ਪੰਜਾਬ ਪੁਲਿਸ ਨੇ ਸਿੱਖ ਨੌਜਵਾਨ ਦੀ ਉਤਵਾਰੀ ਪੱਗ, ਕੀਤੀ ਕੁੱਟਮਾਰ

ss1

ਪੰਜਾਬ ਪੁਲਿਸ ਨੇ ਸਿੱਖ ਨੌਜਵਾਨ ਦੀ ਉਤਵਾਰੀ ਪੱਗ, ਕੀਤੀ ਕੁੱਟਮਾਰ

PunjabKesariਹਲਕਾ ਸ੍ਰੀ ਹਰਿਗੋਬਿੰਦਪੁਰ ਵਿਚ ਪੈਂਦੇ ਕਸਬਾ ਘੁਮਾਣ ਵਿਚ ਪੁਲਸ ਮੁਲਾਜ਼ਮਾਂ ਵੱਲੋਂ ਸਿੱਖ ਨੌਜਵਾਨ ਦੀ ਕੀਤੀ ਗਈ ਕੁੱਟ-ਮਾਰ ’ਤੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਘੁਮਾਣ ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ

ਪਰ ਕੁਝ ਦੇਰ ਬਾਅਦ ਹੀ ਮੁਲਾਜ਼ਮਾਂ ਨੇ ਉਕਤ ਨੌਜਵਾਨ ਦੀ ਦਸਤਾਰ ਉਤਾਰ ਕੇ ਕੇਸਾਂ ਤੋਂ ਫਡ਼ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਪੂਰੇ ਬਾਜ਼ਾਰ ਵਿਚ ਕੁੱਟਦਿਆਂ ਥਾਣੇ ਲੈ ਗਏ। ਇਹ ਸਾਰੀ ਘਟਨਾ ਲੋਕਾਂ ਨੇ ਆਪਣੇ ਅੱਖੀਂ ਵੇਖੀ। ਲੋਕਾਂ ਵੱਲੋਂ ਇਸ ਘਟਨਾ ਦੀ ਵੀਡੀਓ ਬਣਾ ਲਈ ਗਈ ਜੋ ਕਿ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਪੁਲਸ ਵੱਲੋਂ ਕੀਤੀ ਨੌਜਵਾਨ ਦੀ ਕੁੱਟ-ਮਾਰ ਦੀ ਨਿੰਦਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਦੀ ਇਸ ਕਾਰਵਾਈ ਨੇ ਲੋਕਾਂ ਨੂੰ ਅੱਤਵਾਦ ਦੇ ਦਿਨਾਂ ਦੀ ਮੁਡ਼ ਯਾਦ ਤਾਜ਼ਾ ਕਰਵਾ ਦਿੱਤੀ ਹੈ।

ਪੁਲਸ ਦੀ ਗੁੰਡਾਗਰਦੀ ਨਿੰਦਣਯੋਗ : ਸਾਬਕਾ ਵਿਧਾਇਕ
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪੁਲਸ ਵੱਲੋਂ ਉਨ੍ਹਾਂ ਦੇ ਮੁੰਡੇ ਨੂੰ ਗਾਲੀ-ਗਲੋਚ ਕੀਤਾ ਗਿਆ। ਅਜਿਹਾ ਕਰਨ ਤੋਂ ਰੋਕਣ ’ਤੇ ਪੁਲਸ ਮੁਲਾਜ਼ਮਾਂ ਨੇ ਆਪਣਾ ਰੋਹਬ ਵਿਖਾਉਂਦਿਆਂ ਉਸ ਦੀ ਦਸਤਾਰ ਉਤਾਰ ਕੇ ਕੇਸਾਂ ਦੀ ਬੇਅਦਬੀ ਕਰ ਕੇ ਕੁੱਟ-ਮਾਰ ਕੀਤੀ। ਸਾਬਕਾ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਨੌਜਵਾਨ ਨਾਲ ਜੋ ਗੁੰਡਾਗਰਦੀ ਕੀਤੀ ਗਈ ਹੈ, ਉਹ ਨਿੰਦਣਯੋਗ ਹੈ, ਜਿਸ ਦਾ ਉਹ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣਗੇ ਅਤੇ ਜੇਕਰ ਧਰਨਾ ਲਾਉਣ ਦੀ ਲੋਡ਼ ਪਈ ਤਾਂ ਧਰਨਾ ਵੀ ਲਾਉਣਗੇ।
ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਲੈਣ ਦਾ ਅਧਿਕਾਰ ਨਹੀਂ : ਅਮਰਪਾਲ ਸਿੰਘ
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਪੁਲਸ ਦੀ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਨੌਜਵਾਨ ਦੀ ਕੋਈ ਗਲਤੀ ਸੀ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਉਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ ਨਾ ਕਿ ਉਸ ਦੀ ਦਸਤਾਰ ਲਾਹ ਕੇ ਵਾਲਾਂ ਦੀ ਬੇਅਦਬੀ ਕਰਦਿਆਂ ਸ਼ਰੇਆਮ ਬਾਜ਼ਾਰ ਵਿਚ ਕੁੱਟ-ਮਾਰ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੈ, ਇਸ ਲਈ ਕੁੱਟ-ਮਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਉਹ ਪੁਲਸ ਮੁਲਾਜ਼ਮ ਹੀ ਕਿਉਂ ਨਾ ਹੋਣ। ਉਨ੍ਹਾਂ ਪੀਡ਼ਤ ਪਰਿਵਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਮਿਲਣ ਤਾਂ ਜੋ ਕੁੱਟ-ਮਾਰ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਜੇਕਰ ਪੁਲਸ ਵੱਲੋਂ ਉਕਤ ਮੁਲਾਜ਼ਮਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਪੁਲਸ ਨੇ ਆਪਣੀ ਤਾਕਤ ਦੀ ਕੀਤੀ ਦੁਰ-ਵਰਤੋਂ : ਕਾਂਗਰਸੀ ਆਗੂ ਤੇ ਜ਼ਿਲਾ ਪ੍ਰੀਸ਼ਦ
ਇਸ ਸਾਰੀ ਘਟਨਾ ਨੂੰ ਪੁਲਸ ਦੀ ਗੁੰਡਾਗਰਦੀ ਐਲਾਨਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਸਾਹਿਬ ਸਿੰਘ ਮੰਡ ਵੱਲੋਂ ਆਪਣੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਗਿਆ ਕਿ ਪੁਲਸ ਵੱਲੋਂ ਆਪਣੀ ਤਾਕਤ ਦੀ ਦੁਰ-ਵਰਤੋਂ ਕਰ ਕੇ ਨੌਜਵਾਨ ਦੀ ਕੁੱਟ-ਮਾਰ ਕੀਤੀ ਗਈ ਹੈ ਅਤੇ ਆਪਣਾ ਦੋਸ਼ ਛੁਪਾਉਣ ਲਈ ਉਕਤ ਨੌਜਵਾਨ ਵਿਰੁੱਧ ਪੁਲਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਣ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਕਤ ਮੁਲਾਜ਼ਮਾਂ ਵਿਰੁੱਧ ਸਿੱਖ ਨੌਜਵਾਨ ਸਰਬਜੀਤ ਸਿੰਘ ਦੀ ਦਸਤਾਰ ਲਾਹ ਕੇ ਕੇਸਾਂ ਦੀ ਬੇਅਦਬੀ ਕਰਦਿਆਂ ਕੁੱਟ-ਮਾਰ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮੁਲਾਜ਼ਮਾਂ ਵਿਰੁੱਧ ਕਾਰਵਾਈ ਨਾ ਹੋਈ ਤਾਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਘਿਰਾਓ ਤੇ ਚੱਕਾ ਜਾਮ ਕਰਨਗੇ।

ਸ਼ਿਕਾਇਤ ਦਰਜ ਹੋਣ ’ਤੇ ਕਰਾਂਗੇ ਕਾਰਵਾਈ : ਥਾਣੀ ਮੁਖੀ
ਇਸ ਸਬੰਧੀ ਜਦੋਂ ਥਾਣਾ ਮੁਖੀ ਲਲਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਵੱਲੋਂ ਸਰਬਜੀਤ ਤੇ ਉਸਦੇ ਸਾਥੀ ਵਿਰੁੱਧ ਪੁਲਸ ਨੂੰ ਗਾਲੀ-ਗਲੋਚ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਸਾਨੂੰ ਅਜੇ ਤੱਕ ਪੁਲਸ ਮੁਲਾਜ਼ਮਾਂ ਵਿਰੁੱਧ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤੇ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਸ਼ਿਕਾਇਤ ਦਰਜ ਕਰਵਾਏ ਤਾਂ ਜ਼ਰੂਰ ਕਾਰਵਾਈ ਹੋਵੇਗੀ।
ਕੁੱਟ-ਮਾਰ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਕਰਵਾਉਣਗੇ ਕਾਰਵਾਈ : ਹਲਕਾ ਵਿਧਾਇਕ
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਸਾਰੀ ਘਟਨਾ ਦਾ ਪਤਾ ਲੱਗਾ ਹੈ, ਪੁਲਸ ਵੱਲੋਂ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰ ਕੇ ਕੁੱਟ-ਮਾਰ ਕਰਨਾ ਨਿੰਦਣਯੋਗ ਘਟਨਾ ਹੈ, ਜਿਸ ਸਬੰਧੀ ਉਹ ਐੱਸ. ਐੱਸ. ਪੀ. ਬਟਾਲਾ ਨੂੰ ਮਿਲ ਕੇ ਇਸ ਸਾਰੀ ਘਟਨਾ ਦੀ ਸੱਚਾਈ ਤੋਂ ਜਾਣੂ ਹੋਣਗੇ ਤੇ ਕੁੱਟ-ਮਾਰ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਕਹਿਣਗੇ।ਫ਼

Share Button

Leave a Reply

Your email address will not be published. Required fields are marked *