ਪੰਜਾਬ ਦੇ ਪਿੰਡਾਂ ਵਿੱਚ ਬਿਮਾਰੀਆਂ ਦਾ ਬੋਲਬਾਲਾ

ss1

ਪੰਜਾਬ ਦੇ ਪਿੰਡਾਂ ਵਿੱਚ ਬਿਮਾਰੀਆਂ ਦਾ ਬੋਲਬਾਲਾ
ਰੰਗਲਾਂ ਪੰਜਾਬ ਭਿਆਨਕ ਬਿਮਾਰੀਆਂ ਨੇ ਕੀਤਾ ਕੰਗਾਲ

21-3 (1) 21-3 (2)ਦਿੜਬਾ ਮੰਡੀ 20 ਜੁਲਾਈ (ਰਣ ਸਿੰਘ ਚੱਠਾ)-ਪੰਜਾਬ ਨੂੰ ਤੰਦਰੁਸਤੀ ਵਾਲਾ ਸੂਬਾ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਖਾਣ-ਪੀਣ ਦਾ ਸਾਰਾ ਸਾਮਾਨ ਲੋਕਾਂ ਦੁਆਰਾ ਖੁਦ ਮਿਹਨਤ ਕਰਕੇ ਆਪਣੀ ਹੱਥੀਂ ਤਿਆਰ ਕੀਤਾ ਜਾਂਦਾ ਸੀ। ਜਿਸ ਕਰਕੇ ਇੱਥੋਂ ਦਾ ਖਾਣ-ਪੀਣ ਵਾਲਾ ਸਾਰਾ ਸਾਮਾਨ ਸ਼ੁੱਧ ਅਤੇ ਮਿਲਾਵਟ ਰਹਿਤ ਹੁੰਦਾ ਸੀ। ਮਸ਼ੀਨੀਕਰਨ ਦਾ ਯੁੱਗ ਨਾ ਹੋਣ ਕਾਰਨ ਜਿਆਦਾਤਰ ਕੰਮਕਾਜ ਲੋਕ ਹੱਥੀਂ ਕਰਿਆ ਕਰਦੇ ਸਨ। ਪ੍ਰੰਤੂ ਜੇਕਰ ਹੁਣ ਉਸੇ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਤਾਂ ਇਹ ਯਕੀਨ ਹੀ ਨਹੀਂ ਆਉਂਦਾ ਕਿ ਇਹ ਉਹੀ ਪੰਜਾਬ ਹੈ ਜੋ ਤੁੰਦਰੁਸਤ ਅਤੇ ਚੰਗੀਆਂ ਸਿਹਤਾਂ ਵਾਲੇ ਗੱਭਰੂਆਂ ਕਰਕੇ ਆਪਣੀ ਵੱਖਰੀ ਪਹਿਚਾਣ ਰੱਖਦਾ ਸੀ। ਕਿਉਂਕਿ ਅੱਜ ਪੰਜਾਬ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਘੇਰ ਕੇ ਰੱਖਿਆ ਹੋਇਆ ਹੈ। ਜੇਕਰ ਪੰਜਾਬ ਨੂੰ ਬਿਮਾਰੀਆਂ ਦਾ ਘਰ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇੱਥੇ ਹੁਣ ਕੋਈ ਘਰ ਅਜਿਹਾ ਨਹੀਂ ਬਚਿਆ ਜਿਸ ਘਰ ਵਿੱਚ ਕੋਈ ਵੀ ਇਨਸਾਨ ਕਿਸੇ ਬਿਮਾਰੀ ਤੋਂ ਪੀੜ੍ਹਤ ਨਾ ਹੋਵੇ। ਹਰ ਘਰ ਵਿੱਚ ਦਵਾਈਆਂ ਦੇ ਢੇਰ ਲੱਗੇ ਪਏ ਹਨ। ਹੁਣ ਤਾਂ ਪੰਜਾਬ ਵਿੱਚ ਅਜਿਹੀਆਂ ਭਿਆਨਕ ਬਿਮਾਰੀਆਂ ਨੇ ਵੱਡੀ ਪੱਧਰ ਤੇ ਆਪਣਾ ਜਾਲ ਵਿਛਾ ਲਿਆ ਹੈ ਜੋ ਪਹਿਲਾਂ ਕਦੇ-ਕਦਾਈ ਸੁਣਨ ਨੂੰ ਮਿਲਦੀਆਂ ਸਨ। ਇਨ੍ਹਾਂ ਬਿਮਾਰੀਆਂ ਵਿੱਚ ਕੈਂਸਰ, ਕਾਲਾ ਪੀਲੀਆ, ਏਡਜ਼, ਮਾਨਸਿਕ ਪ੍ਰੇਸ਼ਾਨੀ,ਬੱਚਿਆਂ ਦਾ ਮੰਦਬੁੱਧੀ ਹੋਣਾ ਆਦਿ ਬਿਮਾਰੀਆਂ ਜਿੰਨ੍ਹਾਂ ਦਾ ਪੂਰੀ ਤਰ੍ਹਾਂ ਇਲਾਜ ਹੋਣਾ ਵੀ ਅਸੰਭਵ ਜਾਪਦਾ ਹੈ। ਭਾਵੇਂ ਕਿ ਇਨ੍ਹਾਂ ਬਿਮਾਰੀਆਂ ਤੋਂ ਇਨਸਾਨ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਦਾ ਪ੍ਰੰਤੂ ਇਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਵਾਈਆਂ ਦਾ ਇਸਤੇਮਾਲ ਜ਼ਰੂਰ ਕੀਤਾ ਜਾਂਦਾ ਹੈ। ਪਰ ਜੋ ਦਵਾਈਆਂ ਇਨ੍ਹਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਖਰੀਦਣਾ ਗਰੀਬ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਇਹਨਾਂ ਬਿਮਾਰੀਆਂ ਲਈ ਦਵਾਈ ਦਾ ਸੇਵਨ ਲੰਮਾ ਸਮਾਂ ਲੈਣਾ ਪੈਂਦਾ ਹੈ। ਜਿਸ ਕਰਕੇ ਦਵਾਈਆਂ ਦਾ ਖਰਚਾ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਜਾਂਦਾ ਹੈ। ਬਹੁਤ ਲੋਕ ਅਜਿਹੇ ਹਨ ਜਿੰਨ੍ਹਾਂ ਦੇ ਇਲਾਜ ਕਰਵਾਉਂਦੇ-ਕਰਵਾਉਂਦੇ ਜਮੀਨਾਂ, ਜਾਇਦਾਦਾਂ ਘਰ ਆਦਿ ਵਿਕ ਚੁੱਕੇ ਹਨ। ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੰਜਾਬ ਦੇ ਲੋਕ ਸਭ ਤੋਂ ਜਿਆਦਾ ਪੀੜ੍ਹਤ ਹਨ ਪਰ ਅਫ਼ਸੋਸ ਇਸ ਦੇ ਇਲਾਜ ਲਈ ਪੰਜਾਬ ਵਿੱਚ ਕੋਈ ਪ੍ਰਬੰਧ ਨਹੀਂ ਹੈ। ਜਿਸ ਕਰਕੇ ਲੋਕਾਂ ਨੂੰ ਇੱਥੋਂ ਇਲਾਜ ਕਰਵਾਉਣ ਲਈ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਹੈ। ਹੁਣ ਕੈਂਸਰ ਤੋਂ ਬਾਅਦ ਪੰਜਾਬ ’ਚ ਕਾਲੇ ਪੀਲੀਏ ਨੇ ਤਬਾਹੀ ਮਚਾ ਰੱਖੀ ਹੈ। ਕਾਲੇ ਪੀਲੀਏ ਤੋਂ ਪੀੜ੍ਹਤ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਸਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੀ ਕੀਮਤ ਏਨੀ ਹੈ ਕਿ ਗਰੀਬ ਆਦਮੀ ਦੇ ਵੱਸ ਤੋਂ ਬਾਹਰ ਹੈ। ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਆਮ ਬਿਮਾਰੀਆਂ ਸ਼ੂਗਰ, ਹਾਰਟ ਅਟੈਕ, ਯੂਰਿਕ ਐਸਿਡ, ਤੇਜਾਬ ਬਣਨਾ, ਬਦਹਜਮੀ, ਬਲੱਡ ਪ੍ਰੈਸ਼ਰ ਦਾ ਘਟਣਾ-ਵਧਣਾ, ਖਾਂਸ਼ੀ, ਦਿਮਾਗੀ ਤਣਾਅ, ਜੋੜਾਂ ਦਾ ਦਰਦ ਆਦਿ ਬਿਮਾਰੀਆਂ ਤੋਂ ਹੁਣ ਬਹੁਤ ਲੋਕ ਪੀੜ੍ਹਤ ਹਨ। ਹੁਣ ਤਾਂ ਬੱਚਿਆਂ ਨੂੰ ਵੀ ਅਜਿਹੀਆਂ ਬਿਮਾਰੀਆਂ ਨੇ ਘੇਰ ਲਿਆ ਹੈ ਜਿੰਨ੍ਹਾਂ ਦਾ ਕਦੇ ਨਾਂਅ ਹੀ ਨਹੀਂ ਸੁਣਨ ਨੂੰ ਮਿਲਦਾ ਸੀ। ਇਸ ਤੋਂ ਇਲਾਵਾ ਦੋ ਬਿਮਾਰੀਆਂ ਅਜਿਹੀਆਂ ਹੋ ਗਈਆਂ ਹਨ ਜਿਹੜੀਆਂ ਛੇ-ਛੇ ਮਹੀਨੇ ਬਾਅਦ ਪੱਕਾ ਦਸਤਕ ਦਿੰਦੀਆਂ ਹਨ। ਇੱਕ ਤੋਂ ਲੋਕ ਮੌਸਮ ਬਦਲਣ ਨਾਲ ਖਹਿੜਾ ਛੁੜਵਾਉਂਦੇ ਹਨ ਅਤੇ ਦੂਸਰੀ ਮੌਸਮ ਦੇ ਅਨੁਸਾਰ ਆ ਜਾਂਦੀ ਹੈ। ਇਹ ਹਨ ਡੇਂਗੂ ਅਤੇ ਸਵਾਇਨ ਫਲੂ। ਗਰਮੀ ਦੀ ਰੁੱਤ ਵਿੱਚ ਡੇਂਗੂ ਆਪਣਾ ਜਾਦੂ ਛੱਡ ਦਿੰਦਾ ਹੈ ਅਤੇ ਸਰਦੀਆਂ ਵਿੱਚ ਸਵਾਇਨ ਫਲੂ। ਲੱਛਣ ਦੋਨਾਂ ਦੇ ਆਮ ਹਨ ਪ੍ਰੰਤੂ ਜਾਨਲੇਵਾ ਦੋਵੇਂ ਸਭ ਤੋਂ ਜਿਆਦਾ ਹਨ। ਜਦੋਂ ਇਹ ਬਿਮਾਰੀਆਂ ਆਉਂਦੀਆਂ ਹਨ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਬਿਮਾਰੀਆਂ ਤਾਂ ਨਿੱਤ ਪਨਪ ਰਹੀਆਂ ਹਨ ਪ੍ਰੰਤੂ ਸਰਕਾਰੀ ਪੱਧਰ ’ਤੇ ਇਨ੍ਹਾਂ ਦੇ ਇਲਾਜ ਅਤੇ ਹੱਲ ਲਈ ਕੁੱਝ ਖਾਸ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਰਕੇ ਲੋਕ ਲਗਤਾਰ ਬਿਮਾਰੀਆਂ ਹੇਠ ਆ ਰਹੇ ਹਨ। ਵਿਕਾਸ ਕਰਨ ਦੇ ਨਾਂਅ ਤੇ ਵਾਤਾਵਰਣ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਕਰਕੇ ਬਿਮਾਰੀਆਂ ਫੈਲ ਰਹੀਆਂ ਹਨ। ਪ੍ਰਦੂਸ਼ਣ ’ਚ ਵਾਧਾ ਹੋ ਰਿਹਾ ਹੈ। ਹੁਣ ਸਵਾਲ ਇਹੀ ਹੈ ਕਿ ਕੀ ਪੰਜਾਬ ਉਹੀ ਤੁੰਦਰੁਸਤੀ ਵਾਲਾ ਸੂਬਾ ਬਣ ਸਕੇਗਾ ਜੋ ਪਹਿਲਾ ਹੋਇਆ ਕਰਦਾ ਸੀ।

Share Button

Leave a Reply

Your email address will not be published. Required fields are marked *