ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jul 9th, 2020

ਪੰਜਾਬ ਦੇਸ਼ ਦੀ ਹੁਨਰਮੰਦ ਰਾਜਧਾਨੀ ਬਣਨ ਦੀ ਰਾਹ ‘ਤੇ : ਚਰਨਜੀਤ ਸਿੰਘ ਚੰਨੀ

ਪੰਜਾਬ ਦੇਸ਼ ਦੀ ਹੁਨਰਮੰਦ ਰਾਜਧਾਨੀ ਬਣਨ ਦੀ ਰਾਹ ‘ਤੇ : ਚਰਨਜੀਤ ਸਿੰਘ ਚੰਨੀ

ਪੰਜਾਬ ਸਰਕਾਰ ਤੇ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ (ਆਈ.ਸੀ.ਐਸ.ਆਈ) ਦੇ ਸਾਂਝੇ ਉਦਮ ਨਾਲ ਅੱਜ ਇਥੇ ਤਾਜ ਹੋਟਲ ਵਿਖੇ 25ਵੇਂ ਪੰਜਾਬੀ ਪਰਵਾਸੀ ਦਿਵਸ ਮੌਕੇ ਕਰਵਾਏ ਕੌਮਾਂਤਰੀ ਵਪਾਰ ਸੰਮੇਲਨ ਵਿਖੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕੀਤੇ ਉਦਘਾਟਨ ਉਪਰੰਤ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਕਿੱਲ ਸਿੱਖਿਆ, ਪਰਵਾਸੀਆਂ ਪੰਜਾਬੀਆਂ ਨੂੰ ਸੂਬੇ ਵਿਚ ਆਉਣ ਲਈ ਪ੍ਰੇਰਿਤ ਕਰਨ ਲਈ ਸੈਰ ਸਪਾਟਾ ਅਤੇ ਪੰਜਾਬ ਪੁਲਿਸ ਦੇ ਐਨ.ਆਰ.ਆਈ. ਵਿੰਗ ਵਲੋਂ ਕੀਤੇ ਉਪਰਾਲਿਆਂ, ਇਨਵੈਸਟ ਪੰਜਾਬ ਵਲੋਂ ਸੂਬੇ ਵਿਚ ਨਿਵੇਸ਼ ਪੱਖੀ ਸਹੂਲਤਾਂ ਮੁਹੱਈਆ ਕਰਵਾਉਣ ਆਦਿ ਵਿਸ਼ਿਆਂ ਉਤੇ ਵਿਚਾਰ ਚਰਚਾਵਾਂ ਕਰਵਾਈਆਂ ਗਈਆਂ। ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪੱਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਮੂਹ ਐਨ.ਆਰ.ਆਈਜ਼ ਨੂੰ ਅਪਣੇ ਪਿੰਡਾਂ ਵਿਚੋਂ ਘੱਟੋ ਘੱਟ 10 ਨੌਜਵਾਨਾਂ ਨੂੰ ਅਪਣਾਉਣ ਲਈ ਕਿਹਾ ਹੈ ਤਾਂ ਜੋ ਉਹ ਅਪਣੇ ਹੁਨਰ ਨੂੰ ਵਿਸ਼ਵ ਉਦਯੋਗ ਦੀਆਂ ਲੋੜਾਂ ਮੁਤਾਬਕ ਢਾਲ ਸਕਣ।
​ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਪੰਜਾਬ ਵਿਚ ਰੁਜ਼ਗਾਰ, ਉੱਦਮੀਆਂ ਅਤੇ ਉੱਨਤੀ ਲਈ ਉੱਚ ਸਿੱਖਿਆ ਦੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਐਨ.ਆਰ.ਆਈਜ਼ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ‘ਚ ਮਦਦ ਕਰਕੇ ਅਪਣੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਹੈ ਕਿਉਂਕਿ ਪੰਜਾਬ ਦੇਸ਼ ਦੇ ਹੁਨਰਮੰਦ ਦੀ ਰਾਜਧਾਨੀ ਬਣਨ ਦੀ ਰਾਹ ‘ਤੇ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਅਤੇ ਭਵਿੱਖੀ ਉਦਯੋਗਾਂ ਲਈ ਮੌਜੂਦਾ ਹੁਨਰ ਅਤੇ ਜ਼ਰੂਰਤਾਂ ਵਿਚ ਬਹੁਤ ਵੱਡਾ ਫ਼ਰਕ ਹੈ।
ਇਸ ਪਾੜੇ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਪੂਰੀ ਪ੍ਰਣਾਲੀ ਨੂੰ ਬਦਲਣ ਦੀ ਪ੍ਰਕਿਰਿਆ ‘ਚ ਹੈ, ਨਵੇਂ ਪਾਠਕ੍ਰਮ ਨੂੰ ਮੌਜੂਦਾ ਅਤੇ ਭਵਿੱਖ ਦੇ ਕੌਮਾਂਤਰੀ ਮਾਪਦੰਡਾਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਜਾ ਰਿਹਾ ਹੈ। ਸ. ਚੰਨੀ ਨੇ ਕਿਹਾ ਕਿ ਇਹ ਕੁਸ਼ਲਤਾ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਪੱਧਰੀ ਹੁਨਰ ਵਿਕਾਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ।
ਉਨ੍ਹਾਂ ਨੇ ਐੱਨ.ਆਰ.ਆਈਜ਼ ਨੂੰ ਸੂਬੇ ਵਿਚ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਲਈ ਅਤੇ ਹੁਨਰ ਯੂਨੀਵਰਸਿਟੀ ਵਿਚ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਲਈ ਅੱਗੇ ਆਉਣ ਲਈ ਸੱਦਾ ਦਿਤਾ। ਤਕਨੀਤੀ ਸਿੱਖਿਆ ਮੰਤਰੀ ਨੇ ਐਨ.ਆਰ.ਆਈ. ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਲਾਹ ਦੇਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਕਿ ਕਿਵੇਂ ਵਿਦੇਸ਼ ਜਾਣਾ ਹੈ। ਉਨ੍ਹਾਂ ਦੀ ਇਸ ਮਦਦ ਨਾਲ ਨੌਜਵਾਨ ਭਾਰੀ ਲੁੱਟ ਤੋਂ ਬਚ ਜਾਣਗੇ ਜੋ ਏਜੰਟ ਵਲੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਬੋਲਦਿਆਂ ਵਧੀਕ ਮੁੱਖ ਸਕੱਤਰ (ਗ੍ਰਹਿ) ਸ੍ਰੀ ਐਨ. ਐਸ. ਕਲਸੀ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਸਕਿੱਲਡ ਲੇਬਰ ਦੀ ਬਹੁਤ ਘਾਟ ਹੈ ਅਤੇ ਭਾਰਤ ਇਸ ਲੋੜ ਨੂੰ ਪੂਰਾ ਕਰਨ ਲਈ ਸਭ ਤੋਂ ਢੁਕਵਾਂ ਦੇਸ਼ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੀਆਂ ਲੋੜਾਂ ਅਨੁਸਾਰ ਹੁਨਰ ਦੇ ਅੰਤਰ ਨੂੰ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕਣ ‘ਤੇ ਜ਼ੋਰ ਦਿਤਾ। ਇਸ ਮੌਕੇ ‘ਤੇ ਪਿੰਡਾਂ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਨ.ਆਰ.ਆਈ. ਨੂੰ ਸਨਮਾਨਿਤ ਵੀ ਕੀਤਾ ਗਿਆ।
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਆਰ.ਲੱਧੜ ਨੇ ਸਮੂਹ ਪਰਵਾਸੀ ਪੰਜਾਬੀਆਂ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 550ਵਾਂ ਗੁਰਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸ੍ਰੀ ਸੁਲਤਾਨਪੁਰ ਲੋਧੀ ਤੋਂ ਗੁਰਪੁਰਬ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਾਲ ਭਰ ਸਮਾਗਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮੌਕੇ ਸ੍ਰੀ ਲੱਧੜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਪਰਵਾਸੀਆਂ ਨੂੰ ਪੰਜਾਬ ਨਾਲ ਜੋੜਨ ਲਈ ਸ਼ੁਰੂ ਕੀਤੀ ਮੁਹਿੰਮ ‘ਅਪਣੀਆਂ ਜੜ੍ਹਾਂ ਨਾਲ ਜੁੜੋ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਬੈਠਾ ਕੋਈ ਵੀ 16 ਤੋਂ 22 ਸਾਲ ਤੱਕ ਦਾ ਬੱਚਾ ਜੋ ਹੁਣ ਤੱਕ ਪੰਜਾਬ ਨਹੀਂ ਆਇਆ, ਆਨਲਾਈਨ ਅਪਲਾਈ ਕਰ ਸਕਦਾ ਹੈ।
ਪੰਜਾਬ ਸਰਕਾਰ ਵਲੋਂ ਇਨ੍ਹਾਂ ਬੱਚਿਆਂ ਦੇ ਪੰਜਾਬ ਆਉਣ ਦਾ ਸਾਰਾ ਖਰਚਾ ਚੁੱਕਿਆ ਜਾਵੇਗਾ ਅਤੇ ਪੰਜਾਬ ਵਿਚ ਮੌਜੂਦ ਧਾਰਮਿਕ, ਇਤਿਹਾਸਕ ਅਤੇ ਸੈਲਾਨੀ ਥਾਵਾਂ ਦੇ ਦਰਸ਼ਨ ਕਰਵਾਏ ਜਾਣਗੇ। ਪਿਛਲੇ ਸਾਲ ਇੰਗਲੈਂਡ ਤੋਂ ਪਰਵਾਸੀ ਪੰਜਾਬੀ ਨੌਜਵਾਨਾਂ ਦਾ ਇਕ ਗਰੁੱਪ ਘੁੰਮਣ ਆਇਆ ਸੀ। ਏ.ਡੀਜੀ.ਪੀ. (ਪਰਵਾਸੀ ਭਾਰਤੀ ਮਾਮਲੇ) ਸ੍ਰੀ ਈਸ਼ਵਰ ਸਿੰਘ ਨੇ ਪਰਵਾਸੀ ਭਾਰਤੀਆਂ ਦੇ ਹਿੱਤ ਵਿਚ ਲਏ ਫੈਸਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਵਿਭਾਗ ਵਲੋਂ ਉਨ੍ਹਾਂ ਨਾਲ ਸਬੰਧਤ ਫ਼ੈਸਲੇ ਤਰਜੀਹੀ ਆਧਾਰ ‘ਤੇ ਲਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਵਿੰਗ ਵਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਲਈ ਈ-ਮੇਲ ਅਤੇ ਵੈਬਸਾਈਟ ਬਣਾਉਣ ਤੋਂ ਇਲਾਵਾ ਹੈਲਪਲਾਈਨ ਨੰਬਰ 181 ਸਥਾਪਤ ਕੀਤਾ ਗਿਆ ਹੈ। ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਨਿਵੇਸ਼ ਪੱਖੀ ਕਦਮਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਪੰਜਾਬ, ਮੁਲਕ ਦਾ ਪਹਿਲਾ ਸੂਬਾ ਹੈ ਜਿੱਥੇ ਨਵੀਂ ਸਨਅਤੀ ਨੀਤੀ ਵਿਚ ਸਨਅਤ ਨਾਲ ਜੁੜੇ ਲੋਕਾਂ ਨੂੰ ਵੀ ਸਿੱਧੇ ਤੌਰ ‘ਤੇ ਭਾਈਵਾਲ ਬਣਾਇਆ ਗਿਆ।
ਸੂਬੇ ਵਿਚ ਨਿਵੇਸ਼ ਪੱਖੀ ਮਾਹੌਲ ਕਾਇਮ ਕਰਨ ਲਈ ਸੂਬਾ ਸਰਕਾਰ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਸਖਤੀ ਨਾਲ ਬਰਕਰਾਰ ਰੱਖਿਆ ਅਤੇ ਗੈਂਗਸਟਰਾਂ ਅਤੇ ਸਮਾਜ ਲਈ ਖਤਰਾ ਬਣੇ ਹੋਰ ਸਮਾਜ ਵਿਰੋਧੀ ਤੱਤਾਂ ‘ਤੇ ਵੀ ਕਾਰਵਾਈ ਕੀਤੀ। ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਤਾ ਕਿ ਅਪਣੀ ਮਾਤ ਭੂਮੀ ਵਿਚ ਨਿਵੇਸ਼ ਕਰਨ ਵਾਲੇ ਪਰਵਾਸੀ ਪੰਜਾਬੀਆਂ ਨੂੰ ਸੂਬਾ ਸਰਕਾਰ ਪੂਰਾ ਸਹਿਯੋਗ ਦੇਵੇਗੀ।
ਸੈਰ ਸਪਾਟਾ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਲਖਮੀਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਬਣਾਏ ਸੈਲਾਨੀ ਪੱਖੀ ਮਾਹੌਲ ਅਤੇ ਉਸਾਰੇ ਬਿਹਤਰ ਬੁਨਿਆਦੀ ਢਾਂਚੇ, ਸੜਕੀ ਨੈਟਵਰਕ ਤੇ ਮਿਊਜ਼ੀਅਮਾਂ ਕਰਕੇ ਸੂਬੇ ਵਿਚ ਆਉਣ ਵਾਲੇ ਧਾਰਮਿਕ ਸ਼ਰਧਾਲੂਆਂ ਅਤੇ ਸੈਰ ਸਪਾਟਾ ਸੈਲਾਨੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੋਜ਼ਾਨਾ ਔਸਤਮ ਸਵਾ ਲੱਖ ਸ਼ਰਧਾਲੂ ਆਉਂਦੇ ਹਨ ਜਦੋਂ ਕਿ ਵਿਰਾਸਤ-ਏ-ਖਾਲਸਾ ਸੈਲਾਨੀਆਂ ਦੀ ਗਿਣਤੀ ਵਿਚ ਦੇਸ਼ ਦਾ ਨੰਬਰ ਇਕ ਮਿਊਜ਼ੀਅਮ ਬਣਿਆ ਹੈ ਜਿਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ ਹੈ।
ਸੈਰ ਸਪਾਟਾ ਵਿਭਾਗ ਵਿਚ ਸੀਨੀਅਰ ਮੈਨੇਜਰ (ਪ੍ਰਾਜੈਕਟਸ) ਅਲਕਾ ਕਪੂਰ ਨੇ ਅਪਣੇ ਵਿਭਾਗ ਦੇ ਪ੍ਰਾਜੈਕਟਾਂ ਬਾਰੇ ਤਿਆਰ ਕੀਤੀ ਵਿਸ਼ੇਸ਼ ਪੇਸ਼ਕਾਰੀ ਦਿਖਾਈ। ਇਸ ਮੌਕੇ ਨਿਵੇਸ਼ ਪੰਜਾਬ ਦੀ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਅਵਨੀਤ ਕੌਰ, ਮਾਰਕਫੈੱਡ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਵੇਰਕਾ ਦੇ ਜਨਰਲ ਮੈਨੇਜਰ (ਕੁਆਲਿਟੀ) ਸੰਜੀਵ ਸ਼ਰਮਾ ਨੇ ਵੀ ਸੂਬਾ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਲਈ ਕੀਤੇ ਜਾ ਰਹੇ ਠੋਸ ਕਾਰਜਾਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਪ੍ਰਮੁੱਖ ਸਕੱਤਰ (ਰੋਜ਼ਗਾਰ ਉਤਪਤੀ) ਸ੍ਰੀ ਡੀ ਕੇ ਤਿਵਾੜੀ, ਡਾਇਰੈਕਟਰ ਲੈਂਡ ਰਿਕਾਰਡਜ਼ ਡਾ.ਬਸੰਤ ਗਰਗ, ਆਈ.ਸੀ.ਆਈ.ਸੀ.ਆਈ. ਦੇ ਸੰਯੁਕਤ ਜਨਰਲ ਮੈਨੇਜਰ ਸ੍ਰੀ ਵਿਸ਼ਾਲ ਬੱਤਰਾ, ਪ੍ਰਸਿੱਧ ਸਮਾਜ ਸੇਵੀ ਅਤੇ ਪਰਵਾਸੀ ਪੰਜਾਬੀ ਸ੍ਰੀ ਐਸ.ਪੀ.ਐਸ. ਓਬਰਾਏ, ਯੂਰੋਪਾ ਸਿਕਿਓਰਟੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਹਰਸ਼ ਵਰਧਨ, ਮੁਹਾਲੀ ਕੌਮਾਂਤਰੀ ਹਵਾਈ ਅੱਡਾ ਦੇ ਸੀ.ਈ.ਓ. ਸ੍ਰੀ ਸੁਨੀਲ ਦੱਤ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ ਪਰਵਾਸੀ ਪੰਜਾਬੀ ਸ਼ਾਮਲ ਸਨ।
ਇਸ ਮੌਕੇ ਖੁੱਲ੍ਹੇ ਮੈਦਾਨ ਵਿਚ ਲਗਾਈਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ। ਇਹ ਪ੍ਰਦਰਸ਼ਨੀਆਂ ਮਾਰਕਫੈਡ, ਵੇਰਕਾ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ, ਐਨ.ਆਰ.ਆਈ ਵਿੰਗ (ਪੰਜਾਬ ਪੁਲਿਸ), ਰੋਜ਼ਗਾਰ ਉਤਪਤੀ ਤੇ ਹੁਨਰ ਸਿਖਲਾਈ, ਉਚਾ ਦਰ ਬਾਬੇ ਨਾਨਕ ਦਾ, ਸਟੇਟ ਬੈਂਕ ਆਫ ਇੰਡੀਆ, ਆਈ.ਸੀ.ਆਈ.ਸੀ.ਆਈ. ਡੀ.ਸੀ.ਬੀ. ਬੈਂਕ ਵਲੋਂ ਲਗਾਈਆਂ ਇਨ੍ਹਾਂ ਪ੍ਰਦਰਸ਼ਨੀਆਂ ਦਾ ਉਦਘਾਟਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਰਿਬਨ ਕੱਟ ਕੇ ਕੀਤਾ। ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰਦਰਸ਼ਨੀ ਖੇਤਰ ਦਾ ਉਚੇਚੇ ਤੌਰ ‘ਤੇ ਦੌਰਾ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: