ਪੰਜਾਬ ਸਰਕਾਰ ਵਲੋਂ ਨਹਿਰ ’ਚ ਪਾੜ ਨਾਲ ਫ਼ਸਲਾਂ ਦੇ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ

ss1

ਪੰਜਾਬ ਸਰਕਾਰ ਵਲੋਂ ਨਹਿਰ ’ਚ ਪਾੜ ਨਾਲ ਫ਼ਸਲਾਂ ਦੇ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ
ਡਿਪਟੀ ਕਮਿਸ਼ਨਰ ਵਲੋਂ ਮੌਕੇ ’ਤੇ ਜਾ ਕੇ ਸਰਹੰਦ ਕੈਨਾਲ ਦੀ ਬਠਿੰਡਾ ਬ੍ਰਾਂਚ ’ਚ ਪਏ ਪਾੜ ਵਾਲੀ ਥਾਂ ਦਾ ਜਾਇਜਾ
ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਜਲਦ ਰਿਪੋਰਟ ਦੇਣ ਲਈ ਕਿਹਾ
3-4 ਦਿਨਾਂ ’ਚ ਸ਼ੁਰੂ ਹੋ ਜਾਵੇਗੀ ਨਹਿਰ ’ਚ ਪਾਣੀ ਦੀ ਸਪਲਾਈ

ਬਠਿੰਡਾ, 30 ਜੁਲਾਈ (ਪਰਵਿੰਦਰ ਜੀਤ ਸਿੰਘ): ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਅੱਜ ਮਾਲ ਅਤੇ ਸਿੰਚਾਈ ਵਿਭਾਗ ਦੇ ਉਚ ਅਧਿਕਾਰੀਆਂ ਸਮੇਤ ਸਰਹੰਦ ਕੈਨਾਲ ਦੀ ਬਠਿੰਡਾ ਬ੍ਰਾਂਚ ’ਚ ਪਏ ਪਾੜ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਨਹਿਰ ’ਚ ਪਾੜ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੀ ਵਿਸਥਾਰਿਤ ਜਾਣਕਾਰੀ ਲੈਣ ਲਈ ਪੰਜਾਬ ਸਰਕਾਰ ਨੇ ਸਪੈਸ਼ਲ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ’ਤੇ ਮਾਲ ਮਹਿਕਮੇ ਦੀਆਂ ਟੀਮਾਂ ਗਠਿਤ ਕਰਕੇ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਇਸ ਮੌਕੇ ਡਾ. ਗਰਗ ਨੇ ਮਾਲ ਅਧਿਕਾਰੀਆਂ ਨੂੰ ਇਲਾਕੇ ’ਚ ਫ਼ਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦੀ ਰਿਪੋਰਟ 3 ਦਿਨਾਂ ’ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਕੁੱਝ ਘਰਾਂ ’ਚ ਵੜਨ ਨਾਲ ਉਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ, ਜਿਸ ਲਈ ਪ੍ਰਸ਼ਾਸਨ ਵਲੋਂ ਬਣਦੀ ਮਾਲੀ ਮੱਦਦ ਵੀ ਦਿੱਤੀ ਜਾਵੇਗੀ।
ਮੌਕੇ ’ਤੇ ਚੱਲ ਰਹੇ ਬੰਨ ਲਾਉਣ ਦੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਡਾ. ਗਰਗ ਨੇ ਦੱਸਿਆ ਕਿ ਪਾੜ ਨਾਲ ਕਰੀਬ 350 ਏਕੜ ’ਚ ਪਾਣੀ ਫੈਲ ਚੁੱਕਾ ਹੈ ਅਤੇ ਨਜ਼ਦੀਕ ਦੀਆਂ ਕੁਝ ਬਸਤੀਆਂ ਦੇ ਘਰਾਂ ’ਚ ਵੀ ਪਾਣੀ ਪਹੰੁਚ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲ ਅਤੇ ਸਿੰਚਾਈ ਮਹਿਕਮੇ ਦੀਆਂ ਟੀਮਾਂ ਤੋਂ ਇਲਾਵਾ 100 ਦੇ ਕਰੀਬ ਕਾਮੇ ਬੰਨ ਮਾਰਨ ਦੇ ਕੰਮ ’ਚ ਲੱਗੇ ਹੋਏ ਹਨ ਅਤੇ ਜਲਦ ਹੀ ਇਹ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਾੜ ਵਾਲੀ ਥਾਂ ਦੇ ਨੇੜੇ ਕਮਜ਼ੋਰ ਕੰਢਿਆਂ ਮੁਰੰਮਤ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ, ਜੋ ਕਿ ਦੋਹਾਂ ਕੰਢਿਆਂ ਦੀਆਂ ਨਾਜੁਕ ਥਾਵਾਂ ਦੀ ਮਜ਼ਬੂਤੀ ਤੱਕ ਜਾਰੀ ਰਹੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਡੀ.ਐਮ. ਬਠਿੰਡਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ’ਚ ਹੋਏ ਨੁਕਸਾਨ ਦੀ ਰਿਪੋਰਟ ਬਨਾਉਣ ਲਈ ਟੀਮਾਂ ਜੁਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨੁਕਸਾਨ ਦੀ ਰਿਪੋਰਟ ਤਿਆਰ ਹੋਣ ਪਿੱਛੋਂ ਤੁਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਬੰਨ ਲਾਉਣ ਦੇ ਚੱਲ ਰਹੇ ਕੰਮ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਡਾ. ਗਰਗ ਨੇ ਦੱਸਿਆ ਕਿ ਬੰਨ ਮਾਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਜੋ ਕਿ 3-4 ਦਿਨਾਂ ’ਚ ਪੂਰੀ ਤਰ੍ਹਾਂ ਮੁਕੰਮਲ ਹੋਣ ਉਪਰੰਤ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਾੜ 50 ਫੁੱਟ ਤੋਂ ਜ਼ਿਆਦਾ ਤੱਕ ਦੀ ਚੌੜਾਈ ਵਾਲਾ ਸੀ ਜਿਸ ਦਾ 40 ਫੁੱਟ ਤੋਂ ਵੱਧ ਦਾ ਹਿੱਸਾ ਕਵਰ ਕਰ ਲਿਆ ਗਿਆ ਹੈ ਅਤੇ ਅੱਜ ਸ਼ਾਮ ਤੱਕ ਮੁੰਕਮਲ ਬੰਨ ਮਾਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *