ਪੰਜਾਬ ਦੇ 300 ਪਿੰਡ ਤੰਬਾਕੂ ਮੁਕਤ ਐਲਾਨੇ, ਸਿਹਤ ਮੰਤਰੀ ਨੇ ਤੰਬਾਕੂ ਦੇ ਖਾਤਮੇ ਲਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਆਗਾਜ਼

ਪੰਜਾਬ ਦੇ 300 ਪਿੰਡ ਤੰਬਾਕੂ ਮੁਕਤ ਐਲਾਨੇ, ਸਿਹਤ ਮੰਤਰੀ ਨੇ ਤੰਬਾਕੂ ਦੇ ਖਾਤਮੇ ਲਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਆਗਾਜ਼

ਪੰਜਾਬ ਨੂੰ ਤੰਬਾਕੂ ਮੁਕਤ ਕੀਤਾ ਜਾਵੇਗਾ : ਬ੍ਰਹਮ ਮਹਿੰਦਰਾ

ਪਟਿਆਲਾ, 2 ਮਈ (ਪ੍ਰਿੰਸ): : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਰੰਭੀ ਵੱਡੀ ਮੁਹਿੰਮ ਤਹਿਤ ਕੈਂਸਰ ਦਾ ਕਾਰਣ ਬਣਦੇ ਤੰਬਾਕੂ ਦਾ ਵੀ ਖਾਤਮਾ ਕਰਕੇ ਪੰਜਾਬ ਨੂੰ ਤੰਬਾਕੂ ਮੁਕਤ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਪੰਜਾਬ ਨੂੰ ਤੰਬਾਕੂ ਮੁਕਤ ਕਰਨ ਦੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਇਕ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਇਹ ਵੈਨ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੰਚ ਘੱਟੋ-ਘੱਟ 5 ਸਥਾਨਾਂ ‘ਤੇ ਜਾ ਕੇ ਲੋਕਾਂ ਨੂੰ ਤੰਬਾਕੂ ਦੇ ਭੈੜੇ ਪ੍ਰਭਾਵ ਬਾਰੇ ਜਾਗਰੂਕ ਕਰੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਰੋਜ਼ਾਨਾ 3500 ਕੀਮਤੀ ਮਨੁੱਖੀ ਜਾਨਾਂ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਣ ਅਜਾਈ ਚਲੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ 90 ਫੀਸਦੀ ਮੂੰਹ ਦੇ ਕੈਂਸਰ, ਕੈਂਸਰ ਦਿਲ ਦੇ ਰੋਗ ਅਤੇ ਫੇਫੜੇ ਦੀਆਂ ਬਿਮਾਰੀਆਂ ਹੁੰਦੀਆਂ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਇਕ ਸਾਲ ਦੌਰਾਨ ਤੰਬਾਕੂ ਦੀ ਵਰਤੋਂ ਕਰਨ ਵਾਲੇ 26909 ਵਿਅਕਤੀਆਂ ਦੇ ਚਲਾਣ ਕੱਟਕੇ ਜੁਰਮਾਨੇ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹ ਵੈਨ ਜਿੱਥੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰੇਗੀ ਉੱਥੇ ਹੀ ਸਿਵਲ ਸਰਜਨਾਂ ‘ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਪੰਜਾਬ ਵਿੱਚ ਹੁਣ ਤੱਕ 300 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਜਾ ਚੁੱਕਾ ਹੈ। ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਨੂੰ ਨਸ਼ਿਆ ਦੇ ਕੋਹੜ ਤੋਂ ਮੁਕਤ ਕਰਨ ਲਈ ਇਸ ਕਾਲੇ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ ਨੂੰ ਬਖਸ਼ਿਆ ਨਾ ਜਾਵੇ। ਉਹਨਾਂ ਦੱਸਿਆ ਕੀ ਜਿੱਥੇ ਨਸ਼ਿਆ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ ਉਸਦੇ ਨਾਲ ਹੀ ਨਸ਼ੇ ਲੈਣ ਵਾਲਿਆ ਦੀ ਜ਼ਿੰਦਗੀ ਨੂੰ ਮੁੜ ਲੀਹਾਂ ‘ਤੇ ਪਾਉਣ ਲਈ ਨਸ਼ਾ ਛੁਡਾਉ ਕੇਂਦਰਾਂ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਪੱਤਰਕਾਰਾਂ ਵੱਲੋਂ ਸਰਕਾਰੀ ਹਸਪਤਾਲਾ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰ ਇਸ ਮਾਮਲੇ ‘ਤੇ ਪਹਿਲਾ ਹੀ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ।

ਗਿਆਨ ਸਾਗਰ ਹਸਪਤਾਲ ‘ਤੇ ਮੈਡੀਕਲ ਕਾਲਜ ਵਿਵਾਦ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਸਥਾ ਦੇ ਮੈਡੀਕਲ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਮੈਡੀਕਲ ਕੌਸਲ ਦੀ ਪ੍ਰਵਾਨਗੀ ਨਾਲ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਦੂਜੇ ਮੈਡੀਕਲ ਕਾਲਜਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਡਾ.ਐੱਚ.ਐੱਸ ਬਾਲੀ ਨੇ ਦੱਸਿਆ ਕਿ ਪੰਜਾਬ ਵਿਚ ਸਥਾਪਿਤ ਸਾਰੇ ਸਰਕਾਰੀ ਦਫ਼ਤਰਾਂ ਨੂੰ ਵੀ ਪੂਰਨ ਤੌਰ ‘ਤੇ ਤੰਬਾਕੂ ਮੁਕਤ ਘੋਸ਼ਿਤ ਕੀਤਾ ਗਿਆ ਹੈ। ਰਾਜ ਦੇ ਸਮੂਹ ਮੀਡੀਆ ਦਫ਼ਤਰਾਂ ਅਤੇ ਹਾਊਸਿੰਗ ਸੋਸਾਇਟੀਆਂ ਨੂੰ ਵੀ ਉਹਨਾਂ ਅਧੀਨ ਆਉਂਦੇ ਦਫ਼ਤਰਾਂ/ਇਮਾਰਤਾ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਲਈ ਲਿਖਿਆ ਗਿਆ ਹੈ।

ਅੱਜ ਦੇ ਸਮਾਗਮ ਮੌਕੇ ਡਾ.ਹਰਿੰਦਰਪਾਲ ਸਿੰਘ ਬਾਲੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਸ੍ਰੀ ਸੰਦੀਪ ਹੰਸ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ, ਡਾ.ਬਲਵਿੰਦਰ ਸਿੰਘ, ਸਿਵਲ ਸਰਜਨ ਪਟਿਆਲਾ, ਡਾ. ਰਕੇਸ਼ ਗੁਪਤਾ ਸਟੇਟ ਪ੍ਰੋਗਰਾਮ ਅਫ਼ਸਰ ਤੰਬਾਕੂ ਕੰਟਰੋਲ ਸੈੱਲ, ਡਾ.ਅੰਜੂ ਗੁਪਤਾ ਮੈਡੀਕਲ ਸੁਪਰਡੈਂਟ, ਡਾ.ਮਲਕੀਤ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਸੈੱਲ ਜਸੀਵਰ ਬੈਂਸ ਸਟੇਟ ਕੋਆਰਡੀਨੇਟਰ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਫ਼ਸਰ ‘ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: