ਪੰਜਾਬ ਦੇ ਪਾਣੀਆਂ ‘ਤੇ ਕਿਸੇ ਹੋਰ ਸੂਬੇ ਦਾ ਕੋਈ ਹੱਕ ਨਹੀਂ-ਬਾਦਲ

ਪੰਜਾਬ ਦੇ ਪਾਣੀਆਂ ‘ਤੇ ਕਿਸੇ ਹੋਰ ਸੂਬੇ ਦਾ ਕੋਈ ਹੱਕ ਨਹੀਂ-ਬਾਦਲ
ਪਾਣੀਆਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ
ਦਰਿਆਈ ਪਾਣੀਆਂ ਦੇ ਹੱਕ ਤੋਂ ਪੰਜਾਬ ਨੂੰ ਵਾਂਝਾ ਕਰਨ ਲਈ ਆਪ ਅਤੇ ਕਾਂਗਰਸ ਆਪਸ ਵਿੱਚ ਘਿਓ-ਖਿਚੜੀ

ਬਠਿੰਡਾ 27 ਦਸੰਬਰ(ਜਸਵੰਤ ਦਰਦਪ੍ਰੀਤ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਵਿਸ਼ਵ ਪੱਧਰ ‘ਤੇ ਪ੍ਰਵਾਨਤ ਰਿਪੇਰੀਅਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ‘ਤੇ ਸਿਰਫ ਪੰਜਾਬ ਦਾ ਹੱਕ ਹੋਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਸਾਡੇ ਦਰਿਆਈ ਪਾਣੀਆਂ ‘ਤੇ ਕਿਸੇ ਵੀ ਹੋਰ ਸੂਬੇ ਦਾ ਅਧਿਕਾਰ ਨਹੀਂ ਹੈ।

        ਭੁੱਚੋ ਮੰਡੀ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਦਾ ਕੁਦਰਤੀ ਵਸੀਲਾ ਸਿਰਫ ਦਰਿਆਈ ਪਾਣੀ ਹੀ ਹਨ ਅਤੇ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਪਾਣੀ ਪੰਜਾਬੀਆਂ ਦੀ ਜਿੰਦ ਜਾਨ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਸ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੈ। ਉਨਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਦੀ ਉਸਾਰੀ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਪਾਣੀਆਂ ਤੋਂ ਵਾਂਝਾ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਸ ਵਿੱਚ ਘਿਉ ਖਿਚੜੀ ਹਨ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ, ਹਰਿਆਣਾ ਅਤੇ ਹੋਰਨਾਂ ਸੂਬਿਆਂ ਨੂੰ ਪਾਣੀ ਦੇ ਕੇ ਸੂਬੇ ਨੂੰ ਆਪਣੇ ਹੱਕ ਤੋਂ ਵਿਰਵਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਆਪ ਨੇ ਵੀ ਕਾਂਗਰਸ ਦਾ ਰਾਹ ਅਪਣਾ ਕੇ ਪੰਜਾਬ ਨੂੰ ਵੱਡਾ ਧੋਖਾ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਪਾਣੀਆਂ ਦੇ ਹੱਕ ਤੋਂ ਵਿਹੂਣਾ ਕਰਨ ਲਈ ਕਾਂਗਰਸ ਨੇ ਪਿਛਲੇ ਸਮੇਂ ਵਿੱਚ ਬਹੁਤ ਸਮਝੌਤੇ ਕੀਤੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਪੰਜਾਬ ਵਿਰੁੱਧ ਹਲਫਨਾਮਾ ਦਾਇਰ ਕਰਕੇ ਇਨਾਂ ਸਮਝੌਤਿਆਂ ਦਾ ਸਮਰਥਨ ਕੀਤਾ ਹੈ।

        ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਨੂੰ ਮਹਿਜ਼ ਸਿਆਸੀ ਸਟੰਟ ਦੱਸਦਿਆਂ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਲੋਕਾਂ ਨੂੰ ਇਸ ਗੱਲ ਦਾ ਵੀ ਸਪੱਸ਼ਟੀਕਰਨ ਦੇਣ ਕਿ ਸੰਕਟ ਦੀ ਇਸ ਘੜੀ ਵਿੱਚ ਸੂਬੇ ਨਾਲ ਇਕਜੁਟਤਾ ਜ਼ਾਹਰ ਕਰਨ ਲਈ ਕਾਂਗਰਸ ਦੇ ਬਾਕੀ ਸੰਸਦ ਮੈਂਬਰਾਂ ਨੇ ਅਸਤੀਫੇ ਕਿਉਂ ਨਹੀਂ ਦਿੱਤੇ। ਉਨਾਂ ਕਿਹਾ ਕਿ ਕਾਂਗਰਸ ਮੁਖੀ ਦਾ ਅਸਤੀਫਾ ਸੂਬੇ ਦੀ ਹਿੱਤ ਵਿੱਚ ਹੋਣ ਦੀ ਬਜਾਏ ਇਸ ਸੰਜੀਦਾ ਮਸਲੇ ਤੋਂ ਸਿਆਸੀ ਲਾਹਾ ਖੱਟਣਾ ਹੈ। ਸ. ਬਾਦਲ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣ ਲੜਨਾ ਚਾਹੁੰਦੇ ਹਨ ਜਿਸ ਕਰਕੇ ਉਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਵਿੱਚ ਲੋਕ ਸਭਾ ਤੋਂ ਅਸਤੀਫਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ,”ਕੈਪਟਨ ਅਮਰਿੰਦਰ ਸਿੰਘ ਚੀਚੀ ‘ਤੇ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਹਨ ਜਦਕਿ ਅਸਲੀਅਤ ਇਹ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਉਣ ਮੌਕੇ ਉਹ ਖੁਦ ਹਾਜ਼ਰ ਸਨ।

          ਸਤਲੁਜ ਯਮੁਨਾ ਲਿੰਕ ਨਹਿਰ ਲਈ ਸਿੱਧੇ ਤੌਰ ‘ਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਮੁੱਢ ਤੋਂ ਆਪਣੀ ਹਾਈ ਕਮਾਂਡ ਦੀਆਂ ਕਠਪੁਤਲੀਆਂ ਬਣ ਕੇ ਸੂਬੇ ਦੇ ਹਿੱਤਾਂ ਦਾ ਘਾਣ ਕਰਦੇ ਰਹੇ ਹਨ। ਇਸ ਦੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਸ. ਦਰਬਾਰਾ ਸਿੰਘ ਪਾਸੋਂ ਬਾਂਹ ਮਰੋੜ ਕੇ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਆਪਣੀ ਮਰਜ਼ੀ ਦੇ ਫੈਸਲੇ ਥੋਪੇ। ਇਸ ਮਗਰੋਂ ਪੰਜਾਬੀਆਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਲਈ ਸਤੁਲਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਉਣ ਲਈ ਇੰਦਰਾ ਗਾਂਧੀ ਖੁਦ ਪਹੁੰਚੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਲਿੰਕ ਨਹਿਰ ਦਾ ਟੱਕ ਲਾਉਣ ਮੌਕੇ ਉਹ (ਸ. ਬਾਦਲ) ਤੇ ਹੋਰ ਅਕਾਲੀ ਨੇਤਾ ਰੋਸ ਵਜੋਂ ਗ੍ਰਿਫਤਾਰੀਆਂ ਦੇ ਰਹੇ ਸਨ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਟੱਕ ਲਾਉਣ ਵਾਲੇ ਸਮਾਗਮ ਵਿਚ ਖੁਦ ਹਾਜ਼ਰ ਹੋ ਕੇ ਆਪਣੀ ਲੀਡਰ ਨੂੰ ਖੁਸ਼ ਕਰਨ ਲਈ ਪੱਬਾਂ ਭਾਰ ਹੋ ਕੇ ਨਹਿਰ ਬਣਾਉਣ ਦੇ ਫੈਸਲੇ ਦਾ ਸੁਆਗਤ ਕਰ ਰਿਹਾ ਸੀ। ਆਮ ਆਦਮੀ ਪਾਰਟੀ ‘ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਆਪ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸੂਬੇ ਦੇ ਖਿਲਾਫ ਹਲਫੀਆ ਬਿਆਨ ਦਿੱਤਾ। ਸ. ਬਾਦਲ ਨੇ ਕਿਹਾ ਕਿ ਇਸ ਪਾਰਟੀ ਦੇ ਆਗੂ ਸੂਬੇ ਦੇ ਹੱਕ ਖੋਹਣ ਲਈ ਪੱਬਾ ਭਾਰ ਹੋਏ ਹਨ।
ਟਿਕਟ ਲੈਣ ਦੀ ਖਾਤਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਲੀਡਰਾਂ ਦੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਦਲ-ਬਦਲੂ ਤੇ ਭਗੌੜੇ ਲੀਡਰਾਂ ਨੂੰ ਸਾਬਕਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਸ ਨੇ ਅਕਾਲੀ ਦਲ ਛੱਡ ਕੇ ਸਭ ਤੋਂ ਵੱਡਾ ਸਿਆਸੀ ਗੁਨਾਹ ਕੀਤਾ ਹੈ। ਸ. ਬਾਦਲ ਨੇ ਲੋਕਾਂ ਨੂੰ ਅਜਿਹੇ ਦਲ-ਬਦਲੂਆਂ ਨੂੰ ਚੋਣਾਂ ਵਿੱਚ ਰੱਦ ਕਰਕੇ ਸਬਕ ਸਿਖਾਉਣ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਵੋਟਰ ਸੁਪਰੀਮ ਹੁੰਦੇ ਹਨ ਜੋ ਚੋਣਾਂ ਦੌਰਾਨ ਅਜਿਹੇ ਮੌਕਾਪ੍ਰਸਤ ਲੀਡਰਾਂ ਨੂੰ ਸਬਕ ਸਿਖਾ ਸਕਦੇ ਹਨ।

         ਇਸ ਉਪਰੰਤ ਗੋਨਿਆਣਾ ਮੰਡੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਜਿਹੜੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਹੁਕਮ ਕਰੇਗੀ, ਉਹ ਉਥੋਂ ਹੀ ਚੋਣ ਲੜਨਗੇ। ਉਨਾਂ ਕਿਹਾ ਕਿ ਜਮਹੂਰੀਅਤ ਵਿੱਚ ਪਾਰਟੀ ਸਭ ਤੋਂ ਉਪਰ ਹੁੰਦੀ ਹੈ ਅਤੇ ਉਹ ਹਮੇਸ਼ਾ ਪਾਰਟੀ ਦੇ ਫੈਸਲੇ ‘ਤੇ ਫੁੱਲ ਚੜਾਉਂਦੇ ਰਹੇ ਹਨ।

           ਇਸ ਮੌਕੇ ਵਿਧਾਇਕ ਸ. ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਅਤੇ ਜ਼ਿਲਾ ਪੁਲੀਸ ਮੁਖੀ ਸ੍ਰੀ ਸਵੱਪਨ ਸ਼ਰਮਾ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: