ਬਨੂੜ ਦੇ ਆੜਤੀ ਅਤੇ ਕਿਸਾਨ ਮਾਰਕਫੈੱਡ ਵੱਲੋਂ ਖਰੀਦੀ ਕਣਕ ਦੀ ਅਦਾਇਗੀ ਨਾ ਹੋਣ ਤੋਂ ਪ੍ਰੇਸ਼ਾਨ

ਬਨੂੜ ਦੇ ਆੜਤੀ ਅਤੇ ਕਿਸਾਨ ਮਾਰਕਫੈੱਡ ਵੱਲੋਂ ਖਰੀਦੀ ਕਣਕ ਦੀ ਅਦਾਇਗੀ ਨਾ ਹੋਣ ਤੋਂ ਪ੍ਰੇਸ਼ਾਨ

ਮੰਡੀ ਦੇ ਨੌਂ ਆੜਤੀਆਂ ਕੋਲੋਂ ਖ੍ਰੀਦੀ ਹੋਈ 5 ਕਰੋੜ ਚਾਰ ਲੱਖ ਦੀ ਕਣਕ ਦੀ ਹਾਲੇ ਤੱਕ ਨਹੀਂ ਹੋਈ ਅਦਾਇਗੀ
ਆੜਤੀਆਂ ਦੇ ਕਮਿਸ਼ਨ ਅਤੇ ਲੇਬਰ ਦੀ 36 ਲੱਖ ਦੀ ਰਾਸ਼ੀ ਦਾ ਵੀ ਨਹੀਂ ਹੋਇਆ ਭੁਗਤਾਨ

ਬਨੂੜ, 25 ਮਈ (ਰਣਜੀਤ ਸਿੰਘ ਰਾਣਾ): ਬਨੂੜ ਮੰਡੀ ਦੇ ਆੜਤੀ ਅਤੇ ਕਿਸਾਨ ਮਾਰਕਫੈੱਡ ਵੱਲੋਂ ਖ੍ਰੀਦੀ ਗਈ ਕਣਕ ਦੀ 15 ਅਪਰੈਲ ਤੋਂ ਬਾਦ ਕੋਈ ਅਦਾਇਗੀ ਨਾ ਹੋਣ ਤੋਂ ਬਹੁਤ ਪ੍ਰੇਸ਼ਾਨ ਹਨ। ਜਿੱਥੇ ਮੰਡੀ ਵਿਚ ਕਣਕ ਦੀ ਖ੍ਰੀਦ ਕਰਨ ਵਾਲੀਆਂ ਦੂਜੀਆਂ ਤਿੰਨੋਂ ਏਜੰਸੀਆਂ ਐਫ਼ ਸੀ ਆਈ, ਪਨਗਰੇਨ ਅਤੇ ਵੇਅਰ ਹਾਊਸਿੰਗ ਨੇ ਆਪੋ ਆਪਣੀ ਖ੍ਰੀਦ ਦੀ ਅਦਾਇਗੀ ਮੁਕੰਮਲ ਕਰ ਦਿੱਤੀ ਹੈ, ਉੱਥੇ ਮਾਰਕਫ਼ੈੱਡ ਨੇ 15 ਅਪਰੈਲ ਤੋਂ ਬਾਦ ਖ੍ਰੀਦੀ ਕਣਕ ਦੀ ਕੌਡੀ ਵੀ ਨਹੀਂ ਭੇਜੀ ਹੈ। ਮੰਡੀ ਦੇ ਨੌਂ ਆੜਤੀਆਂ ਕੋਲੋਂ ਸੈਂਕੜੇ ਕਿਸਾਨਾਂ ਦੀ ਮਾਰਕਫ਼ੈੱਡ ਵੱਲੋਂ ਖ੍ਰੀਦੀ ਕਣਕ ਦੀ ਪੰਜ ਕਰੋੜ ਚਾਰ ਲੱਖ ਦੇ ਕਰੀਬ ਰਾਸ਼ੀ ਦੀ ਅਦਾਇਗੀ ਬਾਕਾਇਆ ਪਈ ਹੈ।
ਮਾਰਕਫ਼ੈੱਡ ਨੂੰ ਕਣਕ ਵੇਚਣ ਵਾਲੇ ਅਨੇਕਾਂ ਕਿਸਾਨਾਂ ਤਰਲੋਚਨ ਸਿੰਘ, ਈਸ਼ਵਰ ਸਿੰਘ ਸਨੇਟਾ, ਚੌਧਰੀ ਰਿਸ਼ੀ ਪਾਲ ਸਨੇਟਾ, ਬਲਬੀਰ ਸਿੰਘ ਦੁਰਾਲੀ, ਜਸਵੰਤ ਸਿੰਘ ਨਗਾਰੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਗੁਰਨਾਮ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਆਪਣੀ ਕਣਕ ਦੀ ਰਕ ਲੈਣ ਲਈ ਹਰ ਰੋਜ਼ ਬਨੂੜ ਮੰਡੀ ਵਿਚ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਆੜਤੀ ਇਹ ਕਹਿਕੇ ਵਾਪਿਸ ਮੋੜ ਦਿੰਦੇ ਹਨ ਕਿ ਹਾਲੇ ਤੱਕ ਪਿੱਛੋਂ ਹੀ ਕਣਕ ਦੀ ਅਦਾਇਗੀ ਨਹੀਂ ਆਈ ਹੈ। ਕਿਸਾਨਾਂ ਨੇ ਕਿਹਾ ਕਿ ਕਣਕ ਦੀ ਅਦਾਇਗੀ ਨਾ ਮਿਲਣ ਕਾਰਨ ਉਹ ਰੋਜ਼ਮਰਾ ਦੇ ਖਰਚਿਆਂ ਤੋਂ ਵੀ ਬਹੁਤ ਤੰਗ ਹਨ। ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਤੁਰੰਤ ਅਦਾਇਗੀ ਕਰਨ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਉਹ ਆਪਣੀ ਕਣਕ ਦੇ ਪੈਸੇ ਲੈਣ ਲਈ ਰੋਜ਼ਾਨਾ ਮੰਡੀ ਦੇ ਚੱਕਰ ਕੱਟ ਰਹੇ ਹਨ।
ਉੱਧਰ ਮੰਡੀ ਦੇ ਆੜਤੀਆਂ ਪੁਨੀਤ ਜੈਨ, ਮਹਿੰਦਰ ਕੁਮਾਰ, ਟੋਨੀ ਬਨੂੜ ਆਦਿ ਨੇ ਦੱਸਿਆ ਕਿ ਕਿਸਾਨਾਂ ਕੋਲੋਂ ਉਨਾਂ ਨੂੰ ਖ਼ੁਦ ਰੋਜ਼ਾਨਾ ਸ਼ਰਮਸ਼ਾਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੰਡੀ ਦੇ ਨੌਂ ਆੜਤੀਆਂ ਦੀ ਪੰਜ ਕਰੋੜ ਤੋਂ ਵੱਧ ਕਣਕ ਦੀ ਅਦਾਇਗੀ ਤੋਂ ਇਲਾਵਾ 36 ਲੱਖ ਦੇ ਕਰੀਬ ਕਮਿਸ਼ਨ ਅਤੇ ਲੇਬਰ ਦੀ ਰਾਸ਼ੀ ਮਾਰਕਫ਼ੈੱਡ ਵੱਲ ਬਾਕਾਇਆ ਪਈ ਹੈ। ਆੜਤੀਆਂ ਨੇ ਕਿਹਾ ਕਿ ਉਹ ਮੁਹਾਲੀ ਦੇ ਐਸਡੀਐਮ ਤੋਂ ਇਲਾਵਾ ਮਾਰਕਫ਼ੈੱਡ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ਉੱਤੇ ਕਈਂ ਵਾਰ ਅਦਾਇਗੀ ਭੇਜਣ ਲਈ ਕਹਿ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।

ਦੋ-ਤਿੰਨ ਦਿਨਾਂ ਵਿੱਚ ਹੋ ਜਾਵੇਗੀ ਅਦਾਇਗੀ-ਡੀਐਫ਼ ਐਸ ਸੀ ਮੁਹਾਲੀ

ਜ਼ਿਲਾ ਮੁਹਾਲੀ ਦੀ ਫ਼ੂਡ ਸਪਲਾਈ ਕੰਟਰੋਲਰ ਸ੍ਰੀਮਤੀ ਰੇਨੂ ਬਾਲਾ ਨੇ ਸੰਪਰਕ ਕਰਨ ਉੱਤੇ ਮੰਨਿਆ ਕਿ ਮਾਰਕਫ਼ੈੱਡ ਵੱਲ ਬਨੂੜ ਮੰਡੀ ਦੀ ਉਪਰੋਕਤ ਰਾਸ਼ੀ ਬਾਕਾਇਆ ਹੈ। ਉਨਾਂ ਕਿਹਾ ਕਿ ਅਜਿਹਾ ਸਬੰਧਿਤ ਏਜੰਸੀ ਵੱਲੋਂ ਸਮੇਂ ਸਿਰ ਬਿਲ ਨਾ ਭੇਜੇ ਜਾਣ ਕਾਰਨ ਹੋਇਆ ਹੋ ਸਕਦਾ ਹੈ। ਉਨਾਂ ਕਿਹਾ ਕਿ ਸਾਰਾ ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿਚ ਹੈ ਤੇ ਅਗਲੇ ਦੋ ਤਿੰਨ ਦਿਨਾਂ ਵਿਚ ਕਣਕ ਦੀ ਅਦਾਇਗੀ ਹੋਣ ਦੀ ਸੰਭਾਵਨਾ ਹੈ।

ਅਦਾਇਗੀ ਨਾ ਹੋਣ ਤੇ ਕੌਮੀ ਮਾਰਗ ਤੇ ਜਾਮ ਲਾਵਾਂਗੇ-ਵਿਧਾਇਕ ਕੰਬੋਜ

ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਉਹ ਅੱਜ-ਭਲਕ ਵਿਚ ਆੜਤੀਆਂ ਅਤੇ ਕਿਸਾਨਾਂ ਦਾ ਵਫ਼ਦ ਲੈ ਕੇ ਜ਼ਿਲਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ। ਜੇਕਰ ਫ਼ੇਰ ਵੀ ਅਦਾਇਗੀ ਨਾ ਕੀਤੀ ਗਈ ਤਾਂ ਅਗਲੇ ਹਫ਼ਤੇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਅਤੇ ਆੜਤੀਆਂ ਨੂੰ ਨਾਲ ਲੈ ਕੇ ਕੌਮੀ ਮਾਰਗ ਤੇ ਆਵਾਜਾਈ ਠੱਪ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।

Share Button

Leave a Reply

Your email address will not be published. Required fields are marked *

%d bloggers like this: