ਪੰਜਾਬ ਦੇ ਲੋਕਾਂ ਵਿੱਚ ਕਾਂਗਰਸ ਸਰਕਾਰ ਖਿਲਾਫ ਵੱਧ ਰਿਹਾ ਹੈ ਰੋਸ

ss1

ਪੰਜਾਬ ਦੇ ਲੋਕਾਂ ਵਿੱਚ ਕਾਂਗਰਸ ਸਰਕਾਰ ਖਿਲਾਫ ਵੱਧ ਰਿਹਾ ਹੈ ਰੋਸ

ਨਾ ਮਿਲੀ ਘਰ ਘਰ ਨੌਕਰੀ, ਨਾ ਕਿਸਾਨਾਂ ਦੇ ਕਰਜੇ ਹੋਏ ਮਾਫ, ਪੈਨਸਨਾਂ ਵਿਚ ਵਾਧੇ ਦੇ ਵਾਇਦੇ ਵੀ ਵਫਾ ਨਾ ਹੋਏ

ਐਸ.ਏ.ਐਸ. ਨਗਰ, 7 ਅਕਤੂਬਰ: ਪੰਜਾਬ ਵਿੱਚ ਛੇ ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਪੰਜਾਬ ਦੇ ਹਰ ਵਰਗ ਨਾਲ ਸੰਬਧਿਤ ਲੋਕਾਂ ਨੂੰ ਇਹ   ਆਸ ਬੱਝ ਗਈ ਸੀ ਕਿ ਪੰਜਾਬ ਦੀ ਇਹ ਨਵੀਂ ਸਰਕਾਰ ਉਹਨਾਂ ਦੇ ਸਾਰੇ ਮਸਲੇ ਹੱਲ ਕਰ ਦੇਵੇਗੀ ਪਰ ਜੇ ਕੈਪਟਨ ਸਰਕਾਰ ਦੀ ਛੇ ਮਹੀਨੇ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕਰੀਏ ਤਾਂ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿੱਚ ਛੇ ਮਹੀਨੇ ਪਹਿਲਾਂ ਵੱਡੇ ਬਹੁਮਤ ਨਾਲ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਆਮ ਲੋਕਾਂ ਦੀਆਂ ਆਸਾਂ ਤੇ ਖਰੀ ਉਤਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ ਜਿਸ ਕਾਰਨ ਪੰਜਾਬ ਦੇ ਹਰ ਵਰਗ ਨਾਲ ਸਬੰਧਿਤ ਲੋਕਾਂ ਵਿਚ ਇਸ ਸਰਕਾਰ ਪ੍ਰਤੀ ਰੋਸ ਪੈਦਾ ਹੋ ਗਿਆ ਹੈ| ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਲੋਕਾਂ ਵਿੱਚ ਫੈਲੇ ਇਸ ਰੋਸ ਦਾ ਲਾਹਾ ਵਿਰੋਧੀ ਪਾਰਟੀਆਂ ਨੂੰ ਮਿਲ ਰਿਹਾ ਹੈ ਜਿਹੜੀਆਂ ਸਰਕਾਰ ਦੇ ਖਿਲਾਫ ਮਾਹੌਲ ਬਣਾਉਣ ਵਿੱਚ ਕਾਮਯਾਬ ਹੁੰਦੀਆਂ ਦਿਖ ਰਹੀਆਂ ਹਨ|
ਪੰਜਾਬ ਦੀ ਮੌਜੂਦਾ ਸਰਕਾਰ ਖਿਲਾਫ ਸਭ ਤੋਂ ਪਹਿਲਾਂ  ਵੱਖ ਵੱਖ ਮੁਲਾਜਮ ਜੱਥੇਬੰਦੀਆਂ ਨੇ ਸੰਘਰਸ਼ ਸ਼ੁਰੂ ਕੀਤਾ| ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਸਰਕਾਰ ਵਿਰੁੱਧ ਧਰਨੇ ਅਤੇ ਰੈਲੀਆਂ ਕਰ ਚੁੱਕੀਆਂ ਹਨ| ਬੀਤੇ ਦਿਨਾਂ ਦੌਰਾਨ ਅਨੇਕਾਂ ਹੀ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਕਰਜੇ ਮਾਫ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਅਤੇ ਰੈਲੀਆਂ ਕਰ ਚੁਕੀਆਂ ਹਨ| ਇਸ ਤੋਂ ਪਹਿਲਾਂ ਵੱਡੀ ਗਿਣਤੀ ਬੇਰੁਜਗਾਰ ਅਧਿਆਪਕ ਟੈਂਕੀ ਉੱਪਰ ਚੜਕੇ ਅਤੇ ਸੜਕ ਉਪਰ ਧਰਨਾ ਦੇ ਕੇ ਕਈ ਦਿਨ ਆਪਣਾ ਰੋਸ ਪ੍ਰਗਟ ਕਰਦੇ ਰਹੇ ਅਤੇ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਕਹਿੰਦੇ ਰਹੇ ਪਰ ਸਰਕਾਰ ਨੇ ਉਹਨਾਂ ਦੀ ਇਕ ਨਾ ਸੁਣੀ| ਪੰਜਾਬ ਵਿਧਾਨ ਸਭਾ ਚੋਣਾਂ ਮੌਕੇ  ਕਾਂਗਰਸ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਗਏ ਚੋਣ  ਵਾਇਦੇ ਪੂਰੇ ਨਾ ਕਰ ਸਕਣ ਕਾਰਨ ਜਿੱਥੇ ਆਮ ਲੋਕਾਂ ਵਿੱਚ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਨਿਰਾਸ਼ਾ ਵੱਧ ਰਹੀ ਹੈ ਉਥੇ ਆਮ ਲੋਕਾਂ ਵਿੱਚ ਸਰਕਾਰ ਦੇ ਪ੍ਰਤੀ ਗੁੱਸਾ ਵੀ ਸਾਮ੍ਹਣੇ ਆਉਣ ਲੱਗ ਪਿਆ ਹੈ|
ਪੰਜਾਬ ਦੇ ਲੋਕਾਂ ਦਾ ਸਰਕਾਰ ਪ੍ਰਤੀ ਹੋਏ ਮੋਹਭੰਗ ਦਾ ਅੰਦਾਜਾ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਗੱਲਬਾਤ ਵਿੱਚ ਵੀ ਸਾਫ ਜਾਹਿਰ ਹੁੰਦਾ ਹੈ| ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀਆਂ ਜੱਥੇਬੰਧਕ ਸਰਗਰਮੀਆਂ ਕਾਫੀ ਹੱਦ ਤੱਕ ਠੱਪ ਪਈਆਂ ਹਨ|  ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ  ਚੁਣੀ ਹੋਈ ਸਰਕਾਰ ਦੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਤਾਲਮੇਲ ਨਾ ਹੋਣ ਕਾਰਨ ਵਰਕਰਾਂ ਵਿੱਚ ਵੀ ਨਿਰਾਸ਼ਾ ਵੱਧ ਗਈ ਹੈ ਜਿਸ ਕਾਰਨ ਇੱਕ ਖਲਾਅ ਜਿਹਾ ਪੈਦਾ ਹੋ ਰਿਹਾ ਹੈ|
ਪੰਜਾਬ ਕਾਂਗਰਸ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਇਦੇ ਵੀ ਹੁਣ ਤੱਕ ਹਵਾ ਹਵਾਈ ਹੀ ਸਾਬਿਤ ਹੋਏ ਹਨ| ਰੇਤਾ ਬਜਰੀ ਦੇ ਦਾਮ ਪਹਿਲਾਂ ਨਾਲੋਂ ਵੀ ਵੱਧ ਗਏ ਹਨ ਅਤੇ ਨਵੀਂ ਸਰਕਾਰ ਇਸ ਮੁੱਦੇ ਤੇ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ| ਉਲਟਾ ਇਸ ਸਬੰਧੀ ਸਰਕਾਰ ਵਲੋਂ ਕੀਤੀ ਗਈ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਸਰਕਾਰ ਦੇ ਇੱਕ ਮੰਤਰੀ ਦਾ ਨਾਮ ਉਛਲਣ ਨਾਲ ਸਰਕਾਰ ਦੀ ਸਾਖ ਨੂੰ ਢਾਹ ਵੱਜੀ ਹੈ| ਇਸ ਤੋਂ ਇਲਾਵਾ ਸਰਕਾਰ ਕਾਂਗਰਸ ਵਲੋਂ ਸਰਕਾਰ ਬਣਨ ਤੇ ਹਰ ਘਰ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫੋਟ ਵੰਡਣ, ਬੁਢਾਪਾ, ਵਿਧਵਾ ਪੈਸ਼ਨਾਂ ਵਿੱਚ ਵਾਧਾ ਕਰਨ ਦੇ ਵਾਇਦੇ ਵੀ ਹਵਾ ਵਿੱਚ ਹੀ ਹਨ|
ਪੰਜਾਬ ਕਾਂਗਰਸ ਦੀ ਪਤਲੀ ਪਈ ਹਾਲਤ ਦਾ ਇਸ ਤੋਂ ਵੀ ਪਤਾ ਚੱਲ ਜਾਂਦਾ ਹੈ ਕਿ ਕਾਂਗਰਸ  ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਤਕ ਵਿੱਚ ਨਿਰਾਸ਼ਾ ਦਾ ਆਲਮ ਦਿਖ ਰਿਹਾ ਹੈ| ਇਸਦਾ ਕਾਰਨ ਇਹ ਹੈ ਕਿ ਪ੍ਰਸ਼ਾਸ਼ਨਿਕ ਨਿਯੁਕਤੀਆਂ ਵਿੱਚ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕੀਤਾ ਜਾ ਰਿਹਾ  ਹੈ ਅਤੇ  ਜਦੋਂ ਲੋਕ ਆਪਣੇ ਕੰਮਾਂ ਕਾਰਾਂ ਲਈ ਵਿਧਾਇਕ ਤੱਕ ਪਹੁੰਚ ਕਰਦੇ ਹਨ ਤਾਂ ਅੱਗੋਂ ਉਹ ਅਧਿਕਾਰੀਆਂ ਵੱਲੋਂ ਕੰਮ ਨਾ ਕਰਨ ਦੀ ਬੇਵਸੀ ਜਾਹਿਰ ਕਰਦੇ ਹਨ|
ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਛੇ ਮਹੀਨੇ ਬੀਤਣ ਦੇ ਬਾਵਜੂਦ ਕਾਂਗਰਸ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਜਿੱਥੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਗਿਆ  ਹੈ ਉੱਥੇ ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਵੀ ਵੱਧ ਰਿਹਾ ਹੈ ਅਤੇ ਜੇਕਰ ਛੇਤੀ ਹੀ ਕਾਂਗਰਸ ਸਰਕਾਰ ਨੇ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਨਾ ਕੀਤਾ ਤਾਂ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸਦਾ ਸਿਆਸੀ ਨੁਕਸਾਨ ਵੀ ਸਹਿਣਾ ਪੈ ਸਕਦਾ ਹੈ| ਸਰਕਾਰ ਦੇ ਮੰਤਰੀਆਂ ਅਤੇ ਮੁੱਖ ਮੰਤਰੀ  ਨੂੰ ਕੰਧ ਤੇ ਲਿਖਿਆ ਸਾਫ ਪੜ ਲੈਣਾ ਚਾਹੀਦਾ ਹੈ ਅਤੇ ਆਪਣੀ ਕਾਰਗੁਜਾਰੀ ਵਿੱਚ ਲੋੜੀਂਦਾ ਸੁਧਾਰ ਲਿਆਉਣਾ ਚਾਹੀਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਕਾਂਗਰਸ ਸਰਕਾਰ ਪੂਰੇ ਪੰਜਾਬੀਆਂ ਵਿੱਚ ਹੀ ਆਪਣਾ ਵਿਸ਼ਵਾਸ਼ ਗੁਆ ਬੈਠੇਗੀ|

Share Button

Leave a Reply

Your email address will not be published. Required fields are marked *