ਬਹੁਤੇ ਮਰਦ ਐਸੇ ਹੀ ਹੁੰਦੇ ਹਨ

ss1

ਬਹੁਤੇ ਮਰਦ ਐਸੇ ਹੀ ਹੁੰਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

satwinder_7@hotmail.com

ਚੈਨ ਦੀਆਂ ਕਈ ਗੱਲਾਂ ਪ੍ਰੀਤ ਦੇ ਮਨ ਵਿੱਚ ਰੜਕ ਰਹੀਆਂ ਸਨ। ਉਸ ਨੂੰ ਕਿਸੇ ਵੀ ਗੱਲ ਦਾ ਚੇਤਾ ਨਹੀਂ ਭੁੱਲ ਰਿਹਾ ਸੀ। ਜਿੰਨਾ ਉਹ ਗੱਲਾਂ ਨੂੰ ਮਨ ਤੋਂ ਭਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਹੀ ਮਨ ਉੱਤੇ ਹੋਰ ਅਸਰ ਹੋ ਰਿਹਾ ਸੀ। ਉਹ ਸੋਚਣ ਲਈ ਮਜਬੂਰ ਹੋ ਗਈ। ਚੈਨ ਦਾ ਮੁੰਡਾ ਹੈ। ਤਾਂ ਕਿਥੇ ਹੈ? ਕੀਹਦੇ ਕੋਲੋਂ ਪਤਾ ਲੱਗ ਸਕਦਾ ਹੈ? ਜਿੰਨੇ ਆਂਢ-ਗੁਆਂਢ ਵਿੱਚ ਬੱਚੇ ਸਨ। ਸਬ ਵਿੱਚੋਂ ਉਸ ਨੂੰ ਚੈਨ ਦਿਸ ਰਿਹਾ ਸੀ। ਪਰ ਉਹ ਤਾਂ ਵਿਆਹ ਤੋਂ ਪਹਿਲਾਂ ਡਾਊਨ ਟਾਊਨ ਵਿੱਚ ਮੁੰਡਿਆਂ ਨਾਲ ਰਹਿੰਦਾ ਸੀ। ਉਹ ਮੁੰਡੇ ਵਿਆਹ ਵਿੱਚ ਵੀ ਨਹੀਂ ਆਏ ਸਨ। ਉਨ੍ਹਾਂ ਨਾਲ ਕਦੇ ਜਾਣ-ਪਛਾਣ ਵੀ ਨਹੀਂ ਹੋਈ ਸੀ। ਚੈਨ ਟੈਕਸੀ ਲੈ ਕੇ, ਕੰਮ ਤੇ ਚਲਾ ਗਿਆ ਸੀ। ਪ੍ਰੀਤ, ਚੈਨ ਦੇ ਉਸ ਦੋਸਤ ਦੇ ਘਰ ਚਲੀ ਗਈ। ਜੋ ਇੰਨਾ ਦਾ ਵਿਚੋਲਾ ਸੀ। ਉਸ ਦੀ ਪਤਨੀ ਘਰ ਸੀ। ਪ੍ਰੀਤ ਪਹਿਲੀ ਬਾਰ ਉਨ੍ਹਾਂ ਦੇ ਘਰ ਗਈ ਸੀ। ਵਿਆਹ ਪਿੱਛੋਂ, ਇੰਨਾ ਨੇ ਪ੍ਰੀਤ ਤੇ ਚੈਨ ਨੂੰ ਰਿਸਟੋਰੈਂਟ ਵਿੱਚ ਹੀ ਖਾਣਾ ਖੁਆ ਦਿੱਤਾ ਸੀ। ਉਹ ਇਕੱਲੀ ਪ੍ਰੀਤ ਨੂੰ ਦੇਖ ਕੇ, ਹੈਰਾਨ ਹੋ ਗਈ। ਉਸ ਨੇ ਪੁੱਛਿਆ, ” ਚੈਨ ਤੇਰੇ ਨਾਲ ਨਹੀਂ ਆਇਆ। ਕੀ ਤੂੰ ਇਕੱਲੀ ਆਈ ਹੈ? ” ਪ੍ਰੀਤ ਨੇ ਦੱਸਿਆ, ” ਉਹ ਕੰਮ ਤੇ ਚਲਾ ਗਿਆ ਹੈ। ਮੈਂ ਆਪ ਆ ਗਈ ਹਾਂ। ਤੁਸੀਂ ਕਦੇ ਘਰ ਗੇੜਾ ਹੀ ਨਹੀਂ ਮਾਰਿਆ। ” ਪ੍ਰੀਤ ਦੀ ਵਿਚੋਲਣ ਨੇ ਕਿਹਾ, ” ਖ਼ੈਰ ਤਾਂ ਹੈ, ਕੀ ਘਰ ਸਾਰਾ ਕੁੱਝ ਠੀਕ ਹੈ? ਤੂੰ ਅਚਾਨਕ ਇਕੱਲੀ ਆ ਗਈ। ” ਪ੍ਰੀਤ ਨੇ ਕਿਹਾ, ” ਤੂੰ ਚਾਹ ਨਾਂ ਪਿਲਾਈ। ਜੇ ਮੈਨੂੰ ਦੇਖ ਕੇ ਇੰਨਾ ਚੰਗਾ ਨਹੀਂ ਲੱਗਾ। ਮੈਂ ਇੱਕ ਗੱਲ ਵੀ ਪੁੱਛਣੀ ਹੈ। ”  ” ਚਾਹ ਤੱਤੇ ਪਾਣੀ ਦੀ ਕੀ ਗੱਲ ਹੈ? ਤੂੰ ਗੱਲ ਪੁੱਛ ਕੀ ਪੁੱਛਣਾਂ ਹੈ? ਵਿਚੋਲਿਆ ਉੱਤੇ ਹੀ ਸੀ-ਆਈ ਡੀ ਕਰਨ ਲੱਗ ਗਈ ਹੈ। ” ” ਮੈਂ ਮਾਂ ਬਣਨ ਵਾਲੀ ਹਾਂ। ਪਰ ਚੈਨ ਮੈਨੂੰ ਕਹਿੰਦਾ ਹੈ, ‘ ਇਹ ਬੱਚਾ ਨਹੀਂ ਚਾਹੀਦਾ। ਮੇਰੇ ਮੁੰਡਾ ਹੈ। ‘ ਇਸ ਬਾਰੇ ਤੁਸੀਂ ਹੀ ਦੱਸ ਸਕਦੇ ਹੋ। ਹੋਰ ਮੈਂ ਕਿਸੇ ਨੂੰ ਜਾਣਦੀ ਨਹੀਂ ਹਾਂ। ਤੁਸੀਂ ਮੇਰੀ ਭਰਜਾਈ ਨਾਲ ਕੰਮ ਕਰਦੇ ਸੀ। ਇਸ ਕਰਕੇ ਤੁਹਾਡੇ ਉੱਤੇ ਜ਼ਕੀਨ ਕੀਤਾ ਸੀ। “

ਪ੍ਰੀਤ ਦੀ ਵਿਚੋਲਣ ਨੇ ਕਿਹਾ, ” ਬੱਚੇ ਦੀਆਂ ਤੈਨੂੰ ਵਧਾਈਆਂ ਹੋਣ। ਚੈਨ ਪਿੱਛੇ ਲੱਗ ਕੇ, ਬੱਚਾ ਨਾਂ ਗਿਰਾਈ। ਪਹਿਲੇ ਬੱਚੇ ਬਾਰੀ, ਸਾਰੇ ਮਰਦ ਹੀ ਸ਼ਰਮਾਉਂਦੇ ਹਨ। ਚੈਨ ਦੇ ਮੁੰਡੇ ਬਾਰੇ, ਮੈਨੂੰ ਐਸਾ ਕੁੱਝ ਨਹੀਂ ਪਤਾ। ਜੇ ਮੇਰੇ ਪਤੀ ਨੂੰ ਪਤਾ ਹੁੰਦਾ, ਉਹ ਜ਼ਰੂਰ ਮੈਨੂੰ ਦੱਸਦਾ। ਤੇਰਾ ਚੈਨ ਨਾਲ ਵਿਆਹ ਹੋ ਗਿਆ ਹੈ। ਇਹੋ ਜਿਹੀਆਂ ਗੱਲਾਂ ਬਾਰੇ ਪੁੱਛ-ਗਿੱਛ ਕਰਕੇ, ਹੁਣ ਕੀ ਮਿਲਣਾ ਹੈ? ਲੜਾਈ ਵਾਧੂ ਦੀ ਘਰ ਪਵੇਗੀ। ਜੇ ਮੁੰਡਾ ਹੈ ਵੀ ਤੂੰ ਕੀ ਲੈਣਾ ਹੈ? ਜੇ ਉਸ ਨੇ ਤੈਨੂੰ ਨਹੀਂ ਦੱਸਿਆ ਹੈ। ਤੂੰ ਵੀ ਰਾਜ ਹੀ ਬਣਿਆ ਰਹਿਣ ਦੇ, ਐਸੀਆਂ ਗੱਲਾਂ ਉੱਤੇ ਪਰਦੇ ਪਏ ਰਹਿਣ, ਉਸ ਵਿੱਚ ਸਬ ਦੀ ਭਲਾਈ ਹੁੰਦੀ ਹੈ। ”  ” ਜੇ ਚੈਨ ਦੇ ਵਿਆਹ ਤੋਂ ਪਹਿਲਾਂ ਮੁੰਡਾ ਪੈਦਾ ਹੋਇਆ ਹੈ। ਚੰਗਾ ਮੈਨੂੰ ਦੱਸ ਦਿੰਦਾ। ਕਲ ਉਸ ਦੇ ਮੂੰਹ ਵਿੱਚੋਂ ਨਿਕਲ ਗਿਆ। ਫਿਰ ਮੁੱਕਰ ਗਿਆ। ” ਪ੍ਰੀਤ ਦੀ ਵਿਚੋਲਣ ਚਾਹ ਬਣਾਂ ਕੇ ਲੈ ਆਈ ਸੀ। ਉਸ ਨੇ ਕਿਹਾ, ” ਜੇ ਮੇਰੀ ਮੰਨੇ, ਚੈਨ ਕੋਲੇ ਇਸ ਗੱਲ ਦੀ ਦੋਹਰ ਨਾਂ ਪਾਂਈ। ਜੇ ਤੂੰ ਬਾਰ-ਬਾਰ ਉਸ ਨੂੰ ਮੁੰਡੇ ਦੀ ਯਾਦ ਦਿਵਾਉਂਦੀ ਰਹੀ। ਉਹ ਉਸ ਨੂੰ ਘਰ ਵੀ ਲਿਆ ਸਕਦਾ ਹੈ। ” ਪ੍ਰੀਤ ਤੱਤੀ ਤੱਤੀ ਚਾਹ ਪੀ ਗਈ ਸੀ। ਉਸ ਨੇ ਕਿਹਾ, ” ਇਹੀ ਤਾਂ ਮੈਂ ਚਾਹੁੰਦੀ ਹਾਂ। ਜੇ ਚੈਨ ਦਾ ਮੁੰਡਾ ਹੈ। ਉਸ ਨੂੰ ਘਰ ਰਹਿਣਾ ਚਾਹੀਦਾ ਹੈ। ਤੈਨੂੰ ਕੀ ਲੱਗਦਾ ਹੈ? ਉਹ ਮੁੰਡਾ ਕਿਥੇ ਹੋਵੇ? ” ਵਿਚੋਲਣ ਨੇ ਕਿਹਾ, ” ਉਹ ਆਪਦੀ ਮਾਂ ਕੋਲ ਹੋਵੇਗਾ। ਕੈਨੇਡਾ ਦੇ ਕਾਨੂੰਨ ਮੁਤਾਬਿਕ, ਬੱਚਾ ਮਾਂ ਕੋਲ ਹੀ ਹੁੰਦਾ ਹੈ। ਕੀ ਤੂੰ ਮੁੰਡੇ ਦੀ ਮਾਂ ਨੂੰ ਵੀ ਘਰ ਵਿੱਚ ਰੱਖ ਲਵੇਗੀ?

ਪ੍ਰੀਤ ਦਾ ਦਿਮਾਗ਼ ਹੋਰ ਖ਼ਰਾਬ ਹੋ ਰਿਹਾ ਸੀ। ਉਹ ਘਰ ਵਾਪਸ ਆ ਗਈ। ਘਰ ਆਈ ਤਾਂ ਚੈਨ ਘਰ ਆਇਆ ਬੈਠਾ ਸੀ। ਉਸ ਨੇ ਪ੍ਰੀਤ ਨੂੰ ਪੁੱਛਿਆ ਤੂੰ ਕਿਧਰ ਸੈਰ ਕਰਕੇ ਆਈ ਹੈ? ਮੈਂ ਰੋਟੀ ਖਾਣ ਆਇਆ ਸੀ। ” ਪ੍ਰੀਤ ਨੇ ਕਿਹਾ. ” ਮੇਰੇ ਕੋਲੋਂ ਰੋਟੀ ਨਹੀਂ ਪੱਕਦੀ। ਮੈਨੂੰ ਅਜੇ ਵੀ ਘੁੰਮੇਰਾਂ ਆ ਰਹੀਆਂ ਹਨ। ਤੂੰ ਆਪੇ ਕੁੱਝ ਖਾਂ ਲੈ। ” ” ਘਰੋਂ ਬਾਹਰ ਜਾਣ ਸਮੇਂ ਘੁੰਮੇਰਾਂ ਨਹੀਂ ਆ ਰਹੀਆਂ ਹਨ। ਕੀ ਤੂੰ ਹਸਪਤਾਲ ਵੀ ਜਾ ਆਂਈ ਹੈ? ” ” ਮੇਰੇ ਕੋਲੇ ਇੰਨਾ ਸੁਆਲਾਂ ਦਾ ਜੁਆਬ ਨਹੀਂ ਹੈ। ਮੈਂ ਹਸਪਤਾਲ ਨਹੀਂ ਜਾਣਾ। ” ਚੈਨ ਨੇ ਕਿਹਾ, ” ਮੇਰੇ ਬਾਰੇ, ਪੁਲਿਸ ਵਾਲਿਆਂ ਵਾਗ ਪੁੱਛ-ਗਿੱਛ ਕਾਰਦੀ, ਹੁਣ ਤੂੰ ਜਿੱਥੋਂ ਆਂਈ ਹੈ। ਮੈਨੂੰ ਉਸ ਦਾ ਫ਼ੋਨ ਆ ਗਿਆ ਹੈ। ਆਪਦੇ ਘਰ ਵਾਲੇ ਦੀ ਮਿੱਟੀ ਪਲੀਤ ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ। ਮੈਂ ਤੈਨੂੰ ਕਿਹਾ ਤਾਂ ਸੀ, ‘ ਮੇਰਾ ਕੋਈ ਮੁੰਡਾ ਨਹੀਂ ਹੈ। ‘ ਹੋਰ ਤੈਨੂੰ ਕਿਵੇਂ ਸਮਝਾਵਾਂ। ” ਪ੍ਰੀਤ ਹੈਰਾਨ ਹੋ ਗਈ। ਵਿਚੋਲਣ ਨੇ ਚੈਨ ਨੂੰ ਸਾਰਾ ਕੁੱਝ ਦੱਸ ਦਿੱਤਾ ਸੀ। ਇਸ ਦਾ ਮਤਲਬ ਉਹ ਚੈਨ ਦੀ ਪਹਿਲੀ ਜ਼ਿੰਦਗੀ ਬਾਰੇ ਵੀ ਜਾਣਦੀ ਸੀ। ਚੈਨ ਨੇ ਦੋ ਬ੍ਰੈੱਡਾਂ ਨੂੰ ਘਿਉ ਲਾ ਕੇ ਖਾ ਲਿਆ। ਉਹ ਫਿਰ ਟੈਕਸੀ ਲੈ ਕੇ ਚਲਾ ਗਿਆ। ਪ੍ਰੀਤ ਤੇ ਚੈਨ, ਜਦੋਂ ਬਹਿਸ ਰਹੇ ਸਨ। ਉਨਾਂ ਦੀ ਆਵਾਜ਼ ਬਾਰੀਆਂ ਖੁੱਲ੍ਹੀਆਂ ਹੋਣ ਕਰਕੇ ਘਰ ਤੋਂ ਬਾਹਰ ਜਾਂਦੀ ਸੀ। ਗੁਆਂਢਣ ਨੇ ਚੈਨ ਨੂੰ ਘਰੋਂ ਜਾਂਦੇ ਦੇਖ ਲਿਆ ਸੀ। ਉਹ ਪ੍ਰੀਤ ਕੋਲ ਆ ਗਈ।  ਉਹ ਪੁਦੀਨੇ ਦੀ ਚਟਣੀ ਬਣਾ ਕੇ ਲਿਆਈ ਸੀ।

ਉਸ ਨੇ ਪੁੱਛਿਆ, ” ਤੇਰੀ ਸਿਹਤ ਕਿਵੇਂ ਹੈ? ” ਪ੍ਰੀਤ ਨੇ ਦੱਸਿਆ, ” ਮੈਂ ਠੀਕ ਨਹੀਂ ਹਾਂ। ਉਲਟੀਆਂ ਚੱਕਰ ਆ ਰਹੇ ਹਨ। ” ” ਇਹ ਚਟਣੀ ਰੋਟੀ ਦੇ ਨਾਲ ਖਾ ਲਿਆ ਕਰ। ਦਿਲ ਨੂੰ ਕਰਾਰ ਮਿਲੇਗਾ। ਪੇਟ ਵਿੱਚ ਬੱਚਾ ਕਿੰਨੀ ਦੇਰ ਦਾ ਹੈ? ” ” ਅਜੇ 7 ਹਫ਼ਤੇ ਹੀ ਲੰਘੇ ਹਨ। ” ” ਤੇਰਾ ਘਰਵਾਲਾ ਬਹੁਤ ਡਾਢਾ ਹੈ। ਮੈਂ ਸਾਰਾ ਕੁੱਝ ਸੁਣ ਲੈਂਦੀ ਹਾਂ। ਉਸ ਦੇ ਕਹੇ ਤੋਂ ਬੱਚਾ ਨਾਂ ਗਿਰਾਈ। ਦੜ ਜਿਹੀ ਵੱਟ ਕੇ ਸਮਾਂ ਕੱਢੀਦਾ ਹੈ। ਬੰਦੇ ਨੂੰ ਮੂਹਰਿਉ ਜੁਆਬ ਨਹੀਂ ਦੇਈਦਾ। ਜ਼ੁਬਾਨ ਦੇ ਫੱਟ, ਤਲਵਾਰ ਦੇ ਜ਼ਖ਼ਮਾਂ ਤੋਂ ਬਹੁਤ ਗਹਿਰੇ ਲੱਗਦੇ ਹਨ। ਤੂੰ ਦੋ ਗੱਲਾਂ ਕਹੇਗੀ ਉਹ ਚਾਰ ਕਹੇਗਾ। ਉਹ ਜੋ ਭਾਰੇ ਸਰੀਰ ਦੀ ਮਧਰੀ ਜਿਹੀ ਔਰਤ ਤੇਰੇ ਘਰ ਆਉਂਦੀ ਹੈ। ਉਹ ਕੌਣ ਹੈ? ” ” ਉਹ ਸਾਡੀ ਵਿਚੋਲਣ ਹੈ। ਭਰਜਾਈ ਨਾਲ ਨੌਕਰੀ ਵੀ ਕਰਦੀ ਹੈ। ” ” ਤੇਰੇ ਪਤੀ ਤੇ ਉਸ ਔਰਤ ਨੂੰ ਬਹੁਤ ਬਾਰ ਇਕੱਠਿਆਂ ਸਬਜ਼ੀ ਦੇ ਸਟੋਰ ਵਿੱਚ ਦੇਖਿਆ ਸੀ। ਮੈਂ ਸੋਚਦੀ ਸੀ। ਇਹ ਪਤੀ-ਪਤਨੀ ਹਨ। ਜਦੋਂ ਤੁਸੀਂ ਦੋਨੇਂ ਇੱਥੇ ਆ ਕੇ ਰਹਿਣ ਲੱਗੇ। ਤਾਂ ਪਤਾ ਲੱਗਾ, ਇਹ ਤੇਰਾ ਪਤੀ ਹੈ। ਤਾਂਹੀਂ ਸਾਕ ਕਰਾ ਗਈ। ਇਹ ਤਾਂ ਸਾਰਾ ਕੁੱਝ ਚੈਨ ਬਾਰੇ ਜਾਣਦੀ ਹੋਣੀ ਹੈ। ” ਗੱਲ ਕਰਕੇ, ਉਹ ਤਾੜੀ ਮਾਰ ਕੇ ਹੱਸ ਪਈ। ਪ੍ਰੀਤ ਮਿੱਟੀ ਦਾ ਢੇਰ ਹੋਈ ਬੈਠੀ ਸੀ। ਉਸ ਤੋਂ ਕੋਈ ਜੁਆਬ ਨਹੀਂ ਦਿੱਤਾ ਗਿਆ। ਉਹੀ ਔਰਤ ਫਿਰ ਬੋਲੀ, ” ਲੱਗਦਾ ਹੈ, ਤੂੰ ਗੱਲ ਦਿਲ ਨੂੰ ਲਾ ਲਈ ਹੈ। ਗ਼ੁੱਸਾ ਨਹੀਂ ਕਰੀਦਾ। ਬਹੁਤੇ ਮਰਦ ਐਸੇ ਹੀ ਹੁੰਦੇ ਹਨ। ਮਰਦਾ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਹਰ ਇੱਕ ਦੇ ਪਿੱਛੇ ਲੱਗ ਲੈਂਦੇ ਹਨ।

Share Button

Leave a Reply

Your email address will not be published. Required fields are marked *