ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੀ ਪੋਲ ਖੁੱਲ੍ਹੀ : ਏ. ਡੀ. ਜੀ. ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ

ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੀ ਪੋਲ ਖੁੱਲ੍ਹੀ : ਏ. ਡੀ. ਜੀ. ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ

ਚੰਡੀਗੜ੍ਹ: ਪੰਜਾਬੀਆਂ ਨੂੰ ਬਦਨਾਮ ਕਰਨ ਲਈ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਤੇ ਝੂਠ ਦੀ ਪੋਲ ਪੰਜਾਬ ਪੁਲਸ ਵਲੋਂ ਵੱਡੇ ਪੱਧਰ ‘ਤੇ ਹੋਏ ਡੋਪ ਟੈਸਟ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਖੁੱਲ੍ਹ ਗਈ ਹੈ। ਵੀਰਵਾਰ ਨੂੰ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਭਰਤੀ ਬੋਰਡ ਦੇ ਚੇਅਰਮੈਨ ਏ. ਡੀ. ਜੀ. ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਭਰਤੀ ਪ੍ਰਤੀ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਉਨ੍ਹਾਂ ਦੱਸਿਆ ਕੁੱਲ 6, 23, 507 ਉਮੀਦਵਾਰ ਪੰਜਾਬ ਪੁਲਸ ਦੀਆਂ 7416 ਅਸਾਮੀਆਂ ਲਈ ਯੋਗ ਪਾਏ ਗਏ। ਉਨ੍ਹਾਂ ਦੱਸਿਆ ਕਿ 10 ਅਗਸਤ ਤੱਕ ਕੁੱਲ 1, 67, 781 ਨੌਜਵਾਨਾਂ ਨੇ ਨਸ਼ਾ ਜਾਂਚ ਟੈਸਟ ਵਿਚ ਹਿੱਸਾ ਲਿਆ ਅਤੇ ਇਹ ਪ੍ਰਕਿਰਿਆ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਜਾਂਚ ਟੈਸਟ ਦੇ ਨਤੀਜੇ ਬਹੁਤ ਹੀ ਉਤਸ਼ਾਹਪੂਰਨ ਹਨ। ਜਿਸ ਦੇ ਨਤੀਜੇ ਵਿਚੋਂ 1, 67, 424 ਉਮੀਦਵਾਰ ਸਫਲ ਰਹੇ ਹਨ। ਉਨ੍ਹਾਂ ਦੱਸਿਆ ਕਿ ਟੈਸਟ ਪਾਸ ਕਰਨ ਦੀ ਔਸਤ 98 ਫੀਸਦੀ ਬਣਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿਰਫ 1.30 ਫੀਸਦੀ (2185) ਨੌਜਵਾਨ ਹੀ ਟੈਸਟ ਪਾਸ ਨਹੀਂ ਕਰ ਸਕੇ, ਜਿਸ ਤੋਂ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੀ ਪੋਲ ਖੁੱਲ੍ਹੀ ਹੈ। ਉਨ੍ਹਾਂ ਕਿਹਾ ਕਿ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 70-80 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹਨ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਜਿਨ੍ਹਾਂ ਦੀ ਗਿਣਤੀ 0.65 ਫੀਸਦੀ (1.090) ਹੈ, ਤਾਕਤ ਵਧਾਉਣ ਵਾਲੇ ਪਦਾਰਥ ਲੈਣ ਕਾਰਨ ਨਸ਼ਾ ਜਾਂਚ ਟੈਸਟ ਵਿਚੋਂ ਫੇਲ ਹੋਏ ਹਨ। ਸਹੋਤਾ ਨੇ ਕਿਹਾ ਕਿ ਭਾਵੇਂ ਕਿ ਨਸ਼ਾ ਜਾਂਚ ਟੈਸਟ ਦਾ ਮਕਸਦ ਸੂਬੇ ਵਿਚ ਨਸ਼ੇ ਦੀ ਸਮੱਸਿਆ ਬਾਰੇ ਪੜਤਾਲ ਕਰਨਾ ਨਹੀਂ ਸੀ ਪਰ ਕੁੱਲ 1, 67, 781 ਨੌਜਵਾਨ ਜੋ ਪੁਲਸ ਭਰਤੀ ਲਈ ਜਾਂਚ ਟੈਸਟ ਵਿਚੋਂ ਲੰਘੇ, ਉਨ੍ਹਾਂ ਵਿਚੋਂ ਸਿਰਫ 1.30 ਫੀਸਦੀ ਨੌਜਵਾਨ ਹੀ ਫੇਲ ਹੋਏ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਜਾਂਚ ਟੈਸਟ ਵਿਚੋਂ ਕੁੱਲ 3275 (1.95%) ਨੌਜਵਾਨ ਫੇਲ ਹੋਏ ਸਨ। ਪਰ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਨੌਜਵਾਨਾਂ ਨੇ ਤਾਕਤ ਵਧਾਊ ਦਵਾਈਆਂ ਦਾ ਸੇਵਨ ਕੀਤਾ ਸੀ ਜੋ ਜਾਨਲੇਵਾ ਨਸ਼ਿਆਂ ਵਿਚ ਨਹੀਂ ਆਉਂਦੀਆਂ। ਸਹੋਤਾ ਨੇ ਨਾਲ ਹੀ ਕਿਹਾ ਕਿ ਜੋ ਨੌਜਵਾਨ ਤਾਕਤ ਵਧਾਉਣ ਵਾਲੀਆਂ ਦਵਾਈਆਂ ਲੈਣ ਕਾਰਨ ਟੈਸਟ ਪਾਸ ਨਹੀਂ ਕਰ ਸਕੇ ਸਨ, ਉਨ੍ਹਾਂ ਨੂੰ 7 ਦਿਨ ਦੇ ਵਕਫੇ ਮਗਰੋਂ ਮੁੜ ਭਰਤੀ ਲਈ ਟੈਸਟ ਦੇਣ ਦਾ ਮੌਕਾ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: