ਪੰਜਾਬ ਸਰਕਾਰ ਚਿਤਕਾਰਾ ਕਮਿਊਨਿਟੀ ਰੇਡੀਓ ਦੀਆਂ ਸੇਵਾਵਾਂ ਲੈਣ ਲਈ ਤਿਆਰ: ਚੰਨੀ

ss1

ਪੰਜਾਬ ਸਰਕਾਰ ਚਿਤਕਾਰਾ ਕਮਿਊਨਿਟੀ ਰੇਡੀਓ ਦੀਆਂ ਸੇਵਾਵਾਂ ਲੈਣ ਲਈ ਤਿਆਰ: ਚੰਨੀ
-ਤਕਨੀਕੀ ਸਿੱਖਿਆ ਮੰਤਰੀ ਵਲੋਂ ਚਿਤਕਾਰਾ ਰੇਡੀਓ ਸਟੇਸ਼ਨ ਦਾ ਦੌਰਾ ਕਰਕੇ ਕੀਤੀਆਂ ਵਿਚਾਰਾਂ

ਰਾਜਪੁਰਾ, 28 ਫਰਵਰੀ (ਐਚ.ਐਸ.ਸੈਣੀ): ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਐਫ.ਐਮ 107.8 ਕਮਿਊਨਿਟੀ ਰੇਡੀਓ ਸਟੇਸ਼ਨ ਦਾ ਦੌਰਾ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਚਿਤਕਾਰਾ ਐਫ. ਐਮ. ਕਮਿਊਨਿਟੀ ਰੇਡੀਓ ਸਟੇਸ਼ਨ’ ਨਾਲ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁਹੰਚਾਉਣ ਲਈ ਸਮਝੌਤਾ ਕੀਤਾ ਜਾਵੇਗਾ।
ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਚਿਤਕਾਰਾ ਐਫ.ਐਮ ਰੇਡੀਓ ਸਟੇਸ਼ਨ ਹਰ ਤਰਾਂ ਦੀ ਨਵੀਂ ਤਕਨੀਕ ਨਾਲ ਲੈਸ ਹੈ ਅਤੇ ਇਨਾਂ ਦੇ ਪ੍ਰੋਗਰਾਮ ਪੇਸ਼ ਕਰਨ ਵਾਲੇ ਵੀ ਬਹੁਤ ਹੀ ਹੁਨਰਮੰਦ ਹਨ। ਇੰਨਾਂ ਦੇ ਪੱਤਰਕਾਰੀ ਦੇ ਵਿਦਿਆਰਥੀ ਵੀ ਖੁਦ ਪ੍ਰੋਗਰਾਮ ਤਿਆਰ ਕਰਕੇ ਪੇਸ਼ ਕਰਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਜਿਸਦੇ ਲਈ ਲੋਕਾਂ ਵਿਚ ਲੋਕ ਭਲਾਈ ਸਕੀਮਾਂ, ਕੈਰੀਅਰ ਕਾਉਂਸਲਿੰਗ, ਟਰੈਫਿਕ ਨਿਯਮ, ਸਿਹਤ ਸਬੰਧੀ ਜਾਣਕਾਰੀ, ਵੱਖ ਵੱਖ ਵਜੀਫਾ ਸਕੀਮਾਂ ਅਤੇ ਹੋਰ ਕਈ ਅਜਿਹੇ ਲਾਭਕਾਰੀ ਪ੍ਰੋਗਰਾਮਾਂ ਰਾਹੀਂ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਿੱਤਕਾਰਾ ਰੇਡੀਓ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਤਕਨੀਕੀ ਸਿੱਖਿਆ ਮੰਤਰੀ ਵਲੋਂ ਚਿਤਕਾਰਾ ਟੀ.ਵੀ ਸਟੂਡੀਓ ਦਾ ਵੀ ਦੌਰਾ ਕੀਤਾ ਗਿਆ ਜੋ ਸਾਰੀਆਂ ਆਫ ਲਾਈਨ ਆਨਲਾਈਨ ਐਡੀਟਿੰਗ ਅਧੁਨਿਕ ਸਹੂਲਤਾਂ ਨਾਲ ਲੈਸ ਹੈ। ਪੰਜਾਬ ਸਰਕਾਰ ਵਲੋਂ ਚਿੱਤਕਾਰਾ ਟੀ.ਵੀ ਸਟੁਡੀਓ ਦੀਆਂ ਸੇਵਾਵਾਂ ਲੈਣ ‘ਤੇ ਵਿਚਾਰ ਕੀਤਾ ਜਾਵੇਗਾ।
ਚਿੱਤਕਾਰਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਸ੍ਰੀਮਤੀ ਮਧੂ ਚਿਤਕਾਰਾ ਨੇ ਦੱਸਿਆ ਕਿ ਉਨਾਂ ਦੇ ਰੇਡੀਓ ਸਟੇਸ਼ਨ ‘ਤੇ ਲਗਾਤਾਰ 24 ਘੰਟੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਚਿੱਤਕਾਰਾ ਰੇਡੀਓ ਸਟੇਸ਼ਨ ਦੀ ਪੁਹੰਚ 15 ਕਿਲੋਮੀਟਰ ਰੇਡੀਅਸ ਹੈ। ਪੰਜਾਬ ਸਰਕਾਰ ਦੇ ਲਈ ਰੇਡੀਓ ਸਟੇਸ਼ਨ ਦੀਆਂ ਸੇਵਾਵਾਂ ਦੇ ਨਾਲ ਨਾਲ ਇਹ ਵੀ ਪ੍ਰਸਤਾਵ ਰੱਖਿਆ ਕਿ ਉਨਾਂ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀ ਡਾਕੂਮੈਂਟਰੀ ਫਿਲਮਾਂ ਵੀ ਤਿਆਰ ਕਰਕੇ ਦੇ ਸਕਦੇ ਹਨ। ਚਿਤਕਾਰਾ ਦੇ ਜਨ ਸੰਚਾਰ ਵਿਭਾਗ ਦੇ ਡੀਨ ਡਾ. ਆਸ਼ੂਤੋਸ਼ ਮਿਸ਼ਰਾ ਨੇ ਤਕਨੀਕੀ ਸਿੱਖਿਆ ਮੰਤਰੀ ਨਾਲ ਰੇਡੀਓ ਲਈ ਇੰਟਰਵਿਊ ਵੀ ਰਿਕਾਰਡ ਕੀਤੀ। ਉਨਾਂ ਵੱਲੋਂ ਤਕਨੀਕੀ ਸਿੱਖਿਆ ਸਿਲੇਬਸ ਅਤੇ ਉਦਯੋਗ ਦੇ ਪਾੜੇ ਨੂੰ ਦੂਰ ਕਰਨ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਸਵਾਲ ਦਾ ਜਵਾਬ ਵਿੱਚ ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਉਦਯੋਗਿਕ ਸਿਖਲਾਈ ਅਤੇ ਬਹੁ ਤਕਨੀਕੀ ਕਾਲਜਾਂ ਦੀ ਪੜਾਈ ਦਾ ਪੂਰਾ ਸਿਲੇਬਸ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ। ਪੰਜਾਬ ਸਰਕਾਰ ਵਲੋਂ ਲਾਏ ਜਾ ਰਹੇ ਰੋਜ਼ਗਾਰ ਮੇਲਿਆ ਬਾਰੇ ਜਾਣਕਾਰੀ ਦਿੰਦਿਆਂ ਸ. ਚੰਨੀ ਨੇ ਦੱਸਿਆ ਕਿ ਇਸ ਉਪਰਾਲੇ ਨੇ ਸਾਰੀਆਂ ਧਿਰਾ ਰੋਜ਼ਗਾਰ ਲੈਣ ਦੇ ਚਾਹਵਾਨ, ਰੋਜਗਾਰ ਦੇਣ ਵਾਲੇ ਅਤੇ ਸਰਕਾਰ ਨੂੰ ਇੱਕ ਸਾਂਝਾ ਮੰਤਵ ਪ੍ਰਦਾਨ ਕੀਤਾ ਹੈ। ਇਸ ਉਪਰਲੇ ਨਾਲ ਸੂਬੇ ਦੇ ਨੌਜਵਾਨਾਂ ਨੂੰ ਮਜਬੂਤ ਕਰਨ ਲਈ ਵੱਡਾ ਹੁਲਾਰਾ ਮਿਲ ਰਿਹਾ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਚਿਤਕਾਰਾ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਲਦ ਹੀ ਇਸ ਸਬੰਧੀ ਲਿਖਤੀ ਪ੍ਰਸਤਾਵ ਤਿਆਰ ਕਰਕੇ ਲੈ ਕੇ ਆਉਣ ਤਾਂ ਜੋ ਚਿੱਤਕਾਰਾ ਰੇਡੀਓ ਅਤੇ ਪੰਜਾਬ ਸਰਕਾਰ ਵਿਚ ਜਲਦ ਸਮਝੌਤਾ ਸਹੀਬੱਧ ਕੀਤਾ ਜਾ ਸਕੇ। ਉਨਾਂ ਆਪਣੇ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਾਰੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਚੰਡੀਗੜ ਵਿਖੇ ਤਕਨੀਕੀ ਸਿੱਖਿਆ ਵਿਭਾਗ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਤੈਅ ਕੀਤੀ ਜਾਵੇ।

Share Button

Leave a Reply

Your email address will not be published. Required fields are marked *