ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਫਰੀਦਕੋਟ ਜ਼ਿਲ੍ਹੇ ਦੇ ਪਿੰਡ ‘ਵਾੜਾ ਦਰਾਕਾ’ ਦਾ ਪਿਛੋਕੜ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ‘ਵਾੜਾ ਦਰਾਕਾ’ ਦਾ ਪਿਛੋਕੜ

ਪਿੰਡ ਵਾੜਾ ਦਰਾਕਾ ਕੋਟਕਪੂਰਾ-ਸ੍ਰੀ ਮੁਕਤਸਰ ਰੋਡ ਤੇ ਸਥਿਤ ਹੈ। ਪਿੰਡ ਵਾਸੀਆਂ ਅਨੁਸਾਰ ਇਸਨੂੰ ਵਜ਼ੀਰ ਸਿੰਘ ਅਤੇ ਪੋਹਲਾ ਸਿੰਘ ਨਾਮਕ ਦੋ ਭਰਾਵਾਂ ਨੇ ਵਸਾਇਆ ਹੈ ਜੋ ਕਿ ਦਰਾਕਾ ਗੋਤ ਨਾਲ ਸਬੰਧਤ ਪਿੰਡ ਸਰਾਵਾਂ (ਫਰੀਦਕੋਟ) ਦੇ ਪਿਛੋਕੜ ਵਾਲੇ ਸਨ।ਪੁਰਾਣੇ ਸਮਿਆਂ ਵਿੱਚ ਜਿਸ ਤਰ੍ਹਾਂ ਰਿਆਸਤਾਂ ਦੀਆਂ ਵਾਧੂ ਪਈਆਂ ਜ਼ਮੀਨਾਂ ਨੂੰ ਆਬਾਦ ਕਰਨ ਦੀ ਪਰੰਪਰਾ ਸੀ, ਉਸੇ ਲਾਲਸਾ ਤਹਿਤ ਦੋਵੇਂ ਭਰਾਵਾਂ ਨੇ ਆਪਣੇ ਹੋਰਨਾਂ ਸਾਕ-ਸਬੰਧੀਆਂ ਨਾਲ ਮਿਲ ਕੇ ਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਆਪਣੇ ਝੰਡੇ ਆਣ ਗੱਡੇ।ਪਰ ਪਿੰਡ ਦੇ ਲੋਕ ਇਸ ਗੱਲ ਤੋਂ ਖੁਸ਼ ਨਹੀਂ ਸਨ। ਪਿੰਡ ਵਾਲਿਆਂ ਦੇ ਮੂੰਹ-ਤੋੜ ਰਵੱਈਏ ਕਰਕੇ ਦੋਹਾਂ ਭਰਾਵਾਂ ਨੂੂੰ ਉਥੋਂ ਰੁਖਸਤ ਹੋਣਾ ਪਿਆ। ਜਦੋਂ ਇਹ ਦੋਨੋਂ ਭਰਾ ਆਪਣੇ ਪਰਿਵਾਰ ਸਮੇਤ ਪਿੰਡ ਫਿੱਡੇ ਕਲਾਂ ਤੋਂ ਸਮਾਨ ਚੁੱਕ ਕੇ ਵਾਪਸ ਆਪਣੇ ਪਿੰਡ ਸਰਾਵਾਂ ਜਾ ਰਹੇ ਸਨ ਤਾਂ ਰਾਜੇ ਫਰੀਦਕੋਟੀਏ ਨੂੰ ਇਸ ਗੱਲ ਦੀ ਸੂਹ ਮਿਲ ਗਈ।ਉਸਨੇ ਇਹਨਾਂ ਦੇ ਰਿਫੂਜ਼ੀ-ਪਣ ਤੇ ਤਰਸ ਕਰਕੇ ਆਪਣੇ ਗਊਆਂ ਅਤੇ ਹਾਥੀ-ਘੋੜਿਆਂ ਦੇ ਰੱਖ-ਰਖਾਵ ਵਾਲੀ 2700 ਏਕੜ ਜ਼ਮੀਨ ਰੈਣ-ਬਸੇਰਾ ਕਰਨ ਲਈ ਦੇ ਦਿੱਤੀ।ਦਰਾਕਿਆਂ ਨੂੰ ਵਾੜਿਆਂ ਦੀ ਸਪੁਰਦਗੀ ਕਰਨ ਕਰਕੇ ਇਸ ਪਿੰਡ ਦਾ ਨਾਂ ‘ਵਾੜਾ ਦਰਾਕਾ’ ਪੈ ਗਿਆ।

ਜ਼ਮੀਨ ਆਬਾਦ ਕਰਨ ਲਈ ਦਰਾਕੇ ਭਰਾਵਾਂ ਨੇ ਆਪਣੇ ਨਾਲ ਹੋਰਨਾਂ ਪਿੰਡਾਂ ਵਿੱਚ ਵਸੇ ਆਪਣੇ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਨੂੰ ਜ਼ਮੀਨ ਦੇਣ ਦੇ ਵਾਅਦੇ ਨਾਲ ਪਿੰਡ ਵਿੱਚ ਲਿਆਂਦਾ ਜਿਹੜੇ ਕਿ ਸੂਰੇ ਵਾਲਾ (ਮੁਕਤਸਰ) , ਮਹਿਰਾਜ਼ (ਬਠਿੰਡਾ) , ਕੋਹਾਰਵਾਲਾ (ਫਰੀਦਕੋਟ) ਅਤੇ ਕੋਟਕਪੂਰਾ ਤੋਂ ਆ ਕੇ ਇੱਥੇ ਵੱਸੇ।ਗਿਣਤੀ ਦੇ ਹਿਸਾਬ ਨਾਲ ਸੱਤ ਪੱਤੀਆਂ ਦੀ ਸਿਰਜਣਾ ਕੀਤੀ।ਵਜ਼ੀਰਾ ਅਤੇ ਪੋਹਲਾ (ਦੋ ਪੱਤੀਆਂ ), ਕਰਨ ਕੀ (ਦੋ ਪੱਤੀਆਂ ), ਹਰੀਆ ਪੱਤੀ, ਮਹਿਰਾਜ ਕੀ ਪੱਤੀ ਤੇ ਸੰਧੂ ਪੱਤੀ। 300 ਏਕੜ ਜ਼ਮੀਨ ਬੌਰੀਆਂ, ਮਿਸਤਰੀਆਂ ਅਤੇ ਹੋਰ ਜਾਤਾਂ ਦੇ ਲੋਕਾਂ ਨੂੰ ਵੰਡ ਦਿੱਤੀ।ਸਾਂਝੇ ਤੌਰ ਤੇ ਬਾਕੀ ਰੱਖੀ ਜ਼ਮੀਨ ਪਿੰਡ ਵਾਂਦਰ ਜਟਾਣਾ ਨੂੰ ਕਿਸੇ ਕਤਲ ਦੇ ਹੋਏ ਸਮਝੌਤੇ ਤਹਿਤ ਰਾਜੇ ਦੀ ਸਹਿਮਤੀ ਨਾਲ ਦੇਣੀ ਪਈ। ਗਿਆਨੀ ਜ਼ੈਲ਼ ਸਿੰਘ ਦੇ ਪਰਜਾਮੰਡਲ ਲਹਿਰ ਵਿੱਚ ਪਿੰਡ ਦੇ ਜੰਗਾ ਸਿੰਘ ਬਰਾੜ,ਸਰਦਾਰਾ ਸਿੰਘ ਬਰਾੜ,ਅਮਰ ਸਿੰਘ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ।ਰੂਪੋਸ਼ੀ ਸਮੇਂ ਗਿਆਨੀ ਜ਼ੈਲ਼ ਸਿੰਘ ਦਾ ਆਪਣੇ ਨੇੜਲੇ ਸਾਥੀ ਜੰਗਾ ਸਿੰਘ ਬਰਾੜ ਦੇ ਘਰ ਆਉਣਾ-ਜਾਣਾ ਸੀ।ਮੰਡਲ ਦੇ ਕੰਮਾਂ ਦੀ ਰੂਪ-ਰੇਖਾ ਵੀ ਉਹਨਾਂ ਦੇ ਘਰ ਬੈਠ ਕੇ ਹੀ ਬਣਾਈ ਜਾਂਦੀ ਸੀ।ਅੰਗਰੇਜ਼ ਹਕੂਮਤ ਦੇ ਖਿਲ਼ਾਫ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਵਿਖੇ ਆਜ਼ਾਦੀ ਝੰਡਾ ਲਹਿਰਾਉਣ ਦੇ ਖਿਲ਼ਾਫ ਉਹਨਾਂ ਨੂੰ ਗਿਆਨੀ ਜੀ ਦੇ ਨਾਲ਼ ਤਿੰਨ-ਤਿੰਨ ਸਾਲ ਦੀ ਸਜ਼ਾ ਵੀ ਸੁਣਾਈ ਗਈ।ਉਪਰੋਕਤ ਤਿੰਨਾਂ ਸਾਥੀਆਂ ਤੋਂ ਇਲਾਵਾ ਪ੍ਰਿਥੀ ਸਿੰਘ ਨੇ ਜੈਤੋ ਦੇ ਮੋਰਚੇ ਵਿੱਚ ਵੀ ਹਿੱਸਾ ਲਿਆ। ਜ਼ਮੀਨਾਂ ਘੱਟ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਪੜ੍ਹਾਈ ਨੂੰ ਖਾਸ ਤਵੱਜੋ ਦਿੱਤੀ। ਪਿੰਡ ਵਿੱਚ ਤਿੰਨ ਗੁਰਦੁਆਰੇ, ਧਰਮਸ਼ਾਲਾਵਾਂ, ਵਾਟਰ ਵਰਕਸ, ਕੋ-ਆਪਰੇਟਿਵ ਸੁਸਾਇਟੀ, ਸਿਵਲ ਡਿਸਪੈਂਸਰੀ, ਪਸ਼ੂ ਹਸਪਤਾਲ, ਪੈਟਰੋਲ ਪੰਪ, ਦੋ ਬੈਂਕ ਆਈ.ਸੀ.ਆਈ.ਸੀ., ਸਟੇਟ ਬੈਂਕ ਆਫ ਇੰਡੀਆ, ਏ.ਟੀ.ਐਮ, ਸੀਨੀਅਰ ਸੈਕੰਡਰੀ ਸਕੂਲ ਆਦਿ ਸਹੂਲਤਾਂ ਹਨ। ਕਰਨਲ ਗੁਰਦੇਵ ਸਿੰਘ, ਕਮਲਜੀਤ ਸਿੰਘ, ਸ਼ਰਨਜੀਤ ਸਿੰਘ ਅਤੇ ਸਵ. ਸੁਖਜੀਤ ਸਿੰਘ ਬਰਾੜ ਵੱਲੋਂ ਆਪਣੀ ਜ਼ਮੀਨ ਵਿੱਚ ਆਪਣੇ ਪਿਤਾ ਸ. ਬਾਬੂੂ ਫੁੰਮਣ ਸਿੰਘ ਦੀ ਯਾਦ ਵਿੱਚ ਬਣਾਇਆ ਬ੍ਰਿਧ ਆਸ਼ਰਮ ਮੌਜੂਦ ਹੈ। ਸਮਾਜ ਭਲਾਈ ਕੰਮਾਂ ਲਈ ਬਣੇ ਕਲੱਬ ਤੇ ਹੋਰ ਸੰਸਥਾਵਾਂ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।

ਪਿੰਡ ਦੇ ਮਾਣ———ਨੌਜਵਾਨ ਜਸਵਿੰਦਰ ਸਿੰਘ ਨੇ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸਵ. ਅਜਾਇਬ ਸਿੰਘ ਬਰਾੜ ਅਤੇ ਕੇਹਰ ਸਿੰਘ (ਸਕੂਲ ਇੰਸਪੈਕਟਰ ਰਿਆਸਤ ਸਮੇਂ), ਸਵ. ਗੱਜਣ ਸਿੰਘ ਬਰਾੜ (ਥਾਣੇਦਾਰ), ਸਵ. ਜਲੌਰ ਸਿੰਘ ਬਰਾੜ (ਡਿਪਟੀ ਡੀ.ਈ.ਓ), ਇੰਦਰਜੀਤ ਸਿੰਘ ਬਰਾੜ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ), ਰਣਜੀਤ ਸਿੰਘ ਵਹਿਣੀਵਾਲ (ਪ੍ਰਸਿੱਧ ਵਕੀਲ), ਜਤਿੰਦਰਪਾਲ ਸਿੰਘ ਵਹਿਣੀਵਾਲ (ਏ.ਡੀ.ਜੇ. ਫਾਜ਼ਿਲਕਾ), ਰਾਣਾ ਸਿੰਘ ਬਰਾੜ ਐਡਵੋਕੇਟ ਕੈਨੇਡਾ, ਬਲਜੀਤ ਸਿੰਘ ਬਰਾੜ (ਰਿਟਾ. ਸਿੱਖਿਆ ਮੰਡਲ ਅਫਸਰ), ਤਰਲੋਚਨ ਸਿੰਘ ਬਰਾੜ ਅਤੇ ਸਵ. ਟੇਕ ਬਹਾਦਰ ਸਿੰਘ ਬਰਾੜ (ਅਧਿਕਾਰੀ-ਬਿਜਲੀ ਮਹਿਕਮਾ), ਸਤਵੰਤ ਸਿੰਘ ਬਰਾੜ (ਮੁੱਖ ਖੇਤੀਬਾੜੀ ਅਧਿਕਾਰੀ), ਹਰਮੇਲ ਸਿੰਘ ਸੰਧੂ, ਤੇਜਾ ਸਿੰਘ ਬਰਾੜ, ਗਮਦੂਰ ਸਿੰਘ (ਤਿੰਨੇ ਬੈਂਕ ਮੈਨੇਜਰ), ਸੁਖਦੇਵ ਸਿੰਘ ਬਰਾੜ ਮੈਨੇਜਰ ਨਾਬਾਰਡ, ਖੁਸ਼ਨੀਤ ਕੌਰ ਬੈਂਕ ਅਫਸਰ, ਕੁਲਵੰਤ ਕੌਰ ਬਰਾੜ ਨੇ ਸੀ.ਆਰ.ਪੀ.ਐਫ ਇੰਡੀਆ ਦੀ ਟੀਮ ਵੱਲੋਂ ਅਮਰੀਕਾ ਵਿੱਚ ਰੈਸਲਿੰਗ ਖੇਡੀ। ਡਾ: ਲਖਵਿੰਦਰਪਾਲ ਸਿੰਘ ਸਿੱਧੂ (ਆਕਸਫੋਰਡ ਯੂਨੀਵਰਸਿਟੀ ਤੋਂ ਪੀ.ਐਚ.ਡੀ) ਇੰਮਪਾਵਰ ਸਕੂਲ ਆਫ ਹੈਲਥ, ਦਿੱਲੀ ਦੇ ਡੀਨ ਹਨ ਅਤੇ ਇੰਟਰਨੈਸ਼ਨਲ ਇਂਸਟੀਚਿਊਟ ਆਫ ਹੈਲ਼ਥ ਐਂਡ ਰਿਸਰਚ ਮੈਨੇਜਮੈਂਟ ਦੇ ਡਾਇਰੈਕਟਰ ਰਹਿ ਚੁੱਕੇ ਹਨ। ਇਸ ਤੋਂ ਬਿਨਾਂ ਤੇਜਿੰਦਰ ਸਿੰਘ ਬਰਾੜ ਚਰਚਿਤ ਪੰਜਾਬੀ ਲੇਖਕ ਹਨ।

ਪਰਮਜੀਤ ਕੌਰ ਸਰਾਂ
89688 92929

Leave a Reply

Your email address will not be published. Required fields are marked *

%d bloggers like this: