Mon. Apr 22nd, 2019

ਬਹਿਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤੇ -ਬਾਦਲ

ਬਹਿਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤੇ -ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ੍ਰ; ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਬੇਹੱਦ ਨੀਵੀਂ ਪੱਧਰ ਦੀ ਵਰਤੀ ਗਈ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਉਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ।
ਸ੍ਰ: ਬਾਦਲ ਨੇ ਕਿਹਾ “ਕਿੰਨੀ ਅਜੀਬ ਤੇ ਹਾਸੋਹੀਣੀ ਗੱਲ ਹੈ ਕਿ ਜੋ ਲੋਕ ਵਿਧਾਨ ਸਭਾ ਵਿਚ ਸਿੱਖੀ ਦੇ ਚੈਂਪੀਅਨ ਹੋਣ ਦਾ ਢਕਵੰਜ ਕਰ ਰਹੇ ਸਨ, ਉਹ 72 ਘੰਟਿਆਂ ਦੇ ਅੰਦਰ ਅੰਦਰ ਹੀ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾਉਂਦੇ ਤੇ ਉਨ੍ਹਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਫਿਰਦੇ ਹਨ। ਉਹ ਤਾਂ ਅਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੂ ਨੂੰ ਵੀ “ਇੰਦਰਾ ਜੀ“ ਕਹਿ ਕੇ ਸਤਿਕਾਰ ਨਾਲ ਬੁਲਾਉਂਦੇ ਰਹੇ ਤੇ ਉਸ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਗਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋ ਉਨ੍ਹਾਂ (ਸਰਦਾਰ ਬਾਦਲ) ਬਾਰੇ “ਬੁਜ਼ਦਿਲ, ਬਦਮਾਸ਼, ਝੂਠਾ ਅਤੇ ਬੇਭਰੋਸੇਯੋਗ ਵਰਗੇ ਗੈਰ ਇਖ਼ਲਾਕੀ ਅਤੇ ਤਹਿਜ਼ੀਬ ਤੋ ਸੱਖਣੇ ਸ਼ਬਦਾਂ ਦੀ ਵਰਤੋ ਨਾਲ ਹਰ ਸੂਝਵਾਨ ਅਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪਹੁੰਚੀ ਹੈ ਪਰ “ਇਕ ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਅਤੇ ਮੌਕਾ ਪ੍ਰਸਤ ਵਿਅਕਤੀ ਤੋ ਮੈਂ ਅਜਿਹੀ ਹੀ ਆਸ ਰੱਖ ਸਕਦਾ ਸੀ“। ਉਨ੍ਹਾਂ ਕਿਹਾ ਕਿ ਦੇਸ਼, ਪੰਜਾਬ ਅਤੇ ਖ਼ਾਲਸਾ ਪੰਥ ਦੇ ਹਿੱਤਾਂ ਲਈ ਜੂਝਦੇ ਹੋਏ ਸਾਲਾਂ ਬੱਧੀ ਸਲਾਖਾਂ ਪਿੱਛੇ ਜਿੰਦਗੀ ਗੁਜਾਰਨ ਵਾਲੇ ਬੁਜ਼ਦਿਲ ਹੁੰਦੇ ਹਨ ਜਾਂ ਕਿ ਉਹ ਜੋ ਕਿਸੇ ਵੀ ਹਿੱਤ ਲਈ ਇਕ ਪਲ ਵੀ ਨਾ ਜੇਲ ਗਏ ਹੋਣ ਅਤੇ ਨਾ ਹੋਰ ਕਿਸੇ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੋਵੇ, ਇਸ ਦਾ ਫ਼ਤਵਾ ਮੈਂ ਲੋਕ ਕਚਹਿਰੀ ਉਤੇ ਛੱਡਦਾ ਹਾਂ।
ਇੱਥੇ ਜਾਰੀ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ, ਉਹ ਪਾਰਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਖ਼ਾਲਸਾ ਪੰਥ ਦੇ ਸਭ ਤੋ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਮੰਦਰ ਸਾਹਿਬ ਅਤੇ ਮਹਾਨ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਵਿਰੁੱਧ ਦੁਨੀਆਂ ਦੀ ਸਭ ਤੋ ਵੱਡੀ ਅਤੇ ਦਰਦਨਾਕ ਬੇਅਦਬੀ ਦੇ ਪਾਪ ਦੀ ਭਾਗੀ ਹੈ ਜੋ ਕਿ 1984 ਵਿਚ ਇੰਦਰਾ ਗਾਂਧੀ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ਼੍ਰੀ ਹਰਮਿੰਦਰ ਸਾਹਿਬ ਤੇ ਹਮਲੇ ਰਾਹੀਂ ਕੀਤੀ ਗਈ ਸੀ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਜ਼ੋਰਦਾਰ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨਾਲ ਖਿਲਵਾੜ ਕਰਨ ਲਈ ਅੱਗ ਨਾਲ ਨਾ ਖੇਡਣ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਾਂਗਰਸ ਪਾਰਟੀ ਵਲੋ ਲਾਈ ਗਈ ਅੱਗ ਦੀਆਂ ਲਪਟਾਂ ਤੋ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਕਿ “ਤੁਸੀਂ ਨਵੀਂ ਅੱਗ ਲਾਉਣ ਦੀ ਤਿਆਰੀ ਕਰ ਰਹੇ ਹੋ। ਪੰਜਾਬ ਅਤੇ ਪੰਜਾਬੀਆਂ ਉਤੇ ਰਹਿਮ ਕਰੋ।“
ਸਰਦਾਰ ਬਾਦਲ ਨੇ ਕਿਹਾ ਕਿ ਮੈਂ ਆਪਣੇ ਸੇਵਾ ਕਾਲ ਦੌਰਾਨ ਮੁੱਖ ਮੰਤਰੀ ਵਜੋ ਜੋ ਕੁਝ ਵੀ ਕੀਤਾ ਹੈ, ਉਹ ਪੰਜਾਬ ਦੀ ਸ਼ਾਂਤੀ, ਅਮਨ ਅਤੇ ਸਭ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਹੀ ਕੀਤਾ। “ਇਸ ਸਬੰਧੀ ਮੇਰਾ ਮਨ ਅਤੇ ਆਤਮਾ ਪੂਰੀ ਤਰ੍ਹਾਂ ਸਾਫ਼ ਹੈ। ਮੈਂ ਅੱਯਾਸ਼ ਕਿਸਮ ਦੇ ਵਿਅਕਤੀਆਂ ਵਲੋ ਦਿੱਤੀਆਂ ਕਿਸੇ ਤਰ੍ਹਾਂ ਦੀਆਂ ਧਮਕੀਆਂ ਤੋ ਡਰਨ ਵਾਲਾ ਨਹੀਂ ਹਾਂ ਕਿਉਕਿ ਪੰਜਾਬੀਆਂ ਵਲੋ ਬਖ਼ਸੀ ਸੇਵਾ ਨੂੰ ਮੈਂ ਹਮੇਸ਼ਾ ਮੁਕੰਮਲ ਦਿਆਨਤਦਾਰੀ ਪ੍ਰਤੀਬੱਧਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਹੈ।“ ਉਨ੍ਹਾਂ ਕਿਹਾ ਕਿ ਆਪਣੇ ਜੀਵਨ ਦੇ ਆਖ਼ਰੀ ਸਾਹਾਂ ਤੱਕ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅਤੇ ਉਸ ਉਪਰੰਤ ਅਕਤੂਬਰ 2015 ਵਿਚ ਪੁਲਿਸ ਵਲੋ ਗੋਲੀ ਚਲਾਉਣ ਨਾਲ ਸਬੰਧਤ ਘਟਨਾਕ੍ਰਮ ਉਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ “ਇਸ ਬੇਹੱਦ ਤਕਲੀਫ਼ਦੇਹ ਘਟਨਾਕ੍ਰਮ ਦੌਰਾਨ ਮੇਰੇ ਮਨ ਉਤੇ ਭਾਰੀ ਬੋਝ ਅਤੇ ਤਣਾਅ ਸੀ। ਅੱਧੀ ਰਾਤ ਤੋ ਬਾਅਦ ਤੱਕ ਵੀ ਮੈਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਮੁੱਖੀ ਨਾਲ ਸੰਪਰਕ ਵਿਚ ਰਿਹਾ, ਕਿਉਕਿ ਸਥਿਤੀ ਬਹੁਤ ਨਾਜ਼ੁਕ ਸੀ।“
ਉਨ੍ਹਾਂ ਕਿਹਾ ਕਿ ਸਥਿਤੀ ਬਾਰੇ ਉਨ੍ਹਾਂ ਦੇ ਸਪਸ਼ਟ ਆਦੇਸ਼ ਸਨ ਕਿ ਇਸ ਨੂੰ “ਗੱਲਬਾਤ ਰਾਹੀਂ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਵੇ।ਕਿਸੇ ਵੀ ਪੜਾਅ ਉਤੇ ਗੋਲੀ ਚਲਾਉਣ ਬਾਰੇ ਨਾ ਹੀ ਕੋਈ ਗੱਲ ਹੋਈ ਸੀ ਅਤੇ ਨਾ ਹੀ ਇਸ ਬਾਰੇ ਕਿਸੇ ਤਰਾਂ ਦੇ ਕੋਈ ਆਦੇਸ਼ ਹੀ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਆਪਣੇ ਲੰਬੇ ਜਨਤਕ ਜੀਵਨ ਦੌਰਾਨ ਮੇਰੀ ਹਮੇਸ਼ਾਂ ਇਹ ਪਹੁੰਚ ਰਹੀ ਹੈ ਕਿ ਹਰ ਸਥਿਤੀ ਨੂੰ ਗੱਲਬਾਤ ਰਾਹੀਂ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਵੇ। “ਮੇਰੀ ਕਾਰਜ ਸ਼ੈਲੀ ਬਾਰੇ ਪੂਰਾ ਪੰਜਾਬ ਭਲੀ ਭਾਂਤੀ ਵਾਕਫ਼ ਹੈ ਕਿ ਮੈਂ ਉਨ੍ਹਾਂ ਵਿਚੋ ਨਹੀਂ ਹਾਂ ਜੋ ਆਪਣੇ ਫ਼ਰਜ਼ਾਂ ਪ੍ਰਤੀ ਲਾਪ੍ਰਵਾਹ ਹੋ ਕੇ ਐਸ਼ ਪ੍ਰਸਤੀ ਵਿਚ ਸ਼ਾਮਾਂ ਗੁਜ਼ਾਰਦੇ ਹਨ ।ਮੈਂ ਗੁਰੂ ਦੇ ਭੈਅ ਵਿਚ ਰਹਿ ਕੇ ਸਾਹ ਸਾਹ ਆਪਣੇ ਫ਼ਰਜਾਂ ਵਿਚ ਪ੍ਰਤੀ ਸੁਚੇਤ ਰਿਹਾ ਹਾਂ।“

Share Button

Leave a Reply

Your email address will not be published. Required fields are marked *

%d bloggers like this: