ਪੰਜ ਦਹਾਕਿਆਂ ਤੋਂ ਪੰਜਾਬੀ ਲੋਕ-ਗਾਇਕੀ ਦੀ ਸੇਵਾ ਕਰ ਰਿਹਾ ਗਾਇਕ:-ਕਰਤਾਰ ਰਮਲਾ

ss1

ਪੰਜ ਦਹਾਕਿਆਂ ਤੋਂ ਪੰਜਾਬੀ ਲੋਕ-ਗਾਇਕੀ ਦੀ ਸੇਵਾ ਕਰ ਰਿਹਾ ਗਾਇਕ:-ਕਰਤਾਰ ਰਮਲਾ

ਗਾਇਨ ਕਲਾ ਨਾਲ ਜੁੜੇ ਅਨੇਕਾਂ ਨਾਵਾਂ ਵਿੱਚੋਂ ਨਾਮੀ ਸ਼ੌਹਰਤ ਅਤੇ ਸ੍ਰੋਤਿਆਂ ਦੇ ਦਿਲਾਂ ਵਿੱਚ ਥਾਂ ਲੈਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਹੁਣ ਤੱਕ ਏਸ ਖੇਤਰ ਵਿੱਚ ਲੰਬਾ ਤਜ਼ੁਰਬਾ ਰੱਖਣਾ ਅਤੇ ਹਰ ਉਮਰ ਵਿੱਚ ਸ੍ਰੋਤਿਆਂ ਦੇ ਦਿਲਪਸੰਦ ਬਣੇ ਰਹਿਣ ਦਾ ਸ਼ਰਫ਼ ਕੁਝ ਚੁਣਵੇਂ ਗਾਇਕਾਂ ਦੇ ਹਿੱਸੇ ਹੀ ਆਇਆ ਹੈ।ਅਜੋਕੇ ਦੌਰ ਵਿੱਚ ਇਹ ਲੀਜੈਂਡਰੀ ਸ਼ੁਹਰਤ ਉਂਗਲਾਂ ਤੇ ਗਿਣੇ ਜਾਣ ਵਾਲੇ ਜਿਹਨਾਂ ਗਾਇਕਾਂ ਦੇ ਹਿੱਸੇ ਆਈ ਹੈ ਉਹਨਾਂ ਵਿੱਚੋਂ ਇੱਕ ਨਾਮ ਹੈ ਕਰਤਾਰ ਰਮਲਾ।ਪੰਜਾਬੀ ਲੋਕ ਗਾਇਕੀ ਵਿੱਚ ਉਸਦੀ ਇੱਕ ਖੁਸ਼ਹਾਲ ਸ਼ਮੂਲੀਅਤ ਹੈ ਜਿਸਨੂੰ ਕਰਤਾਰ ਰਮਲਾ ਨੇ ਪਿਛਲੇ ਪੰਜਾਹ ਸਾਲਾਂ ਤੋਂ ਆਪਣੇ ਸੁਰਾਂ ਨਾਲ ਸਿੰਜਿਆ ਹੈ।

ਕਰਤਾਰ ਰਮਲਾ ਦਾ ਜਨਮ ਸੰਨ 1947 ਵਿੱਚ ਪਿੰਡ ਹੰਧਾਲ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਹੋਇਆ ਸੀ।ਮਹਿਜ਼ ਚਾਰ-ਪੰਜ ਮਹੀਨੇ ਦੀ ਉਮਰ ‘ਚ ਵਤਨ-ਉਜਾੜੇ ਕਾਰਨ ਉਸਦੇ ਪਰਿਵਾਰ ਨੂੰ ਪੰਜਾਬ (ਭਾਰਤ) ਵਿੱਚ ਰਿਆਸਤੀ ਸ਼ਹਿਰ ਫ਼ਰੀਦਕੋਟ ਵਿੱਚ ਰਹਿਣਾ ਮਿਲਿਆ।ਲਿਹਾਜ਼ਾ ਉਸਦੇ ਹੋਸ਼-ਹਵਾਸ, ਬਚਪਨ ਅਤੇ ਜਵਾਨੀ ਦਾ ਗਵਾਹ ਜ਼ਿਲ੍ਹਾ ਫ਼ਰੀਦਕੋਟ ਹੀ ਰਿਹਾ।ਏਥੇ ਹੀ ਉਸਨੇ ਗਾਉਣ ਦੇ ਸ਼ੌਂਕ ਨੂੰ ਸ਼ੁਰੂ ਕੀਤਾ। ਲਗਭਗ ਸੰਨ 1967 ਵਿੱਚ ਗਾਇਕੀ ਨੂੰ ਕਿੱਤੇ ਵਜੋਂ ਚੁਣ ਲਿਆ। ਸ਼ੌਂਕੀਆਂ ਤੌਰ ਤੇ ਉਹ ਮੁੰਹਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਦੀ ਗਾਇਕੀ ਸਟੇਜ ਉੱਤੇ ਸਹਾਇਕ ਗਾਇਕ ਵਜੋਂ ਗਾਉਂਦਾ ਸੀ।ਏਥੇ ਹੀ ਉਸਨੇ ਆਪਣੀ ਗਾਇਨ ਸ਼ੈਲੀ ਬਣਾਈ ਅਤੇ ਉਸ ਵਿੱਚ ਪ੍ਰਪੱਕਤਾ ਲਿਆਂਦੀ।ਸਿੱਟੇ ਵਜੋਂ ਉਸਨੇ ਸੁਰਜੀਤ ਸਿੰਘ ਗਿੱਲ (ਘੋਲੀਆ) ਦੇ ਲਿਖੇ ਗੀਤਾਂ ਰਾਂਹੀਂ ਵੱਖਰੇ ਤੌਰ ਤੇ ਗਾਉਣਾ ਸ਼ੁਰੂ ਕੀਤਾ।ਏਹ ਜੋਬਨ ਦੇਖਿਆਂ ਮੁੱਕਦਾ ਨਹੀਂ, ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ, ਸੱਚ ਕਹਾਂ ਤਾਂ ਮੈਨੂੰ ਡਰ ਕਾਹਦਾ ਤੇਰਾ ਪਿਆਰ ਜਿਹਾ ਹੁੰਦਾ ਜਾਂਦਾ ਹੈ ਆਦਿ ਉਹ ਤਿੰਨ ਗੀਤ ਹਨ ਜਿਹਨਾਂ ਨੂੰ ਉਹ ਆਪਣੇ ਸੰਗੀਤਕ ਗੁਰੂ ਮੰਨਦਾ ਹੈ।ਏਹਨਾਂ ਗੀਤਾਂ ਜ਼ਰੀਏ ਸ਼ੁਰੂ ਹੋਇਆ ਉਸਦਾ ਸਫ਼ਰ ਅੱਜ ਵੀ ਜਾਰੀ ਹੈ। ਅੱਜ ਵੀ ਲੋਕ ਉਸ ਕੋਲੋਂ ਬੇਹੱਦ ਚਾਅ ਨਾਲ ਏਹ ਗੀਤ ਹਰ ਅਖਾੜੇ ਵਿੱਚ ਸੁਣਦੇ ਨੇ।

ਸੰਗੀਤਕ ਤਾਲੀਮ ਦੀ ਗੱਲ ਕਰੀਏ ਤਾਂ ਰਮਲਾ ਦੱਸਦਾ ਹੈ ਕਿ ਉਸਨੂੰ ਪਹਿਲੀ ਤਾਲੀਮ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਮਿਲੀ ਜੋ ਪਾਕਿਸਤਾਨ ਵਿੱਚ ਰੰਗੂ ਦਾਦਾ ਦੀ ਸ਼ਾਗਿਰਦੀ ਕਰਦੇ ਸੀ।ਬਾਅਦ ਵਿੱਚ ਕੁਝ ਡੂੰਘੀ ਮਾਲੂਮਾਤ ਲਈ ਕਵੀ ਸੰਪੂਰਨ ਸਿੰਘ ਝੱਲਾ ਕੋਲੋਂ ਵੀ ਸਿੱਖਿਆ।ਜ਼ਿਆਦਾ ਯੋਗਦਾਨ ਏਸ ਖੇਤਰ ਵਿੱਚ ਉਹ ਉਸਤਾਦ ਜਸਵੰਤ ਸਿੰਘ ਭੰਵਰਾ ਦਾ ਮੰਨਦੇ ਹਨ। ਏਹ ਉਸਦੀ ਸਿੱਖਣ ਦੀ ਪ੍ਰਾਪਤੀ ਹੀ ਹੈ ਕਿ ਪੱਥਰ ਦੇ ਰਿਕਾਰਡਾਂ ਤੋਂ ਗਾਉਣਾ ਸ਼ੁਰੂ ਕਰਕੇ ਰਮਲਾ ਅੱਜ ਵੀ ਲਾਈਵ ਅਖਾੜਿਆਂ ਦੀ ਸ਼ਾਨ ਹੈ। ਇੱਕੀਵੀਂ ਸਦੀ ‘ਚ ਜਿਉਂਦਿਆਂ ਉਸਨੂੰ ਲਗਭਗ ਹਰ ਪੀੜ੍ਹੀ ਦੇ ਲੋਕਾਂ ਨੇ ਸੁਣਿਆ ਅਤੇ ਸਲਾਹਿਆ ਹੈ। ਉਸਦੇ ਗਾਏ ਕੁਝ ਗੀਤ ਕਹਿੰਦੀ ਮੇਰਾ ਸਿਰ ਦੁੱਖਦਾ, ਰੰਨ ਬੋਤਲ ਵਰਗੀ ਆਦਿ ਆਮ ਹੀ ਲੋਕਾਂ ਦੀ ਜ਼ੁਬਾਂ ‘ਤੇ ਨੇ ਅਤੇ ਅੱਜ ਏਹ ਗੀਤ ਉਸਦੀ ਪਹਿਚਾਣ ਬਣ ਕੇ ਉੱਭਰੇ ਹਨ।ਨੌਜਵਾਨ ਗਾਇਕਾਂ ਨੇ ਜਿੱਥੇ ਓਸ ਦੇ ਕਈ ਗੀਤ ਰੀਮਿਕਸ ਕਰ ਕੇ ਗਾਏ ਨੇ ਉੱਥੇ ਉਸਦੀ ਗਾਇਕੀ ਤੇ ਸ਼ਾਇਰੀ ਦੇ ਜ਼ਿਕਰ ਵੀ ਆਪਣੇ ਗੀਤਾਂ ਵਿੱਚ ਕੀਤੇ ਹਨ।ਮਸਲਨ ਦਿਲਜੀਤ ਦੋਸਾਂਝ ਦਾ ‘ਜੂ ਥਿੰਕ’, ਸ਼ੈਰੀ ਮਾਨ ਦਾ ‘ਵੱਡਾ ਬਾਈ’, ਗਿੱਲ ਹਰਦੀਪ ਦਾ ‘ਉਹ ਪੰਜਾਬੀ ਨਹੀਂ ਹੁੰਦਾ’ ਆਦਿ ਗੀਤ ਗੌਲਣਯੋਗ ਹਨ।

ਦੋਗਾਣਾ ਗਾਇਕੀ ਵਿੱਚ ਉਸ ਨੇ ਵੱਖ-ਵੱਖ ਸਮਾਜਿਕ ਪਹਿਲੂ ਲੈ ਕੇ ਪੰਜਾਬੀ ਰਿਸ਼ਤਿਆਂ ਦੀ ਭਾਵਨਾਤਮਕ ਤਰਜ਼ਮਾਨੀ ਆਪਣੇ ਗੀਤਾਂ ਰਾਂਹੀਂ ਕੀਤੀ ਹੈ। ਉਸਦੀ ਸ਼ਖਸੀਅਤ ਦੀ ਏਹ ਵੀ ਖ਼ਾਸੀਅਤ ਰਹੀ ਹੈ ਕਿ ਉਸਨੇ ਆਪਣੇ ਗੀਤ ਕਦੇ ਵੀ ਦੇਖ ਕੇ ਨਹੀਂ ਗਾਏ। ਸਗੋਂ ਉਸਦਾ ਏਹ ਅਸੂਲ ਓਸ ਦੇ ਨਾਲ ਗਾਉਣ ਵਾਲੀਆਂ ਗਾਇਕਾਵਾਂ ਉੱਪਰ ਵੀ ਲਾਗੂ ਰਿਹਾ। ਕਰਤਾਰ ਰਮਲੇ ਨੇ ਹੁਣ ਤੱਕ ਚੌਦਾਂ ਔਰਤ ਗਾਇਕਾਵਾਂ ਨਾਲ ਗਾਇਆ ਹੈ ਜਿਹਨਾਂ ਵਿੱਚ ਨਰਿੰਦਰ ਬੀਬਾ, ਸੁਖਵੰਤ ਕੌਰ, ਕੁਲਦੀਪ ਕੌਰ, ਰਾਜਿੰਦਰ ਰਾਜਨ, ਬੀਬਾ ਰਣਜੀਤ ਕੌਰ, ਜਗਮੋਹਨ ਕੌਰ, ਸਵਰਨ ਲਤਾ, ਪੰਮੀ ਪੋਹਲੀ, ਗਰੇਵਾਲ ਸੀਮਾ, ਊਸ਼ਾ ਕਿਰਨ, ਪਰਮਜੀਤ ਸੰਧੂ, ਮਨਜੀਤ ਕੌਰ, ਰਾਜੂ, ਨਵਜੋਤ ਰਾਣੀ ਆਦਿ ਦੇ ਨਾਮ ਸ਼ਾਮਿਲ ਹਨ।

ਉਸਦੇ ਗਾਏ ਗੀਤਾਂ ਉੱਪਰ ਹੁੰਦੀਆਂ ਏਤਰਾਜ਼ਯੋਗ ਟਿੱਪਣੀਆਂ ਦੇ ਸੰਦਰਭ ਸੰਬੰਧੀ ਉਸਨੇ ਆਪਣੀ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਉਹੀ ਗਾਉਂਦਾ ਹੈ ਜੋ ਸਮਾਜ ਵਿੱਚ ਵਾਪਰਦਾ ਰਿਹੈ। ਉਸਨੇ ਹਮੇਸ਼ਾ ਠੇਠ ਪੰਜਾਬੀ ਵਿੱਚ ਅਤੇ ਪਿੰਡਾਂ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਬਿਆਨਦਾ ਹੀ ਗਾਇਆ ਹੈ।ਸਗੋਂ ਏਸ ਗੱਲ ਲਈ ਉਹ ਹੋਰ ਜ਼ੋਰ ਪਾਉਂਦਾ ਹੈ ਕਿ ਉਹ ਅੱਗੋਂ ਵੀ ਠੇਠ ਪੰਜਾਬੀ ਨੂੰ ਹੀ ਪਰਣਾਇਆ ਰਹੇਗਾ।ਗਾਇਕੀ ਤੋਂ ਬਿਨ੍ਹਾਂ ਆਪਣੇ ਹੋਰਾਂ ਸ਼ੌਂਕਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਉਹ ਵਿਹਲੇ ਵਕਤ ਰਿਆਜ਼ ਕਰਦਾ ਹੈ ਅਤੇ ਤੂੰਬੀ ਵਜਾ ਕੇ ਆਨੰਦਿਤ ਹੁੰਦਾ ਹੈ।ਅੱਜ ਦੀ ਤਾਰੀਖ਼ ਵਿੱਚ ਉਹ ਬੀਬਾ ਨਵਜੋਤ ਰਾਣੀ ਦੇ ਸਹਿਯੋਗ ਲਈ ਧੰਨਵਾਦੀ ਹੈ।ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਤੋਂ ਉਹ ਬੇਹੱਦ ਖੁਸ਼ ਹੈ।ਸ਼ੁਕਰਾਨੇ ਵਜੋਂ ਜਿੱਥੇ ਉਹ ਆਪਣੇ ਸਮਕਾਲੀਨ ਗਾਇਕਾਂ ਮੁਹੰਮਦ ਸਦੀਕ, ਅਮਰ ਚਮਕੀਲਾ,ਦੀਦਾਰ ਸੰਧੂ, ਕੁਲਦੀਪ ਮਾਣਕ ਹੁਰਾਂ ਦਾ ਅਦਬ ਕਰਦਾ ਹੈ ਉੱਥੇ ਉਹ ਅਜੋਕੇ ਨੌਜਵਾਨਾਂ ਵਿੱਚੋਂ ਬੱਬੂ ਮਾਨ ਅਤੇ ਡਾ.ਸਤਿੰਦਰ ਸਰਤਾਜ ਦੇ ਸੰਗੀਤਕ ਪਿਆਰ ਲਈ ਵੀ ਦਿਲੋਂ ਧੰਨਵਾਦੀ ਹੈ।

ਆਪਣੀ ਮੁਲਾਕਾਤ ਦੌਰਾਨ ਇੱਕ ਦਿਲਚਸਪ ਵਾਕਿਆ ਸਾਂਝਾ ਕਰਦਿਆਂ ਉਹ ਦੱਸਦੇ ਨੇ ਮੈਂ ਜਦੋਂ ਵੀ ਕਿਸੇ ਨਵੀਂ ਸਹਿ-ਗਾਇਕਾ ਨਾਲ ਗਾਉਂਦਾ ਸੀ ਤਾਂ ਲੋਕ ਏਹੀ ਭੁਲੇਖਾ ਅਕਸਰ ਪਾਲ ਲੈਂਦੇ ਸੀ ਕਿ ਸ਼ਾਇਦ ਰਮਲੇ ਨੇ ਅੱਠ-ਨੌ ਵਿਆਹ ਕਰਵਾਏ ਹੋਣਗੇ ਜਦਕਿ ਰਮਲਾ ਦੱਸਦਾ ਹੈ ਕਿ ਗਾਇਕ ਹੋਣ ਦੇ ਨਾਲ-ਨਾਲ ਉਹ ਸਮਾਜਿਕ ਕਾਨੂੰਨਾਂ ਦੀ ਸੂਝ ਵੀ ਰੱਖਦਾ ਹੈ। ਸੋ, ਇਹ ਨਿਰਾਧਾਰ ਗੱਲਾਂ ਨੇ ਪਰ ਏਸ ਸੰਬੰਧੀ ਉਸ ਨੇ ਸੰਗੀਤਕ ਅਤੇ ਨਿੱਜੀ ਜ਼ਿੰਦਗੀ ਵਿੱਚ ਕਿੰਨੀਆਂ ਮੁਸੀਬਤਾਂ ਝੱਲੀਆਂ ਨੇ ਉਹ ਸਿਰਫ਼ ਉਹੀ ਜਾਣਦਾ ਹੈ।ਖੈਰ, ਜੇ ਗੱਲ ਉਸਦੀ ਸ਼ਖਸੀਅਤ ਦੀ ਪਹਿਚਾਣ ਬਾਰੇ ਕਰੀਏ ਤਾਂ ਟੱਲੀ ਵਾਂਗਰਾਂ ਟੁਣਕਦੀ ਆਵਾਜ਼ ਉਸਦੀ ਉਮਰ ਲੱਭਣ ਲਈ ਅੱਜ ਵੀ ਭੁਲੇਖੇ ਸਿਰਜਦੀ ਹੈ।ਉਮਰ ਦੇ ਸੱਤਵੇਂ ਦਹਾਕੇ ਵਿੱਚ ਵੀ ਗਾਇਕੀ ਲਈ ਇੱਕ ਜਨੂੰਨ ਉਸਦੀ ਚੜ੍ਹਦੀ ਕਲਾ ਵਿੱਚ ਹੋਣ ਦਾ ਪ੍ਰਮਾਣ ਹੈ।ਦੁਆ ਹੈ ਪਰਮਾਤਮਾ ਉਸਨੂੰ ਹੋਰ ਤਰੱਕੀਆਂ ਅਤੇ ਸਿਹਤਯਾਬੀ ਦੇਵੇ।ਆਮੀਨ!!

Share Button

Leave a Reply

Your email address will not be published. Required fields are marked *