ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਕਬਰਸਤਾਨਾਂ ਦੇ ਰਸਤੇ, ਚਾਰਦੀਵਾਰੀ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਨ ਦਾ ਕੀਤਾ ਫੈਸਲਾ – ਭੁਪਿੰਦਰ ਸਿੰਘ ਰਾਏ

ss1

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਕਬਰਸਤਾਨਾਂ ਦੇ ਰਸਤੇ, ਚਾਰਦੀਵਾਰੀ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਨ ਦਾ ਕੀਤਾ ਫੈਸਲਾ – ਭੁਪਿੰਦਰ ਸਿੰਘ ਰਾਏ

23-27 (1)
ਬਰਨਾਲਾ, 22 ਜੂਨ (ਨਰੇਸ਼ ਗਰਗ )ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਕਬਰਸਤਾਨਾਂ ਨੂੰ ਜਾਣ ਵਾਲੇ ਰਸਤੇ, ਚਾਰਦੀਵਾਰੀ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਨ ਦਾ ਫੈਸਲਾ ਕੀਤਾ ਹੈ, ਜਿਸ ਅਧੀਨ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਬਰਨਾਲਾ ਵਿੱਚ ਪੈਂਦੇ ਸਾਰੇ ਕਬਰਸਤਾਨਾਂ ਦਾ ਸਰਵੇਖਣ ਕਰਵਾਇਆ ਗਿਆ ਹੈ ਅਤੇ 115 ਪਿੰਡਾਂ ਵਿੱਚ ਕਬਰਸਤਾਨਾਂ ਦੀ ਲਗਭਗ 112 ਏਕੜ ਜਗਾਂ ਦੀ ਸ਼ਨਾਖਤ ਕਰਕੇ 2 ਕਰੋੜ ਰੁਪਏ ਦਾ ਐਸਟੀਮੈਂਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਫੰਡ ਪ੍ਰਾਪਤ ਹੋਣ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲਾ ਸ਼ਿਕਾਇਤ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਹਾਊਸ ਦੇ ਸਮੂਹ ਮੈਂਬਰਾਂ ਨੂੰ ਦਿੱਤੀ। ਕਮੇਟੀ ਦੇ ਮੈਂਬਰ ਡਾ. ਮੁਹੰਮਦ ਹਮੀਦ ਨੇ ਦੱਸਿਆ ਕਿ ਪਿੰਡ ਸੰਘੇੜਾ ਵਿਖੇ ਮੁਸਲਮਾਨ ਬਰਾਦਰੀ ਦੀ ਕਬਰਸਿਤਾਨ ਲਈ 47 ਕਨਾਲ 5 ਮਰਲੇ ਰਕਬਾ ਹੈ ਜਿਸ ਵਿਚੋਂ 17 ਕਨਾਲ 5 ਮਰਲੇ ਤੇ ਕਬਰਸਿਤਾਨ ਬਣਿਆ ਹੋਇਆ ਹੈ ਅਤੇ ਬਾਕੀ 30 ਕਨਾਲ ਵਾਹੀਯੋਗ ਜ਼ਮੀਨ ਹੈ। ਇਸ ਵਾਹੀਯੋਗ ਜ਼ਮੀਨ ਤੇ ਨਜਾਇਜ ਕਬਜੇ ਹੋ ਰਹੇ ਹਨ। ਇਸ ਤੇ ਡਿਪਟੀ ਕਮਿਸ਼ਨਰ ਨੇ ਐੱਸ.ਡੀ.ਐੱਮ. ਬਰਨਾਲਾ ਨੂੰ ਪੜਤਾਲ ਦੇ ਆਦੇਸ਼ ਦਿੱਤੇ। ਮੈਂਬਰ ਸ੍ਰੀ ਗੁਰਬਾਜ ਮਸੀਹ ਵੱਲੋਂ ਹੰਡਿਆਇਆ ਰੋਡ ਤੇ ਕ੍ਰਿਸ਼ਚੀਅਨ ਕਬਰਸਤਾਨ ਦੀ ਜਗਾ ਜਿਸ ਦੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ ਦਾ ਮੁੱਦਾ ਉਠਾਉਣ ਤੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਸ ਦੀ ਨਿਸ਼ਾਨਦੇਹੀ ਕਰਵਾ ਕੇ ਕਬਰਸਤਾਨ ਬਣਾ ਕੇ ਆਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਸ. ਰਾਏ ਨੇ ਦੱਸਿਆ ਕਿ ਜ਼ਿਲੇ ਵਿੱਚ ਮਗਨਰੇਗਾ ਦੇ ਜਾਬ ਕਾਰਡ ਧਾਰਕਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣ ਲਈ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਵੱਖ-ਵੱਖ ਕੰਮ ਸ਼ੁਰੂ ਕੀਤੇ ਗਏ ਹਨ ਅਤੇ ਇਸ ਸਾਲ ਹੁਣ ਤੱਕ 6 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਿੱਚ ਮਗਨਰੇਗਾ ਅਧੀਨ ਕੰਮ ਸ਼ੁਰੂ ਨਹੀਂ ਹੋਇਆ ਹੈ ਤਾਂ ਮੈਂਬਰ ਉਨਾਂ ਦੇ ਧਿਆਨ ਵਿੱਚ ਲਿਆਉਣ। ਇੱਕ ਮੈਂਬਰ ਵੱਲੋਂ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਉਠਾਈ ਗਈ ਸਮੱਸਿਆ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ 100 ਕੁੱਤਿਆਂ ਦੀ ਨਸਬੰਦੀ ਪਸ਼ੂ ਪਾਲਣ ਵਿਭਾਗ ਰਾਹੀਂ ਕਰਵਾਈ ਜਾਵੇਗੀ। ਉਨਾਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੂੰ ਨਸਬੰਦੀ ਕਰਵਾਉਣ ਲਈ ਬਣਦੇ ਫੰਡ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ।
ਇੱਕ ਮੈਂਬਰ ਨੇ ਦੱਸਿਆ ਕਿ ਪਿੰਡ ਸਹਿਣਾ ਵਿੱਚ ਅਕਤੂਬਰ 2015 ਤੋਂ ਮਾਰਚ 2016 ਤੱਕ ਨੀਲੇ ਕਾਰਡ ਧਾਰਕਾਂ ਨੂੰ ਛੇ ਮਹੀਨੇ ਦੀ ਕਣਕ ਤਾਂ ਦੇ ਦਿੱਤੀ ਗਈ ਹੈ ਪਰੰਤੂ ਦਾਲ ਨਹੀਂ ਦਿੱਤੀ ਗਈ। ਇਸ ਤੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ 4 ਡਿਪੂ ਹੋਲਡਰਾਂ ਵੱਲੋਂ ਦਾਲ ਚੁੱਕੀ ਨਹੀਂ ਗਈ ਜਿੰਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ 2 ਡਿਪੂਆਂ ਕੋਲ 8 ਕੁਇੰਟਲ ਦਾਲ ਅਜੇ ਪਈ ਹੈ ਅਤੇ ਡਿਪਟੀ ਕਮਿਸ਼ਨਰ ਨੇ ਐੱਸ.ਡੀ.ਐੱਮ ਨੂੰ ਇਸ ਦੀ ਪੜਤਾਲ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਦੱਸਿਆ ਕਿ ਹੁਣ ਪਿੰਡਾਂ ਵਿੱਚ 7 ਮੈਂਬਰੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਇੰਨਾਂ ਕਮੇਟੀਆਂ ਦੀ ਨਿਗਰਾਨੀ ਹੇਠ ਆਟਾ-ਦਾਲ ਵੰਡੀ ਜਾਵੇਗੀ। ਇਸ ਦੌਰਾਨ ਕੁੱਲ 30 ਸ਼ਿਕਾਇਤਾ ਵਿੱਚੋ 15 ਦਾ ਨਿਪਟਾਰਾ ਕਰ ਦਿੱਤਾ ਗਿਆ।
ਮੀਟਿੰਗ ਦੌਰਾਨ ਸੀਨੀਅਰ ਪੁਲਿਸ ਕਪਤਾਨ ਸ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 25 ਜੂਨ ਨੂੰ ਸਵੇਰੇ 8.30 ਵਜੇ ਤੋਂ ਸਵੇਰੇ 10.30 ਵਜੇ ਤੱਕ ਮੈਰੀ ਲੈਂਡ ਪੈਲੇਸ ਧਨੌਲਾ ਰੋਡ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਉਨਾਂ ਸਮੂਹ ਮੈਂਬਰਾਂ ਨੂੰ ਇਸ ਸਮਾਗਮ ਵਿੱਚ ਸਮੂਲੀਅਤ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਪੰਚਾਇਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਮੀਟਿੰਗ ਵਿੱਚ ਐੱਸ.ਐੱਸ.ਪੀ. ਗੁਰਪ੍ਰੀਤ ਸਿੰਘ ਤੂਰ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ, ਐੱਸ.ਡੀ.ਐੱਮ. ਬਰਨਾਲਾ ਅਮਰਬੀਰ ਸਿੰਘ ਸਿੱਧੂ, ਪ੍ਰਧਾਨ ਨਗਰ ਕੌਂਸਲ ਬਰਨਾਲਾ ਸੰਜੀਵ ਸ਼ੋਰੀ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਸ੍ਰੀਮਤੀ ਰਵਨੀਤ ਕੌਰ ਬਰਾੜ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਰੂਬਲ ਗਿੱਲ, ਬੀਰਇੰਦਰ ਸਿੰਘ ਜੈਲਦਾਰ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਕਮੇਟੀ ਦੇ ਮੈਂਬਰ , ਬੂਟਾ ਸਿੰਘ ਸਹੋਤਾ, ਖੁਸ਼ੀਆ ਸਿੰਘ, ਦਰਬਾਰਾ ਸਿੰਘ ਠੀਕਰੀਵਾਲਾ, ਹਰਪਾਲ ਇੰਦਰ ਸਿੰਘ ਰਾਹੀਂ, ਕੈਪਟਨ ਜਸਵੰਤ ਸਿੰਘ ਪੱਖੋਂ ਕਲਾਂ, ਗੁਲਜਾਰ ਸਿੰਘ, ਡਾ. ਮੁਹੰਮਦ ਹਮੀਦ, ਗੁਰਬਾਜ ਮਸੀਹ, ਗੁਰਬਖ਼ਸ ਸਿੰਘ ਕਾਲੇਕੇ, ਨੰਦ ਸਿੰਘ ਸੰਘੇੜਾ, ਪ੍ਰੇਮ ਕੁਮਾਰ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *