Thu. Oct 17th, 2019

ਬਰਸਾਤੀ ਪਾਣੀ ਵਾਲੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਫਿਰ ਦੋ ਸਾਲ ਪਹਿਲਾਂ ਵਾਲੇ ਬਣ ਸਕਦੇ ਹਨ ਹਾਲਾਤ : ਕੁਲਜੀਤ ਬੇਦੀ

ਬਰਸਾਤੀ ਪਾਣੀ ਵਾਲੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਫਿਰ ਦੋ ਸਾਲ ਪਹਿਲਾਂ ਵਾਲੇ ਬਣ ਸਕਦੇ ਹਨ ਹਾਲਾਤ : ਕੁਲਜੀਤ ਬੇਦੀ
ਲਖਨੌਰ ਵਾਲੇ ਬਰਸਾਤੀ ਪਾਣੀ ਵਾਲੇ ਨਾਲੇ ਦੀ ਸਫਾਈ ਸਬੰਧੀ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖਿਆ ਪੱਤਰ

ਐਸ.ਏ.ਐਸ. ਨਗਰ, 25 ਜੂਨ (ਪ.ਪ.): ਨਗਰ ਨਿਗਮ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਵਾਲ ਕੀਤਾ ਹੈ ਕਿ ਕੀ ਪ੍ਰਸ਼ਾਸਨ ਇਸ ਬਰਸਾਤ ਦੇ ਮੌਸਮ ਵਿਚ ਵੀ ਸ਼ਹਿਰ ਦੇ ਲੋਕਾਂ ਦਾ ਲੱਖਾਂ ਕਰੋੜਾਂ ਰੁਪਇਆਂ ਦਾ ਨੁਕਸਾਨ ਕਰਵਾਉਣਾ ਚਾਹੁੰਦਾ ਹੈ ਅਤੇ ਲੋਕਾਂ ਨੂੰ ਬਰਸਾਤੀ ਪਾਣੀ ਵਿਚ ਡੁੱਬਦਿਆਂ ਦੇਖਣਾ ਚਾਹੁੰਦਾ ਹੈ| ਇਸ ਪੱਤਰ ਦੀ ਇੱਕ ਕਾਪੀ ਉਨ੍ਹਾਂ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਵੀ ਭੇਜੀ ਹੈ| ਸ੍ਰ. ਬੇਦੀ ਦਾ ਕਹਿਣਾ ਹੈ ਕਿ ਪੂਰਾ ਇੱਕ ਸਾਲ ਬੀਤ ਜਾਣ ਤੇ ਵੀ ਪ੍ਰਸ਼ਾਸਨ ਨੇ ਕੋਰਟ ਕੰਪਲੈਕਸ ਨੇੜਿਉਂ ਲੰਘਦੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੇ ਚੋਅ ਦੀ ਸਫਾਈ ਨਹੀਂ ਕਰਵਾਈ ਹੈ| ਉਨ੍ਹਾਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਵੀ ਮੰਗ ਕੀਤੀ ਹੈ ਕਿ ਉਹ ਪਿੰਡ ਲਖਨੌਰ ਨੇੜਿਉਂ ਲੰਘਦੇ ਇਸ ਗੰਦੇ ਪਾਣੀ ਦੇ ਨਾਲ਼ੇ ਬਾਰੇ ਨਿੱਜੀ ਦਿਲਚਸਪੀ ਲੈ ਕੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਤਾਂ ਜੋ ਸ਼ਹਿਰ ਨੂੰ ਬਰਸਾਤ ਦੇ ਪਾਣੀ ਵਿਚ ਡੁੱਬਣ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਦਾ ਨੁਕਸਾਨ ਹੋਣੋਂ ਬਚ ਸਕੇ|
ਆਪਣੇ ਪੱਤਰ ਵਿਚ ਸ੍ਰ. ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਇਸ ਦਾ ਪੁਖਤਾ ਅਤੇ ਜਿਉਂਦਾ ਜਾਗਦਾ ਸਬੂਤ ਦੇਖਣਾ ਚਾਹੁੰਦਾ ਹੈ ਤਾਂ ਪਿੰਡ ਲਖਨੌਰ ਵਿਖੇ ਜਾ ਕੇ ਦੇਖ ਸਕਦਾ ਹੈ| ਪਿੰਡ ਲਖਨੌਰ ਕੋਲੋਂ ਲੰਘਦੇ ਇਸ ਨਾਲੇ ਵਿਚ ਉੱਗੀ ਹੋਈ ਆਦਮ ਕੱਦ ਘਾਹ ਬੂਟੀ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਬਰਸਾਤੀ ਪਾਣੀ ਸਬੰਧੀ ਪ੍ਰਬੰਧਾਂ ਦਾ ਮੂੰਹ ਚਿੜਾਉਂਦੀ ਹੈ| ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ 2017 ਵਿਚ ਬਰਸਾਤ ਦੇ ਮੌਸਮ ਵਿਚ ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਿਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਸਨ| ਤੇਜ਼ ਬਾਰਿਸ਼ਾਂ ਨੇ ਮੁਹਾਲੀ ਸ਼ਹਿਰ ਨਿਵਾਸੀਆਂ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਕੀਤਾ ਸੀ| ਉਸ ਸਮੇਂ ਪੈਦਾ ਹੋਏ ਹਾਲਾਤਾਂ ਉਪਰੰਤ ਮੁਹਾਲੀ ਪ੍ਰਸ਼ਾਸਨ ਨੇ ਇਹ ਸਬਕ ਲਿਆ ਸੀ ਕਿ ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਅਜਿਹੀ ਸਥਿਤੀ ਪੈਦਾ ਹੋਈ ਸੀ|
ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਪਾਸੇ ਵੱਲ ਥੋੜ੍ਹੀ ਬਹੁਤ ਸੰਜੀਦਗੀ ਦਿਖਾਈ ਸੀ ਅਤੇ ਪਿਛਲੇ ਸਾਲ 2018 ਵਿਚ ਸ਼ਹਿਰ ਵਿਚੋਂ ਬਾਰਿਸ਼ ਦਾ ਪਾਣੀ ਬਾਹਰ ਕੱਢਣ ਲਈ ਨਾਲੇ ਦੀ ਸਫਾਈ ਕਰਵਾਈ ਗਈ ਸੀ| ਪਿਛਲੇ ਸਾਲ ਸਫ਼ਾਈ ਕਰਵਾਉਣ ਤੋਂ ਉਪਰੰਤ ਸ਼ਹਿਰ ਦੇ ਕੁਝ ਹਿੱਸੇ ਦਾ ਬਰਸਾਤੀ ਪਾਣੀ ਦਾ ਪਟਿਆਲਾ ਦੀ ਰਾਵ ਨਦੀ ਵਿੱਚ ਵੀ ਸੁੱਟਣ ਦੀ ਯੋਜਨਾ ਸੀ| ਹੈਰਾਨੀ ਦੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਗਮਾਡਾ, ਨਗਰ ਨਿਗਮ, ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਦੀਆਂ ਸਿਰਫ ਬੰਦ ਕਮਰਿਆਂ ਵਿਚ ਮੀਟਿੰਗਾਂ ਹੀ ਹੁੰਦੀਆਂ ਰਹੀਆਂ ਪ੍ਰੰਤੂ ਇਨ੍ਹਾਂ ਮੀਟਿੰਗਾਂ ਉਪਰੰਤ ਪਾਣੀ ਦੇ ਹੱਲ ਲਈ ਕੋਈ ਸਾਰਥਕ ਹੱਲ ਨਹੀਂ ਕੱਢਿਆ ਗਿਆ|
ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਬਰਸਾਤ ਦੇ ਇਸ ਮੌਸਮ ਵਿਚ ਸ਼ਹਿਰ ਦੇ ਲੋਕਾਂ ਨੂੰ ਪਾਣੀ ਵਿਚ ਡੁੱਬਣ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਪਿੰਡ ਲਖਨੌਰ ਵਿਚੋਂ ਲੰਘ ਰਹੇ ਪਾਣੀ ਦੀ ਨਿਕਾਸੀ ਵਾਲੇ ਨਾਲੇ ਦੀ ਤੁਰੰਤ ਸਫਾਈ ਕਰਵਾਏ ਅਤੇ ਇਸਦੇ ਨਾਲ ਨਾਲ ਸ਼ਹਿਰ ਵਿਚ ਵੀ ਰੋਡ ਗਲੀਆਂ ਦੀ ਸਫਾਈ ਵੀ ਕਰਵਾਈ ਜਾਏ| ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅਜਿਹਾ ਨਾ ਕੀਤਾ ਤਾਂ ਇਸ ਬਰਸਾਤ ਵਿਚ ਵੀ ਸ਼ਹਿਰ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਜੇਕਰ ਸ਼ਹਿਰ ਦੇ ਲੋਕਾਂ ਦਾ ਬਰਸਾਤੀ ਪਾਣੀ ਦੇ ਨਾਲ ਆਏ ਹੜ੍ਹ ਵਿਚ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਨਗਰ ਨਿਗਮ, ਗਮਾਡਾ, ਜਨ ਸਿਹਤ ਵਿਭਾਗ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨੇ ਜਾਣਗੇ|

Leave a Reply

Your email address will not be published. Required fields are marked *

%d bloggers like this: