ਫੇਜ਼ 7 ਦੀ ਬੂਥ ਮਾਰਕੀਟ ਵਿੱਚ 6 ਦੁਕਾਨਾਂ ਦੇ ਤਾਲੇ ਤੋੜੇ, ਦੋ ਦੁਕਾਨਾਂ ਵਿਚੋਂ ਹਜਾਰਾਂ ਰੁਪਏ ਚੋਰੀ

ਫੇਜ਼ 7 ਦੀ ਬੂਥ ਮਾਰਕੀਟ ਵਿੱਚ 6 ਦੁਕਾਨਾਂ ਦੇ ਤਾਲੇ ਤੋੜੇ, ਦੋ ਦੁਕਾਨਾਂ ਵਿਚੋਂ ਹਜਾਰਾਂ ਰੁਪਏ ਚੋਰੀ

ਐਸ ਏ ਐਸ ਨਗਰ, 8 ਫਰਵਰੀ: ਸਥਾਨਕ ਫੇਜ਼ 7 ਦੀ ਬੂਥ ਮਾਰਕੀਟ ਵਿੱਚ ਅੱਜ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਚੋਰਾਂ ਨੇ 6 ਦੁਕਾਨਾਂ ਦੇ ਤਾਲੇ ਤੋੜ ਦਿਤੇ ਅਤੇ ਦੋ ਦੁਕਾਨਾਂ ਵਿੱਚ ਪਏ ਹਜਾਰਾਂ ਰੁਪਏ ਚੋਰੀ ਕਰ ਲਏ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 5.50 ਦੇ ਕਰੀਬ ਚੋਰਾਂ ਨੇ ਫੇਜ਼ 7 ਦੀ ਬੂਥ ਮਾਰਕੀਟ ਦੀਆਂ 6 ਦੁਕਾਨਾਂ ਦੇ ਤਾਲੇ ਤੋੜ ਦਿੱਤੇ| ਦੁਕਾਨ ਨੰਬਰ 226 ਮਾਲਵਾ ਡੇਅਰੀ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿਚ ਪਏ 1500-1600 ਦੇ ਕਰੀਬ ਰੁਪਏ ਚੋਰੀ ਕਰ ਲਏ ਗਏ|
ਫੇਜ਼-7 ਦੇ ਬੂਥ ਨੰਬਰ 227 ਵਿੱਚ ਚੱਲਦੀ ਮੀਟ ਮਾਸਟਰ ਨਾਮ ਦੀ ਦੁਕਾਨ ਦੇ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ਦੇ ਸਿਰਫ ਤਾਲੇ ਹੀ ਤੋੜੇ ਗਏ ਹਨ ਪਰ ਕੋਈ ਨੁਕਸਾਨ ਨਹੀਂ ਹੋਇਆ| ਇਸੇ ਤਰ੍ਹਾਂ ਬੂਥ ਨੰਬਰ 228 ਮੁਣਸ਼ੀ ਮੈਡੀਕਲ, ਬੂਥ ਨੰਬਰ 232 ਸ਼ਿਵਾ ਮੈਡੀਕਲ ਅਤੇ ਬੂਥ ਨੰਬਰ 233 ਨਿਊ ਵਰਲਡ ਮੈਡੀਗੋ ਦੇ ਵੀ ਸਿਰਫ ਤਾਲੇ ਹੀ ਤੋੜੇ ਗਏ ਹਨ ਅਤੇ ਇਹਨਾਂ ਦੁਕਾਨਾ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂਕਿ ਇਸੇ ਲਾਈਨ ਵਿੱਚ ਹੀ ਸਥਿਤ ਦੁਕਾਨ ਕਸੋਲੀ ਫੂਡ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ਦਾ ਤਾਲਾ ਤੋੜ ਕੇ ਚੋਰ 20-22 ਹਜਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ ਹਨ|
ਇਸ ਮੌਕੇ ਮੌਜੂਦ ਫੇਜ਼ 7 ਬੂਥ ਮਾਰਕੀਟ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 6 ਵਜੇ ਚੌਂਕੀਦਾਰ ਤੋਂ ਦੁਕਾਨਾਂ ਦੇ ਤਾਲੇ ਤੋੜੇ ਜਾਣ ਦੀ ਸੂਚਨਾ ਮਿਲੀ ਸੀ ਤੇ ਉਹ ਤੁਰੰਤ ਹੀ ਮੌਕੇ ਉਪਰ ਪਹੁੰਚ ਗਏ ਸਨ| ਉਹਨਾਂ ਦੱਸਿਆ ਕਿ ਕਸੋਲੀ ਫੂਡ ਦੁਕਾਨ ਦੇ ਬਾਹਰ ਲੱਗੇ ਕੈਮਰੇ ਵਿੱਚ ਚੋਰਾਂ ਦੀ ਤਾਲੇ ਤੋੜਦਿਆਂ ਦੀ ਰਿਕਾਰਡਿੰਗ ਹੋ ਗਈ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਚੋਰਾਂ ਨੇ ਸਵੇਰੇ 4.50 ਵਜੇ ਇਹਨਾਂ ਦੁਕਾਨਾ ਦੇ ਤਾਲੇ ਤੋੜੇ| ਉਹਨਾਂ ਕਿਹਾ ਕਿ ਇਸ ਰਿਕਾਰਡਿੰਗ ਵਿੱਚ ਚੋਰਾਂ ਵਲੋਂ ਵਰਤੀ ਗਈ ਕਾਰ ਵੀ ਆ ਗਈ ਹੈ, ਜੋ ਕਿ ਚਿੱਟੇ ਰੰਗ ਦੀ ਮਾਰੂਤੀ ਜੈਨ ਨੰਬਰ ਸੀ ਐਚ 03 ਐਚ4631 ਹੈ|
ਮੌਕੇ ਤੇ ਮੌਜੂਦ ਪੀ ਸੀ ਆਰ ਜਵਾਨਾਂ ਨੇ ਦੱਸਿਆ ਕਿ ਉਹ ਕਰੀਬ 4.30 ਵਜੇ ਇਸ ਇਲਾਕੇ ਵਿੱਚ ਗਸ਼ਤ ਕਰਕੇ ਗਏ ਸਨ ਉਦੋਂ ਤਾਂ ਸਭ ਕੁਝ ਠੀਕ ਸੀ ਉਸਤੋਂ ਬਾਅਦ ਹੀ ਚੋਰਾਂ ਵਲੋਂ ਤਾਲੇ ਤੋੜੇ ਗਏ| ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Share Button

Leave a Reply

Your email address will not be published. Required fields are marked *

%d bloggers like this: