Wed. Aug 21st, 2019

“ਫਤਿਹਵੀਰ” ਤੇਰਾ ਮੇਰਾ ਕੋਈ ਰਿਸ਼ਤਾ ਤਾਂ ਨਹੀਂ, ਪਰ ਪਤਾ ਨਹੀਂ ਕਿਉਂ ਮੰਨ ਬਹੁਤ ਉਦਾਸ ਹੈ ?

“ਫਤਿਹਵੀਰ” ਤੇਰਾ ਮੇਰਾ ਕੋਈ ਰਿਸ਼ਤਾ ਤਾਂ ਨਹੀਂ, ਪਰ ਪਤਾ ਨਹੀਂ ਕਿਉਂ ਮੰਨ ਬਹੁਤ ਉਦਾਸ ਹੈ ?

ਅੱਜ ਸਾਰਿਆਂ ਦਾ ਹਰਮਨ ਪਿਆਰਾ ਬਣ ਚੁੱਕਿਆ ਦੋ ਸਾਲਾਂ ਫ਼ਤਿਹਵੀਰ ਸਿੰਘ ਜਿੰਦਗੀ ਦੀ ਜੰਗ ਹਾਰਕੇ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਚੁੱਕਿਆ ਹੈ । ਅੱਜ 11 ਜੂਨ ਤੜਕਸਾਰ ਹੀ ਜਦੋ ਫਤਿਹ ਦੀ ਖਬਰ ਦਾ ਪਤਾ ਲੱਗਾ ਤਾਂ ਮੰਨ ਬਹੁਤ ਉਦਾਸ ਹੋ ਗਿਆ । ਦਿਲ ਦੀਆਂ ਗਹਿਰਾਈਆਂ ਵਿਚੋਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਰਾਜਨੀਤਿਕ ਆਗੂਆਂ ਲਈ ਲੱਖ ਲਾਹਨਤਾਂ ਨਿਕਲ ਰਹੀਆਂ ਸਨ । ਕੋਈ ਵੀ ਕੰਮ ਕਰਨ ਤੇ ਮੰਨ ਨਹੀਂ ਕਰ ਰਿਹਾ ਸੀ ਅਜੇ ਕਿ ਉਸ ਮਾਸੂਮ ਨਾਲ ਮੇਰਾ ਕੋਈ ਰਿਸ਼ਤਾ ਨਾਤਾ ਨਹੀਂ ਪਰ ਅੱਜ ਇਨਸਾਨੀਅਤ ਅਤੇ ਮਾਸੂਮੀਅਤ ਨੂੰ ਸ਼ਰ੍ਹੇਆਮ ਹਜਾਰਾਂ ਲੋਕਾਂ ਵਿੱਚ ਫਾਂਸੀ ਦੀ ਸੂਲੀ ਤੇ ਲਟਕਾਕੇ ਬਾਹਰ ਕੱਢਿਆ ਗਿਆ ਸੀ । ਓਏ ਲੱਖ ਲਾਹਨਤ ਤੁਹਾਡੇ 6 ਦਿਨਾਂ ਨੂੰ ਜੋ ਤੁਹਾਡੇ ਵਲੋਂ 100 ਫੁੱਟ ਡੂੰਘਾ ਬੋਰ ਕਰਕੇ ਵੀ ਫਤਿਹ ਨੂੰ ਸਹੀ ਸਲਾਮਤ ਬਾਹਰ ਨਹੀਂ ਕੱਢਿਆ ਗਿਆ ਅਤੇ ਅਖੀਰ 100 ਸਾਲ ਪੁਰਾਣਾ ਦੇਸੀ ਜੁਗਾੜ ਵਰਤਕੇ ਉਸਦੇ ਸਰੀਰ ਨੂੰ ਲੋਹੇ ਦੀ ਕੁੰਡੀ ਨਾਲ ਬਾਹਰ ਕੱਢਿਆ ਗਿਆ । ਪਤਾ ਨਹੀਂ ਕਿਉਂ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹਨ ਕਿ ਕਿੰਨੀਆਂ ਕੁ ਲਾਹਨਤਾਂ ਮੈਂ ਪਾ ਸਕਾ ।

ਅਕਾਲਪੁਰਖ ਦੇ ਚਰਨਾਂ ਚ ਬੈਠੇ ਮੇਰੇ ਪਿਆਰੇ ਫ਼ਤਿਹਵੀਰ ਪੁੱਤਰ ਅੱਜ ਤੈਨੂੰ ਜਨਮ ਦੇਣ ਵਾਲੇ ਮਾਂ ਬਾਪ ਨਹੀਂ , ਬਲਕਿ ਇਨਸਾਨੀਅਤ ਪਸੰਦ ਹਰ ਇਕ ਇਨਸਾਨ ਦੁਖੀ ਅਤੇ ਸ਼ਰਮਸਾਰ ਹੈ । ਫਤਿਹ ਬਹੁਤ ਦਰਦ ਹੋਇਆ ਹੋਣਾ ਤੈਨੂੰ, 3 ਦਿਨ 3 ਰਾਤਾਂ ਤਾਂ ਤੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੱਢ ਲਈਆਂ ਪਰ ਮੇਰੇ ਪਿਆਰੇ ਪੁੱਤਰ ਸਾਡੀ ਨਿਕੰਮੀ ਸਰਕਾਰ ਤੈਨੂੰ ਸਹੀ ਸਲਾਮਤ ਬਾਹਰ ਨਾ ਕੱਢ ਸਕੀ ।
ਜਿਵੇਂ ਕਿ ਰੋਜਾਨਾ ਸ਼ੋਸ਼ਲ ਮੀਡੀਆ ਤੇ ਸਵੇਰੇ ਗੁੱਡ ਮਾਰਨਿੰਗ ਦੇ ਮੈਸਜ ਆਉਂਦੇ ਹਨ ਪਰ ਅੱਜ ਕਿਸੇ ਵੀ ਦੋਸਤ ਜਾਂ ਅਫ਼ਸਰ ਨੂੰ ਗੁੱਡ ਮਾਰਨਿੰਗ ਕਹਿਣ ਦੀ ਹਿੰਮਤ ਨਾ ਪਈ । ਅੱਜ ਹੀ 11 ਜੂਨ ਨੂੰ ਮੇਰੇ ਪਿਆਰੇ ਦੋਸਤ ਦਾ ਜਨਮ ਦਿਨ ਹੈ ਪਰ ਉਸਨੂੰ ਵੀ ਵਧਾਈ ਦੇਣ ਦੀ ਹਿੰਮਤ ਨਹੀਂ ਪਈ । ਪਤਾ ਨਹੀਂ ਕਿਉਂ ਫਤਿਹ ਪੁੱਤਰ ਤੇਰਾ ਮੇਰਾ ਰਿਸ਼ਤਾ ਤਾਂ ਕੋਈ ਨਹੀਂ ਸੀ ਪਰ ਤੇਰੀ ਵਿਦਾਇਗੀ ਨੇ ਅੱਜ ਸਾਰਾ ਦਿਨ ਮਾਯੂਸ ਹੀ ਰੱਖਿਆ ਅਤੇ ਸਰਕਾਰਾਂ ਨੂੰ ਲਾਹਨਤਾਂ ਹੀ ਪਾਉਂਦਾ ਰਿਹਾ ਹਾਂ । ਵਪਾਰਿਕ ਤੋਰ ਤੇ ਮੇਰਾ ਅੱਜ ਟੂਰ ਵੀ ਸੀ ਪਰ ਨਹੀਂ, ਉਥੇ ਵੀ ਨਹੀਂ ਜਾਇਆ ਗਿਆ । ਸੈਂਕੜੇ ਬੰਦੇ ਮਿਲੇ ਹਰ ਕੋਈ ਤੇਰੀ ਹੀ ਗੱਲ ਕਰ ਰਿਹਾ ਸੀ ਅਤੇ ਸਰਕਾਰਾਂ ਨੂੰ ਲਾਹਨਤਾਂ ਪਾ ਰਿਹਾ ਸੀ । ਮੇਰੇ ਇਕ ਦੋਸਤ ਨੇ ਮੈਨੂੰ ਮੈਸਜ ਕਰਕੇ ਕਿਹਾ ਕਿ “ਪ੍ਰਧਾਨ ਜੀ” ਤੁਸੀ ਅੱਜ ਫ਼ਤਿਹਵੀਰ ਬਾਰੇ ਜਰੂਰ ਕੁਝ ਲਿਖੋ ਪਰ ਮੈਂ ਉਸ ਵੀਰ ਕੋਲੋ ਵੀ ਮੁਆਫੀ ਮੰਗਦਾ ਹਾਂ ਯਾਰ ਅੱਜ ਕੁਝ ਵੀ ਲਿਖਣ ਤੇ ਮੰਨ ਨਹੀਂ ਕਰ ਰਿਹਾ, ਬੱਸ ਤੇਰੇ ਕਹਿਣ ਅਨੁਸਾਰ ਜੋ ਮੇਰੇ ਮੰਨ ਵਿੱਚ ਸੀ ਉਹੀ ਦੋ ਕੁ ਸ਼ਬਦ ਲਿਖ ਦਿੱਤੇ ਹਨ । ਮੇਰੀ ਆਦਤ ਹੁੰਦੀ ਹੈ ਕਿ ਮੈਂ ਜੋ ਵੀ ਲਿਖਦਾ ਹਾਂ ਉਸਨੂੰ ਇਕ ਵਾਰ ਦੁਬਾਰਾ ਜਰੂਰ ਪੜਦਾ ਹਾਂ ਪਰ ਮੰਨ ਉਦਾਸ ਹੈ “ਬੱਸ ਜੋ ਲਿਖਿਆ ਗਿਆ ਸੋ ਲਿਖਿਆ ਗਿਆ ਹੁਣ” । ਵਾਹਿਗੁਰੂ ਫ਼ਤਿਹਵੀਰ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖਸ਼ੇ ਕਿਉਂ ਕਿ ਸਾਡੇ ਆਪਣੇ ਹਿਰਦੇ ਇਹਨੇ ਵਲੂੰਧਰੇ ਗਏ ਹਨ ਤਾਂ ਉਸ ਪਰਿਵਾਰ ਦਾ ਕੀ ਹਾਲ ਹੁੰਦਾ ਹੋਵੇਗਾ । ਵਾਹਿਗੁਰੂ ਵਾਹਿਗੁਰੂ ।।

ਵਰਿੰਦਰ ਸਿੰਘ ਮਲਹੋਤਰਾ
9888968889

Leave a Reply

Your email address will not be published. Required fields are marked *

%d bloggers like this: