ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦਾ ਇਤਿਹਾਸਿਕ ਪਿਛੋਕੜ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦਾ ਇਤਿਹਾਸਿਕ ਪਿਛੋਕੜ

ਵਾਂਦਰ ਨਾਂ ਦਾ ਪਿਛੋਕੜ–– ਵਾਂਦਰ ਇਕ ਜੱਟ ਗੋਤ ਹੈ ਜੋ ਕਿ ਭੱਟੀ ਰਾਜਪੂਤਾਂ ਦੇ ਵੰਸ਼ ਵਿੱਚੋਂ ਹੈ।ਇਸ ਦਾ ਇਤਿਹਾਸ ਤਕਰੀਬਨ 800 ਸਾਲ ਪੁਰਾਣਾ ਹੈ।ਚੌਦਵੀਂ ਸਦੀ ਦੇ ਅੱਧ ਵਿੱਚ ਰਾਜਸਥਾਨ ਦੀ ਭੁਟਨੇਰ ਰਿਆਸਤ (ਹਨੂਮਾਨਗੜ੍ਹ) ਦੇ ਰਾਜੇ ਦਾ ਪੁੱਤਰ ਜਿਸ ਦਾ ਨਾਂ ਵਾਂਦਰ ਸੀ ਆਪਣੇ ਰਾਜ ਵਿੱਚੋਂ ਰੁੱਸ ਕੇ ਬਾਹਰ ਆ ਗਿਆ ਤੇ ਆਪਣੇ ਰਿਸ਼ਤੇਦਾਰ ਬਠਿੰਡਾ ਦੇ ਭੱਟੀ ਰਾਜੇ ਕੋਲ ਰਹਿਣ ਲੱਗਿਆ।ਉਸ ਸਮੇਂ ਤੋਂ ਮਾਲਵੇ ਦੇ ਕਈ ਪਿੰਡ ਵਾਂਦਰ ਗੋਤ ਦੇ ਵੱਜੇ।ਵਾਂਦਰ ਨਾਂ ਦੇ ਇਸ ਪੁੱਤਰ ਨੇ ਨਵੇਂ ਸਿਰੇ ਤੋਂ ਵਾਂਦਰ ਗੋਤ ਪੈਦਾ ਕੀਤਾ ਤੇ ਇੱਧਰ ਦੇ ਜੱਟਾਂ ਨਾਲ ਕਈ ਰਿਸ਼ਤੇਦਾਰੀਆਂ ਕਾਇਮ ਕੀਤੀਆਂ।ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਕਿਤੇ ਵਾਂਦਰ ਗੋਤ ਹੈ ਉਹ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੀਵਾਂਦਰ ਤੋਂ ਉੱਠ ਕੇ ਗਏ ਹਨ। ਪਿੰਡ ਕੋਟਸ਼ਮੀਰ,ਲਾਲੇਆਣਾ,ਕੈਲੇਵਾਂਦਰ(ਸਾਰੇ ਜ਼ਿਲ੍ਹਾ ਬਠਿੰਡਾ) ਇਸੇ ਪਿੰਡ ਭਾਗੀਵਾਂਦਰ ਤੋਂ ਬਣੇ ਹਨ। ਪਿੰਡ ਵਾਂਦਰ, ਵਾਂਦਰ ਜਟਾਣਾ, ਵਾਂਦਰ ਡੋਡ, ਜਗਤਗੜ੍ਹ ਵਾਂਦਰ, ਪਿੰਡ ਰੋੜੀ ‘ਚ ਵਾਂਦਰ ਪੱਤੀ ਆਦਿ ਵੀ ਇਸੇ ‘ਚੋਂ ਬਣੇ ਹਨ।

ਜਟਾਣਾ ਨਾਂ ਦਾ ਪਿਛੋਕੜ— ਜੂੰਦਰ ਰਾਓ ਦੇ ਪੁੱਤਰ ਅੱਚਲ ਦੀ ਬੰਸ ਦੇ ਲੋਕ ਗਿਣਤੀ ਵਿੱਚ ਬਹੁਤ ਸਨ। ਇਸ ਦੀ ਔਲਾਦ ਨੇ ਦੂਰ-ਦੂਰ ਤੱਕ ਸਾਰਾ ਦੱਖਣੀ ਮਾਲਵਾ ਰੋਕ ਲਿਆ।ਇਸ ਗੋਤ ਦਾ ਮੋਢੀ ਮੇਪਾਲ ਦਾ ਪੁੱਤਰ ਜਟਾਣਾ ਸੀ।ਇਹ ਲੋਕ ਆਪਣੇ-ਆਪ ਨੂੰ ਯਾਦਵ ਬੰਸੀ ਸ਼੍ਰੀ ਕ੍ਰਿਸ਼ਨ ਦੇ ਖਾਨਦਾਨ ਵਿੱਚੋਂ ਦੱਸਦੇ ਹਨ।ਪੰਜਾਬ ਵਿੱਚ ਜਟਾਣੇ ਬਹੁਤ ਘੱਟ ਹਨ।ਲੁਧਿਆਣਾ ਖੇਤਰ ਵਿੱਚ ਉੱਚਾ ਜਟਾਣਾ,ਜੱਟਾਣਾ ਤੇ ਫਰੀਦਕੋਟ ਜ਼ਿਲ੍ਹੇ ਦਾ ਵਾਂਦਰ ਜਟਾਣਾ ਇਹਨਾਂ ਦੇ ਪ੍ਰਸਿੱਧ ਪਿੰਡ ਹਨ।ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿੱਚ ਜਟਾਣਾ ਕਲਾਂ,ਜਟਾਣਾ ਖੁਰਦ ਪਿੰਡ ਹਨ।ਕੁਝ ਜਟਾਣੇ ਫਿਰੋਜ਼ਪੁਰ,ਬਠਿੰਡਾ ਤੇ ਸੰਗਰੂਰ ਖੇਤਰ ਵਿੱਚ ਹਨ।ਹਰਿਆਣੇ ਦੇ ਸਿਰਸਾ ਖੇਤਰ ਦੇ ਕਈ ਪਿੰਡਾਂ ਵਿੱਚ ਜਟਾਣੇ ਵਸਦੇ ਹਨ।ਜਟਾਣੇ ਗੋਤ ਦੇ ਲੋਕ ਜਗਪਾਲ ਗੋਤ ਦੇ ਜੱਟਾਂ ਨੂੰ ਵੀ ਆਪਣੀ ਬਰਾਦਰੀ ਵਿੱਚੋਂ ਸਮਝਦੇ ਹਨ ਕਿਉਂਕਿ ਦੋਵੇਂ ਅੱਚਲ ਭੱਟੀ ਦੇ ਵੰਸ਼ਜ਼ ਹਨ।

ਪਿੰਡ ਵਾਂਦਰ ਜਟਾਣਾ— ਹੁਣ ਦੇ ਵਾਂਦਰ ਜਟਾਣਾ ਨਾਮੀ ਪਿੰਡ ਵਿੱਚ ਜਟਾਣਿਆਂ ਦੀ ਇੱਕ ਪੱਤੀ ਸੀ।ਦੂਜੀ ਪੱਤੀ ਦਾ ਨਾਂ ਵਾਂਦਰ ਸੀ।ਜਿਨ੍ਹਾਂ ਦੇ ਵਿਚਕਾਰ ਸਿਰਫ ਇੱਕ ਛੱਪੜ ਸੀ।ਇਸ ਪਿੰਡ ਦੇ ਬੱਝਣ ਦਾ ਅਨੁਮਾਨ ਕੋਈ 430 ਸਾਲ ਪਹਿਲਾਂ ਦਾ ਹੈ।ਹੌਲੀ-ਹੌਲੀ ਵੱਸੋਂ ਵਧਣ ਨਾਲ ਦੋਵੇਂ ਪੱਤੀਆਂ ਰਲ਼ ਕੇ ਪਿੰਡ ਬਣ ਗਿਆ ਜੋ ਕਿ ‘ਵਾਂਦਰ ਜਟਾਣਾ’ ਨਾਂ ਨਾਲ ਪ੍ਰਸਿੱਧ ਹੋਇਆ।ਇਸ ਪਿੰਡ ਨੂੰ ਵਾਂਦਰ ਜਟਾਣਾ ਡਿਸਟਿਲਰੀ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।ਇੱਥੋਂ ਦਾ ਪ੍ਰਾਇਮਰੀ ਸਕੂਲ 1917 ਵਿੱਚ ਖੁੱਲ੍ਹਿਆ ਜਿਸ ਦੇ ਕਮਰੇ ਸਾਰੇ ਪਿੰਡ ਨੇ ਰਲ਼ ਕੇ ਦੋ ਰਾਤਾਂ ਤੇ ਇੱਕ ਦਿਨ ਵਿੱਚ ਬਣਾਏ ਕਿਉਂਕਿ ਫਰੀਦਕੋਟੀਏ ਮਹਾਰਾਜੇ ਦੀ ਸ਼ਰਤ ਸੀ ਕਿ ਕਮਰੇ ਹੋਣਗੇ ਤਾਂ ਹੀ ਸਕੂਲ ਦੀ ਮਨਜ਼ੂਰੀ ਮਿਲੇਗੀ। 1945 ਵਿੱਚ ਹਾਈ ਸਕੂਲ ਬਣਿਆ।1962 ਵਿੱਚ ਇੱਥੇ ਪਹਿਲਾ ਜੇ.ਬੀ.ਟੀ.ਸਕੂਲ ਖੁੱਲ੍ਹਿਆ।ਇਲਾਕੇ ਵਿੱਚ ਸਭ ਤੋਂ ਵੱਧ ਅਧਿਆਪਕ ਪੈਦਾ ਕਰਨ ਦਾ ਮਾਣ ਵੀ ਇਸੇ ਪਿੰਡ ਨੂੰ ਪ੍ਰਾਪਤ ਹੈ। ।

ਪਿੰਡ ਦੇ ਮਾਣ—-ਇਸੇ ਪਿੰਡ ਦੀ ਧਰਤੀ ਦੇ ਜਾਏ ਆਜ਼ਾਦੀ ਘੁਲਾਟੀਏ ਸ.ਰਤਨ ਸਿੰਘ,ਸ. ਜੱਸਾ ਸਿੰਘ ਜਟਾਣਾ,ਸ. ਭੱਲਣ ਸਿੰਘ,ਸ.ਚੰਨਣ ਸਿੰਘ ਦੀ ਆਜ਼ਾਦੀ ਦੀ ਲੜਾਈ ਵਿੱਚ ਵੱਡੀ ਦੇਣ ਹੈ।ਸ. ਜੱਸਾ ਸਿੰਘ ਜਟਾਣਾ ਨੂੰ ਦੇਸ਼-ਪ੍ਰੇਮ ਲਈ ਦਿਖਾਈ ਸੂਰਬੀਰਤਾ ਬਦਲੇ ਪ੍ਰਧਾਨ ਮੰਤਰੀ ਵੱਲੋਂ ‘ਤਾਮਰ ਪੱਤਰ’ ਨਾਲ ਸਨਮਾਨਿਤ ਕੀਤਾ ਗਿਆ। ਸ. ਮੇਹਰ ਸਿੰਘ (ਸਾਬਕਾ ਐਮ.ਐਲ.ਏ), ਸ. ਗੁਰਚਰਨ ਸਿੰਘ ਸਰਾਂ (ਸੀਨੀਅਰ ਸੈਸ਼ਨ ਜੱਜ), ਸ. ਰਾਜਿੰਦਰ ਸਿੰਘ ਸਰਾਂ (ਨਾਇਬ ਤਹਿਸੀਲਦਾਰ), ਸ੍ਰੀਮਤੀ ਗੁਰਲੇਜ਼ ਅਖਤਰ (ਪ੍ਰਸਿੱਧ ਗਾਇਕਾ), ਸ. ਹਰਬੰਸ ਸਿੰਘ ਸਹੋਤਾ (ਰਿਟਾ. ਐਕਸੀਅਨ ਬਿਜਲੀ ਬੋਰਡ), ਸ. ਗੁਰਬਖਸ਼ ਸਿੰਘ (ਪੀ.ਸੀ.ਐਸ. ਅਤੇ ਡਾਇਰੈਕਟਰ ਸਿਹਤ ਵਿਭਾਗ (ਪੰਜਾਬ), ਸ. ਜਲੌਰ ਚਹਿਲ (ਰਿਟਾ. ਲੈਫਟੀਨੈਂਟ ਕਰਨਲ), ਸ. ਰਾਜਿੰਦਰ ਸਿੰਘ ਤੱਗੜ (ਸੀਨੀ. ਪੱਤਰਕਾਰ-ਪੀ. ਟੀ. ਸੀ. ਨਿਊਜ਼) ,ਸ. ਲਖਵਿੰਦਰ ਸਿੰਘ ਚਹਿਲ (ਆਈ.ਏ.ਐਸ.) ਇਸੇ ਪਿੰਡ ਦੇ ਮਾਣ ਹਨ।

ਇੱਥੇ ਵਾਂਦਰ ਅਤੇ ਜਟਾਣਾ ਗੋਤ ਤੋਂ ਬਿਨਾਂ ਸਿੱਧੂ, ਢਿੱਲੋਂ, ਔਲਖ, ਸਰਾਂ, ਚਹਿਲ ਆਦਿ ਗੋਤ ਦੇ ਲੋਕ ਵੀ ਹਨ।

ਪਰਮਜੀਤ ਕੌਰ ਸਰਾਂ
ਕੋਟਕਪੂਰਾ
89688 92929

Leave a Reply

Your email address will not be published. Required fields are marked *

%d bloggers like this: