ਪੰਜੇ ਤਖਤ ਸਾਹਿਬਾਨ ਦੀ ਪੈਦਲ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਕੀਤੀ ਸੰਪੂਰਨ

ss1

ਪੰਜੇ ਤਖਤ ਸਾਹਿਬਾਨ ਦੀ ਪੈਦਲ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਕੀਤੀ ਸੰਪੂਰਨ
14 ਮਹੀਨਿਆਂ ਤੇ 21 ਦਿਨ ਵਿੱਚ 1900 ਕਿ:ਮੀ: ਪੈਦਲ ਸਫਰ ਕਰਕੇ ਭਾਈ ਜਸਵੀਰ ਸਿੰਘ ਨੇ ਕੀਤੇ ਤਖਤ ਸਾਹਿਬਾਨ ਦੇ ਦਰਸ਼ਨ

dharmik-yatraਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- 28 ਤੋਂ 30 ਅਗਸਤ 2015 ਤੱਕ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਉਪਰੰਤ 1 ਸਤੰਬਰ ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਝੰਡੂਕੇ ਦੇ ਭਾਈ ਜਸਵੀਰ ਸਿੰਘ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜੇ ਤਖਤ ਸਾਹਿਬਾਨ ਦੀ ਆਰੰਭੀ ਪੈਦਲ ਯਾਤਰਾ ਬੀਤੀ ਦੇਰ ਸ਼ਾਮ ਉਨ੍ਹਾਂ ਦੇ ਵਾਪਿਸ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੇ ਸੰਪੂਰਨ ਹੋ ਗਈ। ਯਾਤਰਾ ਸੰਪੂਰਨ ਕਰ ਲਏ ਜਾਣ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਭਾਈ ਜਸਵੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਪਿੰਡ ਝੰਡੂਕੇ ਦੇ ਭਾਈ ਜਸਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿੱਚ ਪੰਜੇ ਤਖਤ ਸਾਹਿਬਾਨ ਦੀ ਪੈਦਲ ਯਾਤਰਾ ਕਰਦਿਆਂ ਦਰਸ਼ਨ ਕਰਨ ਦੀ ਤੀਬਰ ਇੱਛਾ ਸੀ ਤੇ ਉਸੇ ਮੁਤਾਬਿਕ ਉਨ੍ਹਾਂ ਨੇ 1 ਸਤੰਬਰ 2015 ਨੂੰ ਇਹ ਯਾਤਰਾ ਆਰੰਭ ਕੀਤੀ ਸੀ ਤੇ 1900 ਕਿਲੋਮੀਟਰ ਦਾ ਉਕਤ ਪੈਂਡਾ ਉਨ੍ਹਾਂ ਨੇ 14 ਮਹੀਨਿਆਂ ਤੇ 21 ਦਿਨਾਂ ਵਿੱਚ ਤੈਅ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇ ਰਾਸਤੇ ਵਿੱਚ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪ੍ਰੰਤੂ ਸੰਗਤਾਂ ਦੇ ਥਾਂ ਥਾਂ ਮਿਲੇ ਸਹਿਯੋਗ ਤੇ ਧਾਰਮਿਕ ਆਗੂਆਂ ਦੇ ਆਸ਼ੀਰਵਾਦ ਸਦਕਾਂ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਅਹਿਸਾਸ ਨਹੀ ਹੋਇਆ।ਉਨ੍ਹਾਂ ਦੱਸਿਆ ਕਿ ਯਾਤਰਾ ਦੇ ਆਰੰਭ ਮੌਕੇ ਉਹ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤੇ ਉੱਥੋਂ ਅਜਮੇਰ,ਪੁਸ਼ਕਰ ਹੁੰਦੇ ਹੋਏ ਤਖਤ ਸ੍ਰੀ ਅਬਿਚਲਨਗਰ ਸਾਹਿਬ (ਸ੍ਰੀ ਹਜੂਰ ਸਾਹਿਬ) ਨਾਂਦੇੜ ਪੁੱਜੇ ਤੇ ਉੱਥੋਂ ਗੁ:ਨਾਨਕਝੀਰਾ ਸਾਹਿਬ ਬਿਦਰ (ਕਰਨਾਟਕ) ਦੇ ਦਰਸ਼ਨ ਕਰਨ ਉਪਰੰਤ ਹੈਦਰਾਬਾਦ,ਵਿਸ਼ਾਖਾਪਟਨਮ ਹੁੰਦੇ ਹੋਏ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਤੇ ਵਾਪਸੀ ਤੇ ਆਗਰਾ,ਬਕਸਰ, ਗਾਜੀਪੁਰ ਹੁੰਦੇ ਹੋਏ ਗੁ: ਨਾਨਕਮੱਤਾ ਸਾਹਿਬ ਦੇ ਦਰਸ਼ਨ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਤੇ ਦਰਸ਼ਨਾਂ ਉਪਰੰਤ ਫਿਰ ਵਾਪਸੀ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਕੀਤੀ ਤੇ ਇੱਥੇ ਪੁੱਜ ਕੇ ਪੈਦਲ ਯਾਤਰਾ ਦੀ ਸੰਪੂਰਨਤਾ ਕੀਤੀ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸੂਫੀ ਸੰਤ ਗੁਲਾਮ ਹੈਦਰ ਕਾਦਰੀ, ਐੇਡਵੋਕੇਟ ਬਾਬਾ ਅੰਗਰੇਜ ਸਿੰਘ ਤੇ ਬਾਬਾ ਵਿਸਾਖਾ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ।
ਬੀਤੀ ਦੇਰ ਸ਼ਾਮ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਪੈਦਲ ਯਾਤਰਾ ਦੀ ਸੰਪੂਰਨਤਾ ਹੋਣ ਤੇ ਗੁ: ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਵਿਖੇ ਸੰਪੂਰਨਤਾ ਦੀ ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਵੀ ਹਾਜ਼ਰ ਸਨ।
ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਸਿਰੋਪਾਓ ਦੇ ਕੇ ਭਾਈ ਜਸਵੀਰ ਸਿੰਘ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਆਪਣੇ ਵਿਰਸੇ ਅਤੇ ਗੌਰਵਮਈ ਇਤਿਹਾਸ ਤੋਂ ਜਾਣੂੰ ਹੋ ਕੇ ਬਾਣੀ ਅਤੇ ਬਾਣੇ ਦੇ ਧਾਰਣੀ ਬਨਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾਲ ਸਿੱਖ ਧਰਮ ਦਾ ਪ੍ਰਚਾਰ ਦੇਸ਼ ਦੇ ਕੋਨੇ ਕੋਨੇ ਵਿੱਚ ਹੁੰਦਾ ਹੈ ਤੇ ਲੋਕ ਸਿੱਖ ਧਰਮ ਬਾਰੇ ਜਾਨਣ ਲਈ ਉਤਸੁਕ ਹੋ ਉੁੱਠਦੇ ਹਨ।ਉਨ੍ਹਾਂ ਸਾਰੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਅਜਿਹੇ ਚੜ੍ਹਦੀਕਲਾ ਵਾਲੇ ਸਿੰਘਾਂ ਦਾ ਹਰ ਕਿਸਮ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਵੀ ਜੋਸ਼ ਨਾਲ ਸਿੱਖੀ ਦਾ ਝੰਡਾ ਲੈ ਕੇ ਯਾਤਰਾਵਾਂ ਤੇ ਨਿੱਕਲ ਸਕਣ।

Share Button

Leave a Reply

Your email address will not be published. Required fields are marked *