ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਪੰਜਾਬ, ਪੰਜਾਬੀ ਅਤੇ ਕੁਦਰਤੀ ਸ੍ਰੋਤਾਂ

ਪੰਜਾਬ, ਪੰਜਾਬੀ ਅਤੇ ਕੁਦਰਤੀ ਸ੍ਰੋਤਾਂ

ਪੰਜਾਬ ਇੱਕ ਤਿਕੋਣ ਵਰਗਾ ਮੈਦਾਨੀ ਇਲਾਕਾ ਹੈ। ਜਿਸਦੀ ਧਰਤੀ ਦੀ ਪਿਆਸ ਨੂੰ ਕਦੇ ਪੰਜ ਦਰਿਆ – ਸਤਲੁਜ, ਰਾਵੀ, ਬਿਆਸ, ਜਿਹਲਮ ਅਤੇ ਚਨਾਬ ਬੁਝਾਉਂਦੇ ਰਹੇ ਹਨ। ਆਜ਼ਾਦੀ ਮਿਲਣ ਬਾਅਦ ਪੰਜਾਬ ਹਿੱਸੇ ਢਾਈ ਕੁ ਆਬ ਹੀ ਬਚੇ ਨੇ। ਧਰਤੀ ਹੇਠਲੇ ਪੀਣ ਵਾਲੇ ਸਾਫ ਪਾਣੀ ਦੀ ਵੀ ਸਥਿਤੀ ਚਿੰਤਾ ਜਨਕ ਹੋਈ ਪਈ ਹੈ। ਵੈਸੇ ਧਰਤੀ ਉੱਤੇ ਪਾਣੀ ਦੀ ਕਮੀ ਨਹੀਂ, ਪਰ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਬਹੁਤ ਹੋ ਗਈ ਹੈ। ਪੰਜਾਬੀਆਂ ਨੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਜੰਗਲ ਖਤਮ ਕਰਕੇ ਉਪਜਾਊ ਮੈਦਾਨਾਂ ਵਿੱਚ ਖੇਤ ਤਿਆਰ ਕੀਤੇ। ਫਿਰ ਹਰੀ ਕ੍ਰਾਂਤੀ ਦੇ ਚੱਕਰ ਵਿੱਚ ਆ ਭਾਰਤ ਨੂੰ ਰਜਾਉਣ ਲਈ ਆਪਣੀ ਹਿੱਕ ਨਾਲ ਕੀਟਨਾਸ਼ਕ ਦਵਾਈਆਂ ਇੰਝ ਲਾ ਲਈਆਂ ਜਿਹਨਾਂ ਨੇ ਹਵਾ, ਪਾਣੀ ਵੀ ਪਲੀਤ ਕਰ ਛੱਡਿਆ। ਬਾਬੇ ਨਾਨਕ ਦੀ ਗੁਰਬਾਣੀ ‘ਤੇ ਅਮਲ ਕਰਨ ਨਾਲੋਂ ਰੁੱਖਾਂ ਨੂੰ ਵੱਢਿਆ ਜਾ ਰਿਹਾ ਤੇ ਪਾਣੀ, ਹਵਾ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ।
ਆਧੁਨਿਕਤਾ ਦਾ ਦੌਰ ਹੋਣ ਦੇ ਬਾਵਜੂਦ ਪੰਜਾਬ ਤਰੱਕੀ ਵੱਲ ਘੱਟ ਤੇ ਪ੍ਰਵਾਸ ਵੱਲ ਜਿਆਦਾ ਵੱਧ ਰਿਹਾ। ਕਾਰਨ ਸਭ ਨੂੰ ਪਤਾ ਹੀ ਹਨ ਕਿ ਬੇਰੁਜ਼ਗਾਰੀ, ਨਸ਼ਾਖੋਰੀ, ਆਤਮਹੱਤਿਆਵਾਂ, ਲੁੱਟ-ਖੋਹ ,ਜਿਨ੍ਹਾਂ ਤੋਂ ਤੰਗ ਆ ਕੇ ਮਾਪੇ ਕਰਜ਼ੇ ਚੁੱਕ ਕੇ ਬੱਚੇ ਬਾਹਰ ਭੇਜ ਰਹੇ ਹਨ। ਹਰ ਰਾਜਨੀਤਕ ਪਾਰਟੀ ਦੀ ਸਰਕਾਰ ਨੇ ਆਪਣੀ ਪਾਰਟੀ ਦਾ ਸਿਰ ਪਲੋਸਿਆ ਨਾ ਕਿ ਅਸਲ ਵਿੱਚ ਪੰਜਾਬ ਸਰਕਾਰ ਬਣ ਕੇ ਲੋਕਾਂ ਦਾ ਭਲਾ ਕੀਤਾ। ਪੁਰਾਣੀ ਸਰਕਾਰ ਨੇ ਉਦਯੋਗ, ਕਾਰਖਾਨੇ ਬੰਦ ਕਰਕੇ ਵਾਧੂ ਬਿਜਲੀ ਦਾ ਰੌਲਾ ਪਾ ਪੰਜਾਬੀ ਮੂਰਖ ਬਣਾਏ। ਪਰ ਪੰਜਾਬੀਆਂ ਨੇ ਵੀ ਉਹਨਾਂ ਨੂੰ ਠੇਗਾ ਦਿਖਾ ਕੇ ਜੋ ਉਮੀਦਾਂ ਨਵੀਂ ਸਰਕਾਰ ਤੋਂ ਲਾਈਆਂ ਸਨ, ਪਰ ਪੂਰੀਆਂ ਹੁੰਦੀਆਂ ਨਾ ਦੇਖ ਕੇ ਖੁੱਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਇਸ ਸਭ ਪਿੱਛੇ ਇੱਕੋ ਮੁੱਖ ਕਾਰਨ ਇਹ ਹੈ ਕਿ ਪੰਜਾਬੀ ਮਿਹਨਤਾਂ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਨਾਲੋਂ ਮੁਫਤ ਦੀਆਂ ਸਹੂਲਤਾਂ ਵੱਲ ਝਾਕ ਰਹੇ ਹਨ। ਸਰਕਾਰ ਵੀ ਲਾਰੇ ਲਾ ਕੇ ਵੋਟਾਂ ਆਪਣੇ ਵੱਲ ਕਰਨ ਲਗੀ ਹੋਈ ਹੈ। ਪੰਜਾਬ ਦੇ ਦਰਿਆਵਾਂ ‘ਤੇ ਭਾਖੜੇ ਵਰਗੇ ਹੋਰ ਛੋਟੇ ਡੈਮ ਬਣਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਸਸਤੀ ਬਿਜਲੀ ਬਣਾਈ ਜਾ ਸਕਦੀ ਹੈ। ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਸਰਕਾਰ ਖੁੱਦ ਪੂਰੇ ਪੰਜਾਬ ਅੰਦਰ, ਇਲਾਕੇ ਦੀ ਮਿੱਟੀ ਦੀ ਖਾਸੀਅਤ ਅਨੁਸਾਰ ਵੱਖ ਵੱਖ ਫਸਲਾਂ ਦੀ ਬਿਜਾਈ ਕਰਵਾ ਕੇ, ਸਮੇਂ ‘ਤੇ ਵਾਜਬ ਰੇਟਾਂ ‘ਤੇ ਖਰੀਦ ਕਰਕੇ ਪੰਜਾਬੀਆਂ ਨੂੰ ਵੇਚੇ। ਜਿਸ ਨਾਲ ਪ੍ਰਾਪਤ ਆਮਦਨ ਨਾਲ ਸਰਕਾਰੀ ਸਕੂਲ, ਦਫਤਰ ਚੰਗੇ ਢੰਗ ਨਾਲ ਚਲਾਏ ਜਾ ਸਕਣ। ਪਿਛਲੇ ਤਿੰਨ ਸਾਲ ਤੋਂ ਪੰਜਾਬ ਦੇ ਸਾਰੇ (ਪ੍ਰਾਇਮਰੀ, ਮਿਡਲ, ਹਾਈ, ਸੈਕੰਡਰੀ) ਸਕੂਲਾਂ ਨੂੰ ਹਰ ਸਾਲ ਮਿਲਣ ਵਾਲੀ ਗ੍ਰਾਂਟ ਨਹੀਂ ਮਿਲੀ। ਕੁਝ ਕੁ ਸਕੂਲਾਂ ਨੂੰ ਹੀ ਨਿਗੂਣੀ ਗ੍ਰਾਂਟ ਮਿਲੀ। ਪ੍ਰਾਇਮਰੀ ਸਕੂਲ ਤਾਂ ਰੱਬ ਆਸਰੇ ਹੀ ਚੱਲ ਰਹੇ ਨੇ।
ਹੁਣ ਗੱਲ ਕੁਦਰਤੀ ਸ੍ਰੋਤਾਂ ਭਾਵ ਦਰਿਆਈ ਪਾਣੀ ਦੀ ਕਰਦੇ ਹਾਂ। ਜਿਸ ਪਾਣੀ ਨੂੰ ਅਜਾਈ ਦੂਜੇ ਮੁਲਕ ਭੇਜਿਆ ਜਾ ਰਿਹਾ, ਉਸੇ ਨੂੰ ਚੀਨ ਵਾਂਗ ਦਰਿਆ ਦੇ ਪਾਣੀ ਨੂੰ ਬਿਜਲੀ ਪੈਦਾ ਕਰਨ, ਖੇਤਾਂ ਨੂੰ ਸਿੰਜਾਈ ਕਰਨ ਲਈ ਵਰਤਿਆ ਜਾ ਸਕਦਾ। ਸਰਕਾਰੀ ਡੈਮ ਬਣਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਜ਼ਰੂਰੀ ਨਹੀਂ ਕਿ ਹਰ ਸਾਲ ਕਰੋੜਾਂ ਦੀ ਮਹਿੰਗੀ ਬਿਜਲੀ ਪ੍ਰਾਈਵੇਟ ਕੰਪਨੀਆਂ ਤੋਂ ਲੈਣੀਆਂ। ਹੁਣ ਤਾਂ ਬਿਜਲੀ ਮਹਿਕਮਾ ਵੀ ਪ੍ਰਾਈਵੇਟ ਕੀਤਾ ਸਰਕਾਰ ਨੇ ਦੋ ਨਿਗਮਾਂ ਵਿੱਚ ਵੰਡ ਕੇ। ਕੌਣ ਸਮਝਾਏ ਕਿ ਸੱਤਾਧਾਰੀਓ ਹਰ ਸਮਸਿਆ ਦਾ ਹੱਲ ਨਿੱਜੀਕਰਨ ਨਹੀਂ ਹੈ। ਲੋੜ ਹੈ ਹਰ ਮਹਿਕਮੇ ਦੇ ਹਰ ਕਰਮਚਾਰੀ, ਅਫਸਰ ਕੋਲੋਂ ਪੂਰਾ ਕੰਮ ਲਈਏ। ਚੰਗੀ ਨੀਤੀ ਬਣਾ ਕੇ ਨੀਤ ਨਾਲ ਲਾਗੂ ਕਰੀਏ। ਹਰ ਵਿਧਾਇਕ ਆਪਣੇ ਇਲਾਕੇ ਦੇ ਕੁਦਰਤੀ ਸ੍ਰੋਤ ਦੀ ਬਰਬਾਦੀ, ਸ੍ਰੋਤ ਦੀ ਨਜ਼ਾਇਜ਼ ਵਰਤੋਂ ਅਤੇ ਵੱਧ ਰਹੀ ਲੁੱਟ-ਖੋਹ ਅਤੇ ਹੋਰ ਵਾਰਦਾਤਾਂ ਲਈ ਜਿੰਮੇਵਾਰ ਕਰਕੇ ਜੁਰਮਾਨੇ ਦਾ ਹੱਕਦਾਰ ਹੋਵੇ। ਉਸਦੀ ਤਨਖਾਹ ਵਿੱਚੋਂ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਜਿਹੜਾ ਵਿਧਾਇਕ ਆਪਣੇ ਇਲਾਕੇ ਦੇ ਵਿਕਾਸ ਲਈ ਚੰਗੇ ਕੰਮ ਕਰ ਰਿਹਾ ਉਸਨੂੰ ਸਨਮਾਨਿਤ ਕੀਤਾ ਜਾਵੇ। ਪਰ ਅਜਿਹਾ ਕਦੇ ਨਹੀਂ ਹੋਇਆ, ਜੋ ਚਾਹੀਦਾ ਹੈ। ਜਿਸ ਨਾਲ ਕੁਦਰਤੀ ਸ੍ਰੋਤ ਵੀ ਸੰਭਾਲੇ ਜਾਣਗੇ। ਪਹਿਲਾਂ ਨਾਲੋਂ ਮੀਂਹ ਘੱਟ ਪੈ ਰਹੇ ਹਨ। ਪਰ ਪ੍ਰਸ਼ਾਸਨ ਅਤੇ ਸਿਸਟਮ ਦੀ ਨਾਕਾਮੀ ਕਰਕੇ ਕਦੇ ਹੜ੍ਹਾਂ, ਸੋਕੇ ਵਰਗੇ ਹਾਲਾਤ ਬਣ ਰਹੇ ਹਨ। ਪਹਾੜਾਂ ਵਿੱਚ ਵੱਧ ਮੀਂਹ ਪੈਣ ਕਰਕੇ ਭਾਖੜਾ ਡੈਮ ਤੋਂ ਪਾਣੀ ਛੱਡਣ ਨਾਲ ਸਤਲੁਜ ਵਿੱਚ ਪਾਣੀ ਦਾ ਪੱਧਰ ਬਹੁਤ ਵਧੀਆ। ਪ੍ਰਸ਼ਾਸਨ, ਸਰਕਾਰ ਦੀ ਕਾਰਗੁਜਾਰੀ ਸਦਕਾ ਫਿਲੌਰ ਨੇੜਿਓ ਸਤਲੁਜ ਦਰਿਆ ਦਾ ਪਾਣੀ ਕਿਨਾਰਾ (ਬੰਨ੍ਹ) ਤੋੜ ਕੇ ਪਿੰਡਾਂ ਵਿੱਚ ਜਾ ਵੜਿਆ। ਲੋਕਾਂ ਵਿੱਚ ਤਰਥੱਲੀ ਮੱਚੀ ਹੋਈ। ਲੋਕ ਛੱਤਾਂ ‘ਤੇ ਗੁਜਾਰਾ ਕਰ ਰਹੇ ਨੇ। ਅਜਿਹੀ ਔਖੀ ਸਥਿਤੀ ਬਣਾਉਣ ਲਈ ਮੀਂਹ ਦੇ ਨਾਲ ਨਾਲ ਪੰਜਾਬੀ ਵੀ ਜਿੰਮੇਵਾਰ ਹਨ। ਹੜ੍ਹਾਂ ਦੀ ਅਜੋਕੀ ਸਥਿਤੀ ਦੇ ਮੁੱਖ ਇਹ ਕਾਰਨ ਹਨ:-
1. ਦਰਿਆਵਾਂ ਕਿਨਾਰੇ ਰੁੱਖਾਂ ਦੀ ਕਟਾਈ ਹੋਣ ਕਰਕੇ ਬੰਨ੍ਹੇ ਕਮਜ਼ੋਰ ਹੋ ਰਹੇ ਹਨ।
2. ਦਰਿਆ ਦੇ ਕਿਨਾਰੇ ਸਭ ਥਾਂਵਾਂ ਤੋਂ ਅੰਦਰੋਂ ਤੇ ਬਾਹਰ ਤੋਂ ਕੰਕਰੀਟ ਨਹੀਂ ਕੀਤੇ ਗਏ।
3. ਦਰਿਆ ਦੇ ਵਹਿਣ ਵਾਲੀ ਥਾਂ ‘ਤੇ ਲੋਕਾਂ ਦੁਆਰਾ ਨਜ਼ਾਇਜ਼ ਕਬਜ਼ੇ ਕਰਕੇ, ਦਰਿਆ ਦੇ ਵਿਚਕਾਰ ਖੇਤੀ ਕੀਤੀ ਜਾ ਰਹੀ ਹੈ। ਦਰਿਆ ਦੇ ਪਾਣੀ ਨੇ ਸਿੱਧਾ ਵਹਿਣਾ ਹੁੰਦਾ, ਪਰ ਜਦੋਂ ਵਿਚਕਾਰ ਖੇਤ ਬਣਾ ਲਏ, ਪਾਪੂਲਰ ਬੀਜ ਦਿੱਤੇ ਤਾਂ ਪਾਣੀ ਦੇ ਵਹਾਅ ਨੇ ਕਿਨਾਰਿਆਂ ਵੱਲ ਜ਼ੋਰ ਮਾਰਨਾ। ਕਿਸ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਨੇ ਅਕਲ ਵਰਤ ਕਿ ਦਰਿਆ ਅੰਦਰ ਖੇਤੀ ਕਰਨ, ਬਿਜਲੀ ਟਰਾਂਸਫਰ ਅਤੇ ਮੋਟਰ ਲਾਉਣ ਦੀ ਆਗਿਆ ਦਿੱਤੀ? ਕੀ ਹੋਰ ਥਾਂ ਖੇਤੀ ਕਰਨ ਨੂੰ ਘੱਟ ਗਈ ਹੈ, ਜਿਸਨੂੰ ਹੁਣ ਦਰਿਆਵਾਂ ਵਿਚਲੀ ਜ਼ਮੀਨ ਨੂੰ ਦੇ ਕੇ ਪੂਰਾ ਕੀਤਾ ਜਾ ਰਿਹਾ ਹੈ। ਇਹ ਗੈਰ ਕਾਨੂੰਨੀ ਹੈ ਅਤੇ ਕੁਦਰਤ ਨਾਲ ਖਿਲਵਾੜ ਹੈ।
4. ਸਮੇਂ ਸਮੇਂ ‘ਤੇ ਨਹਿਰਾਂ ਦੀ ਸਫਾਈ, ਸੰਭਾਲ ਅਤੇ ਨਵੀਨੀਕਰਨ ਮੰਤਰੀਆਂ ਦੀ ਲਗਜ਼ਰੀ ਕਾਰਾਂ ਵਾਂਗ ਨਾ ਹੋਣਾ।
5. ਪਿੰਡਾਂ, ਸ਼ਹਿਰਾਂ ਵਿੱਚ ਸੀਵਰੇਜ਼ ਸਿਸਟਮ ਦਾ ਕਾਗਜ਼ੀ ਹੋਣਾ, ਭਾਵ ਕਿ ਪਾਈਪ ਮਿਆਰੀ ਨਾ ਪਾਉਣੇ, ਪਾਈਪਾਂ ਦੀ ਸਫਾਈ ਸੰਭਾਲ ਨਾ ਹੋਣੀ‌। ਨਤੀਜੇ ਵਜੋਂ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਬਠਿੰਡੇ ਦੇ ਅਫਸਰ ਦੇ ਘਰੀਂ ਵੜਨ ਵਾਲੀ ਸਥਿਤੀ ਹਰ ਥਾਂ ਹੋਣੀ।
5. ਦਰਿਆਵਾਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋਣੀ। ਇਹ ਜ਼ਿਆਦਾਤਰ ਮਾਈਨਿੰਗ ਕਿਨਾਰਿਆਂ ਵੱਲ ਹੁੰਦੀ ਨਾ ਕਿ ਪੂਰੇ ਦਰਿਆ ਵਿੱਚੋਂ। ਚੰਗਾ ਹੋਵੇ ਜੇਕਰ ਮਾਈਨਿੰਗ ਦਾ ਕੰਮ ਕਾਨੂੰਨੀ ਤਰੀਕੇ ਦੇ ਨਾਲ ਨਾਲ ਵਿਗਿਆਨਕ ਪੱਖੋਂ ਹੋਵੇ ਅਤੇ ਦਰਿਆ ਦੇ ਵਿਚਕਾਰਲੇ ਹਿੱਸਿਆਂ ਵਿੱਚ ਵੀ ਹੋਵੇ ਜਿਸ ਨਾਲ ਪਾਣੀ ਦਾ ਵਹਾਅ ਵਿਚਾਲੇ ਹੀ ਰਹੇ। ਜਿਸ ਨਾਲ ਕਿਨਾਰੇ ਵੀ ਬਚੇ ਰਹਿਣਗੇ‌ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੀ ਨਹੀਂ ਹੋਣਗੇ।
ਜੇਕਰ ਪੰਜਾਬੀ, ਵਿਧਾਇਕ ਅਤੇ ਸਰਕਾਰਾਂ ਪੂਰੀ ਲਗਨ, ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ, ਸਮਝਣ ਤਾਂ ਪੰਜਾਬ ਵੀ ਹੋਰ ਤਰੱਕੀਆਂ ਮਾਣੇ। ਫਿਰ ਕਿਸੇ ਵੀ ਮਾਂ ਨੂੰ ਆਪਣਾ ਧੀ-ਪੁੱਤ ਵਿਦੇਸ਼ ਨਾ ਭੇਜਣਾ ਪਵੇਗਾ। ਵਿਦੇਸ਼ਾਂ ਵਰਗਾ ਵਧੀਆ ਰਹਿਣ ਸਹਿਣ, ਸਾਫ ਪੌਣ ਪਾਣੀ ਹੋ ਸਾਡੇ ਪੰਜਾਬ ਵਿੱਚ ਵੀ ਹੋ ਜਾਵੇਗਾ। ਆਓ ਪੰਜਾਬੀਓ! ਸਭ ਰਲ ਕੇ ਪੰਜਾਬ ਦੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਦੇ ਹੋਏ ਆਪਣੀ ਉਪਜੀਵਕਾ ਕਮਾਈਏ।

ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆ

Leave a Reply

Your email address will not be published. Required fields are marked *

%d bloggers like this: