Mon. Apr 22nd, 2019

‘ਪੰਜਾਬ ਭਵਨ ਕੈਨੇਡਾ’ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਕਰਾਰ ਨਾਮਾ

‘ਪੰਜਾਬ ਭਵਨ ਕੈਨੇਡਾ’ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਕਰਾਰ ਨਾਮਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੈਨੇਡਾ ਦੇ ਸਰੀ ਵਿਚ ਸਥਾਪਿਤ ਅਦਾਰੇ ‘ਪੰਜਾਬ ਭਵਨ ਕੈਨੇਡਾ’ ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਹ ਦੋਵੇਂ ਅਦਾਰੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸਾਰ ਹਿਤ ਪ੍ਰੋਗਰਾਮਾਂ ਦਾ ਆਪਸੀ ਆਦਾਨ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਭਵਨ ਸਰੀ ਦੀ ਸਥਾਪਨਾ ਦਾ ਮੰਤਵ ਕੈਨੇਡਾ ਦੀ ਜੰਮਪਲ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੋੜਨਾ ਹੈ। ਇਸ ਸਮਝੌਤੇ ਸੰਬੰਧੀ ਰਸਮੀ ਰੂਪ ਵਿਚ ਤਿਆਰ ਕੀਤੇ ਗਏ ਐਮ. ਓ.  ਯੂ.  ਉੱਪਰ ਦੋਹਾਂ ਅਦਾਰਿਆਂ ਦੇ ਪ੍ਰਤੀਨਿਧੀਆਂ ਵੱਲੋਂ ਦਸਤਖ਼ਤ ਕੀਤੇ ਗਏ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ-ਚਾਂਸਲਰ ਡਾ. ਬੀ. ਐੱਸ ਘੁੰਮਣ ਤੋਂ ਇਲਾਵਾ ਡੀਨ ਅਕਾਦਮਿਕ ਡਾ. ਜੀ. ਐੱਸ ਬਤਰਾ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲਿਆਂ ਸੰਬੰਧੀ ਡਾਇਰੈਕਟਰ ਪ੍ਰੋਫੈਸਰ ਲਖਵਿੰਦਰ ਸਿੰਘ ਵੱਲੋਂ ਦਸਤਖ਼ਤ ਕੀਤੇ ਗਏ ਜਦੋਂ ਕਿ ਪੰਜਾਬ ਭਵਨ ਕੈਨੇਡਾ ਵੱਲੋਂ ਸੰਸਥਾ ਦੇ ਮੋਢੀ ਪ੍ਰਧਾਨ ਸ਼੍ਰੀ ਸੁੱਖੀ ਬਾਠ ਵੱਲੋਂ ਇਸ ਸਮਝੌਤੇ ਤੇ ਸਹੀ ਪਾਈ ਗਈ। ਇਸ ਸਮਝੌਤੇ ਦੀ ਅਹਿਮੀਅਤ ਸੰਬੰਧੀ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ ਘੁੰਮਣ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਦੋਹਾਂ ਸੰਸਥਾਵਾਂ ਦਰਮਿਆਨ ਹੋਇਆ ਇਹ ਸਮਝੌਤਾ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਮਕਸਦ ਭਾਵ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਪ੍ਰਸਾਰ ਕਰਨ ਅਤੇ ਇਸ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਨ ਹਿਤ ਇਹ ਸਮਝੌਤਾ ਇਕ ਮੀਲ ਪੱਥਰ ਸਾਬਿਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਐਮ. ਓ. ਯੂ. ਜ਼ਰੀਏ ਪੰਜਾਬੀ ਯੂਨੀਵਰਸਿਟੀ ਆਪਣੇ ਮੂਲ ਮੰਤਵ ਨੂੰ ਪੰਜਾਬੋਂ ਬਾਹਰ ਬੈਠੇ ਪਰਵਾਸੀ ਪੰਜਾਬੀਆਂ ਤਕ ਪਹੁੰਚਾ ਸਕੇਗੀ ਜਿਸ ਨਾਲ ਇਹ ਸਮਝੌਤਾ ਦੋਹਾਂ ਸੰਸਥਾਵਾਂ ਦਰਮਿਆਨ ਇਕ ਠੋਸ ਅਤੇ ਪਾਇਦਾਰ ਪੁਲ ਦਾ ਕੰਮ ਕਰੇਗਾ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਦਾ ਨੀਂਹ ਪੱਥਰ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਰੱਖਿਆ ਗਿਆ ਹੈ ਅਤੇ ਇਸ ਸੰਬੰਧੀ ਅਗਲੇਰਾ ਅਮਲ ਜਲਦੀ ਹੀ ਵੈਨਕੂਵਰ ਵਿਖੇ ਢੁਕਵਾਂ ਪ੍ਰੋਗਰਾਮ ਉਲੀਕ ਕੇ ਕੀਤਾ ਜਾਵੇਗਾ। ਦੂਸਰੇ ਪਾਸੇ ਪੰਜਾਬ ਭਵਨ ਸਰੀ ਦੇ ਮੋਢੀ ਪ੍ਰਧਾਨ ਸ਼੍ਰੀ ਸੁੱਖੀ ਬਾਠ ਵੱਲੋਂ ਕਿਹਾ ਗਿਆ ਕਿ ਦੋਹੇਂ ਸੰਸਥਾਵਾਂ ਦਾ ਮਕਸਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਲਈ ਸੋਚਣਾ ਹੈ।

ਇਸ ਲਈ ਦੋਹੇਂ ਸੰਸਥਾਵਾਂ ਆਪਸੀ ਸਾਂਝ ਜ਼ਰੀਏ ਵੱਖ ਵੱਖ ਭੂਗੋਲਿਕ ਖ਼ਿੱਤਿਆਂ ਵਿਚ ਵੱਸਦੇ ਪੰਜਾਬੀਆਂ ਦੇ ਵਿਚਾਰਾਂ ਦੇ ਆਪਸੀ ਆਦਾਨ ਪ੍ਰਦਾਨ ਲਈ ਰਲ਼ ਕੇ ਕੰਮ ਕਰਨਗੀਆਂ। ਸਮਝੌਤੇ ਦੀ ਇਸ ਰਸਮ ਮੌਕੇ ਡੀਨ ਰੀਸਰਚ ਡਾ. ਜਸਪਾਲ ਕੌਰ ਅਤੇ ਡਾ. ਪ੍ਰਭਲੀਨ ਸਿੰਘ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: