ਬੈਂਕਾਂ ਵੱਲੋਂ ਦਿੱਤੇ ਕਰਜ਼ੇ ਵਾਪਸ ਨਾ ਮੋੜੇ ਜਾਣ ਅਤੇ ਐੱਨ.ਪੀ.ਏ. ਦੀ ਗਿਣਤੀ ਵੱਧਦੀ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਦੇਸ਼ ਦੇ ਪ੍ਰਮੁੱਖ ਉਦਯੋਗਕ ਸੰਗਠਨ ਫਿੱਕੀ ਦੇ ਸਮਾਗਮ ਵਿੱਚ ਫਿੱਕੀ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਦੋਂ ਪਿਛਲੀ ਕਾਂਗਰਸ ਸਰਕਾਰ ਵਿੱਚ ਵੱਡੇ ਸਿਆਸੀ ਨੇਤਾ ਬੈਂਕਾਂ ਉੱਪਰ ਦਬਾਅ ਪਾ ਕੇ ਦੇਸ਼ ਦੇ ਵਿਸ਼ੇਸ਼ ਅਮੀਰਾਂ ਅਤੇ ਉਦਯੋਗਪਤੀਆਂ ਨੂੰ ਰਿਓੜੀਆਂ ਵਾਂਗ ਕਰੋੜਾਂ ਅਰਬਾਂ ਰੁਪਏ ਦੇ ਕਰਜ਼ੇ ਵੰਡਵਾ ਰਹੇ ਸਨ ਤਾਂ ਉਦੋਂ ਤੁਸੀਂ ਅਤੇ ਤੁਹਾਡੀ ਸੰਸਥਾ ਕਿੱਥੇ ਸੀ? ਫਿੱਕੀ ਦੇ 90ਵੇਂ ਸਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਬੈਂਕਾਂ ਉੱਪਰ ਨਜਾਇਜ ਦਬਾਅ ਪਾ ਕੇ ਉਨ੍ਹਾਂ ਤੋਂ ਲੱਖਾਂ ਕਰੋੜਾਂ ਰੁਪਏ ਆਪਣੇ ਲੋਕਾਂ ਨੂੰ ਕਰਜੇ ਦਿਵਾ ਦਿੱਤੇ ਅਤੇ ਉਹ ਲੋਕ ਅੱਜ ਕਰਜੇ ਵਾਪਸ ਕਰਨ ਤੋਂ ਇਨਕਾਰੀ ਹੋ ਗਏ ਹਨ ਅਤੇ ਇਨ੍ਹਾਂ ਵਿੱਚੋਂ ਕਈ ਲੋਕ ਕਰੋੜਾਂ ਰੁਪਏ ਦੇ ਕਰਜ਼ੇ ਮਾਰ ਕੇ ਵਿਦੇਸ਼ ਜਾ ਲੁਕੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਬੈਂਕਾਂ ਦੇ ਕਰਜ਼ੇ ਵਾਪਸ ਨਾ ਹੋਣ ਕਾਰਨ ਖਤਰਨਾਕ ਹੱਦ ਤੱਕ ਵਧੇ ਐੱਨ.ਪੀ.ਏ. ਪਿਛਲੀ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ਘੋਟਾਲਾ ਸੀ। ਉਨ੍ਹਾਂ ਕਿਹਾ ਕਿ ਕਾਮਨ ਵੈਲਥ ਖੇਡਾਂ ਦਾ ਘੋਟਾਲਾ, 3-ਜੀ, ਕੋਲਾ, ਖਾਣਾਂ ਦੇ ਘੋਟਾਲਿਆਂ ਤੋਂ ਇਹ ਬਹੁਤ ਵੱਡਾ ਘੋਟਾਲਾ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਦਾ ਨਾਂਅ ਲਏ ਬਿਨਾਂ ਮੋਦੀ ਨੇ ਕਿਹਾ ਕਿ ਕੁੱਝ ਲੋਕ ਦੇਸ਼ ਦਾ ਖਜਾਨਾ ਲੁੱਟੇ ਜਾਣ ਦੀਆਂ ਇਨ੍ਹਾਂ ਘਟਨਾਵਾਂ ਨੂੰ ਮੌਨ ਬੈਠ ਕੇ ਦੇਖਦੇ ਰਹੇ, ਕਿਉਂਕਿ ਉਨ੍ਹਾਂ ਕੋਲ ਕੁਰਸੀ ਤਾਂ ਵੱਡੀ ਸੀ, ਪਰ ਸ਼ਕਤੀ ਕਿਸੇ ਹੋਰ ਰਸੋਈ ਵਿੱਚ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਇਸ ਤਰ੍ਹਾਂ ਸਿਆਸੀ ਦਬਾਅ ਹੇਠ ਕੰੰਮ ਕਰਨਗੀਆਂ ਤਾਂ ਦੇਸ਼ ਨੂੰ ਤਬਾਹ ਹੋਣੋਂ ਕੋਈ ਨਹੀਂ ਰੋਕ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਭਰਿਸ਼ਟਾਚਾਰ ਅਤੇ ਕਾਲੇ ਧਨ ਦੇ ਫੈਲਾਅ ਤੋਂ ਦੁੱਖੀ ਹੋ ਚੁੱਕੇ ਹਨ ਅਤੇ ਛੁਟਕਾਰਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਫਿੱਕੀ ਅਤੇ ਇਸ ਤਰ੍ਹਾਂ ਦੇ ਹੋਰ ਅਦਾਰਿਆਂ ਦੀਆਂ ਜਿੰਮੇਵਾਰੀਆਂ ਵੱਡੀਆਂ ਹਨ। ਇਨ੍ਹਾਂ ਨੂੰ ਆਪਣੀਆਂ ਨੀਤੀਆਂ ਉੁੱਪਰ ਮੁੜ ਵਿਚਾਰ ਕਰਨ ਦੀ ਲੋੜ ਹੈ। ਕ੍ਰਿਕਟ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਕੁੱਝ ਬੱਲੇਬਾਜ਼ 90 ਤੋਂ ਉੱਪਰ ਜਾ ਕੇ ਹੋਲੀ ਖੇਡਣ ਲੱਗਦੇ ਹਨ, ਪਰ ਫਿੱਕੀ ਵਰਗੀਆਂ ਸੰਸਥਾਵਾਂ ਇਸ ਤਰ੍ਹਾਂ ਨਾ ਕਰਨ। ਉਹ ਚੌਕੇ ਛੱਕੇ ਲਗਾ ਕੇ ਆਪਣੇ ਸੈਂਕੜੇ ਪੂਰੇ ਕਰਨ ਅਤੇ ਦੇਸ਼ ਨੂੰ ਵਿਕਾਸ ਦੇ ਖੇਤਰ ਵਿੱਚ ਅੱਗੇ ਲਿਜਾਣ। ਮੋਦੀ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਨਾਗਰਿਕ ਭਾਵੇਂ ਉਹ ਗਰੀਬ ਹੈ ਜਾਂ ਅਮੀਰ। ਪਿਛਲੇ 70 ਸਾਲਾਂ ਦੇ ਵਿਗੜੇ ਹੋਏ ਸਿਸਟਮ ਦਾ ਭਾਰ ਢੋਂਹਦਾ ਹੋਇਆ ਇਸ ਸਿਸਟਮ ਖਿਲਾਫ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜਾਂ ਦੌਰਾਨ ਲੋਕਾਂ ਨੂੰ ਹਰ ਚੀਜ਼ ਲਈ ਤਰਸਣਾ ਪਿਆ। ਬੈਂਕ ਖਾਤਿਆਂ, ਗੈਸ ਕੁਨੈਕਸ਼ਨਾਂ, ਪੈਨਸ਼ਨਾਂ, ਵਜੀਫਿਆਂ ਅਤੇ ਹੋਰ ਜ਼ਰੂਰੀ ਲੋੜਾਂ ਲਈ ਹਰ ਥਾਂ ਰਿਸ਼ਵਤ ਅਤੇ ਕਮਿਸ਼ਨ ਦੇਣੀ ਪੈਂਦੀ ਸੀ, ਪਰ ਹੁਣ ਅਸੀਂ ਇਹ ਸਿਸਟਮ ਬਦਲਿਆ ਹੈ। ਸਾਡੀ ਸਰਕਾਰ ਵਿੱਚ ਅਧਿਕਾਰੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਲੋੜਂਦੀਆਂ ਸਹੂਲਤਾਂ ਮੁਫਤ ਦੇਣ ਬਾਰੇ ਲੋਕਾਂ ਦੇ ਬੂਹੇ ਖੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਦੀ ਵੀ ਹੋਵੇ? ਉਸ ਦਾ ਕੰਮਕਾਜ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਸਰਕਾਰ ਚਲਾਉਣ ਵਾਲੇ ਪੱਥਰ ਦਿਲ ਨਹੀਂ, ਹਰ ਇੱਕ ਦੀਆਂ ਜ਼ਰੂਰਤਾਂ ਸਮਝਣ ਵਾਲੇ ਸੰਵੇਦਨਸ਼ੀਲ ਲੋਕ ਹੋਣੇ ਚਾਹੀਦੇ ਹਨ।