ਪੰਜਾਬ ਵਿੱਤੀ ਪੱਖੋਂ ਬੇਹੱਦ ਮਜ਼ਬੂਤ- ਸੁਖਬੀਰ ਸਿੰਘ ਬਾਦਲ

ss1

ਪੰਜਾਬ ਵਿੱਤੀ ਪੱਖੋਂ ਬੇਹੱਦ ਮਜ਼ਬੂਤ- ਸੁਖਬੀਰ ਸਿੰਘ ਬਾਦਲ
9 ਸਾਲਾਂ ਵਿਚ 150 ਤੋਂ ਵੀ ਜ਼ਿਆਦਾ ਰੇਲਵੇ ਪੁਲਾਂ ਦਾ ਨਿਰਮਾਣ, ਸੜਕਾਂ ਅਤੇ ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿਚ ਕਰਵਾਇਆ ਚਹੁੰਮੁਖੀ ਵਿਕਾਸ

13-50ਮਲੇਰਕੋਟਲਾ, 13 ਅਗਸਤ (ਪ.ਪ.): ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਵਿੱਤੀ ਸਥਿਤੀ ਬਾਰੇ ਵਿਰੋਧੀ ਪਾਰਟੀਆਂ ਵੱਲੋਂ ਸਰਾਸਰ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂ ਕਿ ਪੰਜਾਬ ਦੀ ਆਰਥਿਕ ਹਾਲਾਤ ਬੇਹੱਦ ਮਜ਼ਬੂਤ ਹੈ ਅਤੇ ਜੇਕਰ ਪੰਜਾਬ ਵਿਚ ਕੋਈ ਵਿੱਤੀ ਸੰਕਟ ਹੁੰਦਾ ਤਾਂ 9 ਸਾਲਾਂ ਵਿਚ ਰਿਕਾਰਡ ਵਿਕਾਸ ਨਹੀਂ ਕਰਵਾਇਆ ਜਾ ਸਕਦਾ ਸੀ।
ਇੱਥੇ ਮਾਲੇਰਕੋਟਲਾ-ਰਾਏਕੋਟ ਰੇਲਵੇ ਪੁਲ ਦੇ ਉਦਘਾਟਨ ਤੋਂ ਬਾਅਦ ਇਕ ਪ੍ਰਭਾਵਸ਼ਾਲੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਸਿਰਫ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪਿਛਲੇ 9 ਸਾਲਾਂ ਵਿਚ 150 ਤੋਂ ਜ਼ਿਆਦਾ ਰੇਲਵੇ ਪੁਲਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ ਸਿਰਫ ਅਜਿਹੀਆਂ 4 ਪ੍ਰਮੁੱਖ ਥਾਂਵਾਂ ਹਨ ਜਿੱਥੇ ਰੇਲਵੇ ਪੁਲ ਬਣਾਏ ਜਾਣੇ ਬਾਕੀ ਹਨ ਅਤੇ ਉਨ੍ਹਾਂ ਨੇ ਅੱਜ ਕੁੱਲ 332 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ, ਕੋਟਕਪੂਰਾ, ਬਰਨਾਲਾ ਅਤੇ ਨੈਸ਼ਨਲ ਹਾਈਵੇਅ-64 ਬਠਿੰਡਾ ਵਿਚ ਵੀ ਰੇਲਵੇ ਪੁਲਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖ ਦਿੱਤਾ ਹੈ।
ਆਪਣੇ ਸੰਬੋਧਨ ਦੌਰਾਨ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਤੋਂ ਇਲਾਵਾ ਸੂਬੇ ਦੇ ਸੜਕੀ ਢਾਂਚੇ ਦੀ ਕਾਇਆ-ਕਲਪ ਕੀਤੀ ਗਈ ਹੈ ਅਤੇ ਸਾਰੀਆਂ ਪ੍ਰਮੁੱਖ ਸੜਕਾਂ 4-6 ਮਾਰਗੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਹਤਰ ਸੜਕਾਂ ਬਣ ਜਾਣ ਨਾਲ ਸੜਕੀ ਹਾਦਸਿਆਂ ਵਿਚ ਵੀ ਭਾਰੀ ਕਮੀ ਆਈ ਹੈ। ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅਸਲ ਵਿਚ ਲੋਕਾਂ ਦੀ ਸਰਕਾਰ ਹੈ ਜਿਸ ਨੇ ਹਰ ਵਰਗ ਦਾ ਖਿਆਲ ਰੱਖਿਆ ਹੈ ਅਤੇ ਪੰਜਾਬ ਦਾ ਵਿਕਾਸ ਉਦੋਂ ਹੀ ਹੋਇਆ ਹੈ ਜਦੋਂ ਇੱਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਨੇ ਸੇਵਾ ਸੰਭਾਲੀ ਹੈ।
ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਜਿਨ੍ਹਾਂ ਵਿਚ ਮੁਫਤ ਸਿਹਤ ਬੀਮਾ ਯੋਜਨਾ, ਆਟਾ-ਦਾਲ ਸਕੀਮ, ਕਿਸਾਨਾਂ ਨੂੰ ਮੁਫਤ ਬਿਜਲੀ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਸ਼ਗਨ ਸਕੀਮ, ਪੈਨਸ਼ਨ ਸਕੀਮ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਤੇ ਸਕੂਲੀ ਲੜਕੀਆਂ ਨੂੰ ਮੁਫਤ ਸਾਈਕਲ ਯੋਜਨਾ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ। ਮੁਸਲਮਾਨ ਭਾਈਚਾਰੇ ਲਈ ਉਨ੍ਹਾਂ ਇਸ ਮੌਕੇ ਇਕ ਖਾਸ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਵਿਚ ਕਬਰਿਸਤਾਨ ਬਣਾਉਣ ਲਈ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਰਾਖਵੀਂ ਰੱਖੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਸੂਬੇ ਵਿਚ ਇੱਕਾ-ਦੁੱਕਾ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਿਆ ਅਤੇ ਪੰਜਾਬ ਵਿਚ ਸ਼ਾਂਤੀ ਭਰਿਆ ਮਾਹੌਲ ਸਥਾਪਿਤ ਕੀਤਾ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਿੰਦਾ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਵਿਰੋਧੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਨਾਲ ਹੀ ਪੰਜਾਬ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਅਤੇ ਪੰਜਾਬ ਦੀ ਸੇਵਾ ਕਰਨਾ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਿਚ ਗਿਣਤੀ ਦੇ ਟਿਊਬਵੈੱਲ ਕੁਨੈਕਸ਼ਨਾਂ ਦੇ ਮੁਕਾਬਲੇ ਪੰਜਾਬ ਵਿਚ 14 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਅਤੇ ਪਿਛਲੇ ਦੋ ਮਹੀਨਿਆਂ ਵਿਚ ਹੀ ਦੋ ਲੱਖ ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ 160 ਸ਼ਹਿਰਾਂ ਵਿਚੋਂ 100 ਤੋਂ ਜ਼ਿਆਦਾ ਸ਼ਹਿਰਾਂ ਵਿਚ ਸੀਵਰੇਜ ਅਤੇ ਸਾਫ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਅਤੇ ਸਾਰੇ ਪੰਜਾਬ ਵਿਚ ਅਗਲੇ 6 ਮਹੀਨਿਆਂ ਵਿਚ 100 ਫੀਸਦੀ ਟੀਚਾ ਪੂਰਾ ਕਰ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਮਾਲੇਰਕੋਟਲਾ-ਰਾਏਕੋਟ ਰੇਲਵੇ ਲਾਈਨ ‘ਤੇ 32 ਕਰੋੜ ਰੁਪਏ ਦੀ ਲਾਗਤ ਨਾਲ ਬਣਿਆਂ ਪੁਲ ਲੋਕ ਅਰਪਣ ਕੀਤਾ। ਇਹ ਪੁਲ 31 ਦਸੰਬਰ 2013 ਨੂੰ ਬਣਨਾ ਸ਼ੁਰੂ ਹੋਇਆ ਸੀ ਅਤੇ ਇਸ ਦੀ ਲੰਬਾਈ 794.185 ਮੀਟਰ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਜਿੱਥੇ ਸਥਾਨਕ ਲੋਕਾਂ ਨੂੰ ਟ੍ਰੈਫਿਕ ਜਾਮਾਂ ਤੋਂ ਮੁਕਤੀ ਮਿਲੇਗੀ ਉੱਥੇ ਹੀ ਲਾਈਨ ਤੋਂ ਪਾਰ ਦੇ ਇਲਾਕਿਆਂ ਵਿਚ ਵੀ ਤਰੱਕੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਹਲਕੇ ਦੇ ਚਹੁੰਮੁਖੀ ਵਿਕਾਸ ਲਈ ਅਗਲੇ ਮਹੀਨੇ ਸੰਗਤ ਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਤੀਜੀ ਵਾਰ ਵੀ ਅਕਾਲੀ-ਭਾਜਪਾ ਸਰਕਾਰ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹ ਸਕੇ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਬੀਬੀ ਫਰਜ਼ਾਨਾ ਆਲਮ ਨੇ ਉੱਪ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਇਲਾਕਾਵਾਸੀਆਂ ਵੱਲੋਂ ਸ. ਬਾਦਲ ਦਾ ਸਨਮਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਪ੍ਰਕਾਸ਼ ਚੰਦ ਗਰਗ, ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਨੁਸਰਤ ਇਕਰਾਮ ਬੱਗੇ ਖਾਂ, ਚੌਧਰੀ ਅਬਦੁਲ ਗੱਫਾਰ ਅਤੇ ਗੋਬਿੰਦ ਸਿੰਘ ਕਾਂਝਲਾ, ਸਾਬਕਾ ਡੀਜੀਪੀ ਇਜ਼ਹਾਰ ਆਲਮ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਤਿਗੁਰ ਸਿੰਘ ਨਮੋਲ, ਚੇਅਰਮੈਨ ਨਗਰ ਸੁਧਾਰ ਟਰੱਸਟ ਸਰਾਜ ਮਲਿਕ, ਪ੍ਰਧਾਨ ਨਗਰ ਕੌਂਸਲ ਮੁਹੰਮਦ ਇਸਮਾਇਲ, ਮੈਂਬਰ ਐਸਜੀਪੀਸੀ ਜੈਪਾਲ ਸਿੰਘ ਮੰਡੀਆਂ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਕਮਾਲਪੁਰ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਐਸਐਸਪੀ ਪ੍ਰਿਤਪਾਲ ਸਿੰਘ ਥਿੰਦ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸਾਬਰ ਅਲੀ ਢਿੱਲੋਂ, ਕੋਆਰਡੀਨੇਟਰ ਜਸਵਿੰਦਰ ਸਿੰਘ ਜੱਸੀ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਵੀਰ ਸਿੰਘ ਦਿਓਲ, ਐਨਆਰਆਈ ਕਮਿਸ਼ਨ ਦੇ ਮੈਂਬਰ ਕਰਨ ਘੁਮਾਣ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *