ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਫਰੀਦਕੋਟ ਜ਼ਿਲ੍ਹੇ ਦੇ ਪਿੰਡ ‘ਠਾੜ੍ਹਾ’ ਦਾ ਇਤਿਹਾਸਿਕ ਪਿਛੋਕੜ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ‘ਠਾੜ੍ਹਾ’ ਦਾ ਇਤਿਹਾਸਿਕ ਪਿਛੋਕੜ

ਪਿੰਡ ਠਾੜ੍ਹਾ ਤਕਰੀਬਨ 168 ਸਾਲ ਪਹਿਲਾਂ ਵੱਸਿਆ ਮੰਨਿਆ ਜਾਂਦਾ ਹੈ।ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਜਾਂਦਿਆਂ ਵਾੜਾਦਰਾਕਾ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਪੂਰਬ ਵਾਲੇ ਪਾਸੇ ਇਹ ਬਰਾੜਾਂ ਤੇ ਮਾਨਾਂ ਦਾ ਘੁੱਗ ਵੱਸਦਾ ਪਿੰਡ ਹੈ।1840 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੋਟਕਪੂਰਾ ਰਿਆਸਤ ਦਾ ਸੰਘਣਾ ਜੰਗਲ ਹੁੰਦਾ ਸੀ ਜਿੱਥੇ ਕੋਟਕਪੂਰਾ ਵਿਖੇ ਵਸਦੇ ਠਾੜ੍ਹਿਆਂ ਵਾਲੇ ਗਵਾੜ ਦੇ ਬਰਾੜਾਂ ਨੇ ਆਪਣੀਆਂ ਭੇਡਾਂ ਬੱਕਰੀਆਂ ਦੇ ਇੱਜੜ ਚਾਰਨ ਤੋਂ ਬਾਅਦ ਤੇ ਹੋਰ ਪਸ਼ੂਆਂ ਦੀ ਰਖਵਾਲੀ ਲਈ ਇੱਥੇ ਟਿੱਬੇ ਉੱਪਰ ਵਾੜਾ ਬਣਾਇਆ ਹੋਇਆ ਸੀ ਜਿੱਥੇ ਰਿਆਸਤ ਫਰੀਦਕੋਟ ਦੇ ਮਹਾਰਾਜਾ ਸ੍ਰੀ ਹਰਿੰਦਰ ਸਿੰਘ ਆਪਣੇ ਸ਼ਿਕਾਰ ਲਈ ਇਹਨਾਂ ਜੰਗਲਾਂ ਵਿੱਚ ਆਉਂਦੇ ਤੇ ਬਰਾੜਾਂ ਦੇ ਉਸ ਵਾੜੇ ਵਿੱਚ ਅਕਸਰ ਆਰਾਮ ਕਰਦੇ ਸਨ।ਬਰਾੜ ਪਰਿਵਾਰ ਦੀ ਰਿਆਸਤ ਦੇ ਚੌਧਰੀਆਂ ਨਾਲ ਕਾਫੀ ਰੰਗਤ ਭਰਪੂਰ ਨੇੜਤਾ ਸੀ।

ਹੌਲੀ-ਹੌਲੀ ਕਰਦਿਆਂ ਬਰਾੜਾਂ ਦੇ ਇਸ ਵਾੜੇ ਨਾਲ ਕਿਸੇ ਸੰਤ ਫਕੀਰ ਨੇ ਪਿੰਡ ਦੀ ਮੋਹੜੀ ਗੱਡੀ ਤੇ ਪਿੰਡ ਨੂੰ ਠਾੜ੍ਹਾ ਨਾਂ ਦੇ ਦਿੱਤਾ।ਕਿਉਂਕਿ ਪਹਿਲਾਂ ਹੀ ਠਾੜ੍ਹਿਆਂ ਵਾਲੇ ਗਵਾੜ ਦੇ ਲੋਕਾਂ ਦਾ ਇਸ ਜਗ੍ਹਾ ਨਾਲ ਮੋਹ ਸੀ।ਬਰਾੜਾਂ ਨਾਲ ਰਾਜੇ ਦਾ ਪਿਆਰ ਅਤੇ ਇਸ ਜਗ੍ਹਾ ਦੇ ਮੋਹ ਕਰਕੇ ਰਾਜੇ ਨੇ ਕਰੀਬ 1400 ਘੁਮਾਂ ਜ਼ਮੀਨ ਵੀ ਦਾਨ ਵਿੱਚ ਦੇ ਦਿੱਤੀ।ਕੋਟਕਪੂਰੇ ਦੇ ਠਾੜ੍ਹਿਆਂ ਵਾਲੇ ਗਵਾੜ ‘ਚੋਂ ਉੱਠ ਕੇ ਕੁਝ ਬਰਾੜਾਂ ਨੇ ਆਪਣੇ ਘਰ ਇਸ ਜੰਗਲ ਵਿੱਚ ਪਾ ਲਏ। ਫਿਰ ਹੌਲੀ-ਹੌਲੀ ਹੋਰ ਘਰਾਂ ਦਾ ਵਸੇਬਾ ਹੋਇਆ ਤੇ ਇਹ ਪਿੰਡ ਦਾ ਰੂਪ ਧਾਰ ਗਿਆ।ਬਰਾੜਾਂ ਦੇ ਇਹਨਾਂ ਘਰਾਂ ਤੋਂ ਕੁਝ ਦੂਰੀ ਤੇ ਇਕ ਔਰਤ ਕਲਾਕਾਰ (ਪੁਰਾਣੇ ਜ਼ਮਾਨੇ ਵਿੱਚ ਕੰਜਰੀ ਦੇ ਨਾਂ ਨਾਲ਼ ਬੁਲਾਇਆ ਜਾਂਦਾ ਸੀ) ਨੇ ਵੀ ਆਪਣਾ ਕੋਠੜਾ ਆ ਪਾਇਆ।ਕਿੱਤੇ ਵਜੋਂ ਉਹ ਨਾਚ ਗਾਣਾ ਕਰ ਕੇ ਗੁਜ਼ਾਰਾ ਕਰਦੀ ਸੀ।ਕਦੀ-ਕਦੀ ਸ਼ਿਕਾਰ ਤੇ ਆਇਆ ਰਾਜਾ ਵੀ ਉਸ ਦੀ ਕਲਾ ਦਾ ਆਨੰਦ ਮਾਣਦਾ।

ਇਸ ਕਾਰਨ ਉਹ ਪੂਰੇ ਇਲਾਕੇ ਵਿੱਚ ਪ੍ਰਚੱਲਿਤ ਹੋ ਗਈ।ਦੂਰ-ਦੂਰ ਤੋਂ ਲੋਕ ਉਸਦੀ ਕਲਾ ਦਾ ਆਨੰਦ ਮਾਨਣ ਲਈ ਆਉਂਦੇ ਸਨ।ਮਹਾਰਾਜੇ ਫਰੀਦਕੋਟੀਏ ਨੇ ਉਸਦੀ ਕਲਾ ਤੋਂ ਖੁਸ਼ ਹੋ ਕੇ ਇਸ ਪਿੰਡ ਨੂੰ ਉਸ ਔਰਤ ਦੇ ਹਵਾਲੇ ਕਰਕੇ ਪਿੱਤਲ ਦਾ ਪਟਾ ਕਰ ਦਿੱਤਾ (ਉਸ ਸਮੇਂ ਕਾਗਜ਼ ਆਮ ਨਹੀਂ ਸਨ)।ਇਹ ਉਸ ਦੀ ਆਮਦਨ ਦਾ ਸਾਧਨ ਬਣ ਗਿਆ ਤੇ ਉਹ ਔਰਤ ਪਿੰਡ ਦੀ ਮਾਲਕਣ ਬਣ ਗਈ।ਪਿੰਡ ਵਾਸੀ ਦੱਸਦੇ ਹਨ ਕਿ ਨਾਲ ਦੇ ਪਿੰਡ ਮੌੜ ਵਿੱਚੋਂ ਜਾਨੀ ਕੀ ਪੱਤੀ ਦੇ ਕੁਝ ਮਾਨਾਂ ਦੇ ਪਰਿਵਾਰ ਵੀ ਇਸ ਪਿੰਡ ਦੇ ਵਸਨੀਕ ਹੋ ਗਏ ਤੇ ਉਹਨਾਂ ਨੇ ਆਪਣੇ ਘਰ ਇੱਥੇ ਬਣਾ ਲਏ।ਪਰ ਕੁਝ ਲੋਕ ਜੋ ਉਸ ਕਲਾਕਾਰ ਔਰਤ ਨਾਲ ਆਪਣੇ ਆਪ ਨੂੰ ਬਦਨਾਮ ਹੁੰਦੇ ਸਮਝਣ ਲੱਗੇ ਤਾਂ ਉਹਨਾਂ ਨੇ ਮਿਲ਼ ਕੇ ਇਸ ਪਿੰਡ ਦੀ ਕੀਮਤ ਉਸ ਔਰਤ ਨੂੰ ਦੇ ਕੇ ਉਸ ਤੋਂ ਪਟਾ ਆਪਣੇ ਨਾਮ ਕਰਵਾ ਲਿਆ।ਰਾਜੇ ਨੂੰ ਵੀ ਕੁਝ ਰਾਸ਼ੀ ਦਿੱਤੀ ਗਈ।ਉਸ ਔਰਤ ਨੂੰ ਪਿੰਡ ਵਿੱਚੋਂ ਤੋਰ ਦਿੱਤਾ ਗਿਆ।ਇਸ ਤੋਂ ਬਾਅਦ ਮਾਨਾਂ ਤੇ ਬਰਾੜਾਂ ਨੇ ਕਬਜ਼ਾ ਕਰ ਲਿਆ।ਇਲਾਕਾ ਬਰਾਨੀ ਤੇ ਸੰਘਣੇ ਜੰਗਲਾਂ ਵਾਲਾ ਸੀ।ਇਸ ਨੂੰ ਵਾਹੀਯੋਗ ਬਣਾਉਣ ਲਈ ਅੰਗਰੇਜ਼ ਸਰਕਾਰ ਨੇ 1849 ਵਿੱਚ ਨਹਿਰੀ ਪਾਣੀ ਲਿਆਉਣ ਲਈ ਸੂਏ ਦਾ ਨਿਰਮਾਣ ਕੀਤਾ।ਸੂਆ ਬਣਨ ਨਾਲ ਜ਼ਮੀਨ ਵਾਹੀਯੋਗ ਹੋ ਗਈ।ਸਮੇਂ ਦੇ ਬੀਤਣ ਨਾਲ ਪਿੰਡ ਵਿੱਚ ਜੱਟ ਸਿੱਖ,ਮਜ਼੍ਹਬੀ ਸਿੱਖ,ਮਹਾਜਨ,ਮੁਸਲਮਾਨ,ਰਵੀਦਾਸੀਏ ਸਿੱਖ ਤੇ ਕਈ ਹੋਰ ਜਾਤਾਂ ਤੇ ਮਜ਼ਹਬਾਂ ਦੇ ਲੋਕ ਆ ਕੇ ਵਸੇ।ਬੇਸ਼ੱਕ ਉਸ ਸਮੇਂ ਪੰਜਾਬ ਅੰਦਰ ਅੰਗਰੇਜ਼ਾਂ ਦਾ ਰਾਜ ਸੀ ਪਰ ਇਸ ਪਿੰਡ ਉੱਪਰ ਫਰੀਦਕੋਟ ਰਿਆਸਤ ਦਾ ਹੀ ਰਾਜ ਰਿਹਾ।ਬਦਕਿਸਮਤੀ ਨਾਲ 1947 ਦੀ ਵੰਡ ਨੇ ਕਾਲੇ ਦਿਨਾਂ ਨੇ ਦਸਤਕ ਦਿੱਤੀ।

100 ਘਰਾਂ ‘ਚੋਂ 60 ਘਰ ਮੁਸਲਮਾਨਾਂ ਦੇ ਰੋਂਦੇ-ਕੁਰਲਾਉਂਦੇ ਰਾਜੇ ਫਰੀਦਕੋਟੀਏ ਦੀ ਪੁਲਿਸ ਦੀ ਰਹਿਨੁਮਾਈ ਹੇਠ ਇਸ ਰਿਆਸਤ ਦੇ ਰਸਤਿਓਂ ਤਾਂ ਸਹੀ-ਸਲਾਮਤ ਲੰਘ ਗਏ ਪਰ ਅੰਗਰੇਜ਼ ਹਕੂਮਤ ਦੀ ਹਦੂਦ (ਸਰਾਏ ਨਾਗਾ)ਕੋਲ ਦੰਗਈਆਂ ਦੇ ਕਹਿਰ ਦਾ ਸ਼ਿਕਾਰ ਹੋ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।ਕੁਝ ਗੁਆਂਢੀ ਦੇਸ ਵਿੱਚ ਚਲੇ ਗਏ ਤੇ ਕੁਝ ਓਧਰੋਂ ਏਧਰ ਆ ਕੇ ਵਸ ਗਏ।ਸਮੇਂ ਨੇ ਇਸ ਪਿੰਡ ਵਿੱਚੋਂ ਮੁਸਲਮਾਨ ਬਰਾਦਰੀ ਨੂੰ ਖਤਮ ਕਰ ਦਿੱਤਾ।ਪਰ ਉਹਨਾਂ ਦੇ ਪੀਰ ਦਾ ਸਥਾਨ ਅੱਜ ਵੀ ਪਿੰਡ ਵਿੱਚ ਮੌਜੂਦ ਹੈ।ਆਮ ਪਿੰਡਾਂ ਵਾਂਗ ਇਸ ਪਿੰਡ ਵਿੱਚ ਪੱਤੀਆਂ ਨਹੀਂ ਹਨ ਪਰ ਫਿਰ ਵੀ ਝੰਡੇ ਕੇ,ਕੱਲੇ ਕੇ,ਖੋਖਰ,ਖਜ਼ਾਨੇ ਕੇ ਤੇ ਕਾਹਨੇ ਕੇ ਆਦਿ ਨਾਵਾਂ ਨਾਲ ਕੁਝ ਪਰਿਵਾਰਾਂ ਨੂੰ ਜਾਣਿਆਂ ਜਾਂਦਾ ਹੈ।1945 ਵਿੱਚ ਰਾਜੇ ਫਰੀਦਕੋਟੀਏ ਨੇ ਇਕ ਛੋਟੀ ਜਿਹੀ ਧਰਮਸ਼ਾਲਾ ਵਿੱਚ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ ਸੀ ਜੋ ਹੁਣ ਮਿਡਲ ਬਣ ਚੁੱਕਾ ਹੈ ਤੇ ਵਧੀਆ ਇਮਾਰਤ ਵਿੱਚ ਚੱਲ ਰਿਹਾ ਹੈ।ਪੁਰਾਣੇ ਸਮੇਂ ਵਿੱਚ ਛੱਪੜ ਦੇ ਕਿਨਾਰੇ ਇਕ ਫਕੀਰ ਦਾ ਮੱਟ ਹੁੰਦਾ ਸੀ ਜਿਸ ਵਿੱਚ ਬੈਠ ਕੇ ਸੰਤ ਫਕੀਰ ਬਾਬਾ ਇੰਦਰ ਦਾਸ ਜੀ ਇਬਾਦਤ ਕਰਿਆ ਕਰਦੇ ਸਨ।ਅੱਜਕੱਲ੍ਹ ਉਸ ਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।ਇਕ ਹੋਰ ਗੁਰਦੁਆਰਾ ‘ਮੰਜੀ ਸਾਹਿਬ’ ਵੀ ਸੁਸ਼ੋਭਿਤ ਹੈ ਜਿਸਦਾ ਨਿਰਮਾਣ ਬਾਬਾ ਕੁਲਦੀਪ ਸਿੰਘ ਬਰਾੜ ਨੇ ਕਰਵਾਇਆ ਸੀ।ਇਸ ਦੇ ਨਾਲ ਹੀ ਬਾਬਾ ਵਡਭਾਗ ਸਿੰਘ ਦਾ ਸਥਾਨ ਵੀ ਮੌਜੂਦ ਹੈ।
[ਪਹਿਲੇ ਸਮੇਂ ਵਿੱਚ ਮੁਹੱਲੇ ਜਾਂ ਬਸਤੀ ਲਈ ਗਵਾੜ ਜਾਂ ਅਗਵਾੜ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਸੀ ]

ਦੇਸ਼ ਦੇ ਬਾਰਡਰਾਂ ਦੀ ਰਾਖੀ ਕਰਨ ਵਾਲੇ ਸ਼ਮਸ਼ੇਰ ਸਿੰਘ ਮੇਲੀ ਸਾਬਕਾ ਫੌਜੀ,ਜਰਨੈਲ ਸਿੰਘ ਸੂਬੇਦਾਰ ਮੇਜਰ (ਰਿਟਾ.),ਜਰਨੈਲ ਸਿੰਘ ਮਾਨ,ਸਵ.ਚਰਨਜੀਤ ਸਿੰਘ,ਰਣਜੀਤ ਸਿੰਘ,ਭੋਲਾ ਸਿੰਘ,ਸਵਰਨ ਸਿੰਘ,ਗਗਨਦੀਪ ਸਿੰਘ,ਜੀਤ ਸਿੰਘ,ਨੈਬ ਸਿੰਘ ਸਾਬਕਾ ਫੌਜੀ,ਪ੍ਰੀਤਮ ਸਿੰਘ ਸਾਬਕਾ ਫੌਜੀ,ਜਗਮੇਲ ਸਿੰਘ ਸਾਬਕਾ ਫੌਜੀ,ਸਵ. ਪੂਰਨ ਸਿੰਘ,ਸਵ.ਗੱਜਣ ਸਿੰਘ ਆਦਿ ਜਵਾਨਾਂ ਦੀ ਦੇਣ ਤੇ ਪਿੰਡ ਵਾਸੀ ਫਖਰ ਮਹਿਸੂਸ ਕਰਦੇ ਹਨ।

ਪਰਮਜੀਤ ਕੌਰ ਸਰਾਂ
ਕੋਟਕਪੂਰਾ
89688 92929

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: