ਪੰਜਾਬ ਦੇ ਚਾਰ ਸੌ ਹਾਈ ਸਕੂਲਾਂ ਨੂੰ ਅਗਲੇ ਕੁੱਝ ਦਿਨਾਂ ਵਿੱਚ ਸੀਨੀਅਰ ਸੈਕੰਡਰੀ ਬਣਾਇਆ ਜਾਵੇਗਾ-ਢੋਲ

ss1

ਪੰਜਾਬ ਦੇ ਚਾਰ ਸੌ ਹਾਈ ਸਕੂਲਾਂ ਨੂੰ ਅਗਲੇ ਕੁੱਝ ਦਿਨਾਂ ਵਿੱਚ ਸੀਨੀਅਰ ਸੈਕੰਡਰੀ ਬਣਾਇਆ ਜਾਵੇਗਾ-ਢੋਲ
16 ਹਜ਼ਾਰ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ 31 ਮਈ ਤੱਕ ਪੂਰੀ ਹੋ ਜਾਵੇਗੀ
ਤਰੱਕੀਆਂ ਦਾ ਸਮੁੱਚਾ ਅਮਲ ਵੀ ਇਸੇ ਹਫ਼ਤੇ ਹੋਵੇਗਾ ਪੂਰਾ

28-35

ਬਨੂੜ, 27 ਮਈ (ਰਣਜੀਤ ਸਿੰਘ ਰਾਣਾ): ਪੰਜਾਬ ਦੇ ਚਾਰ ਸੌ ਸਕੂਲਾਂ ਨੂੰ ਹਾਈ ਤੋਂ ਸੀਨੀਅਰ ਸੈਕੰਡਰੀ ਅਤੇ ਚਾਰ ਸੌ ਸਕੂਲਾਂ ਨੂੰ ਮਿਡਲ ਤੋਂ ਹਾਈ ਬਣਾਉਣ ਲਈ ਪ੍ਰਕਿਰਿਆ ਚੱਲ ਰਹੀ ਹੈ ਤੇ ਅਗਲੇ ਕੁੱਝ ਦਿਨਾਂ ਵਿੱਚ ਅਪਗਰੇਡ ਹੋਣ ਵਾਲੇ ਸਕੂਲਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਦੇ ਡੀਜੀਐਸਈ ਕਮ ਡੀਪੀਆਈ (ਸੈਕੰਡਰੀ) ਸ੍ਰੀ ਬਲਬੀਰ ਸਿੰਘ ਢੋਲ ਨੇ ਅੱਜ ਸਵੇਰੇ ਨਜ਼ਦੀਕੀ ਪਿੰਡ ਕੁਰੜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨਾਂ ਦੱਸਿਆ ਕਿ ਸਕੂਲਾਂ ਨੂੰ ਅਪਗਰੇਡ ਕਰਨ ਸਮੇਂ ਸਿੱਖਿਆ ਵਿਭਾਗ ਵੱਲੋਂ ਲਗਾਈਆਂ ਹੋਈਆਂ ਸਮੁੱਚੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਹਰ ਤਰਾਂ ਦੇ ਮਾਪਦੰਡਾਂ ਤੇ ਪੂਰਾ ਉਤਰਨ ਵਾਲੇ ਸਕੂਲਾਂ ਦਾ ਹੀ ਦਰਹਾ ਵਧਾਇਆ ਜਾਵੇਗਾ। ਉਨਾਂ ਕਿਹਾ ਕਿ ਇਨਾਂ ਸਕੂਲਾਂ ਦੇ ਅਪਗਰੇਡ ਹੋਣ ਮਗਰੋਂ ਕਿਸੇ ਵੀ ਬੱਚੇ ਨੂੰ ਦਸਵੀਂ ਤੋਂ ਅਗਲੇਰੀ ਪੜਾਈ ਲਈ ਪੰਜ ਕਿਲੋਮੀਟਰ ਤੋਂ ਵਾਧੂ ਪੈਂਡਾ ਤੈਅ ਨਹੀਂ ਕਰਨਾ ਪਵੇਗਾ।
ਸ੍ਰੀ ਢੋਲ ਨੇ ਆਖਿਆ ਕਿ 16 ਹਜ਼ਾਰ ਅਧਿਆਪਕਾਂ ਦੀ ਭਰਤੀ ਜਿਨਾਂ ਵਿੱਚ 650 ਲੈਕਚਰਾਰ, 7000 ਮਾਸਟਰ ਕੇਡਰ, 4500 ਈਟੀਟੀ ਅਧਿਆਪਕ ਸ਼ਾਮਿਲ ਹਨ ਸਬੰਧੀ ਸਮੁੱਚਾ ਅਮਲ ਪੂਰਾ ਹੋ ਗਿਆ ਹੈ ਤੇ 31 ਮਈ ਤੱਕ ਇਨਾਂ ਸਾਰੇ ਅਧਿਆਪਕਾਂ ਦੀ ਨਿਯੁਕਤੀ ਦੀਆਂ ਲਿਸਟਾਂ ਵਿਭਾਗ ਦੀ ਵੈਬਸਾਈਟ ਉੱਤੇ ਪਾ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਨਵੇਂ ਅਧਿਆਪਕਾਂ ਦੀ ਨਿਯੁਕਤੀ ਨਾਲ ਰਾਜ ਦੇ ਸਕੂਲਾਂ ਵਿੱਚੋਂ ਅਧਿਆਪਕਾਂ ਦੀ ਘਾਟ ਦੂਰ ਹੋ ਜਾਵੇਗੀ। ਇਸ ਮੌਕੇ ਉਨਾਂ ਦੱਸਿਆ ਕਿ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਧਿਆਪਕਾਂ ਦੀਆਂ ਤਰੱਕੀਆਂ ਦਾ ਅਮਲ ਵੀ ਤੇਜ਼ੀ ਨਾਲ ਜਾਰੀ ਹੈ। ਉਨਾਂ ਦੱਸਿਆ ਕਿ 250 ਅਧਿਆਪਕਾਂ ਨੂੰ ਮੁੱਖ ਅਧਿਆਪਕ ਬਣਾਇਆ ਜਾ ਚੁੱਕਾ ਹੈ ਤੇ ਅਗਲੇ ਕੁੱਝ ਦਿਨਾਂ ਵਿਚ 2218 ਲੈਕਚਰਾਰਾਂ ਅਤੇ 253 ਪ੍ਰਿੰਸੀਪਲਾਂ ਦੀਆਂ ਤਰੱਕੀਆਂ ਵੀ ਕਰ ਦਿੱਤੀਆਂ ਜਾਣਗੀਆਂ।
ਡੀਜੀਐਸਈ ਕਮ ਡੀਪੀਆਈ ਨੇ ਇੱਕ ਪ੍ਰਸ਼ਨ ਦੇ ਉੱਤਰ ਵਿਚ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਰੋਕਣ ਲਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ, ਜਿਸ ਮਗਰੋਂ ਕੋਈ ਵੀ ਸਕੂਲ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕੇਗਾ। ਉਨਾਂ ਕਿਹਾ ਕਿ ਮਾਪਿਆਂ ਦੀ ਕਿਸੇ ਵੀ ਤਰਾਂ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ ਤੇ ਨਿੱਜੀ ਸਕੂਲਾਂ ਕੋਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਉਨਾਂ ਨਾਲ ਜ਼ਿਲਾ ਮੁਹਾਲੀ ਦੇ ਸਿੱਖਿਆ ਅਫ਼ਸਰ (ਸੈਕੰਡਰੀ) ਮੇਵਾ ਸਿੰਘ ਸਿੱਧੂ ਅਤੇ ਸਰਵ ਸਿੱਖਿਆ ਅਭਿਆਨ ਦੇ ਡਿਪਟੀ ਡਾਇਰੈਕਟਰ ਡਾ ਗੁਰਜੀਤ ਸਿੰਘ ਵੀ ਮੌਜੂਦ ਸਨ।

ਘੱਟ ਨਤੀਜੇ ਵਾਲੇ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਉੱਤੇ ਹੋਵੇਗੀ ਕਾਰਵਾਈ

ਬਲਬੀਰ ਸਿੰਘ ਢੋਲ ਨੇ ਇਸ ਮੌਕੇ ਸਪੱਸ਼ਟ ਕੀਤਾ ਕਿ ਦਸਵੀਂ ਅਤੇ ਬਾਰਵੀਂ ਦੇ ਜਿਨਾਂ ਸਕੂਲਾਂ ਦੇ ਨਤੀਜੇ ਮਾੜੇ ਆਏ ਹਨ, ਉਨਾਂ ਦੇ ਮੁਖੀਆਂ ਅਤੇ ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪਿਛਲੇ ਵਰੇ ਸਿਰਫ਼ ਤਾੜਨਾ ਕੀਤੀ ਗਈ ਸੀ ਪਰ ਇਸ ਵਰੇ ਕਾਰਵਾਈ ਵੀ ਹੋਵੇਗੀ। ਉਨਾਂ ਮੁਹਾਲੀ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਦੱਸਿਆ ਕਿ ਜ਼ਿਲੇ ਦੇ ਪੰਜ ਪ੍ਰਿੰਸੀਪਲਾਂ ਅਤੇ 11 ਲੈਕਚਰਾਰਾਂ ਨੂੰ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਦਸਵੀਂ ਸ਼੍ਰੇਣੀ ਦੇ ਮਾੜੇ ਨਤੀਜਿਆਂ ਵਾਲੇ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਜਲਦੀ ਹੀ ਨੋਟਿਸ ਜਾਰੀ ਕਰ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *