ਪੰਜਾਬ ਸਰਕਾਰ ਵੱਲੋਂ ਸਈਦ ਦੀ ਸੁਰੱਖਿਆ ਬਹਾਲ

ss1

ਪੰਜਾਬ ਸਰਕਾਰ ਵੱਲੋਂ ਸਈਦ ਦੀ ਸੁਰੱਖਿਆ ਬਹਾਲ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਜਾਨ ਤੋਂ ਮਾਰਨ ਦੀਆਂ ਮਿਲਦੀਆਂ ਧਮਕੀਆਂ ਦਾ ਹਵਾਲਾ ਦਿੰਦਿਆਂ ਮੁੰਬਈ ਹਮਲਿਆਂ ਦੇ ਮੁੱਖ ਸ਼ਾਜ਼ਿਸ਼ਘਾੜੇ ਤੇ ਜਮਾਤ ਉਦ ਦਾਵਾ ਮੁਖੀ ਹਾਫ਼ਿਜ਼ ਸਈਦ ਦੀ ਸੁਰੱਖਿਆ ਛੱਤਰੀ ਬਹਾਲ ਕਰ ਦਿੱਤੀ ਹੈ। ਇਕ ਮਹੀਨਾ ਪਹਿਲਾਂ ਸੁਪਰੀਮ ਕੋਰਟ ਦੇ ਕਹਿਣ ’ਤੇ ਸਈਦ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਸੂਬਾਈ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਹਾਫ਼ਿਜ਼ ਸਈਦ ਦੀ ਸੁਰੱਖਿਆ ਲਈ ਪੁਲੀਸ ਮੁਲਾਜ਼ਮ ਮੁੜ ਤਾਇਨਾਤ ਕਰ ਦਿੱਤੇ ਗਏ ਹਨ।’ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਹਾਲੀ ਦਾ ਫੈਸਲਾ ਸਈਦ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਧਰ ਸੁਰੱਖਿਆ ਬਹਾਲ ਹੁੰਦਿਆਂ ਹੀ ਸਈਦ ਨੇ ਲਾਹੌਰ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਵਾਪਸ ਲੈ ਲਈ ਹੈ। ਇਸ ਪਟੀਸ਼ਨ ਵਿੱਚ ਸਈਦ ਨੇ ਪੰਜਾਬ ਸਰਕਾਰ ਦੇ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਇਸਲਾਮਾਬਾਦ ਤੇ ਚਾਰ ਹੋਰਨਾਂ ਸੂਬਿਆਂ ਨੂੰ ਹੁਕਮ ਕੀਤੇ ਸਨ ਕਿ ਜਿਹੜੇ ਲੋਕ ਹੱਕਦਾਰ ਨਹੀਂ, ਉਨ੍ਹਾਂ ਤੋਂ ਸੁਰੱਖਿਆ ਵਾਪਸ ਲਈ ਜਾਵੇ। ਚੀਫ਼ ਜਸਟਿਸ ਨੇ ਹਾਲਾਂਕਿ ਮਗਰੋਂ ਸਿਖਰਲੇ ਸੂਬਾਈ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਉਨ੍ਹਾਂ ਸਾਰਿਆਂ ਲਈ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਸੀ, ਜਿਨ੍ਹਾਂ ਦੀ ਸੁਰੱਖਿਆ ਨੂੰ ਸੱਚਮੁਚ ਖ਼ਤਰਾ ਹੈ। ਸਿਖਰਲੀ ਅਦਾਲਤ ਦੇ ਉਪਰੋਕਤ ਹੁਕਮਾਂ ਮਗਰੋਂ ਪੰਜਾਬ ਪੁਲੀਸ ਨੇ ਵੱਖ ਵੱਖ ਪ੍ਰਭਾਵਸ਼ਾਲੀ ਹਸਤੀਆਂ ਦੀ ਸੁਰੱਖਿਆ ਲਈ ਤਾਇਨਾਤ 4610 ਪੁਲੀਸ ਕਰਮੀਆਂ ਨੂੰ ਹਟਾ ਲਿਆ ਸੀ।

Share Button

Leave a Reply

Your email address will not be published. Required fields are marked *