Sun. Sep 15th, 2019

ਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ

ਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ

ਉਜਾਗਰ ਸਿੰਘ

ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਕਈ ਲਾਜਵਾਬ ਸਵਾਲ ਖੜੇ ਕਰ ਗਈ। ਇਸ ਘਟਨਾ ਤੋਂ ਸਬਕ ਸਿੱਖਣ ਦੀ ਥਾਂ ਅਸੀਂ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਏ ਹਾਂ। ਗ਼ਲਤੀਆਂ ਤੇ ਗ਼ਲਤੀਆਂ ਕਰੀ ਜਾਂਦੇ ਹਾਂ ਪੰਤੂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਮਸਲਾ ਬੜਾ ਸੰਜੀਦਾ ਹੈ। ਆਪੋ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕਿਤੇ ਕੋਤਾਹੀ ਤਾਂ ਨਹੀਂ ਵਰਤ ਰਹੇ? ਇਸ ਘਟਨਾ ਨੂੰ ਕੁਦਰਤੀ ਆਫ਼ਤ ਨਹੀਂ ਕਿਹਾ ਜਾ ਸਕਦਾ। ਇਹ ਤਾਂ ਇਨਸਾਨੀ ਗ਼ਲਤੀ ਦਾ ਸਿੱਟਾ ਹੈ। ਸਰਕਾਰਾਂ ਅਤੇ ਫ਼ੌਜ ਕੋਲ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਯੋਗ ਪਣਾਲੀ ਹੁੰਦੀ ਹੈ। ਵੋਰਵੈਲ ਦੀਆਂ ਦੇਸ਼ ਵਿਚ ਕਈ ਘਟਨਾਵਾਂ ਹੋਈਆਂ ਹਨ। ਸਰਕਾਰ ਇਨਾਂ ਵੋਰਵੈਲਾਂ ਨੂੰ ਭਰਨ ਜਾਂ ਬੰਦ ਕਰਨ ਦੀਆਂ ਹਦਾਇਤਾਂ ਸਮੇਂ ਸਮੇਂ ਦਿੰਦੀ ਰਹਿੰਦੀ ਹੈ। ਲੋਕ ਫਿਰ ਵੀ ਬੇਪਵਾਹ ਰਹਿੰਦੇ ਹਨ। ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਥੋੜੇ ਦਿਨ ਕਾਰਵਾਈ ਹੁੰਦੀ ਹੈ। ਫੇਰ ਭੁੱਲ ਭੁੱਲਾ ਜਾਂਦੇ ਹਨ। ਫਤਿਹਵੀਰ ਸਿੰਘ ਦੀ ਦੁੱਖਦਾਈ ਦਿਲ ਨੂੰ ਵਲੂੰਧਰਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਹੀ ਨਹੀਂ ਸਗੋਂ ਸਮੁਚੇ ਸੰਸਾਰ ਵਿਚ ਵਸ ਰਹੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੀਆਂ ਅੱਖਾਂ ਵਿਚੋਂ ਅਥਰੂ ਆਪ ਮੁਹਾਰੇ ਵਹਿ ਤੁਰੇ। ਸੁਹਿਰਦ ਇਨਸਾਨ ਅਤੇ ਹਰ ਮਾਂ ਪਿਓ ਦਾ ਦਿਲ ਧਾਹਾਂ ਮਾਰ ਕੇ ਰੋ ਰਿਹਾ ਹੈ। ਫਤਿਹਵੀਰ ਸਿੰਘ ਸਿਰਫ ਭਗਵਾਨਪੁਰੇ ਦੇ ਰੋਹੀ ਸਿੰਘ ਦੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁਚੀ ਇਨਸਾਨੀਅਤ ਦਾ ਆਪਣਾ ਬੱਚਾ ਬਣਕੇ ਦਿਲਾਂ ਨੂੰ ਗਹਿਰਾ ਸਦਮਾ ਪਹੁੰਚਾ ਗਿਆ ਹੈ। 6 ਜੂਨ ਤੋਂ 11 ਜੂਨ ਸਵੇਰ ਤੱਕ ਸਮੁੱਚੀ ਇਨਸਾਨੀਅਤ ਦੀਆਂ ਨਿਗਾਹਾਂ ਫਤਿਹਵੀਰ ਨਾਲ ਭਾਵਨਾਤਮਕ ਤੌਰ ਤੇ ਜੁੜ ਗਈਆਂ ਸਨ।
ਉਸ ਨਾਲ ਅਪਣੱਤ ਹੋ ਗਈ ਸੀ। ਸਮੁਚਾ ਪੰਜਾਬੀ ਜਗਤ ਫਤਿਹਵੀਰ ਦੇ ਪਰਿਵਾਰ ਨਾਲ ਜੁੜ ਚੁੱਕਿਆ ਸੀ। ਹਰ ਵਕਤ ਸੁੱਖ ਦਾ ਸੁਨੇਹਾ ਆਉਣ ਦੀ ਉਮੀਦ ਵਿਚ ਸ਼ੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਵਲ ਨਿਗਾਹਾਂ ਟਿਕਾਈਆਂ ਹੋਈਆਂ ਸਨ। ਇਉਂ ਮਹਿਸੂਸ ਹੋ ਰਿਹਾ ਸੀ ਕਿ ਫਤਿਹਵੀਰ ਹਰ ਪੰਜਾਬੀ ਦੇ ਪਰਿਵਾਰ ਦਾ ਮੈਂਬਰ ਹੋਵੇ। ਬਚਾਓ ਅਪੇਸ਼ਨ ਦੀ ਹਰ ਕਾਰਵਾਈ ਵਿਚ ਉਤਸੁਕਤਾ ਬਣ ਗਈ ਸੀ। ਰਾਤਾਂ ਨੂੰ ਝਾਗ ਕੇ ਇਸ ਬਚਾਓ ਅਪੇਸ਼ਨ ਦੀ ਕਾਰਵਾਈ ਵੇਖੀ ਜਾ ਰਹੀ ਸੀ। ਕੁਝ ਲੋਕ ਮੌਕੇ ਤੇ ਵੀ ਹਾਜ਼ਰ ਰਹਿੰਦੇ ਸਨ। ਸਵੈਸੇਵੀ ਸੰਸਥਾਵਾਂ ਵੀ ਮਦਦ ਲਈ ਆ ਗਈਆਂ ਸਨ। 6 ਜੂਨ 2019 ਸ਼ਾਮ ਨੂੰ ਫਤਿਹਵੀਰ ਮਾਂ ਬਾਪ ਦੇ ਸਾਹਮਣੇ ਹੀ ਘਰ ਦੇ ਬਾਹਰ ਉਨਾਂ ਦੇ ਆਪਣੇ ਵੋਰਵੈਲ ਵਿਚ ਪਲਾਂ ਵਿਚ ਹੀ ਹਸਦਾ ਖੇਡਦਾ ਚਹਿਕਦਾ ਮਹਿਕਦਾ ਅਣਜਾਣਪੁਣੇ ਵਿਚ ਹੀ ਜਿਵੇਂ ਹੱਥਾਂ ਵਿਚੋਂ ਰੇਤ ਕਿਰ ਜਾਂਦੀ ਹੈ ਉਸੇ ਤਰਾਂ ਕਿਰ ਗਿਆ। ਉਸਦੀ ਬੇਨਸੀਬ ਮਾਂ ਵੇਖਦੀ ਹੀ ਰਹਿ ਗਈ, ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਗਿਆ। ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਕਿਸੇ ਨੇ ਜਿਲਾ ਪਬੰਧ ਸੰਗਰੂਰ ਨੂੰ ਜਾਣਕਾਰੀ ਦਿੱਤੀ। ਜਿਲਾ ਪਬੰਧ ਨੇ ਉਸੇ ਵਕਤ ਕੇਂਦਰ ਸਰਕਾਰ ਦੀ ਐਨ.ਡੀ.ਆਰ.ਐਫ.ਜੋ ਬਠਿੰਡਾ ਵਿਖੇ ਸਥਿਤ ਹੈ, ਨੂੰ ਸੂਚਨਾ ਦਿੱਤੀ ਗਈ ਜੋ ਅਜਿਹੇ ਕਸਾਂ ਦੀ ਮਾਹਰ ਹੁੰਦੀ ਹੈ। 6 ਦਿਨ ਲਗਾਤਾਰ ਇਹੋ ਆਸ ਬੱਝੀ ਰਹੀ ਕਿ ਫਤਿਹਵੀਰ ਜਿਉਂਦਾ ਬਾਹਰ ਆ ਜਾਵੇਗਾ। ਜਦੋਂ 11 ਜੂਨ ਨੂੰ ਬੱਚਾ ਬਾਹਰ ਕੱਢਿਆ ਗਿਆ ਤਾਂ ਪੀ.ਜੀ.ਆਈ. ਵਿਚ ਲਿਜਾਇਆ ਗਿਆ, ਜਿਥੇ ਉਸਨੂੰ ਮਿਤਕ ਐਲਾਨਿਆਂ ਗਿਆ। ਇਸ ਤੋਂ ਬਾਅਦ ਸਮੁੱਚੇ ਪੰਜਾਬ ਅਤੇ ਵਿਦੇਸ਼ਾਂ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ। ਸਰਕਾਰ ਅਤੇ ਐਨ.ਡੀ.ਆਰ.ਐਫ਼.ਤੇ ਇਸ ਅਪੇਸ਼ਨ ਵਿਚ ਅਣਗਹਿਲੀ ਵਰਤਣ ਦੇ ਦੋਸ਼ ਲੱਗਣ ਲੱਗੇ। ਸ਼ੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਚੈਨਲਾਂ ਨੇ ਤਾਂ ਸਰਕਾਰ ਨੂੰ ਕਾਤਲ ਤੱਕ ਕਹਿ ਦਿੱਤਾ। ਲੋਕਾਂ ਦਾ ਗੁੱਸਾ ਅਤੇ ਰੋਸ ਜਾਇਜ ਲੱਗਦਾ ਸੀ ਕਿਉਂਕਿ ਇਕ ਮਾਸੂਮ ਦਾ ਇਸ ਤਰਾਂ ਚਲੇ ਜਾਣਾ ਇਨਸਾਨੀਅਤ ਲਈ ਅਸਹਿ ਸਦਮਾ ਸੀ।
ਪੰਤੂ ਭਾਵਕ ਹੋਏ ਲੋਕਾਂ ਨੇ ਸਰਕਾਰੀ ਪੱਖ ਸੁਣੇ ਬਿਨਾ ਹੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ। ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? :ਲੋਕਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਘਟਨਾ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਜਦੋਂ ਕੋਈ ਵੀ ਅਜਿਹਾ ਅਪੇਸ਼ਨ ਹੁੰਦਾ ਹੈ ਤਾਂ ਅਪੇਸ਼ਨ ਕਰਨ ਵਾਲੇ ਹਮੇਸ਼ਾ ਸਫਲਤਾ ਪਾਪਤ ਕਰਨ ਲਈ ਹੀ ਕੰਮ ਕਰਦੇ ਹਨ। ਕਈ ਵਾਰ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ ਕਿ ਸਫਲਤਾ ਨਹੀਂ ਮਿਲਦੀ। ਇਸਦਾ ਅਰਥ ਇਹ ਨਹੀਂ ਹੁੰਦਾ ਕਿ ਅਪੇਸ਼ਨ ਕਰਨ ਵਾਲਿਆਂ ਦੀ ਇੱਛਾ ਠੀਕ ਨਹੀਂ ਸੀ। ਡਿਪਟੀ ਕਮਿਸ਼ਨਰ ਸੰਗਰੂਰ ਦੀ ਜੇ ਸੁਣੀਏ ਤਾਂ ਇਉਂ ਲੱਗਦਾ ਹੈ ਕਿ ਉਨਾਂ ਅਤੇ ਐਨ.ਡੀ.ਆਰ.ਐਫ ਨੇ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ। ਡਿਪਟੀ ਕਮਿਸ਼ਨ ਦੀ ਟੀ.ਵੀ.ਟਾਕ ਅਨੁਸਾਰ ਸੂਚਨਾ ਮਿਲਦੇ ਸਾਰ ਹੀ ਉਸੇ ਵਕਤ ਪਟਿਆਲਾ ਅਤੇ ਚੰਡੀਮੰਦਰ ਸਥਿਤ ਫ਼ੌਜ ਤੋਂ ਸਹਾਇਤਾ ਮੰਗੀ ਗਈ। ਐਨ.ਡੀ.ਆਰ.ਐਫ਼.ਦੀ ਟੀਮ ਲਗਪਗ 8.30 ਤੇ ਭਗਵਾਨਪੁਰੇ ਪਹੁੰਚ ਗਈ। ਬੱਚਾ 125 ਫੁੱਟ ਤੇ ਜਾ ਕੇ ਪਾਈਪ ਵਿਚ ਫਸ ਗਿਆ ਸੀ। ਫ਼ੌਜ ਵੀ ਪਹੁੰਚ ਗਈ ਪੰਤੂ ਫ਼ੌਜ ਨੇ ਕਿਹਾ ਕਿ ਅਜਿਹੇ ਅਪੇਸ਼ਨ ਲਈ ਉਨਾਂ ਕੋਲ ਕੋਈ ਪਬੰਧ ਨਹੀਂ।
ਐਨ.ਡੀ.ਆਰ.ਐਫ.ਨੇ ਅਪੇਸ਼ਨ ਸ਼ੁਰੂ ਕਰ ਦਿੱਤਾ ਅਤੇ 7 ਜੂਨ ਨੂੰ ਸਵੇਰੇ 4.00 ਵਜੇ ਵੋਰਵੈਲ ਰਾਹੀਂ ਬੱਚੇ ਦੇ ਹੱਥਾਂ ਨੂੰ ਕਲੰਪ ਪਾ ਕੇ ਖਿਚਣ ਦੀ ਕੋਸ਼ਿਸ਼ ਕੀਤੀ। ਬੋਰ 9 ਇੰਚੀ ਹੋਣ ਕਰਕੇ ਬੱਚਾ ਬੁਰੀ ਤਰਾਂ ਫਸਿਆ ਹੋਇਆ ਸੀ। ਜੇਕਰ ਜ਼ਬਰਦਸਦੀ ਬੱਚੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਸੀ। ਇਸ ਕਰਕੇ ਫ਼ੈਸਲਾ ਕੀਤਾ ਗਿਆ ਕਿ ਵੋਰਵੈਲ ਦੇ ਨੇੜੇ ਖੂਹ ਪੁੱਟਕੇ ਬੱਚੇ ਨੂੰ ਬਾਹਰ ਕੱਢਿਆ ਜਾਵੇ। ਜੇ.ਸੀ.ਬੀ.ਮਸ਼ੀਨਾ ਨਾਲ ਮਿੱਟੀ ਪੁੱਟਕੇ ਰੈਂਪ ਬਣਾਇਆ ਗਿਆ। ਇਹ ਸਾਰੀ ਕਾਰਵਾਈ ਤੇ ਫ਼ੈਸਲੇ ਐਨ.ਡੀ.ਆਰ.ਐਫ਼.ਕਰਦੀ ਸੀ। ਜਿਲਾ ਪਬੰਧ ਅਤੇ ਫ਼ੌਜ ਸਹਾਇਤਾ ਕਰਦੀ ਸੀ। ਖੂਹ ਪੁੱਟਣ ਲਈ ਹੱਥਾਂ ਨਾਲ ਮਿੱਟੀ ਬਾਹਰ ਕੱਢਣ ਤੇ ਦੇਰੀ ਲਗਦੀ ਸੀ ਫਿਰ ਮਸ਼ੀਨਾਂ ਨਾਲ ਮਿੱਟੀ ਕੱਢਣ ਦਾ ਪਬੰਧ ਕਰਨ ਲਈ ਗੱਲਬਾਤ ਕੀਤੀ ਗਈ ਪੰਤੂ ਮਸ਼ੀਨ ਚਲਾਉਣ ਲਈ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ ਜਿਸ ਨਾਲ ਵੋਰਵੈਲ ਹੋਰ ਨੀਚੇ ਜਾ ਸਕਦਾ ਸੀ ਤੇ ਬੱਚੇ ਲਈ ਖ਼ਤਰਾ ਹੋਰ ਵੱਧਣ ਦੀ ਸੰਭਾਵਨਾ ਸੀ। ਇਸ ਲਈ ਉਨਾਂ ਵੀ ਜਵਾਬ ਦੇ ਦਿੱਤਾ। ਫਿਰ ਜਿਲਾ ਪਬੰਧ ਕੋਲ ਹੋਰ ਕੋਈ ਬਦਲਵਾਂ ਪਬੰਧ ਨਹੀਂ ਸੀ। ਅਖ਼ੀਰ ਹੱਥਾਂ ਨਾਲ ਮਿਟੀ ਬਾਹਰ ਕੱਢਕੇ ਖੂਹ ਪੁੱਟਣ ਦਾ ਕੰਮ ਹੀ ਕਰਨਾ ਪਿਆ। ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀ ਸਹਾਇਤਾ ਦੀਆਂ ਤਜ਼ਵੀਜਾਂ ਲੈ ਕੇ ਆਏ। ਐਨ.ਡੀ.ਆਰ.ਐਫ਼.ਨਾਲ ਵਿਚਾਰ ਵਟਾਂਦਰਾ ਹੋਇਆ। ਪੰਤੂ ਐਨ.ਡੀ.ਆਰ.ਐਫ਼.ਉਨਾਂ ਨਾਲ ਸਹਿਮਤ ਨਹੀਂ ਹੋਈ ਕਿਉਂਕਿ ਇਕ ਜਾਨ ਬਚਾਉਂਦੇ ਹੋਰ ਜਾਨ ਜਾਣ ਦੇ ਡਰ ਤੋਂ ਅਜਿਹਾ ਨਹੀਂ ਕੀਤਾ ਗਿਆ। ਡਿਪਟੀ ਕਮਿਸ਼ਨਰ ਅਨੁਸਾਰ ਇਸ ਵਿਚ ਜਿਲਾ ਪਬੰਧ ਜਾਂ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂ। ਐਨ.ਡੀ.ਆਰ.ਐਫ਼.ਬਣੀ ਹੀ ਅਜਿਹੇ ਕੰਮਾ ਨੂੰ ਨੇਪਰੇ ਚਾੜਨ ਲਈ ਹੈ।
ਇਥੇ ਇਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਜੁਲਾਈ 2006 ਵਿਚ ਕੁਰਕਸ਼ੇਤਰ ਜਿਲੇ ਦੇ ਹਲਦਹੇੜੀ ਪਿੰਡ ਦਾ ਪਿੰਸ ਜਿਸ ਵੋਰਵੈਲ ਵਿਚ ਡਿਗਿਆ ਸੀ, ਉਹ 12 ਇੰਚ ਖੁਲਾ ਅਤੇ ਸਿਰਫ 40 ਫੁੱਟ ਡੂੰਘਾ ਗਿਆ ਸੀ। ਇਸ ਕਰਕੇ ਉਹਨੂੰ ਬਾਹਰ ਕੱਢ ਲਿਆ ਸੀ। ਇਹ ਵੋਰਵੈਲ 9 ਇੰਚ ਅਤੇ ਨੀਚੇ ਬੱਚਾ 125 ਫੁੱਟ ਤੇ ਜਾ ਕੇ ਫਸ ਗਿਆ ਸੀ। ਡਿਪਟੀ ਕਮਿਸ਼ਨਰ ਅਨੁਸਾਰ ਇਸੇ ਵੋਰਵੈਲ ਰਾਹੀਂ ਕੱਢਣ ਦੀ ਕੋਸ਼ਿਸ਼ ਹਮੇਸ਼ਾ ਹੁੰਦੀ ਰਹੀ ਹੈ। ਖੂਹ ਪੁੱਟਕੇ ਕੱਢਣ ਦਾ ਤਾਂ ਬਦਲਵਾਂ ਪਬੰਧ ਸੀ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਿਤਕ ਬੱਚੇ ਨੂੰ ਚੰਡੀਗੜ ਪੀ.ਜੀ.ਆਈ.ਨਹੀਂ ਲਿਜਾਣਾ ਚਾਹੀਦਾ ਸੀ। ਜੇਕਰ ਸੰਗਰੂਰ ਪੋਸਟ ਮਾਰਟਮ ਕਰਵਾਇਆ ਜਾਂਦਾ ਤਾਂ ਲੋਕਾਂ ਨੇ ਸਰਕਾਰ ਤੇ ਦੋਸ਼ ਲਗਾਉਣੇ ਸਨ। ਚੰਡੀਗੜ ਕੇਂਦਰ ਸ਼ਾਸ਼ਤ ਪਦੇਸ਼ ਹੈ ਅਤੇ ਪੀ.ਜੀ.ਆਈ.ਵਿਚ ਫੋਰੈਂਸਕ ਮਾਹਰ ਡਾਕਟਰ ਹਨ ਜਿਹੜੇ ਮੌਤ ਦਾ ਕਾਰਨ ਅਤੇ ਕਦੋਂ ਹੋਈ ਦੱਸ ਸਕਦੇ ਹਨ। ਉਨਾਂ ਦੀ ਅਥਾਰਟੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਪੀ.ਜੀ.ਆਈ.ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਫਤਿਹਵੀਰ ਸਿੰਘ ਤਿੰਨ ਚਾਰ ਦਿਨ ਪਹਿਲਾਂ ਅਰਥਾਤ ਸਨਿਚਰਵਾਰ ਨੂੰ ਹੀ ਦਮ ਤੋੜ ਗਿਆ ਸੀ। ਹੁਣ ਕਈ ਲੋਕ ਕਹਿ ਰਹੇ ਹਨ ਕਿ ਵੋਰਵੈਲ ਦੇ ਮਾਲਕ ਤੇ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਹੈ। ਧਰਨੇ ਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਗੁੱਸਾ ਤੇ ਰੋਸ ਤਾਂ ਹਰ ਪੰਜਾਬੀ ਨੂੰ ਹੈ ਪੰਤੂ ਜੋ ਹੋਣਾ ਵੀ ਚਾਹੀਦਾ ਕਿਉਂਕਿ ਵਿਆਹ ਤੋਂ 7 ਸਾਲਾਂ ਬਾਅਦ ਫਤਿਹਵੀਰ ਸਿੰਘ ਪੈਦਾ ਹੋਇਆ ਇਕਲੌਤਾ ਬੱਚਾ ਸੀ। ਸੜਕਾਂ ਰੋਕ ਕੇ ਧਰਨੇ ਤੇ ਹੜਤਾਲਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸਗੋਂ ਇਨਾਂ ਨਾਲ ਤਾਂ ਅਮਨ ਅਮਾਨ ਦੀ ਹਾਲਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਹਸਪਤਾਲਾਂ ਵਿਚ ਜਾਣ ਵਾਲੇ ਮਰੀਜਾਂ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਇਤਨਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਫਤਿਹਵੀਰ ਸਿੰਘ ਦਾ ਦਾਦਾ ਰੋਹੀ ਸਿੰਘ ਸ਼ੋਸ਼ਲ ਮੀਡੀਏ ਰਾਹੀਂ ਆਪਣੇ ਦਿਲ ਤੇ ਪੱਥਰ ਰੱਖਕੇ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਧਰਨੇ ਦੇ ਕੇ ਰਾਹ ਨਾ ਰੋਕੇ ਜਾਣ ਤਾਂ ਜੋ ਕਿਸੇ ਨੂੰ ਔਖਿਆਈ ਨਾ ਹੋਵੇ। ਪੰਤੂ ਲੋਕ ਰੋਸ ਦੇ ਪਗਟਾਵੇ ਲਈ ਭਾਵਨਾਵਾਂ ਵਿਚ ਵਹਿਕੇ ਧਰਨੇ ਤੇ ਹੜਤਾਲਾਂ ਕਰ ਰਹੇ ਹਨ। ਫਤਿਹਵੀਰ ਦੀ ਚਿਖਾ ਨੂੰ ਅਗਨੀ ਉਸਦੇ ਦਾਦਾ ਰੋਹੀ ਸਿੰਘ ਨੇ ਵਿਖਾਈ। ਵਾਹਿਗੁਰੂ ਦੇ ਰੰਗ ਵੇਖੋ ਜਿਸ ਫਤਿਹਵੀਰ ਨੇ ਰੋਹੀ ਸਿੰਘ ਦੀ ਚਿਖਾ ਨੂੰ ਅਗਨੀ ਵਿਖਾਉਣੀ ਸੀ, ਉਸਦੀ ਚਿਖਾ ਨੂੰ ਦਾਦਾ ਨੇ ਅਗਨੀ ਵਿਖਾਈ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
94178 13072
ujagarsingh48@yahoo.com

Leave a Reply

Your email address will not be published. Required fields are marked *

%d bloggers like this: