Tue. Sep 24th, 2019

ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਸੱਚੀ ਕਹਾਣੀ ਤੇ ਅਧਾਰਤ ਹੋਵੇਗੀ ਫ਼ਿਲਮ ‘ਮੁੰਡਾ ਫਰੀਦਕੋਟੀਆਂ-ਦਲਜੀਤ ਸਿੰਘ ਥਿੰਦ

ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਸੱਚੀ ਕਹਾਣੀ ਤੇ ਅਧਾਰਤ ਹੋਵੇਗੀ ਫ਼ਿਲਮ ‘ਮੁੰਡਾ ਫਰੀਦਕੋਟੀਆਂ-ਦਲਜੀਤ ਸਿੰਘ ਥਿੰਦ

ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨ ਵੱਡੇ ਜ਼ੇਰੇ ਵਾਲਿਆਂ ਦਾ ਕੰਮ ਹੈ। ਜਦ ਤੋਂ ਐਨ ਆਰ ਆਈ ਨਿਰਮਾਤਾ ਇਸ ਖੇਤਰ ਵਿੱਚ ਆਏ ਹਨ ਪੰਜਾਬੀ ਸਿਨਮਾ ਤਰੱਕੀਆਂ ਦੇ ਰਾਹ ਲੰਮੀਆਂ ਪੁਲਾਘਾਂ ਪੁੱਟਣ ਲੱਗਾ ਹੈ। ਅੱਸੀ ਦੇ ਦਹਾਕੇ ਵਿੱਚ ਬਣਨ ਵਾਲੀਆਂ ਫ਼ਿਲਮਾਂ ਦੇ ਬਜਟ ਬਹੁਤ ਘੱਟ ਹੁੰਦੇ ਸੀ ਤੇ ਫ਼ਿਲਮ ਵੀ ਪੰਜਾਬ ਤੱਕ ਹੀ ਸੀਮਤ ਹੁੰਦੀ ਸੀ ਜਦਕਿ ਅੱਜ ਪੰਜਾਬੀ ਫ਼ਿਲਮਾਂ ਵਰਲਡ ਪੱਧਰ ‘ਤੇ ਰਿਲੀਜ਼ ਹੋ ਰਹੀਆਂ ਹਨ। ਅੱਜ ਦਾ ਸਿਨਮਾ ਨਵੀਂ ਤਕਨੀਕ ਵਾਲਾ ਹੈ। ਮਹਿੰਗੇ ਮੌਲਜ਼, ਜਿੱਥੇ ਅੱਜ ਦਾ ਪੜ੍ਹਿਆ-ਲਿਖਿਆ ਦਰਸ਼ਕ ਜਾਂਦਾ ਹੈ। ਇਸ ਕਰਕੇ ਅੱਜ ਦੀਆਂ ਫ਼ਿਲਮਾਂ ਵਿੱਚ ਨਵੀਂ ਤਕਨੀਕ ਦਾ ਹੋਣਾ ਹੀ ਫ਼ਿਲਮ ਦੀ ਸਫ਼ਲਤਾ ਦਾ ਮਾਪਦੰਡ ਤੈਹ ਕਰਦਾ ਹੈ। ਅਜਿਹੀਆਂ ਫ਼ਿਲਮਾਂ ਦੇ ਨਿਰਮਾਣ ਲਈ ਵੱਡੇ ਬਜਟ ਦਾ ਹੋਣਾ ਬੇਹੱਦ ਜਰੂਰੀ ਹੈ। ਅੱਜ ਪੰਜਾਬੀ ਸਿਨਮੇ ਨਾਲ ਅਨੇਕਾਂ ਚੰਗੇ ਤੇ ਮਜਬੂਤ ਨਿਰਮਾਤਾ ਜੁੜੇ ਹੋਏ ਹਨ ਜੋ ਤਕਨੀਕ ਅਤੇ ਵਪਾਰਕ ਪੱਖੋਂ ਸਫ਼ਲ ਮਨੋਰੰਜਕ ਫ਼ਿਲਮਾਂ ਬਣਾ ਰਹੇ ਹਨ। ਇੰਨ੍ਹਾਂ ਵਿੱਚੋਂ ਇੱਕ ਨਾਂ ਹੈ ਦਲਜੀਤ ਸਿੰਘ ਥਿੰਦ, ਜਿਸਨੇ ‘ਪੰਜਾਬ 1984, ਸਰਦਾਰ ਜੀ 1 ਅਤੇ ਸਰਦਾਰ ਜੀ 2 ਵਰਗੀਆਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕੀਤਾ। ਕਨੈਡਾ ਵਾਸੀ ਦਲਜੀਤ ਸਿੰਘ ਥਿੰਦ ਵਿਦੇਸਾਂ ਵਿੱਚ ਇੱਕ ਜਾਣੀ ਪਛਾਣੀ ਸਖਸ਼ੀਅਤ ਹੈ ਜੋ ਇੱਕ ਵਧੀਆਂ ਬਿਜਨੈਸਮੈਨ ਹੋਣ ਦੇ ਇਲਾਵਾ ਸਮਾਜ ਸੇਵੀ ਦੇ ਕੰਮਾਂ ਵਿੱਚ ਹਮੇਸ਼ਾ ਹੀ ਅੱਗੇ ਹੋ ਕੇ ਤੁਰਨ ਵਾਲਾ ਬੰਦਾ ਹੈ। ਮਾਂ ਬੋਲੀ ਪੰਜਾਬੀ ਦੀ ਸੇਵਾ ਨਾਲ ਜੁੜੇ ਸਾਹਿਤਕਾਰ, ਪੱਤਰਕਾਰ , ਲੇਖਕਾਂ, ਬੁੱਧੀਜੀਵੀਆਂ ਨਾਲ ਉਸਦੀ ਦਿਲੀ ਸਾਂਝ ਹੈ।

ਫ਼ਿਲਮਾਂ ਦੀ ਗੱਲ ਕਰੀਏ ਤਾਂ ਕਲਾ ਨਾਲ ਉਸਦਾ ਬਚਪਨ ਤੋਂ ਹੀ ਮੋਹ ਰਿਹਾ ਹੈ ਜਿਸ ਕਰਕੇ ਉਸਨੇ ਕਈ ਚੰਗੀਆਂ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਕਦਮ ਵਧਾਇਆ। ‘ਪੰਜਾਬ 1984’ ਫ਼ਿਲਮ ਨਾਲ ਉਸਨੇ ਉਨ੍ਹਾਂ ਲੱਖਾਂ ਪੰਜਾਬੀਆਂ ਦਾ ਦਿਲ ਜਿੱਤਿਆ ਜੋ 1984 ਦੇ ਕਤਲੇਆਮ ਦੀ ਚੀਸ ਨੂੰ ਸਮਝਦੇ ਹਨ ਜਦਕਿ ‘ਸਰਦਾਰ ਜੀ 1 ਅਤੇ 2’ ਫ਼ਿਲਮਾਂ ਨਾਲ ਉਸਨੇ ਪੰਜਾਬੀ ਸਿਨਮੇ ਨਾਲ ਜੁੜੇ ਹਰ ਉਮਰ ਦੇ ਦਰਸ਼ਕ ਲਈ ਇੱਕ ਮਨੋਰੰਜਨ ਭਰਪੂਰ ਫ਼ਿਲਮ ਬਣਾਉਣ ਦਾ ਸਫ਼ਲ ਤਜੱਰਬਾ ਹਾਸਲ ਕੀਤਾ। ਇਸ ਵੇਲੇ ਦਲਜੀਤ ਸਿੰਘ ਥਿੰਦ ਆਪਣੀ ਨਵੀਂ ਫ਼ਿਲਮ ‘ਮੁੰਡਾ ਫਰੀਦਕੋਟੀਆ ਲੈ ਕੇ ਆ ਰਿਹਾ ਹੈ ਜੋ ਕਿ ਫ਼ਿਲਮ ਰੌਸਨ ਪ੍ਰਿੰਸ਼ ਸਰਨ ਕੌਰ ਦੀ ਜੋੜੀ ਅਧਾਰਤ ਇੱਕ ਰੁਮਾਂਟਿਕ ਅਤੇ ਪਰਿਵਾਰਕ ਹਾਲਾਤਾਂ ਵਾਲੀ ਦਿਲਚਸਪ ਕਹਾਣੀ ‘ਤੇ ਬਣਾਈ ਗਈ ਹੈ। ਆਪਣੀ ਇਸ ਫ਼ਿਲਮ ਨੂੰ ਲੈ ਕੇ ਦਲਜੀਤ ਥਿੰਦ ਬਹੁਤ ਉਤਸ਼ਾਹਤ ਨਜ਼ਰ ਆ ਰਿਹਾ ਹੈ। ਇਹ ਫ਼ਿਲਮ ਪਾਕਿਸਤਾਨ ਅਤੇ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਇੱਕ ਸੱਚੀ ਕਹਾਣੀ ਅਧਾਰਤ ਹੈ। ਡੈਲਮੋਰਾ ਫ਼ਿਲਮਜ਼ ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਕਰ ਰਹੇ ਹਨ। ਨਿਰਮਾਤਾ ਦਲਜੀਤ ਸਿੰਘ ਥਿੰਦ ਨੇ ਕਿਹਾ ਇਹ ਫ਼ਿਲਮ ਰੁਮਾਂਟਿਕ ਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ।

ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹਟਕੇ ਹੈ ਜਿਸ ਵਿੱਚ ਪਿਆਰ ਮੁਹੱਬਤ ਦੇ ਰੰਗਾਂ ਦੇ ਨਾਲ ਨਾਲ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵੀ ਪਰਦੇ ‘ਤੇ ਵਿਖਾਇਆ ਜਾਵੇਗਾ। ਇਸ ਫ਼ਿਲਮ ਦੀ ਕਹਾਣੀ ਇੱਕ ਐਸੇ ਸਿੱਧੇ ਸਾਦੇ ਨੌਜਵਾਨ ਦੀ ਹੈ ਜੋ ਗ਼ਲਤੀ ਨਾਲ ਭਾਰਤ ਦੀ ਸੀਮਾ ਪਾਰ ਕਰਕੇ ਪਾਕਿਸਤਾਨ ਇਲਾਕੇ ਵਿੱਚ ਚਲਾ ਜਾਂਦਾ ਹੈ। ਉਸਨੂੰ ਵਾਪਸ ਆਪਣੇ ਇਲਾਕੇ ਵਿੱਚ ਆਉਣ ਲਈ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਉਹ ਆਪਣੇ ਮੁਲਕ ਦੀ ਧਰਤੀ ‘ਤੇ ਵਾਪਸ ਆਉਂਦਾ ਹੈ? ਆਖਿਰ ਫਰੀਦਕੋਟੀਏ ਮੁੰਡੇ ਨਾਲ ਪਾਕਿਸਤਾਨ ਦੀ ਧਰਤੀ ‘ਤੇ ਕੀ ਬੀਤਦੀ ਹੈ ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ।

ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜਲੀ ਖੁਰਾਨਾ ਨੇ ਲਿਖਿਆ ਹੈ ਤੇ ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ, ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ , ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ,ਜਤਿੰਦਰ ਕੌਰ , ਰੌਜ਼ੀ ਕੌਰ, ਸੁੁਮਿਤ ਗੁਲਾਟੀ, ਪੂਨਮ ਸੂਦ,ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ਼ , ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ।

ਹਰਜਿੰਦਰ ਸਿੰਘ
94638 28000

Leave a Reply

Your email address will not be published. Required fields are marked *

%d bloggers like this: