ਹੋਈ ਹੈ ਬਲਕਿ ਪਾਲੀਵੁੱਡ ਇੰਡਸਟਰੀ ਨੂੰ ਨਵੀਂ ਸੇਧ ਵੀ ਦੇ ਰਹੀ ਹੈ।

ਲੇਖਕ- ਹਰਜਿੰਦਰ ਸਿੰਘ ਜਵੰਦਾ

97795 91482

Share Button

Leave a Reply

Your email address will not be published. Required fields are marked *