ਬਟਾਲਾ ‘ਚ ਗੈਸ ਰਿਸਾਵ ਰੋਕਣ ਦਾ ਰੈਸਕਿਊ ਓਪਰੇਸ਼ਨ ਸਫਲਤਾ ਨਾਲ ਸਮਾਪਤ

ss1

ਬਟਾਲਾ ‘ਚ ਗੈਸ ਰਿਸਾਵ ਰੋਕਣ ਦਾ ਰੈਸਕਿਊ ਓਪਰੇਸ਼ਨ ਸਫਲਤਾ ਨਾਲ ਸਮਾਪਤ

ਫਾਇਰ ਬ੍ਰਿਗੇਡ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਤੁਰੰਤ ਐਕਸ਼ਨ ਨੇ ਕਈ ਕੀਮਤੀ ਜਾਨਾਂ ਬਚਾਈਆਂ

ਬੀਤੀ ਸ਼ਾਮ ਬਟਾਲਾ ਦੇ ਕਾਹਨੂੰਵਾਨ ਰੋਡ ‘ਤੇ ਸਥਿਤ ਇੱਕ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਦੇ ਰਿਸਾਵ ਨੂੰ ਰੋਕਣ ਅਤੇ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਚਲਾਇਆ ਰੈਸਕਿਊ ਓਪਰੇਸ਼ਨ ਅੱਜ ਸਵੇਰੇ ਖਤਮ ਹੋ ਗਿਆ। ਇਸ ਗੈਸ ਕਾਂਡ ਵਿੱਚ ਇੱਕ ਵਿਅਕਤੀ ਦੀ ਗੈਸ ਸਿਲੰਡਰ ਦੇ ਫੱਟਣ ਨਾਲ ਮੌਤ ਹੋ ਗਈ ਸੀ ਜਦਕਿ ਬਾਕੀ ਵਿਅਕਤੀਆਂ ਨੂੰ ਫਾਇਰ ਬ੍ਰਿਗੇਡ ਟੀਮ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਬੜੀ ਬਹਾਦਰੀ ਨਾਲ ਸੁਰੱਖਿਅਤ ਬਾਹਰ ਕੱਢ ਕੇ ਬਚਾ ਲਿਆ ਹੈ। ਫਾਇਰ ਬ੍ਰਿਗੇਡ, ਪੁਲਿਸ ਜਵਾਨਾਂ ਅਤੇ ਸਵਿਲ ਅਮਲੇ ਦੀ ਤੁਰੰਤ ਕਾਰਵਾਈ ਨਾਲ ਗੈਸ ਪ੍ਰਭਾਵਤ ਖੇਤਰ ਵਿੱਚ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਆਈਸ ਫੈਕਟਰੀ ਵਿੱਚ ਧਮਾਕੇ ਤੋਂ ਬਾਅਦ ਗੈਸ ਦੇ ਰਿਸਾਵ ਦੀ ਜਿਉਂ ਹੀ ਸੂਚਨਾ ਪ੍ਰਸ਼ਾਸਨ ਨੂੰ ਮਿਲੀ ਤਾਂ ਫਾਇਰ ਬ੍ਰਿਗੇਡ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ, ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ, ਐੱਸ.ਡੀ.ਐੱਮ. ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਅਤੇ ਅਗਵਾਈ ਕੀਤੀ।

ਫਾਇਰ ਬ੍ਰਿਗੇਡ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਆਪਣੀ ਜਾਨ ‘ਤੇ ਖੇਡ ਕੇ ਆਈਸ ਫੈਕਟਰੀ ਵਿੱਚੋਂ ਬੇਹੋਸ਼ ਪਏ ਵਿਅਕਤੀਆਂ ਨੂੰ ਬਾਹਰ ਕੱਢਿਆ। ਲੁਧਿਆਣਾ ਤੋਂ ਪਹੁੰਚੀ ਐੱਨ.ਡੀ.ਆਰ.ਐੱਫ. ਟੀਮ ਨੇ ਗੈਸ ਦੇ ਰਿਸਾਵ ਨੂੰ ਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਰਾਹਤ ਕਾਰਜਾਂ ਵਿੱਚ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਅਤੇ ਹੋਰ ਅਮਲੇ ਦੇ ਨਾਲ ਸਿਵਲ ਡਿਫੈਂਸ ਬਟਾਲਾ ਦੇ ਵਲੰਟੀਅਰਾਂ ਨੇ ਭਰਪੂਰ ਸਹਿਯੋਗ ਦਿੱਤਾ। ਬਟਾਲਾ ਦੇ ਫਾਇਰ ਅਫ਼ਸਰ ਸ੍ਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਰੈਸਕਿਊ ਅਪਰੇਸ਼ਨ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੈਸ ਦਾ ਰਿਸਾਵ ਬੰਦ ਹੋਣ ਕਾਰਨ ਅਤੇ ਧੁੱਪ ਨਿਕਲਣ ਕਾਰਨ ਹੁਣ ਗੈਸ ਦਾ ਖਤਰਾ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਓਪਰੇਸ਼ਨ ਵਿੱਚ ਫਾਇਰ ਬ੍ਰਿਗੇਡ ਦੇ ਜੋ ਜਵਾਨ ਗੈਸ ਚੜ੍ਹਨ ਕਾਰਨ ਪ੍ਰਭਾਵਤ ਹੋਏ ਸਨ ਉਹ ਹੁਣ ਠੀਕ ਹਨ। ਇਸ ਬਚਾਅ ਓਪਰੇਸ਼ਨ ਵਿੱਚ ਸਿਵਲ ਅਤੇ ਪੁਲਿਸ ਜਵਾਨਾਂ ਵੱਲੋਂ ਦਿੱਤੇ ਸਹਿਯੋਗ ਲਈ ਫਾਇਰ ਅਫ਼ਸਰ ਨੇ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਹੈ।

Share Button

Leave a Reply

Your email address will not be published. Required fields are marked *