Tue. Apr 23rd, 2019

ਬਹੁਪੱਖੀ ਤੇ ਬਹੁਮੁਖੀ ਸਾਹਿਤਕਾਰ ਸਨ: ਪ੍ਰੋਫੈਸਰ ਕਿਰਪਾਲ ਸਿੰਘ ਕਸੇਲ

ਬਹੁਪੱਖੀ ਤੇ ਬਹੁਮੁਖੀ ਸਾਹਿਤਕਾਰ ਸਨ: ਪ੍ਰੋਫੈਸਰ ਕਿਰਪਾਲ ਸਿੰਘ ਕਸੇਲ

ਪੰਜਾਬੀ ਦਾ ਇਕਲੌਤਾ ਨਾਬੀਨਾ ਸਿੱਖ ਵਿਦਵਾਨ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਹੀਂ ਰਿਹਾ। ਵਿਸਾਖੀ ਵਾਲੇ ਦਿਨ (14 ਅਪ੍ਰੈਲ 2019 ਨੂੰ) ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਚਾਰ ਸਾਲ ਪਹਿਲਾਂ ਉਨ੍ਹਾਂ ਨੂੰ ਦੋ ਵਿਸ਼ਿਸ਼ਟ ਸਨਮਾਨਾਂ ਨਾਲ ਅਲੰਕ੍ਰਿਤ ਕੀਤਾ ਗਿਆ ਸੀ: ਪਹਿਲਾਂ 15 ਜੁਲਾਈ 2015 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੀ ਸਾਲਾਨਾ ਕਾਨਵੋਕੇਸ਼ਨ ਸਮੇਂ ਡੀ.ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਤੇ ਫਿਰ 29 ਸਤੰਬਰ 2015 ਨੂੰ ਭਾਸ਼ਾ ਵਿਭਾਗ ਪੰਜਾਬ ਨੇ 2012 ਦਾ ਸਭ ਤੋਂ ਵੱਡਾ, ਵੱਕਾਰੀ ਤੇ ਸਿਰਮੌਰ ਸਾਹਿਤਕ ਪੁਰਸਕਾਰ ‘ਪੰਜਾਬੀ ਸਾਹਿਤ ਰਤਨ’ ਦੇ ਕੇ ਨਿਵਾਜਿਆ, ਜਿਸ ਵਿੱਚ ਦਸ ਲੱਖ ਰੁਪਏ ਦੀ ਰਕਮ ਸ਼ਾਮਲ ਹੈ।
ਪੰਜਾਬੀ ਸਾਹਿਤ ਦੇ ਇਸ ‘ਰਤਨ’ ਦਾ ਜਨਮ 19 ਮਾਰਚ 1928 ਈ. ਨੂੰ ਸ.ਗੰਗਾ ਸਿੰਘ ਦੇ ਘਰ, ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਕਸੇਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬੀਬੀ ਸਵਿੰਦਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਪ੍ਰੋਫੈਸਰ ਕਸੇਲ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ- ਦੋ ਲੜਕੇ (ਤੇਜਬੀਰ ਸਿੰਘ, 1947 ਅਤੇ ਰਿਪੁਦਮਨ ਸਿੰਘ,1951) ਅਤੇ ਦੋ ਲੜਕੀਆਂ (ਨਵਜੋਤ ਕੌਰ,1958 ਅਤੇ ਸਵੈਜੋਤ ਕੌਰ,1959)। ਪਿੱਛੋਂ ਉਨ੍ਹਾਂ ਨੇ ਬੀਬੀ ਮਹਿੰਦਰਜੀਤ ਕੌਰ ਸੇਖੋਂ ਨਾਲ ਵਿਆਹ ਕਰਵਾ ਲਿਆ, ਜੋ ਕਿਸੇ ਸਮੇਂ ਪ੍ਰਸਿੱਧ ਗਾਇਕ ਯਮਲਾ ਜੱਟ ਨਾਲ ਦੋਗਾਣੇ ਗਾਇਆ ਕਰਦੀ ਸੀ। ਉਨ੍ਹਾਂ ਦਾ ਵੱਡਾ ਲੜਕਾ ਤੇਜਬੀਰ ਕਸੇਲ ਕਾਲਜ ਵਿੱਚ ਪੰਜਾਬੀ ਲੈਕਚਰਾਰ ਅਤੇ ਵੱਖਰੀ ਕਿਸਮ ਦਾ ਕਵੀ ਹੋ ਗੁਜ਼ਰਿਆ ਹੈ, ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ; ਰਿਪੂਦਮਨ ਸਿੰਘ ਸਕੂਲ ਕੇਡਰ ਵਿੱਚ ਬਾਇਓਲੋਜੀ ਦੇ ਲੈਕਚਰਾਰ ਵਜੋਂ ਸੇਵਾ-ਮੁਕਤ ਹੋ ਚੁੱਕਾ ਹੈ। ਉਸ ਦੀਆਂ ਧੀਆਂ ਨਵਜੋਤ ਅਤੇ ਸਵੈਜੋਤ ਕ੍ਰਮਵਾਰ ਸੰਗੀਤ ਅਤੇ ਪੰਜਾਬੀ ਵਿਸ਼ੇ ਦੀਆਂ ਪ੍ਰੋਫੈਸਰ ਹਨ, ਜਦਕਿ ਇਕਲੌਤੀ ਨੂੰਹ ਕੰਵਲਜੀਤ ਕੌਰ ਸਰਕਾਰੀ ਕਾਲਜ ਤੋਂ ਪੰਜਾਬੀ ਪ੍ਰਾਧਿਆਪਕ ਵਜੋਂ ਸੇਵਾਮੁਕਤ ਹੋ ਚੁੱਕੀ ਹੈ।
ਪ੍ਰੋਫੈਸਰ ਕਸੇਲ ਨੇ ਸਾਰੀ ਉਮਰ ਅਧਿਐਨ ਤੇ ਅਧਿਆਪਨ ਦਾ ਕਾਰਜ ਕੀਤਾ। 1951 ਵਿੱਚ ਗੋਲਡ ਮੈਡਲ ਨਾਲ ਅੈਮ. ਏ. ਕੀਤੀ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ 1951 ਵਿੱਚ ਪੰਜਾਬੀ ਲੈਕਚਰਾਰ ਵਜੋਂ ਸ਼ੁਰੂ ਹੋਇਆ ਉਨ੍ਹਾਂ ਦਾ ਅਧਿਆਪਕੀ- ਸਫ਼ਰ ਗੌਰਮਿੰਟ ਮਹਿੰਦਰਾ ਕਾਲਜ, ਪਟਿਆਲਾ ਵਿਖੇ ਵਿੱਚ ਸੰਪੂਰਨ ਹੋਇਆ। ਇਸ ਦੌਰਾਨ ਉਨ੍ਹਾਂ ਨੇ ਰਾਮਗੜ੍ਹੀਆ ਕਾਲਜ, ਫਗਵਾੜਾ (1952-53), ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ (1953-54), ਸਰਕਾਰੀ ਕਾਲਜ, ਗੁਰਦਾਸਪੁਰ ਅਤੇ ਸਰਕਾਰੀ ਕਾਲਜ, ਲੁਧਿਆਣਾ (1954-68) ਵਿਖੇ ਸੇਵਾ ਨਿਭਾਉਣ ਦੇ ਨਾਲ-ਨਾਲ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿੱਚ (1968 ਤੋਂ 1975 ਤੱਕ) ਖੋਜਕਾਰ ਵਜੋਂ ਵੀ ਕਾਰਜ ਕੀਤਾ।
ਚੜ੍ਹਦੀ ਉਮਰੇ (1964 ਵਿੱਚ)ਅੱਖਾਂ ਦੀ ਜੋਤ ਖ਼ਤਮ ਹੋਣ ਦੇ ਬਾਵਜੂਦ ਪ੍ਰੋਫੈਸਰ ਕਸੇਲ ਨੇ ਹੌਸਲਾ ਨਹੀਂ ਹਾਰਿਆ ਅਤੇ ਨਿਰੰਤਰ ਸਾਹਿਤ- ਸੇਵਾ ਵਿੱਚ ਜੁਟੇ ਰਹੇ। ਉਨ੍ਹਾਂ ਨੇ ਪੰਜਾਬੀ ਕਵਿਤਾ, ਨਾਵਲ, ਆਲੋਚਨਾ, ਵਾਰਤਕ, ਜੀਵਨੀ, ਬਾਲ- ਸਾਹਿਤ, ਕੋਸ਼, ਸੰਪਾਦਨ, ਅਨੁਵਾਦ ਦੇ ਖੇਤਰ ਵਿੱਚ ਬਹੁਪੱਖੀ ਤੇ ਬਹੁਮੁਖੀ ਯੋਗਦਾਨ ਦਿੱਤਾ ਹੈ। ਕੁਝ ਪੁਸਤਕਾਂ ਦਾ ਅਨੁਵਾਦ ਹਿੰਦੀ ਵਿੱਚ ਵੀ ਹੋ ਚੁੱਕਾ ਹੈ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਦਾ ਮੁਕੰਮਲ ਵੇਰਵਾ ਇਸ ਪ੍ਰਕਾਰ ਹੈ:
* ਕਵਿਤਾ: ਛੱਤੀ ਅੰਮ੍ਰਿਤ, ਜੈਸਾ ਸਤਿਗੁਰੂ ਸੁਣੀਂਦਾ, ਚਾਲੀਸਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।
* ਨਾਵਲ: ਵਾਰਡ ਨੰਬਰ ਦਸ, ਪੁਸ਼ਪ ਬਨ।
* ਆਲੋਚਨਾ: ਆਧੁਨਿਕ ਗੱਦਕਾਰ, ਪੰਜਾਬੀ ਸਾਹਿਤ ਦੇ ਇਤਿਹਾਸ ਦੀ ਰੂਪ ਰੇਖਾ, ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਕ ਵਿਕਾਸ, ਲਾਲਾ ਕਿਰਪਾ ਸਾਗਰ: ਜੀਵਨ ਤੇ ਰਚਨਾ, ਪ੍ਰੋ. ਪੂਰਨ ਸਿੰਘ ਦੀ ਸਾਹਿਤਕ ਪ੍ਰਤਿਭਾ, ਬਾਬਾ ਫ਼ਰੀਦ ਦੀ ਕਾਵਿ ਪ੍ਰਤਿਭਾ।
* ਵਾਰਤਕ: ਇੰਦਰ ਧਨੁਸ਼।
* ਸਵੈਜੀਵਨੀ: ਪੌਣੀ ਸਦੀ ਦਾ ਸਫ਼ਰ।
* ਜੀਵਨੀ: ਨਾਮਦੇਵ: ਜੀਵਨ ਤੇ ਦਰਸ਼ਨ, ਪੂਰਨ ਸਿੰਘ, ਰਾਜ- ਹੰਸ।
* ਬਾਲ ਸਾਹਿਤ: ਆਦਰਸ਼ ਸਕੂਲ, ਆਦਰਸ਼ ਬੱਚਾ।
* ਕੋਸ਼: ਸ਼ਬਦਾਰਥ- ਬਾਣੀ ਗੁਰੂ ਨਾਨਕ।
* ਸੰਪਾਦਨ: ਕਾਵਿ ਸਾਗਰ(ਬਾਵਾ ਬਲਵੰਤ ਦੀ ਕਵਿਤਾ),ਹਿਮਾਲਾ ਦੀ ਵਾਰ(ਹਰਿੰਦਰ ਸਿੰਘ ਰੂਪ ਦੀ ਕਵਿਤਾ), ਤੂੰਬੀ ਦੀ ਤਾਰ(ਯਮਲਾ ਜੱਟ ਦੀਆਂ ਕਵਿਤਾਵਾਂ), ਜੰਗਨਾਮਾ ਸਿੰਘਾਂ ਤੇ ਫਿਰੰਗੀਆਂ (ਸ਼ਾਹ ਮੁਹੰਮਦ), ਪੰਜਾਬੀ ਸਾਹਿਤ ਦਾ ਇਤਿਹਾਸ(ਭਾਗ ਪਹਿਲਾ ਅਤੇ ਦੂਜਾ) ਭਾਈ ਵੀਰ ਸਿੰਘ ਦੀ ਕਵਿਤਾ,ਤੂੰਬੀ ਦੀ ਪੁਕਾਰ(ਯਮਲਾ ਜੱਟ ਦੀਆਂ ਕਵਿਤਾਵਾਂ) ਨਾਮਧਾਰੀ ਸਤਿਗੁਰੂ ਮਹਿਮਾ।
* ਸਹਿਲੇਖਨ: ਸਾਹਿਤ ਦੇ ਰੂਪ, ਚੰਡੀ ਦੀ ਵਾਰ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਸਾਹਿਤ ਪ੍ਰਕਾਸ਼ (ਇਹ ਕਿਤਾਬਾਂ ਡਾ. ਪਰਮਿੰਦਰ ਸਿੰਘ/ਡਾ. ਗੋਬਿੰਦ ਸਿੰਘ ਲਾਂਬਾ ਨਾਲ ਮਿਲ ਕੇ ਲਿਖੀਆਂ)।
* ਅਨੁਵਾਦ: ਦਸ ਗੁਰ ਦਰਸ਼ਨ, ਲੌਢੇ ਪਹਿਰ ਦਾ ਆਤਮ ਚਿੰਤਨ, ਚਰਨ ਛੋਹ, ਅਨੀਲਕਾ, ਪੂਰਬੀ ਕਵਿਤਾ ਦੀ ਆਤਮਾ, ਜੁਗਾ ਜੁਗਾਂਤਰਾਂ ਦੀ ਸਾਂਝ, ਆਤਮਾ ਦਾ ਸੰਗੀਤ, ਚਿੰਤਨ ਦੀ ਧਾਰਾ, ਕਰਨਾ ਖਿੜਿਆ ਵਿੱਚ ਪੰਜਾਬ, ਵਾਲਟ ਵਿਟਮੈਨ: ਸਿੱਖੀ ਦਾ ਪ੍ਰੇਰਨਾ ਸਰੋਤ, ਗੁਰੂ ਬਾਬਾ ਨਾਨਕ (ਇਹ ਸਾਰੀਆਂ ਕਿਤਾਬਾਂ ਮੂਲ ਰੂਪ ਵਿੱਚ ਪ੍ਰੋ. ਪੂਰਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ), ਟੈਗੋਰ ਦੇ ਚੋਣਵੇਂ ਨਿਬੰਧ, ਮਨੋਵਿਗਿਆਨ ਦੀ ਰੂਪ ਰੇਖਾ, ਰਾਜਨੀਤੀ ਵਿਗਿਆਨ ਦੇ ਮੂਲ ਸਿਧਾਂਤ, ਅਨੰਤ ਦਰਸ਼ਨ, ਤਿੰਨ ਭੈਣਾਂ, ਅਲਿਫ਼ ਅੱਖਰ।
ਪ੍ਰੋ. ਕਸੇਲ ਨੇ ਕੁਝ ਇੱਕ ਮਹੱਤਵਪੂਰਨ ਅਹੁਦਿਆਂ ਤੇ ਵੀ ਆਪਣੀ ਜ਼ਿੰਮੇਵਾਰੀ ਨੂੰ ਬੜੀ ਕੁਸ਼ਲਤਾ ਨਾਲ ਨਿਭਾਇਆ, ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ (ਜਨਰਲ ਸਕੱਤਰ, ਮੀਤ ਪ੍ਰਧਾਨ ਅਤੇ ਪ੍ਰਧਾਨ), ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ(ਸਕੱਤਰ), ਭਾਰਤੀ ਨੇਤਰਹੀਣ ਸੇਵਕ ਸਮਾਜ(ਪ੍ਰਧਾਨ), ਨੈਸ਼ਨਲ ਫੈਡਰੇਸ਼ਨ ਆਫ ਦ ਬਲਾਇੰਡ(ਸੀਨੀਅਰ ਮੀਤ ਪ੍ਰਧਾਨ) ਆਦਿ ਦੇ ਨਾਂ ਪ੍ਰਮੁੱਖ ਹਨ।
ਪ੍ਰੋ. ਕਸੇਲ ਨੂੰ ਮਿਲੇ ਕੁਝ ਉਲੇਖਯੋਗ ਪੁਰਸਕਾਰ ਇਸ ਪ੍ਰਕਾਰ ਹਨ: ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ'(1968), ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋ ‘ਰਾਜਹੰਸ’ ਪੁਸਤਕ ਤੇ ਪੁਰਸਕਾਰ ਅਤੇ ‘ਸਾਹਿਤ ਸ਼੍ਰੋਮਣੀ’ ਪੁਰਸਕਾਰ (ਕ੍ਰਮਵਾਰ 1973 ਅਤੇ 1981), ਪੰਜਾਬੀ ਸਾਹਿਤ ਤੇ ਕਲਾ ਮੰਚ ਵੱਲੋਂ ਪਹਿਲਾ ਪੁਰਸਕਾਰ (1980-81),ਨੈਸ਼ਨਲ ਫੈਡਰੇਸ਼ਨ ਆਫ ਦ ਬਲਾਇੰਡ ਵੱਲੋਂ ਰਾਸ਼ਟਰੀ ਪੁਰਸਕਾਰ (1988),ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਕਰਤਾਰ ਸਿੰਘ ਧਾਲੀਵਾਲ ਅਵਾਰਡ'(1990), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਾਈਫ਼ ਫੈਲੋਸ਼ਿਪ (1993 ਤੋਂ), ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ‘ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਸਨਮਾਨ'(1999),’ਕਿਰਪਾਲ ਸਿੰਘ ਕਸੇਲ ਅਭਿਨੰਦਨ ਸੰਮਿਤੀ’ ਵੱਲੋਂ ਭੈਣੀ ਸਾਹਿਬ ਵਿਖੇ ਸਨਮਾਨ (2003), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀ.ਲਿਟ.ਦੀ ਡਿਗਰੀ(2015), ਭਾਸ਼ਾ ਵਿਭਾਗ ਪੰਜਾਬ ਵੱਲੋਂ 2012 ਦਾ ਸਰਵਸ੍ਰੇਸ਼ਟ ‘ਪੰਜਾਬੀ ਸਾਹਿਤ ਰਤਨ’ ਪੁਰਸਕਾਰ(2015), ਪੰਜਾਬ ਆਰਟਸ ਕੌਂਸਲ ਵੱਲੋਂ ‘ਪੰਜਾਬ ਗੌਰਵ ਪੁਰਸਕਾਰ’। ਸਤਿੰਦਰ ਸਿੰਘ ਨੰਦਾ ਦੀ ਸੰਪਾਦਨਾ ਹੇਠ 2003 ਵਿੱਚ ਪ੍ਰਕਾਸ਼ਿਤ ‘ਕਿਰਪਾਲ ਸਿੰਘ ਕਸੇਲ- ਅਭਿਨੰਦਨ ਗ੍ਰੰਥ’ ਵਿੱਚ ਇਸ ‘ਸੂਰਮੇ’ ਸਿੰਘ ਬਾਰੇ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ। ਸਤਿੰਦਰ ਸਿੰਘ ਨੰਦਾ ਹੀ ਪ੍ਰੋ.ਕਸੇਲ ਲਈ ਲੇਖਨ ਦਾ ਕਾਰਜ ਕਰਦੇ ਰਹੇ।
‘ਪੰਜਾਬੀ ਦੇ ਮਿਲਟਨ’ ਵਜੋਂ ਜਾਣੇ ਜਾਂਦੇ ਪ੍ਰੋਫੈਸਰ ਕਸੇਲ ਨੇ ਆਪਣੇ ਜੀਵਨ ਦੇ ਤੀਜੇ ਦਹਾਕੇ (1956) ਵਿੱਚ ਹੀ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਕਰ ਲਿਆ ਸੀ ਅਤੇ ਅੰਤ ਤੱਕ ਇਹ ਸਿਲਸਿਲਾ ਬਾਦਸਤੂਰ ਜਾਰੀ ਰਿਹਾ। ਅੱਖਾਂ ਦੀ ਜੋਤ ਚਲੀ ਜਾਣ ਪਿੱਛੋਂ ਉਹ ਜਦ ਵੀ ਕਿਸੇ ਨੂੰ ਮਿਲਦੇ ਸਨ, ਤਾਂ ਮੁੱਦਤਾਂ ਪਿੱਛੋਂ ਵੀ ਉਸ ਦੀ ਆਵਾਜ਼ ਸੁਣ ਕੇ ਉਸ ਨੂੰ ਪਛਾਣ ਲੈਂਦੇ ਸਨ। ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ‘ਗਰੇਟ ਮਾਸਟਰਜ਼ ਆਫ਼ ਨਾਰਦਰਨ ਇੰਡੀਆ’ ਦੇ ਅੰਤਰਗਤ ਪ੍ਰੋ. ਕਸੇਲ ਬਾਰੇ ਬਣਾਈ ਇੱਕ ਸੰਖੇਪ ਫ਼ਿਲਮ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਹੋਰ ਨੇੜਿਓਂ ਵੇਖਿਆ ਜਾ ਸਕਦਾ ਹੈ।ਉਹ ਕਰੀਬ ਅੱਧਾ ਸੈਂਕੜਾ ਕਿਤਾਬਾਂ ਦੇ ਰਚੈਤਾ ਸਨ। ਪਟਿਆਲਾ ਦੇ ਰਾਮ ਆਸ਼ਰਮ ਦੇ ਨਜ਼ਦੀਕ ਮੁਹੱਲਾ ਸੂਈਗਰਾਂ ਦੇ ਨਿਵਾਸੀ ਰਹੇ ਇਸ ਬਜ਼ੁਰਗ ਦਾਨਿਸ਼ਵਰ ਨੂੰ ਸ਼ਰਧਾਂਜਲੀ! ਮੇਰੀ ਇੱਛਾ ਹੈ ਕਿ ਹੁਣ ਇਸ ਮੁਹੱਲੇ ਨੂੰ ‘ਪ੍ਰੋਫੈਸਰ ਕਸੇਲ ਕਾਲੋਨੀ’ ਵਜੋਂ ਜਾਣਿਆ ਜਾਵੇ।

ਪ੍ਰੋ. ਨਵ ਸੰਗੀਤ ਸਿੰਘ
# ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302
ਬਠਿੰਡਾ
9417692015

Share Button

Leave a Reply

Your email address will not be published. Required fields are marked *

%d bloggers like this: