Tue. Jun 18th, 2019

ਪੰਜਾਬ ਦੇ ਕਪਾਹ ਕਿਸਾਨਾਂ ਨਾਲ ਸਰਕਾਰ ਦੀ ਵਿਤਕਰੇਬਾਜ਼ੀ

ਪੰਜਾਬ ਦੇ ਕਪਾਹ ਕਿਸਾਨਾਂ ਨਾਲ ਸਰਕਾਰ ਦੀ ਵਿਤਕਰੇਬਾਜ਼ੀ

ਕੇਂਦਰ ਸਰਕਾਰ ਵਲੋਂ ਲੰਬੇ ਸਮੇਂ ਤੋਂ ਪੰਜਾਬ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ, ਹੁਣ ਫਿਰ ਕੇਂਦਰ ਦੀ ਪੰਜਾਬ ਦੇ ਕਪਾਹ ਕਿਸਾਨਾਂ ਨਾਲ ਇਕ ਵਿਤਕਰੇਬਾਜ਼ੀ ਸਾਹਮਣੇ ਆਈ ਹੈ। ਇਸ ਵਾਰ ਪੰਜਾਬ ਦਾ ਗੁਆਂਢੀ ਰਾਜ ਹਰਿਆਣਾ ਵੀ ਇਸ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਇਆ ਹੈ।
ਦਰਅਸਲ ਭਾਰਤੀ ਕਪਾਹ ਨਿਗਮ ਵਲੋਂ ਪਿਛਲੇ ਚਾਰ ਵਰ੍ਹਿਆਂ ਤੋਂ ਪੰਜਾਬ-ਹਰਿਆਣਾ ‘ਚੋਂ ਨਰਮੇ ਦੀ ਸਰਕਾਰੀ ਖ਼ਰੀਦ ਨਹੀਂ ਕੀਤੀ ਜਾ ਰਹੀ, ਜਦਕਿ ਬਾਕੀ ਕਪਾਹ ਉਤਪਾਦਕ ਸੂਬਿਆਂ ਵਿਚੋਂ ਕਪਾਹ ਦੀ ਫ਼ਸਲ ਧੜਾਧੜ ਖ਼ਰੀਦੀ ਜਾ ਰਹੀ ਹੈ।
ਇਸ ਵਾਰ ਲਗਾਤਾਰ ਚੌਥੇ ਵਰ੍ਹੇ ਭਾਰਤੀ ਕਪਾਹ ਨਿਗਮ ਨੇ ਪੰਜਾਬ ਦੀ ਕਿਸੇ ਵੀ ਕਪਾਹ ਮੰਡੀ ਵਿਚ ਪੈਰ ਨਹੀਂ ਰਖਿਆ। ਜ਼ਿਕਰਯੋਗ ਹੈ ਕਿ ਦੇਸ਼ ਦੇ 11 ਸੂਬਿਆਂ ਵਿਚ ਨਰਮੇ ਤੇ ਕਪਾਹ ਦੀ ਖੇਤੀ ਹੁੰਦੀ ਹੈ। ਜਿਨ੍ਹਾਂ ਵਿਚੋਂ ਅੱਠ ਸੂਬਿਆਂ ਕੋਲੋਂ ਕਪਾਹ ਨਿਗਮ ਹਰ ਵਰ੍ਹੇ ਫ਼ਸਲ ਖ਼ਰੀਦ ਰਿਹਾ ਹੈ. ਜਦਕਿ ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਇਸ ਪੱਖੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਕ ਜਾਣਕਾਰੀ ਅਨੁਸਾਰ ਭਾਰਤੀ ਕਪਾਹ ਨਿਗਮ ਨੇ ਪੰਜਾਬ ਵਿਚੋਂ ਆਖ਼ਰੀ ਵਾਰ ਸਾਲ 2014-15 ਵਿਚ 1.27 ਲੱਖ ਗੱਠਾਂ ਦੀ ਖ਼ਰੀਦ ਕੀਤੀ ਸੀ। ਉਸ ਸਾਲ ਪੰਜਾਬ ਵਿਚ 13 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ।
ਉਸ ਤੋਂ ਬਾਅਦ ਸਾਲ 2015-16 ਦੌਰਾਨ ਪੰਜਾਬ ਵਿਚ 6.25 ਲੱਖ ਗੱਠਾਂ, ਸਾਲ 2017-18 ਵਿਚ 11.50 ਲੱਖ ਗੱਠਾਂ ਦੀ ਪੈਦਾਵਾਰ ਹੋਈ ਪਰ ਕਪਾਹ ਨਿਗਮ ਨੇ ਇਕ ਫੁੱਟੀ ਵੀ ਫ਼ਸਲ ਦੀ ਨਹੀਂ ਖ਼ਰੀਦੀ। ਜੇਕਰ ਇਸੇ ਸਾਲ ਦੀ ਗੱਲ ਕਰੀਏ ਤਾਂ ਕਪਾਹ ਨਿਗਮ ਨੇ ਤੇਲੰਗਾਨਾ ‘ਚੋਂ 1.62 ਫ਼ੀਸਦੀ, ਮੱਧ ਪ੍ਰਦੇਸ਼ ਵਿਚੋਂ 0.25 ਫ਼ੀਸਦੀ, ਆਂਧਰਾ ਪ੍ਰਦੇਸ਼ ਵਿਚੋਂ 0.14 ਫ਼ੀਸਦ ਫ਼ਸਲ ਦੀ ਖ਼ਰੀਦ ਕੀਤੀ ਹੈ। ਇਸ ਤੋਂ ਇਲਾਵਾ ਨਿਗਮ ਨੇ ਉੜੀਸਾ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਵਿਚੋਂ ਵੀ ਫ਼ਸਲ ਖ਼ਰੀਦੀ ਹੈ।
ਕੇਂਦਰ ਸਰਕਾਰ ਦੀ ਇਸ ਅਣਗਹਿਲੀ ਦਾ ਨਤੀਜਾ ਇਹ ਨਿਕਲਿਆ ਕਿ ਕਿਸੇ ਵੇਲੇ ਦੇਸ਼ ਦੇ ਮੋਹਰੀ ਨਰਮਾ ਉਤਪਾਦਕ ਸੂਬਿਆਂ ‘ਚ ਸ਼ੁਮਾਰ ਹੋਣ ਵਾਲਾ ਪੰਜਾਬ ਹੁਣ ਕਪਾਹ ਪੈਦਾਵਾਰ ਦੇ ਮਾਮਲੇ ਵਿਚ ਖਿਸਕ ਕੇ ਨੌਵੇਂ ਸਥਾਨ ‘ਤੇ ਚਲਾ ਗਿਆ ਹੈ। ਪੰਜਾਬ ਵਿਚ ਨਰਮੇ ਹੇਠਲਾ ਰਕਬਾ ਐਤਕੀਂ ਸਿਰਫ਼ 2.84 ਲੱਖ ਹੈਕਟੇਅਰ ਹੀ ਰਹਿ ਗਿਆ ਹੈ ਜਦਕਿ ਪਿਛਲੇ ਸਾਲ 2.91 ਲੱਖ ਹੈਕਟੇਅਰ ਸੀ। ਨਰਮੇ ਦੀ 95 ਫ਼ੀਸਦ ਖੇਤੀ ਇਕੱਲੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿਚ ਹੀ ਹੁੰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ 60 ਤੋਂ 70 ਲੱਖ ਗੱਠਾਂ ਦੀ ਖ਼ਪਤ ਹੈ ਅਤੇ ਵਪਾਰੀ ਦੂਸਰੇ ਸੂਬਿਆਂ ‘ਚੋਂ ਫ਼ਸਲ ਲੈ ਕੇ ਆਉਂਦੇ ਹਨ।

Leave a Reply

Your email address will not be published. Required fields are marked *

%d bloggers like this: