Fri. Apr 26th, 2019

ਬਰਨਾਲਾ ਬਣਿਆ ਸਿਆਸੀ ਸਰਗਰਮੀਆਂ ਮੁੱਖ ਕੇਂਦਰ

ਬਰਨਾਲਾ ਬਣਿਆ ਸਿਆਸੀ ਸਰਗਰਮੀਆਂ ਮੁੱਖ ਕੇਂਦਰ

 

ਬਰਨਾਲਾ, 21 ਜੁਲਾਈ (ਨਰੇਸ਼ ਗਰਗ) ਬਰਨਾਲਾ ਜ਼ਿਲ੍ਹਾ ਅੱਜ ਕੱਲ੍ਹ ਸਿਆਸੀ ਸਰਗਰਮੀਆਂ ਮੁੱਖ ਕੇਂਦਰ ਬਣਿਆ ਹੋਇਆ ਹੈ। ਜਿੱਥੇ ਇੱਥੇ ਪਿਛਲੇ ਤਿੰਨ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਪ ਮੁੱਖ ਮੰਤਰੀ ਆਪਣੇ ਦੌਰੇ ਦੌਰਾਨ ਵਿਕਾਸ ਕਾਰਜਾਂ ਲਈ ਖੁੱਲੇ ਗੱਫੇ ਜ਼ਿਲ੍ਹੇ ਲਈ ਦੇਕੇ ਗਏ ਹਨ, ਉਥੇ ਹੀ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇੱਕ ਹਫਤੇ ਲਈ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਨੂੰ ਪੂਰਾ ਖੁੱਲਾ ਸਮਾਂ ਦੇਕੇ ਇੱਥੇ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਮੁੜ ਹਾਸਿਲ ਕਰਨ ਲਈ ਭੇਜੀ ਨਾਲ ਹਰ ਪਿੰਡ ਹਰ ਸ਼ਹਿਰ ਦੇ ਵਿਕਾਸ ਲਈ ਲੱਖਾਂ-ਕਰੋੜਾਂ ਰੁਪਏ ਦੇ ਚੈਕ ਦੇਕੇ ਜਨਤਾ ਨੂੰ ਖੁਸ਼ ਕਰਨ ਦੇ ਮੂੜ ‘ਚ ਹਨ। ਉਧਰ ਮੁੱਖ ਵਿਰੋਧੀ ਸਿਆਸੀ ਪਾਰਟੀ ਵੱਲੋਂ ਮਹਾਂਰਾਣੀ ਪਰਨੀਤ ਕੌਰ ਅਤੇ ਖੁਦ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਨਾਲਾ, ਤਪਾ ਤੇ ਭਦੌੜ ਹਲਕੇ ‘ਚ ਆਪਣੇ ਸਮਾਗਮ ਕਰਵਾਕੇ ਕਾਂਗਰਸ ਪਾਰਟੀ ਵਰਕਰਾਂ ‘ਚ ਨਵਾਂ ਜੋਸ਼ ਭਰਨ ਦੀ ਕੋਸ਼ਿਸ ਕਰ ਰਹੇ ਹਨ। ਇਹੀ ਨਹੀਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜ੍ਰਿਗ ਅਤੇ ਸਾਧੂ ਸਿੰਘ ਧਰਮਸੋਤ ਵਰਗੇ ਪਾਰਟੀ ਦੇ ਮੁੱਖ ਬੁਲਾਰੇ ਵੀ ਬਰਨਾਲਾ ‘ਚ ਆਪਣੇ ਸਮਾਗਮਾਂ ਨਾਲ ਭਰਵੀਂ ਹਾਜ਼ਰੀ ਲਗਵਾਕੇ ਪਹਿਲਾਂ ਵਾਂਗ ਤਿੰਨੇ ਸੀਟਾਂ ਤੇ ਆਪਣੀ ਜਿੱਤ ਦਾ ਪ੍ਰਚਮ ਲਹਿਰਾਉਣ ਲਈ ਜੀ ਤੋੜ ਕੋਸ਼ਿਸਾਂ ‘ਚ ਹਨ। ਜਿੱਥੋਂ ਤੱਕ ਤੀਸਰੀ ਧਿਰ ਵਜੋਂ ਚਰਚਿਤ ਆਮ ਆਦਮੀ ਪਾਰਟੀ ਦੀ ਗੱਲ ਹੈ, ਇੱਥੇ ਉਸ ਦੀਆਂ ਸਰਗਰਮੀਆਂ ਨਾ ਮਾਤਰ ਹੀ ਹਨ। ਆਪ ਦਾ ਕੋਈ ਵੱਡਾ ਆਗੂ ਬਰਨਾਲੇ ‘ਚ ਹਾਲੇ ਤੱਕ ਨਹੀਂ ਆਇਆ। ਇਸ ਕਰਕੇ ਇੰਝ ਲਗਦਾ ਹੈ ਕਿ ਜਿਵੇਂ ਜ਼ਿਲ੍ਹੇ ਅੰਦਰ ਫਿਰ ਤੋਂ ਰਵਾਇਤੀ ਪਾਰਟੀਆਂ ਵਿਚਕਾਰ ਮੁਕਾਬਲਾ ਹੋਵੇ। ਉਂਝ ਆਪ ਵਿੱਚ ਬਰਨਾਲਾ ਤੋਂ ਰਿਟਾ: ਆਈ ਜੀ ਰਜਿੰਦਰ ਮਿੱਤਲ ਨੂੰ ਸੰਭਾਵੀ ਉਮੀਦਵਾਰ ਵਜੋਂ ਉਤਾਰਿਆ ਜਾ ਰਿਹਾ ਹੈ, ਉਥੇ ਹੀ ਉਸਦੇ ਪੈਰਾਸੂਟ ਰਾਹੀਂ ਉਤਾਰੇ ਜਾਣ ਦਾ ਆਪ ਵਰਕਰਾਂ ਵੱਲੋਂ ਤਿੱਖਾ ਵਿਰੋਧ ਹੋ ਰਿਹਾ ਹੈ। ਪਾਰਟੀ ਵਰਕਰਾਂ ਨੇ ਆਪਣੀਆਂ ਭਾਵਨਾਵਾਂ ਸ੍ਰੀ ਮਿੱਤਲ ਦੇ ਵਿਰੁਧ ਹਾਈਕਮਾਨ ਤੱਕ ਪਹੁੰਚਾ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵੱਲੋਂ ਬਰਨਾਲੇ ਤੋਂ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ, ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋ ਸਿਟਿੰਗ ਐਮ ਐਲ ਏ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਭਦੌੜ (ਰਿਜਰਵ) ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਸ੍ਰ ਦਰਬਾਰਾ ਸਿੰਘ ਗੁਰੂ ਅਤੇ ਕਾਂਗਰਸ ਦੇ ਜਨਾਬ ਮੁਹੰਮਦ ਸਦੀਕ ਵਿਚਕਾਰ ਕਾਂਟੇ ਦੀ ਟੱਕਰ ਹੋਣ ਦੇ ਆਸਾਰ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਉਂਝ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਅਤੇ ਕਾਂਗਰਸ ਪਾਰਟੀ ਵੱਲੋਂ ਬੀਬੀ ਸੁਰਿੰਦਰ ਕੌਰ ਬਾਲੀਆ ਵੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਹਨ। ਉਧਰ ਮਹਿਲ ਕਲਾਂ (ਰਿਜਰਵ) ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਤੋਂ ਸਾਬਕਾ ਵਿਧਾਇਕ ਅਜੀਤ ਸਿੰਘ ਸਾਂਤ ਨੂੰ ਥਾਪੜਾ ਦਿੱਤਾ ਜਾ ਚੁੱਕਾ ਹੈ, ਉਥੇ ਹੀ ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੂੰ ਵੀ ਮੈਦਾਨ ਵਿੱਚ ਉਤਾਰੇ ਜਾਣ ਦੀਆਂ ਚਰਚਾਵਾਂ ਜ਼ੋਰ ਤੇ ਹਨ।

ਕੁੱਲ ਮਿਲਾਕੇ ਵੇਖਿਆ ਜਾਵੇ ਤਾਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵਿੱਚ ਆਈ ਤੇਜੀ ਕਾਰਨ ਬਰਨਾਲਾ ਜ਼ਿਲ੍ਹਾ ਪੰਜਾਬ ਦਾ ਮੁੱਖ ਸਿਆਸੀ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਿਆਸੀ ਪਾਰਟੀਆਂ ਦੇ ਰੌਲੇ ਵਿੱਚ ਵੋਟਰ ਖਾਮੋਸ਼ ਹੈ ਅਤੇ ਉਹ ਆਪਣਾ ਰੁਖ ਮੌਕੇ ਤੇ ਹੀ ਸਪਸ਼ਟ ਕਰੇਗਾ।

Share Button

Leave a Reply

Your email address will not be published. Required fields are marked *

%d bloggers like this: