Wed. Apr 24th, 2019

ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ : ਲੱਖੋਵਾਲ

ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ : ਲੱਖੋਵਾਲ

ਭਾਰਤੀ ਕਿਸਾਨ ਯੂਨੀਅਨ ਦੀ ਰੈਲੀ ‘ਚ ਕਿਸਾਨਾਂ ਦਾ ਉਭਰਿਆ ਜਨ-ਸੈਲਾਬ

ਅੰਮ੍ਰਿਤਸਰ, 22 ਨਵੰਬਰ, 2016 : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਐੱਸ. ਵਾਈ ਐੱਲ. ਨਹਿਰ ਦਾ ਵਜ਼ੂਦ ਖ਼ਤਮ ਕਰਨ ਲਈ ਚੁੱਕੇ ਦਲੇਰਾਨਾ ਕਦਮਾਂ ਦੀ ਅੱਜ ਇਕ ਅਹਿਮ ਰੈਲੀ ਮੌਕੇ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਹੋਰ ਕਿਸੇ ਰਾਜ ਨੂੰ ਨਹੀਂ ਜਾਣ ਦਿੱਤੀ ਜਾਵੇਗੀ। ਕਿਉਂਕਿ ਪਹਿਲਾਂ ਹੀ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਗਿਆ ਹੈ ਅਤੇ ਧੱਕੇ ਨਾਲ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਸਬੰਧੀ ਆਰੰਭੇ ਹਰ ਸੰਘਰਸ਼ ‘ਚ ਵੱਧ-ਚੜ੍ਹ ਕੇ ਹਿੱਸਾ ਲਵੇਗੀ ਅਤੇ ਕਿਸੇ ਵੀ ਕਿਸਮ ਦੀ ਕੁਰਬਾਨੀ ਤੋਂ ਨਹੀਂ ਝਿਜਕੇਗੀ।


ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਰਾਜਾਸਾਂਸੀ ਦੀ ਦਾਣਾ ਮੰਡੀ ਵਿਖੇ ਕਰਵਾਈ ਗਈ ਅਹਿਮ ਰੈਲੀ, ਜਿਸ ‘ਚ ਜ਼ਿਲ੍ਹੇ ਤੋਂ ਇਲਾਵਾ ਤਰਨ ਤਾਰਨ ਅਤੇ ਗੁਰਦਾਸਪੁਰ ਤੋਂ ਵੱਡੀ ਗਿਣਤੀ ‘ਚ ਸ਼ਿਰਕਤ ਕਰਦਿਆਂ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਸ: ਅਜ਼ਮੇਰ ਸਿੰਘ ਲੱਖੋਵਾਲ ਨੇ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਰਿਪੇਅਰੀਅਨ ਕਾਨੂੰਨ ਮੁਤਾਬਕ ਗੈਰ-ਰਿਪੇਅਰੀਅਨ ਰਾਜਾਂ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ, ਸਗੋਂ ਪਹਿਲਾ ਜਾ ਰਹੇ ਪਾਣੀ ਤੇ ਪੰਜਾਬ ਨੂੰ ਰਾਇਲਟੀ ਦਿੱਤੀ ਜਾਣੀ ਬਣਦੀ ਹੈ। ਉਨ੍ਹਾਂ ਕਣਕ ਦੀ ਅਗਲੀ ਫ਼ਸਲ ਦੇ ਨਿਰਧਾਰਿਤ ਕੀਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲਾਗਤਾਂ ਤੋਂ ਕਿਤੇ ਘੱਟ ਦੱਸਦਿਆਂ ਇਸ ਨਿਗੁਣੇ ਵਾਧੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਲਾਗਤਾ ‘ਚ ਕਿਤੇ ਵੱਧ ਵਾਧਾ ਹੋਇਆ ਹੈ ਐਨੇ ਘੱਟ ਵਾਧੇ ਨਾਲ ਪਹਿਲਾਂ ਤੋਂ ਕਰਜ਼ੇ ਦੇ ਜਾਲ ‘ਚ ਫ਼ਸੇ ਅਤੇ ਆਰਥਿਕ ਤੌਰ ‘ਤੇ ਟੁੱਟੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਜਾਣਗੀਆਂ।
ਸ: ਲੱਖੋਵਾਲ ਨੇ ਮੰਗ ਕਰਦਿਆਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੇਸ਼ ਦੀ ਕਿਸਾਨੀ ਨਾਲ ਕੀਤੇ ਵਾਅਦੇ ਮੁਤਾਬਕ ਸਵਾਮੀਨਾਥਨ ਫ਼ਾਰਮੂਲੇ ਮੁਤਾਬਕ ਕਿਸਾਨ ਫਸਲਾਂ ਦੇ ਭਾਅ ਨਿਰਧਾਰਿਤ ਕਰਨ ਨੂੰ ਯਕੀਨੀ ਬਣਾਉਣ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਦੇਸ਼ ਦੀ ਕਿਸਾਨੀ ਦੀ ਹਾਲਤ ਬਦ ਤੋਂ ਬਦਤਰ ਹੋ ਜਾਵੇਗੀ ਅਤੇ ਕਿਸਾਨ ਖੇਤੀ ਛੱਡਣ ਨੂੰ ਮਜ਼ਬੂਰ ਹੋ ਜਾਣਗੇ, ਕਿਉਂਕਿ ਕੋਈ ਵੀ ਘਾਟੇ ਦੀ ਖੇਤੀ ਨਹੀਂ ਕਰਨੀ ਚਾਹੁੰਦਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ਦੀ ਕਿਸਾਨੀ ਦੀ ਹਾਲਤ ਇਹ ਹੈ ਕਿ ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰੱਥ ਹੋਇਆ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ।
ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਸ: ਭੁਪਿੰਦਰ ਸਿੰਘ ਮਹੇਸ਼ਰੀ, ਸੁਖਦੇਵ ਸਿੰਘ ਹੇਰ ਪ੍ਰਧਾਨ ਜ਼ਿਲ੍ਹਾ, ਸ: ਅਜ਼ਮੇਰ ਸਿੰਘ ਹੇਰ, ਬਲਦੇਵ ਸਿੰਘ ਗੁਮਟਾਲਾ ਮੀਤ ਪ੍ਰਧਾਨ ਪੰਜਾਬ, ਸ: ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ, ਹਰਮੀਤ ਸਿੰਘ ਜਨਰਲ ਸਕੱਤਰ ਪੰਜਾਬ ਆਦਿ ਨੇ ਕਿਸਾਨੀ ਦੇ ਕਰਜੇ ਮੁਆਫ਼ ਕਰਨ, ਕਿਸਾਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਸੰਸਥਾਵਾਂ ‘ਚ ਰਾਖਵਾਕਰਨ ਦੇਣ, ਕਿਸਾਨਾਂ ਦੀਆਂ ਫ਼ਸਲਾਂ ਦੇ ਬੀਮੇ ਕਰਨ, ਕਿਸਾਨਾਂ ਨੂੰ ਬੁਢਾਪਾ ਪੈਨਸ਼ਨ ਦੇਣ, ਡਾ. ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਆਦਿ ਮੰਗਾਂ ਦੀ ਬਹਾਲੀ ਲਈ ਸੰਬੋਧਨ ਕੀਤਾ। ਇਸ ਮੋਕੇ ਉਨ੍ਹਾਂ ਕੇਂਦਰ ਵੱਲੋਂ ਨੋਟਬੰਦੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਸਨੀਕ ਖਾਸ ਕਰਕੇ ਕਿਸਾਨ ਇਸ ਸਮੇਂ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਉਨ੍ਹਾਂ ਦੇ ਜਿਆਦਾਤਰ ਬੈਂਕ ਖਾਤੇ ਸਹਿਕਾਰੀ ਬੈਂਕਾਂ ‘ਚ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਪੁਰਾਣੇ ਨੋਟ ਲੈਣ ਤੋਂ ਰੋਕ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਦੇ ਪੈਸੇ ਲੈਣ ‘ਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ ਨੂੰ ਵੀ ਪੁਰਾਣੇ ਨੋਟ ਲੈਣ ਲਈ ਅਧਿਕਾਰਤ ਕੀਤਾ ਜਾਵੇ ਅਤੇ ਪਿੰਡਾਂ ‘ਚ ਪੁਰਾਣੇ ਨੋਟ ਬਦਲਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ‘ਚ ਇਸ ਕੰਮ ਲਈ ਜਾਣਾ ਪੈ ਰਿਹਾ ਹੈ ਅਤੇ ਸਾਰੀ ਦਿਹਾੜੀ ਖ਼ਰਾਬ ਕਰਨ ‘ਤੇ ਵੀ ਬੈਂਕ ਨੋਟ ਨਹੀਂ ਬਦਲ ਰਿਹਾ। ਇਸ ਮੌਕੇ ਸ: ਸਰਦੂਲ ਸਿੰਘ ਮੰਨਣ, ਸ: ਕੁਲਬੀਰ ਸਿੰਘ, ਹਰਪ੍ਰੀਤ ਸਿੰਘ ਚੱਕ, ਸ: ਪਰਮਜੀਤ ਸਿੰਘ ਪੰਮਾ, ਅਮਲੋਕ ਸਿੰਘ, ਗੁਰਨਾਮ ਸਿੰਘ ਗੁਰਦਾਸਪੁਰ, ਅਜਾਇਬ ਸਿੰਘ ਚਾਹਲ, ਅੱਛਰ ਸਿੰਘ, ਅਮਰੀਕ ਸਿੰਘ, ਮਾ: ਸਾਧੂ ਸਿੰਘ ਸੋਚ ਆਦਿ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *

%d bloggers like this: