ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਪੱਖੀ ਨੂੰ ਲਵਾ ਦੇ ਘੁੰਗਰੂ…..

ਪੱਖੀ ਨੂੰ ਲਵਾ ਦੇ ਘੁੰਗਰੂ…..

ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਪੱਖੀ ਬੁਣਨ ਦੀ ਕਲਾ ਦਾ ਅਹਿਮ ਸਥਾਨ ਹੈ । ਪੱਖੀ ਅਤੇ ਗਰਮੀ ਦਾ ਆਪਸ ਵਿੱਚ ਗੂਹੜਾ ਸੰਬੰਧ ਹੈ । ਪਹਿਲੇ ਸਮਿਆਂ ਵਿੱਚ ਜਦੋਂ ਸਾਉਣ ਭਾਦੋਂ ਦੇ ਮਹੀਨਿਆਂ ਵਿੱਚ ਕਹਿਰ ਦੀ ਗਰਮੀ ਪੈਂਦੀ, ਧਰਤੀ ਭੱਠ ਦੀ ਤਰਾਂ ਤਪਦੀ, ਜੇਠ ਹੱਥ ਵਿੱਚ ਕਾਲੀਆਂ ਬੋਲੀਆਂ ਹਨੇਰੀਆਂ ਵਗਦੀਆਂ , ਸ਼ਰੀਰ ਪਸੀਨੇ ਨਾਲ ਗੱਚ ਹੋ ਜਾਂਦਾ ਤਾਂ ਪੱਖੀ ਦੀ ਲੋੜ ਮਹਿਸੂਸ ਹੋਈ । ਲੋੜ ਕੱਢ ਦੀ ਮਾਂ ਹੈ । ਕਲਾ ਦੀਆਂ ਸਿਰਜਕ ਔਰਤਾਂ ਨੇ ਸਾਧਾਰਨ ਲੋੜਾਂ ਨਾਲ ਸੰਬੰਧਿਤ ਵਸਤਾਂ ਤੋਂ ਲੈ ਕੇ ਵਿਸ਼ੇਸ਼ ਮੌਕਿਆਂ ਸਮੇਂ ਕੀਤੇ ਜਾਣ ਵਾਲੇ ਲੈਣ ਦੇਣ ਨਾਲ ਸੰਬੰਧਿਤ ਵਸਤਾਂ ਦੀ ਸਿਰਜਣਾ ਕੀਤੀ । ਇਨਾਂ ਸੂਖਮ ਤੇ ਦਿਲ ਟੁੰਬਵੀਆਂ ਕਲਾਵਾਂ ਨੇ ਪੰਜਾਬੀ ਸਭਿਆਚਾਰ ਨੂੰ ਜਿੱਥੇ ਅਮੀਰ ਕੀਤਾ, ਉੱਥੇ ਕਲਾ ਦੀ ਸਿਖਰ ਤੇ ਵੀ ਪਹੁੰਚਾਇਆ । ਇਸੇ ਤਰਾਂ ਪੱਖੀ ਦਾ ਜਨਮ ਹੋਇਆ।

ਕਲਾ ਦੀ ਸਿਰਜਣਾ ਵਿੱਚ ਪੰਜਾਬੀ ਸੁਆਣੀ ਲਾਜਵਾਬ ਰਹੀ ਹੈ । ਉਹਨਾਂ ਸਮਿਆਂ ਵਿੱਚ ਕਈ ਤਰਾਂ ਦੀਆਂ ਪੱਖੀਆਂ ਬਣਦੀਆਂ ਹੁੰਦੀਆਂ ਸਨ । ਕਰੋਸ਼ੀਏ ਨਾਲ ਪੱਖੀਆਂ ਦੀ ਬੁਣਾਈ ਕੀਤੀ ਜਾਂਦੀ ਸੀ । ਕੋਈ ਕੱਪੜੇ ਤੇ ਕਢਾਈ ਕੱਢ ਕੇ ਪੱਖੀਆਂ ਦੀ ਬੁਣਾਈ ਕਰਦਾ ਸੀ । ਪੱਖੀਆਂ ਤੇ ਵੱਖ ਵੱਖ ਤਰ੍ਹਾਂ ਦੀਆਂ ਝਾਲਰਾਂ ਦੀ ਵਰਤੋਂ ਕੀਤੀ ਜਾਂਦੀ ਸੀ । ਪੱਖੀਆਂ ਦੀ ਬੁਣਾਈ ਲਈ ਪਹਿਲਾਂ ਡੰਡੀ ਉੱਪਰ ਰੇਸ਼ਮੀ ਧਾਗਿਆਂ ਦਾ ਤਾਣਾ ਪਾਇਆ ਜਾਂਦਾ ਸੀ । ਫਿਰ ਇਸਦੀ ਬੁਣਾਈ ਕੀਤੀ ਜਾਂਦੀ ਸੀ ਰੇਸ਼ਮੀ ਧਾਗਿਆਂ ਤੋਂ ਬਿਨਾ ਪੱਖੀਆਂ ਨੂੰ ਸ਼ਿੰਗਾਰਨ ਲਈ ਗੋਟੇ, ਮੋਤੀ , ਮਣਕੇ, ਸਿਤਾਰੇ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ । ਕੁੜੀਆਂ-ਚਿੜੀਆਂ ਪੱਖੀਆਂ ਦੇ ਫਰੇਮ ਬਜ਼ਾਰੋਂ ਲੈ ਕੇ ਇਨ੍ਹਾਂ ਨੂੰ ਘਰ ਬੜੀ ਮਿਹਨਤ ਨਾਲ ਬੁਣਦੀਆਂ। ਅਜਿਹੇ ਨਮੂਨੇ ਪਾਏ ਜਾਂਦੇ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਂਦੀ। ਵੰਨ-ਸੁਵੰਨੀਆਂ ਪੱਖੀਆਂ ਦੇਖ ਮਨ ਗਦਗਦ ਹੋ ਜਾਂਦਾ। ਜੇ ਕਿਸੇ ਦੀ ਪੱਖੀ ਦਾ ਨਮੂਨਾ ਬਹੁਤਾ ਹੀ ਵੱਖਰਾ ਹੁੰਦਾ ਤਾਂ ਉਸ ਤੋਂ ਉਹ ਪੱਖੀ ਦੋ-ਚਾਰ ਦਿਨ ਲਈ ਮੰਗ ਕੇ ਉਹੋ ਜਿਹਾ ਨਮੂਨਾ ਘਰ ‘ਚ ਪਾ ਲਿਆ ਜਾਂਦਾ। ਉਹਨਾਂ ਸਮਿਆਂ ਵਿੱਚ ਹੱਥੀਂ ਹੁਨਰ ਦਾ ਸ਼ੌਕ ਵੀ ਸੀ ਤੇ ਲੋੜ ਵੀ। ਪੰਜਾਬੀ ਲੋਕ ਗੀਤਾਂ ਵਿਚ ਪੱਖੀ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ ।

ਕਲਕੱਤਿਓਂ ਪੱਖੀ ਲਿਆਦੇ ਝੱਲੂੰਗੀ ਸਾਰੀ ਰਾਤ ।

ਉਹਨਾਂ ਸਮਿਆਂ ਵਿੱਚ ਕੁੜੀ ਨੂੰ ਦਾਜ ਦੇ ਵਿੱਚ ਵੀ ਪੱਖੀਆਂ ਦਿੱਤੀਆਂ ਜਾਂਦੀਆਂ ਸਨ । ਲੜਕੀ ਨੂੰ ਦਿੱਤੇ ਜਾਣ ਵਾਲੇ ਦਾਜ ਵਿਚਲੀਆਂ ਕੁਝ ਵਸਤਾਂ ਲੜਕੀ ਆਪ ਤਿਆਰ ਕਰਦੀ ਸੀ । ਇਹ ਉਸਦੀ ਕਲਾ ਕੁਸ਼ਲਤਾ ਦਾ ਪ੍ਰਮਾਣ ਹੁੰਦੀਆਂ ਸਨ । ਪਿਆਰ ਜਿਹੀਆਂ ਕੋਮਲ ਭਾਵਨਾਵਾਂ , ਆਪਣੇ ਦਿਲ ਦੇ ਸੁਪਨਿਆਂ ਅਤੇ ਮਨ ਦੀਆਂ ਰੀਝਾਂ , ਜਿਹਨਾਂ ਦੀ ਪੂਰਤੀ ਉਹ ਚਾਹੁੰਦੀ , ਪਰ ਇਹਨਾਂ ਦਾ ਪ੍ਰਗਟਾਵਾ ਖੁੱਲ ਕੇ ਨਹੀਂ ਸੀ ਕਰ ਸਕਦੀ । ਅਜਿਹੀਆਂ ਇੱਛਾਵਾਂ ਦੇ ਪ੍ਰਗਟਾਵੇ ਲਈ ਅਜਿਹੀਆਂ ਕਲਾ ਕ੍ਰਿਤਾਂ ਵੀ ਮਾਧਿਅਮ ਬਣੀਆਂ ।

ਰੰਗਲੀ ਪੱਖੀ ਸ਼ੀਸ਼ਿਆਂ ਵਾਲੀ

ਅਸਾਂ ਰੀਝਾਂ ਨਾਲ ਬਣਾਈ ।

ਫਿਰ ਸਹੁਰੇ ਘਰ ਜਾ ਕੇ ਸਮਾਨ ਮੰਜਿਆਂ ‘ਤੇ ਰੱਖ ਜਦੋਂ ਸਭ ਨੂੰ ਦਿਖਾਇਆ ਜਾਂਦਾ ਤਾਂ ਗੱਲਾਂ ਹੋਣ ਲੱਗਦੀਆਂ, ‘ਇਹ ਨਮੂਨਾ ਕੁੜੀ ਨੇ ਆਪ ਪਾਇਐ…ਕਮਾਲ ਕੀਤੀ ਪਈ ਏ…ਸਾਡੀਆਂ ਕੁੜੀਆਂ ਵੀ ਇਹਤੋਂ ਹੀ ਸਿੱਖ ਲੈਣਗੀਆਂ…।’ ਸਭ ਦੇ ਛੋਟੇ-ਛੋਟੇ ਚਾਅ ਸਨ ਤੇ ਛੋਟੀਆਂ-ਛੋਟੀਆਂ ਲੋੜਾਂ।

ਮੁਟਿਆਰਾਂ ਆਪਣੇ ਨਾਲ ਲਿਆਂਦੇ ਦਾਜ ਵਿੱਚ ਰੰਗ ਬਰੰਗੀਆਂ ਪੱਖੀਆਂ ਨੂੰ ਬੜੇ ਸ਼ੌਂਕ ਨਾਲ ਸਜਾ ਕੇ ਰੱਖਿਆ ਕਰਦੀਆਂ ਸਨ ਅਤੇ ਆਪਣੀ ਧਾਂਕ ਜਮਾਉਣ ਲਈ ਸੋਹਣੀਆਂ ਸੋਹਣੀਆਂ ਪੱਖੀਆਂ ਕੱਢ ਕੇ ਆਪਣੀਆਂ ਦਰਾਣੀਆਂ ਜਠਾਣੀਆਂ ਜਾਂ ਨਣਦਾਂ ਮੂਹਰੇ ਧਰਿਆ ਕਰਦੀਆ ਸਨ ਤੇ ਦਿਖਾਵਾ ਕਰਦੀਆਂ ਸਨ ਕਿ ਉਹ ਕਢਾਈ ਬੁਣਾਈ ਵਿੱਚ ਕਿੰਨੀਆਂ ਮਾਹਿਰ ਹਨ।

ਆਪਣੀਆਂ ਕ੍ਰਿਤਾਂ ਵਿੱਚ ਰੀਝਾਂ ਅਤੇ ਸੁਪਨਿਆਂ ਨੂੰ ਪਿਰੋਂਦੀ ਹੋਈ ਕਿਸੇ ਮੁਟਿਆਰ ਦਾ ਮਾਹੀ ਜਦੋਂ ਨੌਕਰੀ ਕਰਨ ਦੂਰ ਕੀਤੇ ਪ੍ਰਦੇਸ ਚਲਾ ਜਾਂਦਾ ਤਾਂ ਉਸਦਾ ਮਨ ਕਹਿ ਉੱਠਦਾ

ਗੋਟਾ ਲਾਉਂਦੀ ਆ ਪੱਖੀਆਂ ਨੂੰ

ਵੇ ਤੁਰ ਪ੍ਰਦੇਸ ਗਿਆ

ਰੋਣਾ ਦੇ ਗਿਆ ਅੱਖੀਆਂ ਨੂੰ ।

ਉਹ ਉਸਦੇ ਵਿਛੋੜੇ ਵਿੱਚ ਦਿਨ ਕੱਟਦੀ ਕਈ ਵਾਰ ਜਦੋਂ ਕਿਸੇ ਘਰੋਂ ਬਾਹਰ ਨੌਕਰੀ ਕਰਦੇ ਕਿਸੇ ਪਤੀ ਦੀ ਪਤਨੀ ਨੂੰ ਉਸਦੇ ਬੱਚੇ ਗਰਮੀ ਕਰਨ ਤੰਗ ਕਰਦੇ ਤਾਂ ਉਹ ਆਪਣੇ ਪਤੀ ਨੂੰ ਚਿੱਠੀ ਲਿਖ ਕੇ ਉਸ ਤੋਂ ਪੱਖੀ ਦੀ ਮੰਗ ਕਰਦੀ ।

ਲਿਖ ਪਰਵਾਨਾ ਭੇਜਾਂ ਵੇ , ਘਰ ਪੱਖੀ ਦੀ ਲੋੜ

ਢੋਲ ਮੇਰਿਆ ਮਾਹੀਆਂ ਵੇ ,ਘਰ ਪੱਖੀ ਦੀ ਲੋੜ

ਕੁੱਛੜ ਬਾਲ ਨਿਆਣਾ ਵੇ , ਗਰਮੀ ਕਰਦੀ ਏ ਜ਼ੋਰ

ਉਹ ਆਪਣੇ ਪਤੀ ਤੋਂ ਆਉਂਦੇ ਹੋਏ ਪੱਖੀ ਲਿਆਉਣ ਦੀ ਮੰਗ ਕਰਦੀ ।

ਪੱਖੀ ਮੋਰ ਦੀ ਲਿਆ ਦੇ ਮਾਹੀਆ ,

ਤ੍ਰਿੰਜਣਾਂ ਚ ਵੱਟ ਲੱਗਦਾ ।

ਕਈ ਔਰਤਾਂ ਆਪਣੇ ਪਤੀ ਨੂੰ ਪੱਖੀ ਨੂੰ ਘੁੰਗਰੂ ਲਵਾ ਕੇ ਦੇਣ ਦੀ ਮੰਗ ਵੀ ਕਰਦੀਆਂ ।

ਪੱਖੀ ਨੂੰ ਲਵਾ ਦੇ ਘੁੰਗਰੂ

ਰੁੱਤ ਗਰਮੀ ਦੀ ਆਈ ।

ਉਹਨਾਂ ਸਮਿਆਂ ਵਿੱਚ ਵੱਡੇ ਇਕੱਠਾਂ ਜਿਵੇਂ ਬਰਾਤਾਂ ਸਮੇਂ , ਗੁਰਦੁਆਰਿਆਂ , ਜਨਤਕ ਸਭਾਵਾਂ ਵਿੱਚ ਵੱਡੇ ਵੱਡੇ ਪੱਖੇ ਵਰਤੇ ਜਾਂਦੇ ਸਨ । ਕਈ ਘਰਾਂ ਵਿੱਚ ਵੀ ਇਸਤਰਾਂ ਦੇ ਵੱਡੇ ਵੱਡੇ ਪੱਖੇ ਛੱਤ ਨਾਲ ਲਮਕਾਏ ਜਾਂਦੇ ਸਨ । 6 ਕੁ ਫੁੱਟ ਦਾ ਲੰਮਾ ਅਤੇ 2 ਕੁ ਫੁੱਟ ਦਾ ਚੌੜਾ ਪੱਖਾ ਜਿਸ ਤੇ ਇੱਕ ਝਾਲਰ ਲੱਗੀ ਹੁੰਦੀ ਸੀ , ਨੂੰ ਇੱਕ ਬੰਦਾ ਰੱਸੀ ਨਾਲ ਖਿੱਚਦਾ ਸੀ ਅਤੇ ਹਵਾ ਲੈਣ ਵਾਲੇ ਉਸਨੂੰ ਅਸੀਸਾਂ ਦਿੰਦੇ ਨਹੀਂ ਸਨ ਥੱਕਦੇ ।

ਆਮ ਵਰਤੋਂ ਲਈ ਖਜੂਰ ਦੀਆਂ ਬਣੀਆਂ ਪੱਖੀਆਂ ਦਾ ਪ੍ਰਯੋਗ ਕੀਤਾ ਜਾਂਦਾ ਸੀ । ਘਰ ਆਏ ਪ੍ਰਾਹੁਣੇ ਲਈ ਵੀ ਪਹਿਲਾਂ ਹੀ ਮੰਜੇ ਤੇ ਨਵੀਂ ਚਾਦਰ ਵਿਛਾ ਕੇ ਖਾਸ ਹੋਰ ਤੇ ਤਿਆਰ ਕੀਤੀ ਮੰਜੇ ਦੇ ਸਿਰਹਾਣੇ ਰੱਖ ਦਿੱਤੀ ਜਾਦੀ ਸੀ।

ਅੱਜ ਤਕਨੀਕ ਦੇ ਇਸ ਦੌਰ ਵਿੱਚ ਨਾ ਪਹਿਲਾਂ ਵਰਗੀਆਂ ਚੀਜਾਂ ਰਹੀਆਂ ਨਾ ਪਹਿਲਾਂ ਵਰਗੇ ਲੋਕ। ਅੱਜ ਕਾਫੀ ਹੱਦ ਤੱਕ ਮਨੁੱਖ ਨੇ ਕੁਦਰਤ ਤੇ ਕਾਬੂ ਪਾਉਣਾ ਸਿੱਖ ਲਿਆ ਹੈ ਜਾਂ ਇੰਜ ਕਹਿ ਲਵੋ ਕਿ ਮਨੁੱਖ ਨੇ ਇੱਕ ਆਪਣੀ ਹੀ ਕੁਦਰਤ ਰਚ ਲਈ ਹੈ । ਜਿਥੇ ਉਹ ਗਰਮੀ ਦੂਰ ਕਰਨ ਲਈ ਪੱਖੇ ਕੂਲਰ ਏ. ਸੀ ਆਦਿ ਅਤੇ ਸਰਦੀ ਤੋਂ ਬਚਣ ਲਈ ਹੀਟਰਾਂ ਦਾ ਪ੍ਰਯੋਗ ਕਰਨ ਲੱਗਾ ਹੈ । ਇਸ ਦੇ ਕਾਫੀ ਉਲਟ ਪ੍ਰਭਾਵ ਵੀ ਪਏ ਹਨ । ਮਨੁੱਖ ਕੋਲ ਗਰਮੀ ਸਰਦੀ ਸਹਿਣ ਦੀ ਸ਼ਕਤੀ ਘਟ ਗਈ ਹੈ । ਹੁਣ ਇਲੈਕਟ੍ਰੋਨਿਕ ਸਾਧਨਾਂ ਦੇ ਆ ਜਾਣ ਨਾਲ ਹੱਥ ਪੱਖੀਆਂ ਦੀ ਕਦਰ ਘਟ ਗਈ ਹੈ । ਹੁਣ ਪਿੰਡ ਜਾ ਸ਼ਹਿਰਾਂ ਵਿੱਚ ਕੋਈ ਪੱਖੀਆਂ ਨਹੀਂ ਬੁਣਦਾ ਤਾਂ ਦਾਜ ਵਿੱਚ ਪੱਖੀਆਂ ਦੇਣ ਤਾਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਲੋੜ ਪੈਣ ਤੇ ਬਜਾਰੋਂ ਪਲਾਸਟਿਕ ਦੀਆਂ ਬਣੀਆਂ ਪੱਖੀਆਂ ਨਾਲ ਹੀ ਬੂਤਾ ਸਾਰ ਲਿਆ ਜਾਂਦਾ ਹੈ । ਅੱਜ ਕੱਲ ਪੱਖੀਆਂ ਬੁਣਨ ਦੀ ਇਹ ਕਲਾ ਸਕੂਲ, ਕਾਲਜਾਂ ਦੇ ਮੁਕਾਬਲਿਆਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਜਾਂ ਕੋਈ ਟਾਵੀਂ ਟਾਵੀਂ ਪੱਖੀ ਕਿਸੇ ਨਾਨੀ ਦਾਦੀ ਕੋਲ ਸੰਦੂਕ ਵਿੱਚ ਸਾਂਭੀ ਪਈ ਹੈ ।

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9888405411
Email: mehrashankar777@gmail.com

Leave a Reply

Your email address will not be published. Required fields are marked *

%d bloggers like this: