ਪੰਜਾਬ ਨੂੰ ਮਿਲਿਆ ਇਕ ਹੋਰ ਘਰੇਲੂ ਹਵਾਈ ਅੱਡਾ

ss1

ਆਦਮਪੁਰ ਹਵਾਈ ਅੱਡੇ ਦੀ ਉਸਾਰੀ ਲਈ ਪੰਜਾਬ ਸਰਕਾਰ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦਰਮਿਆਨ ਸਮਝੌਤਾ ਸਹੀਬੱਧ

ਪੰਜਾਬ ਨੂੰ ਮਿਲਿਆ ਇਕ ਹੋਰ ਘਰੇਲੂ ਹਵਾਈ ਅੱਡਾ

ਮਜਬੂਤ ਹਵਾਈ ਸੰਪਰਕ ਪੰਜਾਬ ਲਈ ਖੋਲ੍ਹੇਗਾ ਵਿਕਾਸ ਦੇ ਨਵੇਂ ਰਾਹ-ਅਰੁਣ ਜੇਤਲੀ

ਕੰਧੋਲਾ (ਆਦਮਪੁਰ) 16 ਦਸੰਬਰ 2016: ਪੰਜਾਬ ਅੰਦਰ ਇਕ ਹੋਰ ਘਰੇਲੂ ਹਵਾਈ ਅੱਡੇ ਦੀ ਸਥਾਪਤੀ ਲਈ ਆਦਮਪੁਰ ਨੇੜਲੇ ਪਿੰਡ ਕੰਧੋਲਾ ਵਿਖੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ, ਉਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ,ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਸ੍ਰੀ ਜਯੰਤ ਸਿਨਹਾ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਦੀ ਹਾਜ਼ਰੀ ‘ਚ ਭੂਮੀ ਪੂਜਣ ਤੇ ਅਰਦਾਸ ਕਰਵਾਕੇ ਪੰਜਾਬ ਸਰਕਾਰ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦਰਮਿਆਨ ਸਮਝੌਤਾ ਸਹੀਬੱਧ ਕੀਤਾ ਗਿਆ।
ਇਸ ਸਬੰਧੀ ਆਦਮਪੁਰ ਦਾਣਾ ਮੰਡੀ ਵਿਖੇ ਹੋਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਹੋਰਨਾਂ ਸੂਬਿਆਂ ਤੇ ਬਾਹਰਲੇ ਮੁਲਕਾਂ ਨਾਲ ਮਜ਼ਬੂਤ ਹਵਾਈ ਸੰਪਰਕ ਪੰਜਾਬ ਸੂਬੇ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹੇਗਾ । ਉਨ੍ਰਾਂ ਕਿਹਾ ਕਿ ਹਵਾਈ ਸੰਪਰਕ ਪੱਖੋਂ ਪੰਜਾਬ ਮੁਲਕ ਦਾ ਬਿਹਤਰੀਨ ਸੂਬਾ ਬਣ ਚੁੱਕਿਆ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮੁਲਕ ਅੰਦਰ ਹਵਾਈ ਸੰਪਰਕ ਮਜ਼ਬੂਤ ਕਰਨ ਦੀ ਨਵੀਂ ਨੀਤੀ ਤਹਿਤ ਮੁਲਕ ਅੰਦਰ ਪ੍ਰਵਾਨਿਤ ਕੀਤੇ ਗਏ ਨਵੇਂ ਤਿੰਨ ਹਵਾਈ ਅੱਡਿਆਂ ‘ਚ 2 ਹਵਾਈ ਅੱਡੇ ਪੰਜਾਬ ਅੰਦਰ ਬਠਿੰਡਾ ਤੇ ਆਦਮਪੁਰ ਸ਼ਾਮਿਲ ਹਨ।
ਪੰਜਾਬ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਦੀ ਅਕਾਲੀ-ਭਾਜਪਾ ਸਕਰਾਰ ਵਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਦਾ ਹਵਾਲਾ ਦਿੰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਇਹ ਅਕਾਲੀ ਭਾਜਪਾ ਗਠਜੋੜ ਦੀ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੀ ਸੀ ਜਿਸ ਨੇ ਅੱਤਵਾਦ ਨੇ ਕਾਲੇ ਹਨੇਰਿਆਂ ਦਾ ਸਾਹਮਣਾ ਕਰਨ ਵਾਲੇ ਪੰਜਾਬ ‘ਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਨਵੀਂ ਸਵੇਰ ਲਿਆਂਦੀ।
ਸ੍ਰੀ ਜੇਤਲੀ ਨੇ ਕਿਹਾ ਕਿ ਪੰਜਾਬ ਨੇ ਬੁਨਿਆਦੀ ਢਾਂਚੇ ਪਖੋਂ ਮੁਲਕ ਅੰਦਰ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਿਸ ਦੀ ਵਜ੍ਹਾ ਇਥੇ ਵਿਕਸਤ ਹੋਏ ਸੜਕੀ ਨੈਟਵਰਕ ,ਬਿਜਲੀ ਉਤਪਾਦਨ, ਸ਼ਹਿਰੀ ਅਤੇ ਪੇਂਡੂ ਵਿਕਾਸ ਤੇ ਹੋਰ ਖੇਤਰਾਂ ‘ਚ ਮੁਕੰਮਲ ਹੋਏ ਵਿਕਾਸ ਪ੍ਰੋਜੈਕਟ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸੂਬੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਰਹਿਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਲੰਧਰ ,ਅੰਮ੍ਰਿਤਸਰ ਤੇ ਲੁਧਿਆਣਾ ਵਰਗੇ ਸ਼ਹਿਰ ਪਹਿਲਾਂ ਹੀ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਿਆਂਦੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਬਠਿੰਡਾ ਵਿਖੇ ਏਮਜ਼ ਅਤੇ ਅੰਮ੍ਰਿਤਸਰ ਵਿਖੇ ਆਈ.ਆਈ.ਐਮ.ਵਰਗੇ ਵੱਕਾਰੀ ਪ੍ਰੋਜੈਕਟ ਦਿੱਤੇ ਜਾ ਚੁੱਕੇ ਹਨ।
ਪੰਜਾਬ ਅੰਦਰ 2002 ਤੋਂ 2007 ਤੱਕ ਦੇ ਕਾਂਗਰਸੀ ਰਾਜ ਦਾ ਜ਼ਿਕਰ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਕਾਂਗਰਸ ਦੀ ਤੱਤਕਾਲੀ ਸਰਕਾਰ ਦਾ ਇਕੋ-ਇਕ ਏਜੰਡਾ ਵਿਰੋਧੀਆਂ ਨੂੰ ਬਦਲਾਖੋਰੀ ਦੀ ਸਿਆਸਤ ਦਾ ਸ਼ਿਕਾਰ ਬਣਾਉਣਾ ਸੀ ਅਤੇ ਕਾਂਗਰਸ ਦੇ ਇਸ ਰਾਜ ਦੌਰਾਨ ਪੰਜਾਬ ਨੂੰ ਕੋਈ ਵੀ ਵਿਕਾਸ ਪ੍ਰੋਜੈਕਟ ਵੇਖਣ ਨੂੰ ਨਹੀਂ ਮਿਲਿਆ।
ਇਸ ਮੌਕੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਹਵਾਈ ਸੰਪਰਕ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣ ਚੁੱਕਿਆ ਹੈ ਜਿਥੇ ਮੁਲਕ ਦੇ 13 ਅੰਤਰ ਰਾਸ਼ਟਰੀ ਹਵਾਈ ਅੱਡਿਆਂ ਵਿਚੋਂ 2 ਅੰਤਰ ਰਾਸ਼ਟਰੀ ਹਵਾਈ ਅੱਡੇ ਪੰਜਾਬ ਦੇ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਸਥਾਪਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਦੀ ਸਥਾਪਤੀ ਨਾਲ ਦੋਆਬਾ ਖੇਤਰ ਦੀ ਘਰੇਲੂ ਹਵਾਈ ਅੱਡੇ ਸਬੰਧੀ ਚਿਰਾਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਵੱਖ-ਵੱਖ ਮੁਲਕਾਂ ‘ਚ ਵਸੇ ਪੰਜਾਬੀ ਪ੍ਰਵਾਸੀਆਂ ਨੂੰ ਫਾਇਦਾ ਹੋਵੇਗਾ ਉਥੇ ਵਪਾਰੀਆਂ,ਉਦਯੋਗਪਤੀਆਂ ਅਤੇ ਗੁਆਂਦੀ ਰਾਜਾਂ ਨੂੰ ਇਸ ਦਾ ਲਾਭ ਪਹੁੰਚੇਗਾ। ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਅੰਦਰ ਕੀਤੇ ਵਿਕਾਸ ਦਾ ਹਵਾਲਾ ਦਿੰਦਿਆਂ ਸ.ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਇਹ ਗਠਜੋੜ ਯਕੀਨੀ ਰੂਪ ‘ਚ ਤੀਜੀ ਵਾਰ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕ ਗੁੰਮਰਾਹ ਕੁੰਨ ਸਿਆਸਤ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਸਿਆਸੀ ਅੰਤ ਦੀਆਂ ਆਖਰੀ ਰਸਮਾਂ ਵੀ ਪੰਜਾਬ ਅੰਦਰ ਹੀ ਹੋਣਗੀਆਂ।
ਪੰਜਾਬ ਨੂੰ ਵਿਕਾਸ ਪਖੋਂ ਵਿਸੇਸ਼ ਤਵੱਜੋਂ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਸ.ਬਾਦਲ ਨੇ ਕਿਹਾ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਸੁਰੂਆਤੀ ਤੌਰ ‘ਤੇ ਏਅਰਪੋਰਟ ਟਰਮੀਨਲ ਅਤੇ ਪਾਰਕਿੰਗ ਬੇਅ ਦਾ ਨਿਰਮਾਣ ਕਰੇਗਾ ਜਿਸ ਖਾਤਿਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਸਹਿਮਤੀ ਨਾਲ 40 ਏਕੜ ਜ਼ਮੀਨ ਐਕਵਾਇਅਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ 55 ਤੋਂ 60 ਲੱਖ ਲੋਕ ਵਿਦੇਸ਼ਾਂ ਅੰਦਰ ਰਹਿ ਰਹੇ ਹਨ ਜਿਨ੍ਹਾਂ ਨੂੰ ਇਸ ਏਅਰਪੋਰਟ ਦੇ ਬਣਨ ਨਾਲ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਕੇਂਦਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੰਤ ਸਿਨਹਾ ਨੇ ਕਿਹਾ ਕਿ ਆਦਮਪੁਰ ਦਾ ਘਰੇਲੂ ਹਵਾਈ ਅੱਡਾ ਇਕ ਸਾਲ ਦੇ ਅੰਦਰ ਅੰਦਰ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਏਅਰਪੋਰਟ ਟਰਮੀਨਲ 5000 ਸੇਕੁਅਰ ਮੀਟਰ ਖੇਤਰ ‘ਚ ਵਿਕਸਿਤ ਹੋਵੇਗਾ ਅਤੇ ਇਸ ਦੇ ਨਾਲ-ਨਾਲ ਏ-320 ਟਾਈਪ ਦੇ ਏਅਰ ਕਰਾਫ਼ਟਾਂ ਲਈ ਪਾਰਕਿੰਗ ਬੇਅ ਪਹਿਲੇ ਪੜਾਅ ਦੌਰਾਨ ਉਸਾਰੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਘਰੇਲੂ ਹਵਾਈ ਅੱਡਾ ਯਕੀਨੀ ਤੌਰ ‘ਤੇ ਪੰਜਾਬ ਲਈ ਵਿਸ਼ਵੀ ਦਰਵਾਜ਼ਾ ਸਾਬਿਤ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੌਰਾਨ ਸਮਝੌਤਾ ਸਹੀਬੱਧ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਸ.ਅਜੀਤ ਸਿੰਘ ਕੋਹਾੜ ਤੇ ਸੋਹਨ ਸਿੰਘ ਠੰਡਲ , ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ, ਵਿਧਾਇਕ ਮਨੋਰੰਜਨ ਕਾਲੀਆ, ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਪਵਨ ਕੁਮਾਰ ਟੀਨੂੰ, ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਵਿਧਾਇਕ ਕੇ.ਡੀ.ਭੰਡਾਰੀ, ਵਿਧਾਇਕ ਸੋਮ ਪ੍ਰਕਾਸ਼, ਬੀ.ਜੇ.ਪੀ.ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ, ਵਧੀਕ ਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਵਿਸ਼ਵਜੀਤ ਖੰਨਾ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *