Fri. Jul 19th, 2019

ਫਿਲਮ ‘ਨਾਨਕ ਸ਼ਾਹ ਫਕੀਰ” ਪਾਸ ਕਰਨ ਲਈ ਸ਼੍ਰੋਮਣੀ ਕਮੇਟੀ ‘ਤੇ ਰਾਜਸੀ ਦਬਾਅ ਸੀ: ਰਜਿੰਦਰ ਸਿੰਘ ਮਹਿਤਾ

ਫਿਲਮ ‘ਨਾਨਕ ਸ਼ਾਹ ਫਕੀਰ” ਪਾਸ ਕਰਨ ਲਈ ਸ਼੍ਰੋਮਣੀ ਕਮੇਟੀ ‘ਤੇ ਰਾਜਸੀ ਦਬਾਅ ਸੀ: ਰਜਿੰਦਰ ਸਿੰਘ ਮਹਿਤਾ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਵੱਲੋਂ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਪ੍ਰਵਾਨਗੀ ਵੱਡੇ ਰਾਜਸੀ ਆਗੂਆਂ ਵੱਲੋਂ ਪਾਏ ਦਬਾਅ ਕਾਰਣ ਦਿੱਤੀ ਗਈ ਸੀ। ਇਸ ਗੱਲ ਦਾ ਪ੍ਰਗਟਾਵਾ ਫਿਲਮ ਨੂੰ ਪ੍ਰਵਾਨਗੀ ਦੇਣ ਵਾਲੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਇੱਕ ਸਮਾਗਮ ਦੌਰਾਨ ਬੋਲਦਿਆਂ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਨਿਰੰਕਾਰੀ ਕਾਂਡ ਦੇ 1978 ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਕੀਤੇ ਸ਼ਹੀਦੀ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਫਿਲਮ ਨੂੰ ਵੇਖਣ ਲਈ ਬਣੀ ਪਹਿਲੀ ਸਬ ਕਮੇਟੀ ਵਿਚ ਉਹ, ਰਘੁਜੀਤ ਸਿੰਘ ਵਿਰਕ ਅਤੇ ਰੂਪ ਸਿੰਘ ਸ਼ਾਮਿਲ ਸਨ ਤੇ ਕਮੇਟੀ ਨੇ 2015 ਵਿਚ ਹਰਿੰਦਰ ਸਿੱਕਾ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਫਿਲਮ ਨਾਨਕਸ਼ਾਹ ਫਕੀਰ ਨੂੰ ਵੇਖਣ ਤੋਂ ਬਾਅਦ ਰੱਦ ਕਰ ਦਿੱਤਾ ਸੀ। ਉਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਫਿਲਮ ਵੇਖੀ ਸੀ।
ਸ਼ਹੀਦੀ ਸਮਾਹਮ ਦੌਰਾਨ ਬੋਲਦਿਆਂ ਜਦੋਂ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਵਲੋਂ ਨਾਨਕ ਸ਼ਾਹ ਫਕੀਰ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਨੂੰ ਜ਼ਿਮੇਵਾਰ ਦੱਸਿਆ ਤਾਂ ਰਜਿੰਦਰ ਸਿੰਘ ਮਹਿਤਾ ਨੇ ਆਪਣੇ ਭਾਸ਼ਣ ਦੌਰਾਨ ਸਟੇਜ਼ ਤੋਂ ਬੋਲਦਿਆਂ ਕਿਹਾ ਕਿ ਹਰਿੰਦਰ ਸਿੱਕਾ ਨੇ ਉੱਚ ਰਾਜਨੀਤਕ ਲੋਕਾਂ ਤੋਂ ਦਬਾਅ ਪਵਾ ਕੇ ਸ਼੍ਰੋਮਣੀ ਕਮੇਟੀ ਤੋਂ ਫਿਲਮ ਨੂੰ ਮਨਜ਼ੂਰੀ ਦਿਵਾਈ ਹੈ।
ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਕੀ ਸਿਧਾਂਤਾਂ ‘ਤੇ ਵਾਰ ਕਰਦੀ ਇਹ ਫਿਲਮ 2015 ਵਿਚ ਰਿਲੀਜ਼ ਕੀਤਾ ਗਿਆ ਸੀ ਪਰ ਉਸ ਸਮੇਂ ਵੀ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਕਾਰਨ ਇਸ ਫਿਲਮ ਨੂੰ ਨਿਰਮਾਤਾ ਵਲੋਂ ਵਾਪਿਸ ਲੈ ਲਿਆ ਗਿਆ ਸੀ ਨੂੰ ਮਈ 13, 2016 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਤੇ ਇਹ ਫਿਲਮ 13 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ‘ਤੇ ਰਿਲੀਜ਼ ਹੋਣੀ ਸੀ। ਪਰ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਫਿਲਮ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਫਿਲਮ ਨੂੰ ਵਾਪਿਸ ਨਾ ਲੈਣ ਕਾਰਨ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਨੂੰ ਖਾਲਸਾ ਪੰਥ ਵਿਚੋਂ ਛੇਕ ਦਿੱਤਾ ਗਿਆ।
ਦੂਜੇ ਪਾਸੇ ਭਾਰਤੀ ਸੁਪਰੀਮ ਕੋਰਟ ਨੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦੀ ਰੱਤੀ ਪ੍ਰਵਾਹ ਕੀਤੇ ਬਗੈਰ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ, ਪਰ ਸਿੱਖ ਵਿਰੋਧ ਕਾਰਨ ਸਿਨੇਮਾ ਮਾਲਕਾਂ ਨੇ ਇਸ ਫਿਲਮ ਨੂੰ ਚਲਾਉਣ ਤੋਂ ਪਾਸਾ ਵੱਟਿਆ।
ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਫਿਲਮ ਨਾਨਕ ਸ਼ਾਹ ਫਕੀਰ ਨੂੰ ਪਾਸ ਕਰਵਾਉਣ ਲਈ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਫਿਲਮ ਪਾਸ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਤੋਂ ਜ਼ੋਰ ਪਵਾਇਆ ਸੀ।

Leave a Reply

Your email address will not be published. Required fields are marked *

%d bloggers like this: