ਬਰਗਾੜੀ ਕਾਂਡ: ਸੀ.ਬੀ.ਆਈ ਨੇ ਦੋਸ਼ੀਆਂ ਦੀ ਸੂਹ ਦੇਣ ਵਾਲੇ ਲਈ ਐਲਾਨਿਆ ਦਸ ਲੱਖ ਦਾ ਇਨਾਮ

ss1

ਬਰਗਾੜੀ ਕਾਂਡ: ਸੀ.ਬੀ.ਆਈ ਨੇ ਦੋਸ਼ੀਆਂ ਦੀ ਸੂਹ ਦੇਣ ਵਾਲੇ ਲਈ ਐਲਾਨਿਆ ਦਸ ਲੱਖ ਦਾ ਇਨਾਮ

ਫਰੀਦਕੋਟ, 24 ਮਈ 2016:  ਬਰਗਾੜੀ ਕਾਂਡ ਦੀ ਜਾਂਚ ਵਿੱਚ ਰੁੱਝੀ ਸੀ.ਬੀ.ਆਈ. ਨੂੰ ਲੰਮੀ ਜੱਦੋ ਜਹਿਦ ਬਾਅਦ ਵੀ ਘਟਨਾ ਦਾ ਕੋਈ ਸੁਰਾਗ ਨਾ ਮਿਲਣ ਉਪਰੰਤ ਹੁਣ ਸੀਬੀਆਈ ਨੇ ਦੋਸ਼ੀਆਂ ਤੱਕ ਪਹੁੰਚ ਕਰਨ ਲਈ ਦਸ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਹੈ।  ਸੀਬੀਆਈ ਦੀ ਸਪੈਸ਼ਲ ਕਰਾਇਮ ਬਰਾਂਚ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਣ ਅਤੇ ਬਾਅਦ ਵਿੱਚ ਇਸ ਦੇ ਪੱਤਰੇ ਪਿੰਡ ਬਰਗਾੜੀ ਵਿੱਚੋਂ ਮਿਲਣ ਦੀ ਘਟਨਾ ਵਾਪਰਨ ਅਤੇ ਇਤਰਾਜਯੋਗ ਪੋਸਟਰ ਲੱਗਣ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਭਾਲ ਲਈ  ਆਮ ਜਨਤਾ ਤੋਂ ਸਹਿਯੋਗ ਮੰਗਿਆ ਹੈ। ਸੀਬੀਆਈ ਦੇ ਐੱਸ.ਪੀ. ਐਨ ਕ੍ਰਿਸ਼ਨਾ ਮੂਰਤੀ ਅਤੇ ਅਭੀਸ਼ੇਕ ਦੁਲਾਰ ਨੇ ਕਿਹਾ ਕਿ ਸੀਬੀਆਈ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜ ਸੌ ਤੋਂ ਵੱਧ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਪੜਤਾਲ ਦੌਰਾਨ ਪੰਥਕ ਧਿਰਾਂ ਨਾਲ ਵੀ ਲੰਬੀ ਵਿਚਾਰ ਚਰਚਾ ਹੋਈ ਪਰੰਤੂ ਇਸ ਦੇ ਬਾਵਜੂਦ ਬਰਗਾੜੀ ਕਾਂਡ ਦੇ ਅਸਲ ਦੋਸ਼ੀ ਸ਼ਨਾਖਤ ਨਹੀਂ ਹੋ ਸਕੇ। ਇਸ ਲਈ ਹੁਣ ਦੋਸ਼ੀਆਂ ਤੱਕ ਪਹੁੰਚਣ ਲਈ ਸੀ.ਬੀ.ਆਈ ਨੇ ਦਸ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸੁਰਜੀਤ ਸਿੰਘ ਅਰਾਈਆਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲੀਸ ਨੇ ਸੀਬੀਆਈ ਨੂੰ ਮਾਮਲਾ ਸੌਂਪਣ ਤੋਂ ਪਹਿਲਾਂ ਹੀ ਬਰਗਾੜੀ ਕਾਂਡ ਨਾਲ ਜੁੜੇ ਬਹੁਤੇ ਸਬੂਤ ਕਥਿਤ ਤੌਰ ‘ਤੇ ਖੁਰਦ ਬੁਰਦ ਕਰ ਦਿੱਤੇ ਹਨ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਬਰਗਾੜੀ ਕਾਂਡ ਨੂੰ ਹੱਲ ਕਰਨ ਲਈ ਗੰਭੀਰਤਾ ਨਹੀਂ ਦਿਖਾਈ। ਸੁਰਜੀਤ ਸਿੰਘ ਅਰਾਈਆਂਵਾਲਾ ਨੇ ਕਿਹਾ ਕਿ ਸੀਬੀਆਈ ਦੀ ਟੀਮ ਨੇ ਪੜਤਾਲ ਦੌਰਾਨ ਚਸ਼ਮਦੀਦ ਗਵਾਹਾਂ ਵੱਲੋਂ ਦਿੱਤੀ ਸੂਚਨਾ ਦੇ ਅਧਾਰ ‘ਤੇ ਜਾਂਚ ਨਹੀਂ ਕੀਤੀ। ਉਹਨਾਂ ਇਹ ਵੀ ਕਿਹਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਵੀ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਪ੍ਰਗਤੀ ਨਹੀਂ ਦਿਖਾਈ ਗਈ। ਡਿਪਟੀ ਕਮਿਸ਼ਨਰ ਐੱਮ.ਐੱਸ. ਜੱਗੀ ਨੇ ਕਿਹਾ ਕਿ ਸੀਬੀਆਈ ਲਗਾਤਾਰ ਤਿੰਨ ਮਹੀਨਿਆਂ ਤੋਂ ਮਾਮਲੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਇਨਾਮ ਦੀ ਰਾਸ਼ੀ ਦਾ ਐਲਾਨ ਹੋਣ ਨਾਲ ਇਹ ਮਾਮਲਾ ਜਲਦੀ ਹੱਲ ਹੋਣ ਦੀ ਸੰਭਾਵਨਾ ਹੈ।

Share Button

Leave a Reply

Your email address will not be published. Required fields are marked *