ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦਿਆਂਗੇ: ਕੈਪਟਨ ਅਮਰਿੰਦਰ ਸਿੰਘ

????????????????????????????????????

ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦਿਆਂਗੇ: ਕੈਪਟਨ ਅਮਰਿੰਦਰ ਸਿੰਘ
ਪਿੰਡ ਮੰਡੋਲੀ ਅਤੇ ਪਬਰਾ ਤੋਂ ਬਲਾਕ ਘਨੋਰ, ਰਾਜਪੁਰਾ, ਸਨੋਰ, ਸੰਭੂ ਕਲਾਂ ਅਤੇ ਪਟਿਆਲਾ ਲਈ ਨਹਿਰੀ ਪਾਣੀ ਅਤੇ ਸੀਵਰੇਜ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

????????????????????????????????????

ਰਾਜਪੁਰਾ, 19 ਫਰਵਰੀ (ਐਚ.ਐਸ.ਸੈਣੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਸੂਬੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦੇਵੇਗੀ। ਉਨਾਂ ਨੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਬਰਬਾਦ ਨਾ ਕਰਨ, ਕਿਉਂਕਿ ਸੂਬੇ ਦਾ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਘਟ ਰਿਹਾ ਹੈ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇ ਅਸੀਂ ਹੁਣ ਵੀ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜੀਆਂ ਲਈ ਕੁਝ ਵੀ ਨਹੀਂ ਛੱਡਕੇ ਜਾਵਾਂਗੇ। ਕੈਪਟਨ ਅਮਰਿੰਦਰ ਸਿੰਘ ਅੱਜ ਇਥੇ ਪਿੰਡ ਮੰਡੋਲੀ ਵਿੱਚ ਬਲਾਕ ਘਨੋਰ, ਰਾਜਪੁਰਾ, ਸਨੋਰ, ਸੰਭੂ ਕਲਾਂ ਅਤੇ ਪਟਿਆਲਾ ਦੇ 204 ਪਿੰਡਾਂ ਨੂੰ 241 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਹਿਰੀ ਪਾਣੀ ‘ਤੇ ਅਧਾਰਤ ਜਲ ਸਪਲਾਈ ਮੁਹੱਈਆ ਕਰਵਾਉਣ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਅਗਵਾਈ ਵਿੱਚ ਰੱਖੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਪਾਣੀ ਐਨਾ ਡੂੰਘਾ ਚਲਾ ਗਿਆ ਹੈ ਕਿ ਗਰੀਬ ਕਿਸਾਨ ਆਪਣੀਆਂ ਫ਼ਸਲਾਂ ਦੀ ਸਿੰਚਾਈ ਲਈ ਵੱਡੀਆਂ ਮੋਟਰਾਂ ਅਤੇ ਡੂੰਘੇ ਟਿਊਬਵੈਲ ਲਗਵਾਉਣ ਦੀ ਹਿੰਮਤ ਨਹੀਂ ਕਰ ਸਕਦੇ। ਉਨਾਂ ਇਹ ਚੇਤੇ ਕਰਵਾਇਆ ਕਿ ਉਨਾਂ ਦੀ ਸਰਕਾਰ ਅਜਿਹੇ ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਸਮੇਤ ਉਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਅੱਜ ਸਾਰਾ ਸੂਬਾ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਇਹ ਸਮੱਸਿਆ ਅਗਲੇ ਸਾਲਾਂ ਵਿੱਚ ਹੋਰ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਉਨਾਂ ਨੇ 1966 ਦੀ ਆਪਣੀ ਯਾਦ ਸਾਂਝੀ ਕਰਦਿਆਂ ਕਿਹਾ ਕਿ ਕਿਹਾ ਕਿ ਉਹ ਉਸ ਸਮੇਂ ਪਿੰਡ ਮੰਡੌਲੀ ਆਏ ਸਨ ਜਦੋਂ ਇਹ ਛੋਟਾ ਜਿਹਾ ਪਿੰਡ ਹੁੰਦਾ ਸੀ ਅਤੇ ਉਦੋਂ ਉਨਾਂ ਦੇ ਮਾਤਾ ਜੀ ਰਾਜਮਾਤਾ ਮਹਿੰਦਰ ਕੌਰ ਲੋਕ ਸਭਾ ਚੋਣ ਲੜ ਰਹੇ ਸਨ ਅਤੇ ਪੀਣ ਵਾਲੇ ਪਾਣੀ ਦੀ ਮੰਗ ਉਸ ਵੇਲੇ ਵੀ ਇਸੇ ਤਰਾਂ ਦੀ ਹੀ ਸੀ। ਉਨਾਂ ਨੇ ਦੂਸ਼ਿਤ ਹੋ ਰਹੇ ਪਾਣੀ ‘ਤੇ ਦੁੱਖ ਪ੍ਰਗਟਾਇਆ ਕਿ ਇਸ ਕਰਕੇ ਲੋਕ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਨਾਂ ਕਿਹਾ ਕਿ 241.18 ਕਰੋੜ ਰੁਪਏ ਦੀ ਲਾਗਤ ਵਾਲੇ ਇਕੱਲੇ ਮੰਡੌਲੀ ਵਾਲੇ ਟ੍ਰੀਟਮੈਂਟ ਪਲਾਂਟ ਤੋਂ ਰੋਜ਼ਾਨਾ 3.50 ਕਰੋੜ ਲਿਟਰ ਸਾਫ਼ ਤੇ ਸ਼ੁੱਧ ਪੀਣਯੋਗ ਪਾਣੀ ਦੀ ਪੂਰਤੀ 204 ਪਿੰਡਾਂ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਨਾਂ ਵਿੱਚ ਘਨੌਰ ਵਿਧਾਨ ਸਭਾ ਹਲਕੇ ਦੇ 146 ਪਿੰਡ, ਰਾਜਪੁਰਾ ਹਲਕੇ ਦੇ 12 ਪਿੰਡ ਅਤੇ ਸਨੌਰ ਹਲਕੇ ਦੇ 46 ਪਿੰਡ ਕਵਰ ਹੋਣਗੇ ਅਤੇ 3.65 ਲੱਖ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਮੁਹੱਈਆ ਹੋਵੇਗਾ। ਇਸੇ ਤਰਾਂ 122 ਕਰੋੜ ਰੁਪਏ ਦੀ ਲਾਗਤ ਵਾਲੇ ਪਿੰਡ ਪੱਬਰਾ ਦੇ ਜਲ ਟ੍ਰੀਟਮੈਂਟ ਪਲਾਂਟ ‘ਤੋਂ 112 ਪਿੰਡਾਂ ਨੂੰ 1.80 ਕਰੋੜ ਲਿਟਰ ਜਲ ਸਪਲਾਈ ਰੋਜ਼ਾਨਾ ਹੋਵੇਗੀ। ਇਨਾਂ ਪਿੰਡਾਂ ਵਿੱਚ 25 ਪਿੰਡ ਘਨੌਰ ਹਲਕੇ ਦੇ, 62 ਪਿੰਡ ਰਾਜਪੁਰਾ ਹਲਕੇ ਦੇ, 23 ਪਿੰਡ ਸਨੌਰ ਹਲਕੇ ਦੇ ਹਨ। ਇਥੋਂ 1.63 ਲੱਖ ਲੋਕਾਂ ਨੂੰ ਜਲ ਸਪਲਾਈ ਹੋਵੇਗੀ ਅਤੇ 179 ਕਿਲੋਮੀਟਰ ਡੀ.ਆਈ. ਪਾਇਪ ਲਾਇਨਾਂ ਵਿਛਾਈਆਂ ਜਾਣਗੀਆਂ। ਇਨਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਨਾਲ ਲੋਕਾਂ ਨੂੰ ਆਪਣੇ ਘਰਾਂ ਵਿੱਚ ਆਰ.ਓ. ਲਗਾਉਣ ਦੀ ਲੋੜ ਵੀ ਨਹੀਂ ਪੈਣੀ ਤੇ ਉਨਾਂ ਨੂੰ ਸਸਤੀਆਂ ਦਰਾਂ ‘ਤੇ ਗੁਣਵੱਤਾ ਭਰਪੂਰ ਜਲ ਮਿਲੇਗਾ। ਗੰਦਾ ਪਾਣੀ ਪੀਣ ਨਾਲ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਣ ਕਰਕੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਆਵੇਗਾ, ਕਿਉਂਕਿ ਨਹਿਰੀ ਪਾਣੀ ਵਿੱਚ ਸਾਰੇ ਉਹ ਤੱਤ ਮੌਜੂਦ ਹੁੰਦੇ ਹਨ, ਜਿਹੜੇ ਸਾਡੇ ਸਰੀਰ ਨੂੰ ਲੋੜੀਂਦੇ ਹੁੰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਨਾਂ ਪ੍ਰਾਜੈਕਟਾਂ ਨੂੰ ਲੋਕਾਂ ਦੀ ਬਿਹਤਰੀ ਅਤੇ ਭਲਾਈ ਲਈ ਅਰੰਭੇ ਪ੍ਰਾਜੈਕਟ ਦਸਦਿਆਂ ਕਿਹਾ ਕਿ ਇਨਾਂ ਪ੍ਰਾਜੈਕਟਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਨਹੀਂ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਨਾਂ ਕਿਹਾ ਕਿ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਜਦੋਂ ਪਾਣੀ ਦੇ ਦੂਸ਼ਿਤ ਹੋਣ ਜਾਂ ਇਸ ਵਿੱਚ ਯੁਰੇਨੀਅਮ ਜਾਂ ਭਾਰੇ ਤੱਤਾਂ ਦੀ ਕੋਈ ਰਿਪੋਰਟ ਮਿਲਦੀ ਹੈ ਤਾਂ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਇਸ ਸਮੱਸਿਆ ਦੇ ਹੱਨ ਲਈ ਯਤਨ ਕੀਤੇ ਜਾਂਦੇ ਹਨ। ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੱਲੋਂ ਰੱਖੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਵੱਲੋਂ ਪਿੰਡ ਮੰਡੌਲੀ ਵਿਖੇ 4.70 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ ਲਗਾਉਣ ਦਾ ਵੀ ਐਲਾਨ ਕੀਤਾ।
ਇਸ ਸਮੇਂ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਇਨਾਂ ਪ੍ਰਾਜੈਕਟਾਂ ਦਾ ਇਲਾਕੇ ਦੇ ਲੋਕਾਂ ‘ਤੇ ਲੰਮੇ ਸਮੇਂ ਲਈ ਚੰਗਾ ਪ੍ਰਭਾਵ ਪਵੇਗਾ ਉਨਾਂ ਨੇ ਸਥਾਨਕ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨਾਂ ਕਰਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜ ਰਿਹਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਫ਼ਤਹਿਗੜ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਜ਼ਿਲਾ ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਨੇ ਵੀ ਸੰਬੋਧਨ ਕਰਦਿਆਂ ਮੁੱਖ ਮੰਤਰੀ ਵੱਲੋਂ ਇਹ ਪ੍ਰਾਜੈਕਟ ਲਗਾਉਣ ਲਈ ਉਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਬੀਬੀ ਅਮਰਜੀਤ ਕੌਰ ਜਲਾਲਪੁਰ, ਸ. ਗਗਨਦੀਪ ਸਿੰਘ ਜੌਲੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਜਸਪ੍ਰੀਤ ਤਲਵਾੜ, ਓ.ਐਸ.ਡੀ ਹਨੀ ਸੇਖੋਂ, ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਹੈਡ ਸ੍ਰੀ ਅਸ਼ਵਨੀ ਕੁਮਾਰ, ਡੀ.ਡਬਲਿਯੂਐਸ.ਐਸ. ਦੇ ਵਧੀਕ ਸਕੱਤਰ ਮੁਹੰਮਦ ਇਸ਼ਫ਼ਾਕ, ਬਲਰਾਜ਼ ਸਿੰਘ ਸਰਪੰਚ ਨੌਸ਼ਿਹਰਾ, ਗੁਰਨਾਮ ਸਿੰਘ ਭੂਰੀਮਾਜ਼ਰਾ, ਸਤਿੰਦਰ ਸਿੰਘ ਡਿੰਪਲ ਸਰਪੰਚ ਸੂਹਰੋਂ, ਸੁਖਪ੍ਰੀਤ ਸਿੰਘ ਸਰਪੰਚ ਭੂਰੀਮਾਜਰਾ, ਬੀਰਦਵਿੰਦਰ ਸਿੰਘ ਸਰਪੰਚ ਪਹਿਰ, ਸਮੇਤ ਵੱਡੀ ਗਿੱਣਤੀ ਵਿੱਚ ਇਲਾਕੇ ਦੇ ਪਿੰਡਾਂ ਦੇ ਵਸਨੀਕ ਅਤੇ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: