ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਪੱਤਰਕਾਰੀ ਦੇ ਡਿੱਗ ਰਹੇ ਮਿਆਰ ਤੇ ਚਿੰਤਾ ਤੇ ਚਿੰਤਨ ਕਰਨਾ ਸਮੇ ਦੀ ਮੰਗ

ਪੱਤਰਕਾਰੀ ਦੇ ਡਿੱਗ ਰਹੇ ਮਿਆਰ ਤੇ ਚਿੰਤਾ ਤੇ ਚਿੰਤਨ ਕਰਨਾ ਸਮੇ ਦੀ ਮੰਗ

ਪੱਤਰਕਾਰੀ ਦੀ ਆੜ ਚ ਹੋ ਰਿਹਾ ਭਰਿਸ਼ਟਾਚਾਰ ਬੇਹੱਦ ਸ਼ਰਮਨਾਕ ਵਰਤਾਰਾ

ਕੋਈ ਸਮਾ ਸੀ ਜਦੋਂ ਪੱਤਰਕਾਰੀ ਦਾ ਖੇਤਰ ਬਹੁਤ ਹੀ ਅਦਬ ਸਤਿਕਾਰ ਵਾਲਾ ਮੰਨਿਆਂ ਜਾਂਦਾ ਸੀ।ਲੋਕ ਪੱਤਰਕਾਰ ਨੂੰ ਬਹੁਤ ਸਤਿਕਾਰਤ ਨਜਰਾਂ ਨਾਲ ਦੇਖਦੇ ਤੇ ਸਤਿਕਾਰ ਦਿੰਦੇ ਸਨ।ਹੌਲੀ ਹੌਲੀ ਸਮਾ ਬੀਤਦਾ ਗਿਆ।ਪਦਾਰਥ ਅਤੇ ਸੁਆਰਥ ਨੇ ਮਨੁੱਖ ਤੇ ਅਪਣਾ ਪ੍ਰਭਾਵ ਛੱਡਣਾ ਸ਼ੁਰੂ ਕੀਤਾ ,ਤਾਂ ਦੇਖਦੇ ਦੇਖਦੇ ਬਹੁਤ ਕੁੱਝ ਬਦਲ ਗਿਆ।ਮਨੁੱਖੀ ਸਾਂਝਾਂ,ਰਿਸ਼ਤੇ,ਨਾਤੇ,ਦੋਸਤੀ ਸਭ ਪਦਾਰਥਵਾਦ ਦੀ ਭੇਂਟ ਚੜ ਗਏ।ਇਸ ਪਦਾਰਥਵਾਦ ਨੇ ਮਨੁੱਖ ਅੰਦਰ ਇੱਕ ਅਜਿਹੀ ਭਰਿਸ਼ਟਾਚਾਰ ਨਾਮ ਦੀ ਮਾੜੀ ਪਰਵਿਰਤੀ ਪੈਦਾ ਕਰ ਦਿੱਤੀ, ਜਿਸ ਨੇ ਮਨੁੱਖ ਦੇ ਅੰਦਰਲੀ ਇਨਸਾਨੀਅਤ ਨੂੰ ਮਾਰ ਦਿੱਤਾ।ਉਹ ਸਮਾਜਿਕ ਕਦਰਾਂ ਕੀਮਤਾਂ ਭੁੱਲ ਭੁਲਾ ਕੇ ਮੋਹ ਮਾਇਆ ਦਾ ਗੁਲਾਮ ਬਣ ਗਿਆ।ਇਹ ਮੋਹ ਮਾਇਆ ਦੀ ਜਕੜ ਜਿੱਥੇ ਸਾਡੇ ਰਿਸ਼ਤਿਆਂ,ਸਾਡੀਆਂ ਸਾਂਝਾਂ ਦੀ ਕਾਤਲ ਹੋ ਨਿਬੜੀ, ਓਥੇ ਇਸ ਅਲਾਮਤ ਨੇ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਹੋਰ ਬਲ ਦਿੱਤਾ। ਇੱਸ ਹਨੇਰਗਰਦੀ ਨੇ ਸਮੁੱਚੇ ਭਾਰਤ ਦੀ ਆਬੋ ਹਵਾ ਨੂੰ ਬੁਰੀ ਤਰਾਂ ਦੂਸ਼ਿਤ ਕਰ ਦਿੱਤਾ।ਹਰ ਪਾਸੇ ਪੈਸੇ ਦੀ ਦੌੜ ਸ਼ੁਰੂ ਹੋ ਗਈ।ਹਰ ਕੋਈ ਰਾਤੋ ਰਾਤ ਅਮੀਰ ਬਨਣ ਦੇ ਸੁਪਨੇ ਲੈਣ ਲੱਗਾ।ਇਸ ਪਰਵਿਰਤੀ ਨੇ ਬਹੁਤ ਸਾਰੇ ਅਜਿਹੇ ਗੈਰ ਕਨੂੰਨੀ ਧੰਧਿਆਂ ਨੂੰ ਜਨਮ ਦਿੱਤਾ ਜਿਹੜੇ ਗੈਰ ਕਨੂੰਨੀ ਹੋਣ ਦੇ ਨਾਲ ਨਾਲ ਗੈਰ ਇਖਲਾਕੀ ਅਤੇ ਮਨੁੱਖੀ ਸਿਹਤ ਨਾਲ ਖਿਲਬਾੜ ਕਰਨ ਵਾਲੇ ਵੀ ਸਾਬਤ ਹੋ ਰਹੇ ਹਨ।
ਪੈਸੇ ਦੀ ਦੌੜ ਵਾਲੇ ਇਸ ਮਾੜੇ ਰੁਝਾਨ ਦਾ ਮੁਢਲਾ ਪ੍ਰਭਾਵ ਉਹਨਾਂ ਸਰਕਾਰੀ ਮਹਿਕਮਿਆਂ ਤੇ ਪਿਆ,ਜਿੰਨਾਂ ਦਾ ਸਿੱਧਾ ਸਿੱਧਾ ਸਬੰਧ ਆਮ ਲੋਕਾਂ ਨਾਲ ਪੈਂਦਾ। ਭਰਿਸ਼ਟਾਚਾਰ ਦੀ ਅਮਰਵੇਲ ਵਾਂਗ ਵਧ ਰਹੀ ਪਰਵਿਰਤੀ ਤੋ ਭਾਵੇ ਕੋਈ ਵੀ ਮਹਿਕਮਾ ਅਭਿੱਜ ਨਾ ਰਿਹਾ, ਪ੍ਰੰਤੂ ਜੋ ਮਹਿਕਮੇ ਜਿਆਦਾ ਪ੍ਰਭਾਵਤ ਹੋਏ ਜਾਂ ਕਹਿ ਸਕਦੇ ਹਾਂ ਕਿ ਬਦਨਾਮ ਹੋਏ,ਉਹਨਾਂ ਵਿੱਚ ਮਾਲ ਮਹਿਕਮਾ,ਬਿਜਲੀ ਮਹਿਕਮਾ ਅਤੇ ਪੁਲਿਸ ਵਿਭਾਗ ਜਿਆਦਾ ਚਰਚਾ ਵਿੱਚ ਰਹੇ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਇੱਕ ਹੋਰ ਅਤਿ ਮਹੱਤਵਪੂਰਨ ਧਿਰ ਵੀ ਹੈ, ਉਹ ਹੈ ਪੱਤਰਕਾਰ ਭਾਈਚਾਰਾ। ਭਰਿਸ਼ਟਾਚਾਰ ਵਿੱਚ ਗਲੇ ਤੱਕ ਖੁੱਭ ਚੁੱਕੇ ਸਿਸਟਮ ਨੂੰ ਠੱਲ੍ਹ ਪਾਉਣ ਲਈ ਲੋਕਾਂ ਦੀ ਆਸ ਪੱਤਰਕਾਰਾਂ ਤੋ ਹੁੰਦੀ ਹੈ,ਜਿਸ ਨੂੰ ਇਸ ਖੇਤਰ ਵਿੱਚ ਕੰਮ ਕਰਦੇ ਲੋਕਾਂ ਨੇ ਬੜੀ ਜੁੰਮੇਵਾਰੀ ਨਾਲ ਨਿਭਾਇਆ ਵੀ ਹੈ ਅਤੇ ਮੌਜੂਦਾ ਸਮੇ ਵਿੱਚ ਵੀ ਨਿਭਾਅ ਰਹੇ ਹਨ,ਪ੍ਰੰਤੂ ਇਸ ਖੇਤਰ ਵਿੱਚ ਵੀ ਕੁੱਝ ਅਜਿਹੀਆਂ ਕਾਲ ਅੰਗਿਆਰੀਆਂ ਪੈਦਾ ਹੋ ਗਈਆਂ ਹਨ,ਜਿੰਨਾਂ ਨੇ ਇਸ ਪੇਸ਼ੇ ਨੂੰ ਬੁਰੀ ਤਰਾਂ ਬਦਨਾਮ ਕਰ ਦਿੱਤਾ।ਜੇ ਗੱਲ ਭਾਰਤ ਪੱਧਰ ਤੇ ਕੀਤੀ ਜਾਵੇ ਤਾਂ ਬਿਨਾਂ ਸ਼ੱਕ ਨੈਸਨਲ ਬਿਜਲਈ ਮੀਡੀਆਂ ਸਭ ਤੋ ਪਹਿਲਾਂ ਇਸ ਦੀ ਮਾਰੂ ਚਪੇਟ ਵਿੱਚ ਆਇਆ,ਜਿਸ ਨੇ ਪੱਤਰਕਾਰੀ ਦੇ ਮਾਇਨੇ ਹੀ ਬਦਲ ਦਿੱਤੇ।ਹੌਲੀ ਹੌਲੀ ਖੇਤਰੀ ਪੱਤਰਕਾਰੀ ਵਿੱਚ ਵੀ ਇਹ ਭਰਿਸ਼ਟ ਚਿਹਰਿਆਂ ਦੀ ਭਰਮਾਰ ਦੇਖੀ ਜਾਣ ਲੱਗੀ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਲੋਕ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਨਫਰਤ ਦੀ ਨਜਰ ਨਾਲ ਦੇਖਣ ਲੱਗੇ ਹਨ। ਭਾਂਵੇ ਇਸ ਮਾੜੇ ਰੁਝਾਂਨ ਦੇ ਖਿਲਾਫ ਪੱਤਰਕਾਰਾਂ ਵਿੱਚ ਵੀ ਇੱਕ ਲਹਿਰ ਚੱਲੀ ਹੋਈ ਹੈ,ਜਿਹੜੀ ਅਜਿਹੇ ਅਨਸਰਾਂ ਦੀ ਨਿਸਾਨਦੇਹੀ ਕਰਨ ਅਤੇ ਨਿਖੇੜਾ ਕਰਨ ਲਈ ਵੀ ਬਚਨਵੱਧ ਹੈ। ਪੱਤਰਕਾਰਾਂ ਵੱਲੋਂ ਚਲਾਈ ਜਾ ਰਹੀ ਇਸ ਲਹਿਰ ਦੇ ਬਾਵਜੂਦ ਵੀ ਅਜਿਹੇ ਲੋਕਾਂ ਦਾ ਬੋਲਬਾਲਾ ਬਣਿਆ ਹੋਇਆ ਹੈ,ਜਿਹੜੇ ਪੱਤਰਕਾਰੀ ਦੇ ਇਮਾਨਦਾਰ ਪੇਸ਼ੇ ਨੂੰ ਕਲੰਕਤ ਕਰਨ ਦੇ ਜੁੰਮੇਵਾਰ ਹਨ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਸਿਆਸੀ ਅਤੇ ਸਰਕਾਰੀ ਸਰਪ੍ਰਸਤੀ ਨੇ ਅਜਿਹੇ ਅਨਸਰਾਂ ਨੂੰ ਵਧਣ ਫੁੱਲਣ ਦੇ ਵੱਡੇ ਮੌਕੇ ਪ੍ਰਦਾਨ ਕੀਤੇ ਹਨ,ਜਿਸ ਦੇ ਸਦਕਾ ਸਮੁੱਚਾ ਪੱਤਰਕਾਰੀ ਪੇਸ਼ਾ ਪ੍ਰਭਾਵਤ ਹੋ ਰਿਹਾ ਹੈ।ਇਹ ਵੀ ਸੱਚ ਹੈ ਕਿ ਪ੍ਰਸ਼ਾਸ਼ਨ ਵੱਲੋਂ ਕੁੱਝ ਕੁੱ ਮਾੜੀ ਪ੍ਰਵਿਰਤੀ ਦੇ ਪੱਤਰਕਾਰਾਂ ਨੂੰ ਅਪਣੇ ਹੱਕ ਵਿੱਚ ਭੁਗਤਣ ਲਈ ਥਾਪੜਾ ਦੇ ਕੇ ਰੱਖਿਆ ਹੋਇਆ ਹੈ,ਤਾਂ ਕਿ ਜਦੋ ਕੋਈ ਲੋਕ ਵਿਰੋਧੀ ਫੈਸਲੇ ਕਾਰਨ ਸਮੁੱਚਾ ਪੱਤਰਕਾਰ ਭਾਈਚਾਰਾ ਅਪਣੇ ਲੋਕਾਂ ਦੇ ਹੱਕ ਚ ਅਵਾਜ ਬੁਲੰਦ ਕਰ ਰਿਹਾ ਹੋਵੇ,ਤਾਂ ਅਜਿਹੀਆਂ ਕਾਲੀਆਂ ਭੇਡਾਂ ਨੂੰ ਲੋੜ ਪੈਣ ਤੇ ਅਪਣੇ ਹੱਕ ਵਿੱਚ ਵਰਤਿਆ ਜਾ ਸਕੇ।ਇਹ ਵੀ ਵੱਡਾ ਦੁਖਾਂਤ ਹੈ ਕਿ ਹਰ ਜਿਲ੍ਹੇ ਅੰਦਰ ਹਰ ਸਟੇਸਨ ਤੇ ਇੱਕਾ ਦੁੱਕਾ ਅਜਿਹੀਆਂ ਕਾਲੀਆਂ ਭੇਡਾਂ ਦੇਖੀਆਂ ਜਾ ਸਕਦੀਆਂ ਹਨ,ਜਿਹੜੀਆਂ ਅਪਣੇ ਭਾਈਚਾਰੇ ਨਾਲ ਖੜਨ ਨਾਲੋਂ ਅਫਸਰਸ਼ਾਹੀ ਨਾਲ ਖੜਨ ਨੂੰ ਜਿਆਦਾ ਤਰਜੀਹ ਦਿੰਦੀਆਂ ਹਨ।ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਦੋ ਪ੍ਰਸ਼ਾਸ਼ਨ ਇਮਾਨਦਾਰੀ ਨਾਲ ਕੰਮ ਕਰਨ ਦੇ ਦਾਅਵੇ ਕਰਦਾ ਹੈ,ਤਾਂ ਫਿਰ ਅਜਿਹੀ ਕੀ ਮਜਬੂਰੀ ਹੈ ਕਿ ਅਜਿਹੀ ਪਾਲਤੂ ਨਸਲ ਪਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸ ਵਰਤਾਰੇ ਦਾ ਅਸਲ ਜੁੰਮੇਵਾਰ ਪਦਾਰਥਵਾਦ ਦੀ ਤੇਜ ਹੰਨੇਰੀ ਨੂੰ ਹੀ ਮੰਨਿਆ ਜਾ ਸਕਦਾ ਹੈ।ਜੇਕਰ ਗੱਲ ਅਜਿਹੇ ਭਰਿਸ਼ਟਾਚਾਰ ਚ ਬੁਰੀ ਤਰਾਂ ਲਿਬੜੇ ਪੱਤਰਕਾਰਾਂ ਦੀ ਕੀਤੀ ਜਾਵੇ ਤਾਂ ਇਹਨਾਂ ਦਾ ਬੁਰਾ ਪ੍ਰਭਾਵ ਜਿੱਥੇ ਅਪਣੇ ਲੋਕਾਂ ਅਤੇ ਅਪਣੇ ਭਾਈਚਾਰੇ ਨੂੰ ਪ੍ਰਭਾਵਤ ਕਰਦਾ ਹੈ,ਓਥੇ ਇਹਨਾਂ ਬੇਲਗਾਮ ਹੋਈਆਂ ਕਾਲੀਆਂ ਭੇਡਾਂ ਰੂਪੀ ਅਖੌਤੀ ਪੱਤਰਕਾਰਾਂ ਦਾ ਨੁਕਸਾਨ ਕਈ ਵਾਰ ਪ੍ਰਸ਼ਾਸ਼ਨ ਦੇ ਉਹਨਾਂ ਅਧਿਕਾਰੀਆਂ ਨੂੰ ਵੀ ਝੱਲਣਾ ਪੈਂਦਾ ਹੈ,ਜਿੰਨਾਂ ਦੀ ਸਰਪ੍ਰਸਤੀ ਹੇਠ ਇਹ ਲੋਕ ਬੇ-ਡਰ ਅਤੇ ਬੇ-ਲਗਾਮ ਹੋਏ ਹੁੰਦੇ ਹਨ।
ਅਜਿਹੇ ਪੱਤਰਕਾਰਾਂ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੜੀ ਢੁਕਵੀਂ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਲੋਕ ਚੀਨ ਵਿੱਚ ਫੈਲੇ ਉਸ ਮਾਰੂ ਕਰੋਨਾ ਵਾਇਰਸ ਵਰਗੇ ਹੁੰਦੇ ਹਨ,ਜਿਸ ਤੋ ਸਮਾਜ ਦਾ ਹਰ ਵਰਗ ਹੀ ਬਚਣਾ ਚਾਹੁੰਦਾ ਹੈ।ਅਜਿਹੇ ਲੋਕ ਹਰ ਖੇਤਰ ਵਿੱਚ ਹੀ ਦੇਖੇ ਜਾ ਸਕਦੇ ਹਨ। ਲੇਖਕਾਂ ਵਿੱਚ ਵੀ ਬਹੁ ਗਿਣਤੀ ਲੇਖਕ ਸਰਕਾਰੀ ਸਨਮਾਨਾਂ ਅਤੇ ਆਹੁਦਿਆਂ ਦੇ ਲਾਲਚ ਵਿੱਚ ਅਪਣੇ ਫਰਜਾਂ ਤੋ ਪਾਸਾ ਵੱਟ ਕੇ ਸਰਕਾਰੀ ਗੁਣਗਾਣ ਕਰਨ ਨੂੰ ਜਿਆਦਾ ਤਰਜੀਹ ਦਿੰਦੇ ਹਨ,ਪ੍ਰੰਤੂ ਪੱਤਰਕਾਰੀ ਦੇ ਖੇਤਰ ਵਿੱਚ ਇਹ ਰੁਝਾਨ ਬੇਹੱਦ ਹੀ ਮੰਦਭਾਗਾ ਅਤੇ ਸ਼ਰਮਨਾਕ ਹੈ,ਜਿਸ ਦੀ ਨਿਖੇਧੀ ਕੀਤੀ ਜਾਣੀ ਬਣਦੀ ਹੈ,ਕਿਉਕਿ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ,ਜੇਕਰ ਬਾਕੀ ਤਿੰਨੇ ਥੰਮ ਕਿਸੇ ਨਾ ਕਿਸੇ ਕਮਜੋਰੀ ਕਰਕੇ ਡਗਮਗਾਉਂਦੇ ਜਾਪਦੇ ਹਨ ਤਾਂ ਚੌਥੇ ਥੰਮ ਦਾ ਫਰਜ ਬਣਦਾ ਹੈ ਕਿ ਉਹ ਅਪਣੇ ਲੋਕਾਂ ਲਈ ਅਜਿਹੇ ਕਾਰਜ ਕਰੇ,ਕਿ ਬਾਕੀ ਤਿੰਨੇ ਥੰਮਾਂ ਨੂੰ ਡਿੱਗਣ ਤੋ ਬਚਾਇਆ ਜਾ ਸਕੇ,ਇਹ ਨਹੀ ਕਿ ਉਹ ਵੀ ਭਰਿਸ਼ਟਾਚਾਰ ਵਿੱਚ ਓਤਪੋਤ ਹੋ ਕੇ ਅਪਣਾ ਮਿਆਰ ਦੂਸਰੇ ਥੰਮਾਂ ਦੇ ਮੁਕਾਬਲੇ ਬੇੱਹਦ ਹੀ ਘਟੀਆ ਦਰਜੇ ਦਾ ਬਣਾ ਲਵੇ।ਸੋ ਇਸ ਲਈ ਅਜਿਹੇ ਪੱਤਰਕਾਰਾਂ ਨੂੰ ਇਸ ਖੇਤਰ ਤੋ ਅਲੱਗ ਕਰ ਦੇਣ ਵਿੱਚ ਹੀ ਭਲਾਈ ਹੋ ਸਕਦੀ ਹੈ।
ਹੈਰਾਨੀ ਉਸ ਮੌਕੇ ਹੋਰ ਵੱਧ ਜਾਂਦੀ ਹੈ ਜਦੋਂ ਪ੍ਰਸ਼ਾਨਿਕ ਅਧਿਕਾਰੀ ਉਹਨਾਂ ਮਾੜੇ ਅਨਸਰਾਂ ਸਬੰਧੀ ਸਾਰਾ ਕੁੱਝ ਜਾਣਦੇ ਹੋਏ ਵੀ ਅੱਖਾਂ ਤੇ ਪੱਟੀ ਬੰਨ ਕੇ ਮੂਕ ਦਰਸ਼ਕ ਬਣੇ ਰਹਿੰਦੇ ਹਨ,ਜਦੋ ਕਿ ਚਾਹੀਦਾ ਤਾਂ ਇਹ ਹੈ ਕਿ ਕਿਸੇ ਵੀ ਖੇਤਰ ਦੇ ਭਰਿਸ਼ਟ ਵਿਅਕਤੀਆਂ ਦੀ ਨਿਸਾਂਨਦੇਹੀ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ,ਫਿਰ ਉਹ ਭਾਂਵੇ ਕੋਈ ਅਖੌਤੀ ਪੱਤਰਕਾਰ ਹੋਵੇ ਜਾਂ ਕਿਸੇ ਮਹਿਕਮੇ ਦਾ ਕੋਈ ਭਰਿਸ਼ਟ ਅਧਿਕਾਰੀ। ਜੇਕਰ ਅਜਿਹੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਜਾਂਦੀ ਹੈ ਤਾਂ ਉਸ ਦਾ ਸਾਥ ਦੇਣਾ ਜਿੱਥੇ ਹਰ ਸੱਚੇ ਸੁੱਚੇ ਨਾਗਰਿਕ ਦਾ ਫਰਜ ਬਣਦਾ ਹੈ,ਓਥੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਅਜਿਹੇ ਕਾਰਜਾਂ ਵਿੱਚ ਅਪਣਾ ਸਹੀ ਤੇ ਬਣਦਾ ਫਰਜ ਅਦਾ ਕੀਤਾ ਜਾਣਾ ਚਾਹੀਦਾ ਹੈ,ਤਾਂ ਕਿ ਸਾਫ ਸੁਥਰੀ ਤੇ ਇਮਾਨਦਾਰ ਸ਼ਵੀ ਵਾਲੇ ਸਮੱਰਪਿਤ ਪੱਤਰਕਾਰਾਂ ਨੂੰ ਪੱਤਰਕਾਰੀ ਦੀ ਆੜ ਹੇਠ ਗੈਰ ਕਨੂੰਨੀ ਧੰਦੇ ਕਰਨ ਵਾਲੇ ਮਾੜੇ ਅਨਸਰਾਂ ਦੀ ਬਦੌਲਤ ਨਮੋਸ਼ੀ ਨਾ ਝੱਲਣੀ ਪਵੇ।ਪੱਤਰਕਾਰ ਭਾਈਚਾਰੇ ਨੂੰ ਇੱਕ ਜੁੱਟਤਾ ਨਾਲ ਇਹ ਮੁਹਿੰਮ ਵੱਡੇ ਪੱਧਰ ਤੇ ਛੇੜਨ ਦੀ ਲੋੜ ਹੈ ਤਾਂ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਅਜਿਹੀਆਂ ਕਾਲੀਆਂ ਭੇਡਾਂ ਦੇ ਕਾਲੇ ਕਾਰਨਾਮਿਆਂ ਨੂੰ ਰੋਕਣ ਲਈ ਤੁਰੰਤ ਹਰਕਤ ਵਿੱਚ ਆਉਣ। ਸਮੁੱਚੇ ਰੂਪ ਵਿੱਚ ਪੱਤਰਕਾਰ ਭਾਈਚਾਰੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਵੀ ਵਿਅਕਤੀ ਦਾ ਪੱਖ ਨਾ ਪੂਰਿਆ ਜਾਵੇ ਜਿਹੜਾ ਕਿਸੇ ਵੀ ਰੂਪ ਵਿੱਚ ਅਪਣੇ ਲੋਕਾਂ ਅਤੇ ਅਪਣੇ ਭਾਈਚਾਰੇ ਦੇ ਹਿਤਾਂ ਨੂੰ ਢਾਹ ਲਾਉਣ ਵਾਲੀਆਂ ਗਤੀਵਿਧੀਆਂ ਲਈ ਜੁੰਮੇਵਾਰ ਹੋਵੇ।ਸੋ ਪੱਤਰਕਾਰੀ ਦੇ ਦਿਨੋ ਦਿਨ ਹੇਠਾਂ ਡਿੱਗ ਰਹੇ ਮਿਆਰ ਤੇ ਚਿੰਤਾ ਤੇ ਚਿੰਤਨ ਕਰਨਾ ਸਮੇ ਦੀ ਮੰਗ ਹੈ ਅਤੇ ਜਰੂਰਤ ਵੀ।

ਬਘੇਲ ਸਿੰਘ ਧਾਲੀਵਾਲ
99142-58142

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: