Wed. Aug 21st, 2019

ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ??

ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ??

ਅੱਜ ਕੱਲ੍ਹ ਬੰਬਈ ਦੀ ਫਿਲਮ ਇੰਡਸਟਰੀ ਵਿੱਚ ਪੰਜਾਬੀ ਕਲਚਰ ਅਤੇ ਪਗੜੀਧਾਰੀ ਸਿੱਖ ਐਕਟਰਾਂ ਨੂੰ ਲੈਕੇ ਕਾਫੀ ਦਿਲਚਸਪੀ ਦੇਖੀ ਜਾ ਰਹੀ ਹੈ । ਪਰ ਪੈਸੇ ਕਮਾਉਣ ਦੀ ਖਾਤਰ ਫ਼ਿਲਮਾਂ ਬਣਾਉਣ ਵਾਲੇ ਨਿਰਮਾਤਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਨਾ ਸਮਝਦੇ ਹੋਏ ਫਿਲਮ ਵਿੱਚ ਆਪਣੀਆਂ ਮਨਮਰਜੀਆਂ ਕਰ ਰਹੇ ਹਨ । ਹਿੰਦੁਸਤਾਨ ਸਰਕਾਰ ਵਲੋਂ ਬਣਾਏ ਗਏ ਸੈਂਸਰ ਬੋਰਡ ਵਿੱਚ ਇਕ ਸਿੱਖ ਭਾਵਨਾਵਾਂ ਤੋਂ ਜਾਣੂ ਮੈਂਬਰ ਵੀ ਹੋਣਾ ਹੁਣ ਅਤਿਅੰਤ ਜ਼ਰੂਰੀ ਹੋ ਗਿਆ ਹੈ । ਕੁਝ ਇਕ ਨਿਰਮਾਤਾ ਤਾਂ ਜਾਣਬੁਝਕੇ ਇਕ ਦੋ ਐਸੇ ਸੀਨ ਜਰੂਰ ਰੱਖਦੇ ਹਨ ਕਿ ਫਿਲਮ ਹਿੱਟ ਹੋਵੇ ਜਾਂ ਨਾ, ਪਰ ਚਰਚਾ ਵਿਚ ਜਰੂਰ ਆ ਜਾਂਦੀ ਹੈ । ਅਜਿਹੇ ਨਿਰਮਾਤਾਵਾਂ ਖਿਲਾਫ ਇਕ ਵਾਰ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਜਿਸ ਨਾਲ ਕੋਈ ਹੋਰ ਵਿਅਕਤੀ ਅਜਿਹੀ ਹਰਕਤ ਨਾ ਕਰ ਸਕੇ । ਬੀਤੇ ਦਿਨੀ ਨਾਨਕ ਸ਼ਾਹ ਫ਼ਕੀਰ ਫਿਲਮ ਨੂੰ ਲੈਕੇ ਵੀ ਸਿੱਖ ਭਾਈਚਾਰੇ ਤੋਂ ਇਲਾਵਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ ਸੀ । ਹੁਣ ਵੀ ਇਕ ਵਾਰ ਫਿਰ ਫਿਲਮ ਮਨਮਰਜੀਆਂ ਨੂੰ ਲੈਕੇ ਸਿੱਖ ਹਿਰਦੇ ਵਲੂੰਧਰੇ ਗਏ ਹਨ ਜਦੋਂ ਫਿਲਮ ਦਾ ਹੀਰੋ ਅਭਿਸ਼ੇਕ ਬੱਚਨ ਸਿਰ ਉਪਰ ਸਜਾਈ ਪਗੜੀ ਨੂੰ ਇਕ ਟੋਪੀ ਵਾਂਗ ਉਤਾਰਕੇ ਫਿਰ ਸਿਗਰੇਟ ਪੀਣ ਲੱਗ ਪੈਂਦਾ ਹੈ ਅਤੇ ਫਿਲਮ ਦੀ ਹੀਰੋਇਨ ਵੀ ਬਤੋਰ ਆ ਸਿੱਖ ਪਰਿਵਾਰ ਸਿਗਰੇਟ ਪੀਂਦੀ ਦਿਖਾਈ ਗਈ ਹੈ । ਆਖਿਰਕਾਰ ਇਹ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ??
ਜਦੋ ਕਿ ਸਿੱਖ ਭਾਈਚਾਰੇ ਵਿਚ ਇਸਨੂੰ ਬੱਜਰ ਕੁਰਾਹਿਤ ਮੰਨਿਆ ਗਿਆ ਹੈ । ਇਹਨਾਂ ਫਿਲਮਾਂ ਬਨਾਉਣ ਵਾਲਿਆਂ ਨੂੰ ਸਮਝ ਨਹੀਂ ਆਉਂਦੀ । ਬਸ ਇਹਨਾਂ ਨੇ ਪੈਸਾ ਮੁੱਖ ਰਖ ਲਿਆ ਹੈ ਇਕ ਨਹੀਂ ਅਨੇਕਾਂ ਫਿਲਮਾਂ ਆ ਚੁੱਕੀਆਂ ਨੇ ਜੋ ਸਿੱਖਾਂ ਦੇ ਜਜ਼ਬਾਤਾਂ ਨਾਲ ਸਬੰਧਤ ਹਨ । ਅੱਜ ਘਰਾਂ ਤੋਂ ਭੱਜਕੇ ਲੜਕੀਆਂ ਵਿਆਹ ਕਰਵਾ ਰਹੀਆਂ ਇਹ ਵੀ ਫਿਲਮਾਂ ਦੀ ਦੇਣ ਹੈ ਇਹ ਸਮਾਜ ਨੂੰ ਸਮਝਣਾ ਪਵੇਗਾ ਪਹਿਲਾਂ ਜੋ ਫਿਲਮਾਂ ਬਣਦੀਆਂ ਸਨ ਸਮਾਜ ਨੂੰ ਸੇਧ ਦਿੰਦੀਆਂ ਸਨ ਪਰ ਹੁਣ ਕੁਝ ਅਜਿਹੀਆਂ ਫਿਲਮਾਂ ਬਣ ਰਹੀਆਂ ਹ ਜੋ ਧਰਮਾਂ ਤੇ ਭਾਈਚਾਰੇ ਸਾਂਝ ਵਿੱਚ ਵਿਵਾਦ ਖੜਾ ਕਰ ਰਹੀਆਂ ਹਨ । ਨੌਜਵਾਨ ਪੀੜ੍ਹੀ ਉਪਰ ਤਾਂ ਵੈਸੇ ਹੀ ਫ਼ਿਲਮਾਂ ਦਾ ਪ੍ਰਭਾਵ ਆਮ ਦੇਖਣ ਨੂੰ ਮਿਲ ਰਿਹਾ ਹੈ । ਉਹ ਚਾਹੇ ਵਾਲਾ ਦਾ ਸਟਾਈਲ ਹੋਵੇ ਜਾਂ ਕੱਪੜਿਆਂ ਦਾ ਫੈਸ਼ਨ ਜਾਂ ਸਰੀਰ ਤੇ ਟੈਟੂ , ਮਾਰੂ ਹਥਿਆਰਾਂ ਦਾ ਸ਼ੋਂਕ ਆਦਿ ਸਭ ਫਿਲਮਾਂ ਅਤੇ ਗਾਣਿਆਂ ਦੀ ਹੀ ਦੇਣ ਹਨ । ਨਾਨਕ ਸ਼ਾਹ ਫ਼ਕੀਰ ਤੋਂ ਬਾਅਦ ਅਗਰ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਇਸ ਫ਼ਿਲਮ ਦੇ ਖਿਲਾਫ ਮੋਰਚਾ ਨਾ ਖੋਲ੍ਹਿਆ ਤਾਂ ਪਹਿਲਾਂ ਹੀ ਫ਼ਿਲਮਾਂ ਦੇ ਪ੍ਰਭਾਵ ਕਾਰਨ ਸਿੱਖੀ ਤੋਂ ਪਤਿਤ ਹੋ ਰਹੇ ਨੌਜਵਾਨ ਸਿਗਰੇਟ ਪੀਣਾ ਵੀ ਇਕ ਸ਼ੋਂਕ ਬਣਾ ਲੈਣਗੇ । ਅਗਰ ਫਿਲਮ ਇੰਡਸਟਰੀ ਨੂੰ ਪੰਜਾਬੀ ਕਲਚਰ ਨਾਲ ਸਬੰਧਤ ਫ਼ਿਲਮ ਬਣਾਕੇ ਫਾਇਦਾ ਮਿਲ ਰਿਹਾ ਹੈ ਤਾਂ ਉਹਨਾਂ ਨੂੰ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਪੈਸੇ ਨੂੰ ਮੁੱਖ ਰੱਖਕੇ ਆਪਣੀਆਂ ਮਨਮਰਜੀਆਂ ਕਰਕੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਚਾਹੀਦਾ ਹੈ ।

ਵਰਿੰਦਰ ਸਿੰਘ ਮਲਹੋਤਰਾ
98889-68889

Leave a Reply

Your email address will not be published. Required fields are marked *

%d bloggers like this: