ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਉਪਰੰਤ ਸ਼ਹੀਦੀ ਸਭਾ ਸੰਪੰਨ

ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਉਪਰੰਤ ਸ਼ਹੀਦੀ ਸਭਾ ਸੰਪੰਨ

Shaheedi jor mela Fatehgarh Sahib

ਸੰਨ 1704 ਈਸਵੀ ਨੂੰ ਮੁਗ਼ਲਾਂ ਦੇ ਬੁਜ਼ਦਿਲੀ ਅਤੇ ਕਹਿਰ ਭਰੇ ਕਾਰਨਾਮੇ ਨੂੰ ਦੁਨੀਆ “ਸਾਕਾ-ਸਰਹਿੰਦ’ ਦੇ ਨਾਂਅ ਨਾਲ ਯਾਦ ਕਰਦੀ ਹੈ। 11, 12 ਅਤੇ 13 ਪੋਹ (25, 26 ਅਤੇ 27 ਦਸੰਬਰ) ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤ ਅਪਣੀ ਸ਼ਰਧਾ ਦੀ ਸੌਗਾਤ ਲੈ ਕੇ ਫ਼ਤਿਹਗੜ੍ਹ ਸਾਹਿਬ ਪਹੁੰਚਦੀ ਹੈ। ਸਿੱਖ ਜਗਤ ਵੱਲੋਂ ਇਸ ਮਹਾਨ ਸਮਾਗਮ ਨੂੰ ‘‘ਸ਼ਹੀਦੀ ਸਭਾ’’ ਦਾ ਨਾਂ ਦਿੱਤਾ ਗਿਆ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਚੱਪਾ-ਚੱਪਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਲਾਲਾਂ ਨੂੰ ਸਮਰਪਿਤ ਹੈ ਤਾਂ ਆਓ ਆਪਾਂ ਵੀ ਮਹਾਨ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਨੂੰ ਨਮਨ ਕਰੀਏ, ਜੋ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਪੋਹ-ਮਹੀਨੇ ਦੀਆਂ ਤਾਰੀਖਾਂ ਵਿਚ ਹਰ ਪਾਸੇ ਸ਼ਰਧਾ ਦਾ ਆਲਮ ਛਾਇਆ ਰਹਿੰਦਾ ਹੈ। ਪੰਜਾਬ ਸਮੇਤ ਪੜੌਸੀ ਰਾਜਾਂ ਤੋਂ ਵੀ ਨਗਰ ਕੀਰਤਨ ਫ਼ਤਿਹਗੜ੍ਹ ਸਾਹਿਬ ਪਹੁੰਚਦੇ ਹਨ। ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਸੈਲਾਬ ਲਈ ਦਸ ਕਿਲੋਮੀਟਰ ਦਾ ਘੇਰਾ ਬਹੁਤ ਹੀ ਛੋਟਾ ਜਾਪਦਾ ਹੈ। 13 ਪੋਹ ਨੂੰ ਜਦੋਂ ਸਵੇਰੇ ਸਾਢੇ ਅੱਠ ਵਜੇ ਸ਼ਹੀਦੀ ਅਸਥਾਨ ਭੋਰਾ ਸਾਹਿਬ ਤੋਂ ਪਾਲਕੀ ਸਾਹਿਬ ਦੀ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਜਾਪਦਾ ਹੈ ਕਿ ਜਿਵੇਂ ਸ਼੍ਰਿਸ਼ਟੀ ਦਾ ਚਲਨ ਹੀ ਰੁਕ ਗਿਆ ਹੋਵੇ। ਸ਼ਰਧਾਂਜਲੀ ਦੇਣ ਲਈ ਸੂਰਜ ਅਤੇ ਚੰਦਰ ਦੇਵਤਾ ਵੀ ਆਉਂਦੇ ਹਨ ਪਰ ਇਨਾਂ ਵਲੋਂ ਸ਼ਰਧਾਂਜਲੀ ਦੇਣ ਦਾ ਢੰਗ ਰਾਜ-ਨੇਤਾਵਾਂ ਨਾਲੋਂ ਵੱਖਰਾ ਹੁੰਦਾ ਹੈ।
ਸ਼ਰਧਾ ਦੇ ਫੁੱਲ ਭੇਂਟ ਕਰਦੇ ਸਮੇਂ ਇਹ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਕੁਦਰਤ ਦੇ ਨਿਯਮਾਂ ਅਨੁਸਾਰ ਬੇਸ਼ੱਕ ਚੰਦਰਮਾ ਦੇ ਅਲੋਪ ਹੋ ਜਾਣ ਦਾ ਸਮਾਂ ਹੋ ਜਾਂਦਾ ਹੈ ਪਰ ਉਹ ਫਿਰ ਵੀ ਪੱਛਮ ‘ਚ ਡਿਊਢੀ ਸਾਹਿਬ ਉਪਰ ਖਲੋ ਕੇ ਪਾਲਕੀ ਸਾਹਿਬ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਸੂਰਜ ਦੇਵਤਾ ਵੀ ਉਦੋਂ ਤੱਕ ਆਪਣੀ ਰੌਸ਼ਨੀ ਤੇਜ਼ ਨਹੀਂ ਕਰਦਾ ਜਦੋਂ ਤੱਕ ਚੰਦਰਮਾ ਸ਼ਰਧਾ ਦੇ ਫੁੱਲ ਭੇਟ ਕਰਕੇ ਚਲਿਆ ਨਹੀਂ ਜਾਂਦਾ। ਜਦੋਂ ਭੋਰਾ ਸਾਹਿਬ ਤੋਂ ਗੁਰੂ ਸਾਹਿਬ ਦੇ ਸਰੂਪ ਬਾਹਰ ਆਉਂਦੇ ਹਨ ਤਾਂ ਪਹਿਲਾ ਨਮਸਕਾਰ ਦੀਵਾਨ ਟੋਡਰ ਮੱਲ ਹਾਲ ਵੱਲੋਂ ਹੁੰਦਾ ਹੈ।
ਸੰਗਤ ਦੇ ਸੈਲਾਬ ਨੂੰ ਵੇਖ ਸਾਹਮਣੇ ਖੜ੍ਹਾ ‘ਠੰਡਾ ਬੁਰਜ਼’ ਵੀ ਅਸ਼-ਅਸ਼ ਕਰ ਉੱਠਦਾ ਹੈ। ਚੰਦ ਕਦਮ ਦੂਰ ਬਾਬਾ ਮੋਤੀ ਰਾਮ ਮਹਿਰਾ ਜੀ ਯਾਦਗਾਰੀ ਪਵਿੱਤਰ ਸਥਾਨ ਵੀ ਪੁਰਾਣੀ ਦਾਸਤਾਨ ਯਾਦ ਕਰਾਉਂਦਾ ਜਾਪਦਾ ਹੈ। ਜਿਸਨੇ ਆਪਣੀ ਅਤੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਠੰਡੇ ਬੁਰਜ਼ ਵਿਚ ਸ਼ਾਹਿਜਾਦਿਆਂ ਨੂੰ ਦੁੱਧ ਪਿਲਾਇਆ ਸੀ। ਇਸ ਪਵਿੱਤਰ ਕਾਰਜ ਦਾ ਖਮਿਆਜ਼ਾ ਉਸਨੂੰ ਆਪਣਾ ਪੂਰਾ ਪਰਿਵਾਰ ਕੋਹਲੂ ਵਿਚ ਪਿੜਵਾ ਕੇ ਭੁਗਤਣਾ ਪਿਆ ਸੀ। ਉਸ ਤੋਂ ਅੱਗੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਹੀ ਉਸਾਰੇ ਗਏ ਚਿੱਟੇ ਪ੍ਰਵੇਸ਼ ਦੁਆਰ ਤੇ ਬਿੱਖਰੇ ਲਾਲ ਅੱਖਰ ਵੀ ਸ਼ਹੀਦਾਂ ਦੇ ਡੁੱਲ੍ਹੇ ਖੂਨ ਦੀ ਯਾਦ ਵਾਰ-ਵਾਰ ਤਾਜ਼ਾ ਕਰਾਉਂਦੇ ਹਨ।
ਸਮੇਂ ਦੇ ਥਪੇੜੇ ਨਾ ਸਹਿ ਕੇ ਢਹਿ ਢੇਰੀ ਹੁੰਦੀ ਦੂਰ ਖੜ੍ਹੀ ਦੀਵਾਨ ਟੋਡਰ ਮੱਲ ਦੀ ਹਵੇਲੀ ਵੀ ਇਹੋ ਸੁਨੇਹਾ ਦਿੰਦੀ ਹੈ ਕਿ ਜ਼ੁਲਮ ਦੇ ਖਿਲਾਫ਼ ਧਰਮ ਲਈ ਮਰ-ਮਿਟਣ ਵਾਲੇ ਇਸੇ ਤਰ੍ਹਾ ਮਹਾਨ ਅਖਵਾਉਣਗੇ। ਇਕ ਸਮਾਂ ਸੀ ਜਦੋਂ ਇਸ ਇਮਾਰਤ ਦੀ ਗਿਣਤੀ ਮੁਗ਼ਲ ਸਲਤਨਤ ਦੀਆਂ ਸੁੰਦਰ ਇਮਾਰਤਾਂ ‘ਚ ਹੁੰਦੀ ਸੀ। ਉਸ ਤੋਂ ਅੱਗੇ ਗੁਰਦੁਆਰਾ ਰੱਥ ਸਾਹਿਬ ਵੀ ਯਾਦਾਂ ਦੇ ਝਰੋਖੇ ‘ਚੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਵਾਹੀ ਦਿੰਦਾ ਜਾਪਦਾ ਹੈ। ਪਾਲਕੀ ਸਾਹਿਬ ਅੱਗੇ ਸੁੰਦਰ ਪੋਸ਼ਾਕਾਂ ਵਿਚ ਸਜੇ ਸਕੂਲੀ ਬੱਚੇ ਅਤੇ ਗੱਤਕਾ ਪਾਰਟੀਆਂ ਅਪਣੇ ਜੌਹਰ ਵਿਖਾਉਂਦੀਆਂ ਹੋਈਆਂ ਸਾਹਿਬਜ਼ਾਦਿਆਂ ਦੀ ਉਸਤਤ ਕਰਦੀਆਂ ਚੱਲਦੀਆਂ ਹਨ।
ਨੰਗੇ ਪੈਰਾਂ ਦਾ ਚੱਲਣ ਵੀ ਸਾਹਿਜ਼ਾਦਿਆਂ ਦੇ ਪ੍ਰਤੀ ਸ਼ਰਧਾ ਦੇ ਭਾਵ ਪ੍ਰਗਟਾਉਂਦਾ ਹੈ। ਇਤਰ-ਫੁਲੇਲ ਦੀਆਂ ਫੁਹਾਰਾਂ ਪਾਲਕੀ ਸਾਹਿਬ ਦੇ ਮਾਰਗ ਨੂੰ ਸੁਗੰਧਿਤ ਕਰਦੀ ਹਨ। ਖਾਲਸੇ ਦੀ ਪਹਿਚਾਣ ਕਰਾਉਂਦੇ ਹਨ ਸਸ਼ਤਰ-ਸੰਗ੍ਰਹਿ ਵਾਲੇ ਵਾਹਨ। ਸੱਭ ਤੋਂ ਅੱਗੇ ਪੁਲਿਸ ਦੇ ਘੋੜ-ਸਵਾਰ ਰਹਿੰਦੇ ਹਨ, ਜਿਨ੍ਹਾਂ ਨੇ ਸੰਗਤਾਂ ਦੇ ਸਮੁੰਦਰ ਵਿਚੋਂ ਪਾਲਕੀ ਸਾਹਿਬ ਲਈ ਰਸਤਾ ਬਣਾਉਣਾ ਹੁੰਦਾ ਹੈ। ਪਾਲਕੀ ਸਾਹਿਬ ਉੱਪਰ ਚੌਰ ਸਾਹਿਬ ਦੀ ਸੇਵਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਾਹਿਬ ਨਿਭਾਉਂਦੇ ਹਨ। ਪਾਲਕੀ ਸਾਹਿਬ ਦੇ ਅੱਗੇ ਪੰਜ ਨਿਸ਼ਾਨ ਸਾਹਿਬ ਅਤੇ ਪੰਜ ਪਿਆਰੇ ਚੱਲਦੇ ਹਨ।
ਸ਼ਰਧਾ ਦਾ ਅੰਤ ਦਰਸਾਉਂਦੇ ਹਨ ਕੀਰਤਨੀ ਜੱਥੇ ਜਿਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦ ‘‘ਧਰਤੀ ਰੋਈ ਅੰਬਰ ਰੋਇਆ, ਵੇਖ ਉਸਰਦੀ ਖੂਨੀ ਦੀਵਾਰ’’ ਸੰਗਤਾਂ ਦੇ ਦਿਲਾਂ ਨੂੰ ਵਾਰ ਵਾਰ ਝੰਜੋੜਦੇ ਹਨ। ਜਦੋਂ ਇਹ ਨਗਰ ਕੀਰਤਨ ਮਾਤਾ ਗੁਜਰੀ ਜੀ ਨੂੰ ਸਮਰਪਿਤ ਵਿਦਿਅਕ ਅਦਾਰੇ ਦੇ ਸਾਹਮਣੇ ਤੋਂ ਹੋ ਕੇ ਗੁਜਰਦਾ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਉੱਚਾ ਟਿੱਲਾ ਵੀ ਨਮਨ ਹੋ ਰਹਿੰਦਾ ਹੈ। ਇੱਟਾਂ ਅਤੇ ਮਿੱਟੀ ਦਾ ਇਹ ਢੇਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਨਵਾਬ ਵਜ਼ੀਰ ਖਾਨ ਪ੍ਰਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਗੁੱਸੇ ਦਾ ਇਜ਼ਹਾਰ ਅੱਜ ਵੀ ਕਰਾਉਂਦਾ ਜਾਪਦਾ ਹੈ।
ਉਸ ਤੋਂ ਅੱਗੇ ਮੁਗ਼ਲ ਬਾਦਸ਼ਾਹ ਦਾ ਆਮ-ਖਾਸ ਬਾਗ਼ ਵੀ ਆਪਣੇ ਹਾਕਮਾਂ ਦੀ ਕਰਤੂਤ ਤੇ ਪਛਤਾਉਂਦਾ ਜਾਪਦਾ ਹੈ। ਉਸਦੀਆਂ ਖੰਡਰ ਹੋਈਆਂ ਦੀਵਾਰਾਂ ਸੰਨ 1704 ਈਸਵੀ ਦੇ ਉਸ ਕਹਿਰ ਭਰੇ ਸਾਕੇ ਦੀ ਗਵਾਹੀ ਦਿੰਦੀਆਂ ਹਨ ਜਦੋਂ ਨਿੱਕੀਆਂ ਜਿੰਦਾਂ ਨੇ ਵੱਡੇ ਕਾਰਨਾਮੇ ਕਰਕੇ ਇੱਕ ਨਿਵੇਕਲਾ ਇਤਿਹਾਸ ਸਿਰਜਿਆ ਸੀ। ਪੂਰਬ ‘ਚ ਖੜੋ ਕੇ ਸਜ਼ਗ ਪਹਿਰੇਦਾਰ ਵਾਂਗ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿਚ ਉਸਾਰਿਆ ਗਿਆ ਪ੍ਰਵੇਸ਼ ਦੁਆਰ।
ਦੱਖਣ-ਪੂਰਬ ਤੋਂ ਸ਼ੇਰ ਮੁਹੰਮਦ ਖ਼ਾਨ ਨਵਾਬ ਮਲੇਰਕੋਟਲਾ ਦੀ ਯਾਦ ਵਿਚ ਉਸਾਰੇ ਗਏ ਚਿੱਟੇ ਸੰਗਮਰਮਰੀ ਪ੍ਰਵੇਸ਼ ਦੁਆਰ ਤੋਂ ਵੀ ਇਹੋ ਆਵਾਜ਼ ਉੱਠਦੀ ਹੈ ਕਿ ਸਾਹਿਬਜ਼ਾਦਿਆਂ ਤੇ ਜ਼ੁਲਮ ਢਾਹੁਣ ਵਾਲਿਆਂ ਦੀਆਂ ਪੁਸ਼ਤਾਂ ਨੂੰ ਵੀ ਖ਼ੁਦਾ ਕਦੇ ਮੁਆਫ਼ ਨਹੀਂ ਕਰੇਗਾ। ਨਗਰ ਕੀਰਤਨ ਦੇ ਦਰਸ਼ਨਾਂ ਲਈ ਭੋਰਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਜੋਤੀ ਜੋਤੀ ਸਰੂਪ ਸਾਹਿਬ ਤੱਕ ਧਰਤੀ ਦਾ ਚੱਪਾ-ਚੱਪਾ ਸੰਗਤ ਨਾਲ ਖਚਾ-ਖਚ ਰਹਿੰਦਾ ਹੈ। ਇਸ ਦੌਰਾਨ ਸਤਿਨਾਮ ਵਾਹਿਗੁਰੂ ਦਾ ਜਾਪ ਇਕ ਅਜੀਬ ਜਿਹੀ ਖਾਮੋਸ਼ੀ ਨੂੰ ਬਰਾਬਰ ਤੋੜਦਾ ਰਹਿੰਦਾ ਹੈ।
ਸਾਕੇ ਨੂੰ ਯਾਦ ਕਰਕੇ ਜਦੋਂ ਸੂਰਜ ਦੇਵਤਾ ਵਾਰ-ਵਾਰ ਬਦਲਾਂ ਪਿੱਛੇ ਮੂੰਹ ਲੁਕੋਂਦਾ ਹੈ ਤਾਂ ਆਸਮਾਨ ਵੀ ਰੋ ੳੱਠਦਾ ਹੈ। ਇਸ ਤਰ੍ਹਾਂ ਚਾਰ ਘੰਟੇ ਹੌਲੀ-ਹੌਲੀ ਚੱਲਦਾ ਹੋਇਆ ਇਹ ਨਗਰ ਕੀਰਤਨ ਬਾਅਦ ਦੁਪਹਿਰ ਆਪਣੇ ਮੁਕਾਮ ‘ਤੇ ਪੁੱਜਦਾ ਹੈ, ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਹਿਲਾਂ ਤੋਂ ਹੀ ਇਸਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ।
ਇੱਥੇ ਵੀ ਵੱਡੀ ਗਿਣਤੀ ਵਿਚ ਸੰਗਤ ਪਾਲਕੀ ਸਾਹਿਬ ਦੇ ਇੰਤਜ਼ਾਰ ਵਿਚ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੁੰਦੀ ਹੈ। ਇੱਥੇ ਹੀ ਅਰਦਾਸ ਦੇ ਨਾਲ ਸਮਾਗਮ ਦੀ ਸਮਾਪਤੀ ਹੋ ਜਾਂਦੀ ਹੈ। ਸਮਾਪਤੀ ਸਮੇਂ ਇਕ ਲੰਬਾ ਸਾਇਰਨ ਵਜਾਇਆ ਜਾਂਦਾ ਹੈ। ਜਿਸ ਉਪਰੰਤ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਹੈ। ਨਗਰ ਕੀਰਤਨ ਦੇ ਆਰੰਭ ਤੋਂ ਲੈ ਕੇ ਸਮਾਪਤੀ ਤੱਕ ਦੂਰ-ਦੂਰ ਤੋਂ ਆਕੇ ਸਜਾਏ ਗਏ ਲੰਗਰ ਵੀ ਸ਼ਾਂਤ ਰਹਿੰਦੇ ਹਨ।

Share Button

Leave a Reply

Your email address will not be published. Required fields are marked *

%d bloggers like this: