ਬਡੂੰਗਰ ਨੇ ‘ਕੌਮੀ ਘੱਲੂਘਾਰਾ ਦਿਹਾੜੇ’ ‘ਤੇ ਕੀਤੇ ਸਾਰੇ ਸਿੱਖ ਇਕਜੁੱਟ

ss1

ਬਡੂੰਗਰ ਨੇ ‘ਕੌਮੀ ਘੱਲੂਘਾਰਾ ਦਿਹਾੜੇ’ ‘ਤੇ ਕੀਤੇ ਸਾਰੇ ਸਿੱਖ ਇਕਜੁੱਟ

ਅੰਮ੍ਰਿਤਸਰ: ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ 6 ਜੂਨ ਦਾ ਦਿਹਾੜਾ ਸ਼ਾਂਤੀਪੂਰਵਕ ਮਨਾਏ ਜਾਣ ਲਈ ਪੂਰੀ ਵਾਹ ਲਾ ਰਹੇ ਹਨ। ਐਸਜੀਪੀਸੀ ਪ੍ਰਧਾਨ ਦੇ ਐਲਾਨ ਤੋਂ ਬਾਅਦ ਸਮੁੱਚੀ ਕੌਮ ਇਸ ਦਿਨ ਨੂੰ ‘ਕੌਮੀ ਘੱਲੂਘਾਰਾ ਦਿਹਾੜੇ’ ਵਜੋਂ ਮਨਾਏਗੀ। ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਮੇਟੀ ਪ੍ਰਧਾਨ ਨੇ 6 ਜੂਨ ਦੇ ਸਮਾਗਮਾਂ ਸਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਹੋਵੇ।

ਪ੍ਰੋ. ਬਡੂੰਗਰ ਪਿਛਲੇ ਤਕਰੀਬਨ 15 ਦਿਨਾਂ ਤੋਂ ਮਾਨ ਦਲ ਸਮੇਤ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮਿਲਕੇ ਇਹ ਦਿਹਾੜਾ ਸ਼ਾਂਤੀਪੂਰਵਕ ਮਨਾਉਣ ਦੀ ਅਪੀਲ ਕਰ ਚੁੱਕੇ ਹਨ। ਇਸ ਦਰਮਿਆਨ ਪ੍ਰੋ. ਬਡੂੰਗਰ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦਿਹਾੜੇ ਸਬੰਧੀ ਸਭ ਤੋਂ ਅਹਿਮ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੌਮ ਨੂੰ ਦਿੱਤਾ ਜਾਣ ਵਾਲਾ ਸੰਦੇਸ਼ ਹੁੰਦਾ ਹੈ।

ਸਾਲ 2015 ਵਿੱਚ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪੇ ਜਾਣ ਤੋਂ ਬਾਅਦ ਸਿੰਘ ਸਾਹਿਬਾਨ ਨੂੰ ਲੈ ਕੇ ਸਿੱਖ ਭਾਈਚਾਰਾ ਦੋਫਾੜ ਹੈ। ਕਾਫੀ ਗਿਣਤੀ ਵਿੱਚ ਸਿੱਖ ਮੁਤਵਾਜ਼ੀ ਜਥੇਦਾਰਾਂ ਨੂੰ ਸਿੰਘ ਸਾਹਿਬ ਵਜੋਂ ਪ੍ਰਵਾਨ ਕਰਦੇ ਹਨ। ਅਜਿਹੇ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸੰਦੇਸ਼ ਪੜ੍ਹਿਆ ਜਾਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦਰਮਿਆਨ ਅੱਜ ਪ੍ਰੋ. ਬਡੂੰਗਰ ਨੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਸੰਦੇਸ਼ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਹੀ ਪੜ੍ਹਿਆ ਜਾਵੇਗਾ।

ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੁਤਵਾਜ਼ੀ ਜਥੇਦਾਰਾਂ ਸਮੇਤ ਗਰਮ ਖਿਆਲੀ ਜਥੇਬੰਦੀਆਂ ਕਮੇਟੀ ਪ੍ਰਧਾਨ ਦੀ ਅਪੀਲ ਨਾਲ ਸਹਿਮਤ ਹੋ ਗਏ ਹਨ। ਹਾਲਾਂਕਿ ਸੂਤਰਾਂ ਮੁਤਾਬਕ ਕੁਝ ਸਿੱਖ ਜਥੇਬੰਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸੰਦੇਸ਼ ਪੜ੍ਹੇ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ। ਪ੍ਰੋ. ਬਡੂੰਗਰ ਨੇ ਸਮੁੱਚੀ ਸਿੱਖ ਕੌਮ ਨੂੰ ਇਸ ਦਿਹਾੜੇ ਨੂੰ ਸ਼ਾਂਤੀਪੂਰਵਕ ਮਨਾ ਕੇ ਦੁਨੀਆ ਭਰ ਵਿੱਚ ਸਿੱਖ ਏਕਤਾ ਦਾ ਸੁਨੇਹਾ ਦੇਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਦੀ ਇਸ ਪਹਿਲ ਦੀ ਸਮੁੱਚਾ ਸਿੱਖ ਪੰਥ ਸ਼ਲਾਘਾ ਕਰ ਰਿਹਾ ਹੈ। 6 ਜੂਨ ਦੇ ਸਮਾਗਮ ਜੇ ਸ਼ਾਂਤੀਪੂਰਵਕ ਨੇਪਰੇ ਚੜ੍ਹ ਜਾਂਦੇ ਹਨ ਤਾਂ ਬਿਨਾਂ ਸ਼ੱਕ ਇਸ ਦਾ ਸਿਹਰਾ ਕਮੇਟੀ ਪ੍ਰਧਾਨ ਸਿਰ ਸਜ ਜਾਵੇਗਾ।

Share Button

Leave a Reply

Your email address will not be published. Required fields are marked *